ਬਨਾਸਕਾਂਠਾ ਜ਼ਿਲ੍ਹੇ ਦੇ ਅੰਬਾਜੀ ਕਸਬੇ ਦੇ ਕਬਾਇਲੀ ਬੱਚਿਆਂ ਦਾ ਇੱਕ ਸੰਗੀਤਕ ਬੈਂਡ 31 ਅਕਤੂਬਰ ਨੂੰ ਕੇਵੜੀਆ ਵਿੱਚ ਪ੍ਰਧਾਨ ਮੰਤਰੀ ਸਾਹਮਣੇ ਪ੍ਰਦਰਸ਼ਨ ਕਰੇਗਾ। ਪ੍ਰਧਾਨ ਮੰਤਰੀ ਰਾਸ਼ਟਰੀ ਏਕਤਾ ਦਿਵਸ ਦੇ ਮੌਕੇ 'ਤੇ ਕੇਵੜੀਆ ਜਾਣਗੇ।
ਇਹ ਪਹਿਲੀ ਵਾਰ ਨਹੀਂ ਹੈ ਕਿ ਪ੍ਰਧਾਨ ਮੰਤਰੀ ਲਈ ਸੰਗੀਤਕ ਬੈਂਡ ਪੇਸ਼ਕਾਰੀ ਕਰੇਗਾ। 30 ਸਤੰਬਰ, 2022 ਨੂੰ ਜਦੋਂ ਪ੍ਰਧਾਨ ਮੰਤਰੀ ਨੇ ਅੰਬਾਜੀ, ਗੁਜਰਾਤ ਦਾ ਦੌਰਾ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ 7200 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਤਾਂ ਜਨਤਕ ਸਮਾਗਮ ਲਈ ਪਹੁੰਚ ਰਹੇ ਪ੍ਰਧਾਨ ਮੰਤਰੀ ਦਾ ਬੈਂਡ ਨੇ ਸਵਾਗਤ ਕੀਤਾ ਸੀ।
ਪ੍ਰਧਾਨ ਮੰਤਰੀ ਨੇ ਨਾ ਸਿਰਫ਼ ਨੌਜਵਾਨਾਂ ਦੇ ਬੈਂਡ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਅਤੇ ਆਨੰਦ ਮਾਣਿਆ ਬਲਕਿ ਜਨਤਕ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨਾਲ ਨਿੱਜੀ ਤੌਰ 'ਤੇ ਗੱਲਬਾਤ ਵੀ ਕੀਤੀ। ਆਪਣੇ ਨੌਜਵਾਨ ਦੋਸਤਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਨੇ ਉਨ੍ਹਾਂ ਨਾਲ ਗਰੁੱਪ ਫੋਟੋ ਖਿਚਵਾਈ।
