ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਫਰਵਰੀ, 2024 ਨੂੰ ਸਵੇਰੇ 10:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਨਵ-ਨਿਯੁਕਤ ਵਿਅਕਤੀਆਂ ਨੂੰ 1 ਲੱਖ ਤੋਂ ਅਧਿਕ ਨਿਯੁਕਤੀ ਪੱਤਰ ਵੰਡਣਗੇ।
ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨਵੀਂ ਦਿੱਲੀ ਵਿਖੇ ਇੰਟੀਗ੍ਰੇਟਿਡ ਕੰਪਲੈਕਸ "ਕਰਮਯੋਗੀ ਭਵਨ" ਦੇ ਪਹਿਲੇ ਫੇਜ਼ ਦਾ ਨੀਂਹ ਪੱਥਰ ਵੀ ਰੱਖਣਗੇ। ਇਹ ਕੰਪਲੈਕਸ ਮਿਸ਼ਨ ਕਰਮਯੋਗੀ ਦੇ ਵਿਭਿੰਨ ਥੰਮ੍ਹਾਂ ਦੇ ਦਰਮਿਆਨ ਸਹਿਯੋਗ ਅਤੇ ਤਾਲਮੇਲ ਨੂੰ ਹੁਲਾਰਾ ਦੇਵੇਗਾ।
ਰੋਜ਼ਗਾਰ ਮੇਲਾ ਦੇਸ਼ ਭਰ ਵਿੱਚ 47 ਥਾਵਾਂ 'ਤੇ ਲਗਾਇਆ ਜਾਵੇਗਾ। ਇਸ ਪਹਿਲ ਦਾ ਸਮਰਥਨ ਕਰਨ ਵਾਲੇ ਕੇਂਦਰ ਸਰਕਾਰ ਦੇ ਵਿਭਾਗਾਂ ਅਤੇ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਭਰਤੀਆਂ ਹੋ ਰਹੀਆਂ ਹਨ। ਨਵਨਿਯੁਕਤ ਵਿਭਿੰਨ ਮੰਤਰਾਲਿਆਂ/ਵਿਭਾਗਾਂ ਜਿਵੇਂ ਕਿ ਮਾਲ ਵਿਭਾਗ, ਗ੍ਰਹਿ ਮੰਤਰਾਲਾ, ਉਚੇਰੀ ਸਿੱਖਿਆ ਵਿਭਾਗ, ਪਰਮਾਣੂ ਊਰਜਾ ਵਿਭਾਗ, ਰੱਖਿਆ ਮੰਤਰਾਲਾ, ਵਿੱਤੀ ਸੇਵਾਵਾਂ ਵਿਭਾਗ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਕਬਾਇਲੀ ਮਾਮਲੇ ਮੰਤਰਾਲੇ ਅਤੇ ਰੇਲਵੇ ਮੰਤਰਾਲੇ ਦੇ ਵਿਭਿੰਨ ਅਹੁਦਿਆਂ 'ਤੇ ਸਰਕਾਰ ਵਿੱਚ ਸ਼ਾਮਲ ਹੋਣਗੇ।
ਰੋਜ਼ਗਾਰ ਮੇਲਾ ਦੇਸ਼ ਵਿੱਚ ਰੋਜ਼ਗਾਰ ਸਿਰਜਣ ਨੂੰ ਸਰਬਉੱਚ ਪ੍ਰਾਥਮਿਕਤਾ ਦੇਣ ਲਈ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਦੀ ਪੂਰਤੀ ਵੱਲ ਇੱਕ ਕਦਮ ਹੈ। ਰੋਜ਼ਗਾਰ ਮੇਲੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਰੋਜ਼ਗਾਰ ਪੈਦਾ ਕਰਨ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਸਸ਼ਕਤੀਕਰਣ ਅਤੇ ਰਾਸ਼ਟਰੀ ਵਿਕਾਸ ਵਿੱਚ ਪ੍ਰਤੱਖ ਭਾਗੀਦਾਰੀ ਲਈ ਲਾਭਕਾਰੀ ਮੌਕੇ ਪ੍ਰਦਾਨ ਕਰਨਗੇ।
ਨਵੇਂ ਸ਼ਾਮਲ ਕੀਤੇ ਗਏ ਨਿਯੁਕਤ ਵਿਅਕਤੀਆਂ ਨੂੰ ਆਈਜੀਓਟੀ (iGOT) ਕਰਮਯੋਗੀ ਪੋਰਟਲ 'ਤੇ ਇੱਕ ਔਨਲਾਇਨ ਮੌਡਿਊਲ, ਕਰਮਯੋਗੀ ਪ੍ਰਾਰੰਭ ਦੁਆਰਾ ਆਪਣੇ ਆਪ ਨੂੰ ਟ੍ਰੇਨਿੰਗ ਦੇਣ ਦਾ ਮੌਕਾ ਵੀ ਮਿਲ ਰਿਹਾ ਹੈ, ਜਿੱਥੇ 'ਕਿਸੇ ਵੀ ਥਾਂ ਕਿਸੇ ਵੀ ਡਿਵਾਈਸ' ਸਿੱਖਣ ਦੇ ਫਾਰਮੈਟ ਲਈ 880 ਤੋਂ ਅਧਿਕ ਈ-ਲਰਨਿੰਗ ਕੋਰਸ ਉਪਲਬਧ ਕਰਵਾਏ ਗਏ ਹਨ।