ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੰਬੋਡੀਆ ਦੇ ਪ੍ਰਧਾਨ ਮੰਤਰੀ ਮਹਾਮਹਿਮ ਸਮਦੇਚ ਅੱਕਾ ਮੋਹਾ ਪੇਦਾਈ ਤੇਚੋ ਹੁਨ ਸੇਨ ਨਾਲ ਇੱਕ ਵਰਚੁਅਲ ਮੀਟਿੰਗ ਕੀਤੀ।
ਦੋਵੇਂ ਚੋਟੀ ਦੇ ਆਗੂਆਂ ਨੇ ਵਪਾਰ ਅਤੇ ਨਿਵੇਸ਼, ਮਾਨਵ ਸੰਸਾਧਨ ਵਿਕਾਸ, ਰੱਖਿਆ ਅਤੇ ਸੁਰੱਖਿਆ, ਵਿਕਾਸ ਸਹਿਯੋਗ, ਸੰਪਰਕ, ਮਹਾਮਾਰੀ ਤੋਂ ਬਾਅਦ ਆਰਥਿਕ ਪੁਨਰ–ਸੁਰਜੀਤੀ ਅਤੇ ਲੋਕਾਂ ਦੇ ਦਰਮਿਆਨ ਮੇਲਜੋਲ ਸਮੇਤ ਸਾਰੇ ਦੁਵੱਲੇ ਮੁੱਦਿਆਂ 'ਤੇ ਚਰਚਾ ਕੀਤੀ। ਦੋਵਾਂ ਨੇ ਦੁਵੱਲੇ ਸਹਿਯੋਗ ਦੀ ਪ੍ਰਗਤੀ 'ਤੇ ਤਸੱਲੀ ਪ੍ਰਗਟਾਈ।
ਪ੍ਰਧਾਨ ਮੰਤਰੀ ਹੁਨ ਸੇਨ ਨੇ ਜ਼ੋਰ ਦੇ ਕੇ ਕਿਹਾ ਕਿ ਕੰਬੋਡੀਆ ਭਾਰਤ ਨਾਲ ਆਪਣੇ ਸਬੰਧਾਂ ਨੂੰ ਬਹੁਤ ਮਹੱਤਵ ਦਿੰਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇਸ ਭਾਵਨਾ ਨੂੰ ਦੁਹਰਾਉਂਦਿਆਂ ਕਿਹਾ ਕਿ ਭਾਰਤ ਦੀ 'ਐਕਟ ਈਸਟ' ਨੀਤੀ ਵਿੱਚ ਕੰਬੋਡੀਆ ਦੀ ਭੂਮਿਕਾ ਅਹਿਮ ਹੈ। ਦੋਵੇਂ ਆਗੂਆਂ ਨੇ ਦੋਵੇਂ ਦੇਸ਼ਾਂ ਦੀ ਮਜ਼ਬੂਤ ਵਿਕਾਸ ਭਾਈਵਾਲੀ ਦਾ ਜਾਇਜ਼ਾ ਲਿਆ, ਜਿਸ ਵਿੱਚ ਮੇਕੌਂਗ-ਗੰਗਾ ਸਹਿਯੋਗ ਰੂਪ–ਰੇਖਾ ਦੇ ਤਹਿਤ ਸਮਰੱਥਾ ਨਿਰਮਾਣ ਪ੍ਰੋਗਰਾਮ ਅਤੇ ਤੁਰਤ ਪ੍ਰਭਾਵੀ ਪ੍ਰੋਜੈਕਟ ਸ਼ਾਮਲ ਹਨ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਦੋਵੇਂ ਦੇਸ਼ਾਂ ਦੇ ਦਰਮਿਆਨ ਇਤਿਹਾਸਿਕ ਤੇ ਸੱਭਿਅਕ ਸਬੰਧਾਂ ਨੂੰ ਉਜਾਗਰ ਕੀਤਾ ਅਤੇ ਇਸ ਗੱਲ ’ਤੇ ਖੁਸ਼ੀ ਪ੍ਰਗਟਾਈ ਕਿ ਕੰਬੋਡੀਆ ਵਿੱਚ ਅੰਗਕੋਰ ਵਾਟ ਅਤੇ ਪ੍ਰੇਹ ਵਿਹਿਅਰ ਮੰਦਿਰਾਂ ਦੇ ਪੁਨਰ–ਨਿਰਮਾਣ ਵਿੱਚ ਭਾਰਤ ਸਹਿਯੋਗ ਕਰ ਰਿਹਾ ਹੈ। ਇਹ ਦੋਵੇਂ ਦੇਸ਼ਾਂ ਦੇ ਆਪਸੀ ਸੱਭਿਆਚਾਰਕ ਅਤੇ ਭਾਸ਼ਾਈ ਸਬੰਧਾਂ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਹੁਨ ਸੇਨ ਨੇ ਕਵਾਡ ਵੈਕਸੀਨ ਪਹਿਲ ਦੇ ਤਹਿਤ ਕੰਬੋਡੀਆ ਨੂੰ ਸਵਦੇਸ਼ੀ ਕੋਵਿਸ਼ੀਲਡ ਵੈਕਸੀਨ ਦੀਆਂ 3.25 ਲੱਖ ਖੁਰਾਕਾਂ ਪ੍ਰਦਾਨ ਕਰਨ ਲਈ ਭਾਰਤ ਦਾ ਧੰਨਵਾਦ ਕੀਤਾ।
ਦੋਹਾਂ ਆਗੂਆਂ ਨੇ ਭਾਰਤ ਅਤੇ ਕੰਬੋਡੀਆ ਦੇ ਦਰਮਿਆਨ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ 'ਤੇ ਇੱਕ-ਦੂਸਰੇ ਨੂੰ ਵਧਾਈ ਦਿੱਤੀ, ਜੋ ਇਸ ਵਰ੍ਹੇ ਮਨਾਈ ਜਾ ਰਹੀ ਹੈ।
ਇਨ੍ਹਾਂ ਜਸ਼ਨਾਂ ਦੌਰਾਨ ਪ੍ਰਧਾਨ ਮੰਤਰੀ ਨੇ ਕੰਬੋਡੀਆ ਦੇ ਮਹਾਰਾਜਾ ਅਤੇ ਮਹਾਰਾਣੀ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਹੈ। ਇਸ ਦੌਰੇ ਦਾ ਸਮਾਂ ਦੋਵੇਂ ਧਿਰਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਤੈਅ ਕੀਤਾ ਜਾਵੇਗਾ।
ਦੋਵੇਂ ਨੇਤਾਵਾਂ ਨੇ ਆਪਸੀ ਹਿਤਾਂ ਦੇ ਖੇਤਰੀ ਅਤੇ ਵਿਸ਼ਵ ਮੁੱਦਿਆਂ 'ਤੇ ਵੀ ਚਰਚਾ ਕੀਤੀ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕੰਬੋਡੀਆ ਨੂੰ ਆਸੀਆਨ ਦੀ ਪ੍ਰਧਾਨਗੀ ਪ੍ਰਾਪਤ ਕਰਨ 'ਤੇ ਵਧਾਈ ਦਿੱਤੀ ਅਤੇ ਭਰੋਸਾ ਦਿੱਤਾ ਕਿ ਕੰਬੋਡੀਆ ਦੇ ਕਾਰਜਕਾਲ ਨੂੰ ਸਫਲ ਬਣਾਉਣ ਲਈ ਭਾਰਤ ਪੂਰਾ ਸਮਰਥਨ ਅਤੇ ਸਹਿਯੋਗ ਦੇਵੇਗਾ।