ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 11 ਅਪ੍ਰੈਲ 2022 ਨੂੰ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਜੋਸੇਫ ਆਰ ਬਾਇਡਨ ਨਾਲ ਇੱਕ ਵਰਚੁਅਲ ਮੀਟਿੰਗ ਕਰਨਗੇ। ਦੋਵੇਂ ਨੇਤਾ ਚਲ ਰਹੇ ਦੁਵੱਲੇ ਸਹਿਯੋਗ ਦੀ ਸਮੀਖਿਆ ਕਰਨਗੇ ਅਤੇ ਦੱਖਣੀ ਏਸ਼ੀਆ ਵਿੱਚ ਹਾਲ ਹੀ ਦੀਆਂ ਘਟਨਾਵਾਂ, ਹਿੰਦ-ਪ੍ਰਸ਼ਾਂਤ ਖੇਤਰ ਅਤੇ ਆਪਸੀ ਹਿੱਤ ਦੇ ਆਲਮੀ ਮੁੱਦਿਆਂ 'ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨਗੇ। ਵਰਚੁਅਲ ਮੀਟਿੰਗ ਦੋਵਾਂ ਧਿਰਾਂ ਨੂੰ ਦੁਵੱਲੀ ਵਿਆਪਕ ਗਲੋਬਲ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਆਪਣੀ ਨਿਯਮਿਤ ਅਤੇ ਉੱਚ-ਪੱਧਰੀ ਸ਼ਮੂਲੀਅਤ ਨੂੰ ਜਾਰੀ ਰੱਖਣ ਦੇ ਯੋਗ ਕਰੇਗੀ।
ਨੇਤਾਵਾਂ ਦੀ ਵਰਚੁਅਲ ਗੱਲਬਾਤ ਚੌਥੀ ਭਾਰਤ-ਅਮਰੀਕਾ 2+2 ਮੰਤਰੀ ਪੱਧਰੀ ਵਾਰਤਾ ਤੋਂ ਪਹਿਲਾਂ ਹੋਵੇਗੀ, ਜਿਸ ਦੀ ਭਾਰਤ ਤਰਫ਼ੋਂ ਅਗਵਾਈ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਅਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ, ਸੈਕਟਰੀ ਆਵ੍ ਡਿਫੈਂਸ ਲੌਇਡ ਆਸਟਿਨ ਅਤੇ ਸੈਕਟਰੀ ਆਵ੍ ਸਟੇਟ ਐਂਟਨੀ ਬਲਿੰਕਨ ਕਰਨਗੇ।