ਅਜਿਹੇ ਬੇਮਿਸਾਲ ਸੰਗੀਤਕ ਹੁਨਰ ਸਿੱਖਣ ਵਾਲੇ ਇਨ੍ਹਾਂ ਕਬਾਇਲੀ ਬੱਚਿਆਂ ਦੀ ਕਹਾਣੀ ਦੱਸਣ ਯੋਗ ਹੈ। ਜੋ ਬੱਚੇ ਕਦੇ ਆਪਣੀਆਂ ਬੁਨਿਆਦੀ ਲੋੜਾਂ ਅਤੇ ਸਿੱਖਿਆ ਪ੍ਰਾਪਤ ਕਰਨ ਦੇ ਮੌਕਿਆਂ ਲਈ ਲੜ ਰਹੇ ਸਨ। ਉਹ ਅਕਸਰ ਅੰਬਾਜੀ ਮੰਦਿਰ ਦੇ ਨੇੜੇ ਪਾਏ ਜਾਂਦੇ ਸਨ, ਜਿੱਥੇ ਉਹ ਲੋਕਾਂ ਅੱਗੇ ਭੀਖ ਮੰਗਦੇ ਸਨ। ਅੰਬਾਜੀ ਵਿੱਚ ਸਥਿਤ ਸ਼੍ਰੀ ਸ਼ਕਤੀ ਸੇਵਾ ਕੇਂਦਰ ਨਾਮਕ ਇੱਕ ਸਥਾਨਕ ਐੱਨਜੀਓ ਨੇ ਅਜਿਹੇ ਬੱਚਿਆਂ ਲਈ ਕੰਮ ਕੀਤਾ, ਨਾ ਸਿਰਫ਼ ਉਨ੍ਹਾਂ ਨੂੰ ਸਿੱਖਿਅਤ ਕੀਤਾ, ਸਗੋਂ ਉਨ੍ਹਾਂ ਦੇ ਹੁਨਰਾਂ ਦੀ ਪਛਾਣ ਵੀ ਕੀਤੀ, ਜਿਸ ਵਿੱਚ ਉਹ ਚੰਗੇ ਹਨ। ਐੱਨਜੀਓ ਸ਼੍ਰੀ ਸ਼ਕਤੀ ਸੇਵਾ ਕੇਂਦਰ ਵੱਲੋਂ ਸੰਗੀਤਕ ਬੈਂਡ ਵਾਲੇ ਕਬਾਇਲੀ ਬੱਚਿਆਂ ਨੂੰ ਵੀ ਨਿਪੁੰਨ ਬਣਾਇਆ ਗਿਆ।
ਪ੍ਰਧਾਨ ਮੰਤਰੀ ਨੇ ਨੌਜਵਾਨ ਬੈਂਡ ਦੇ ਪ੍ਰਦਰਸ਼ਨ ਦਾ ਇੰਨਾ ਆਨੰਦ ਲਿਆ ਅਤੇ ਪ੍ਰਸ਼ੰਸਾ ਕੀਤੀ ਕਿ ਉਨ੍ਹਾਂ ਨੇ ਇਹ ਸੁਨਿਸ਼ਚਿਤ ਕੀਤਾ ਕਿ ਬੈਂਡ ਨੂੰ ਰਾਸ਼ਟਰੀ ਏਕਤਾ ਦਿਵਸ ਦੇ ਮੌਕੇ 'ਤੇ 31 ਅਕਤੂਬਰ ਨੂੰ ਕੇਵੜੀਆ ਵਿਖੇ ਬੁਲਾਇਆ ਜਾਵੇ, ਤਾਂ ਜੋ ਉਹ ਇਤਿਹਾਸਕ ਦਿਨ 'ਤੇ ਹਿੱਸਾ ਲੈ ਸਕਣ ਅਤੇ ਪ੍ਰਦਰਸ਼ਨ ਕਰ ਸਕਣ।
31 ਅਕਤੂਬਰ ਨੂੰ ਪ੍ਰਧਾਨ ਮੰਤਰੀ ਕੇਵੜੀਆ ਜਾਣਗੇ ਅਤੇ ਸਰਦਾਰ ਪਟੇਲ ਨੂੰ ਉਨ੍ਹਾਂ ਦੀ 147ਵੀਂ ਜਯੰਤੀ 'ਤੇ ਸ਼ਰਧਾਂਜਲੀ ਭੇਟ ਕਰਨਗੇ। ਉਹ ਏਕਤਾ ਦਿਵਸ ਪਰੇਡ ਵਿੱਚ ਵੀ ਹਿੱਸਾ ਲੈਣਗੇ ਅਤੇ ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ ਐਡਮਿਨਿਸਟ੍ਰੇਸ਼ਨ ਵਿਖੇ ਫਾਊਂਡੇਸ਼ਨ ਕੋਰਸ ਅਧੀਨ ਵੱਖ-ਵੱਖ ਸਿਵਲ ਸੇਵਾਵਾਂ ਨਾਲ ਸਬੰਧਤ ਅਫਸਰ ਸਿਖਿਆਰਥੀਆਂ ਨਾਲ ਗੱਲਬਾਤ ਕਰਨਗੇ।