ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਥੌਮਸ ਕੱਪ ਵਿੱਚ ਇਤਿਹਾਸਕ ਜਿੱਤ ਦਰਜ ਕਰਨ ਵਾਲੀ ਭਾਰਤੀ ਬੈਡਮਿੰਟਨ ਟੀਮ ਨਾਲ ਫੋਨ 'ਤੇ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡ ਵਿਸ਼ਲੇਸ਼ਕ ਨੂੰ ਇਸ ਨੂੰ ਭਾਰਤ ਦੀ ਸਭ ਤੋਂ ਵਧੀਆ ਖੇਡ ਜਿੱਤ ਵਜੋਂ ਗਿਣਨਾ ਪਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖਾਸ ਤੌਰ 'ਤੇ ਖੁਸ਼ੀ ਹੈ ਕਿ ਟੀਮ ਕੋਈ ਵੀ ਰਾਊਂਡ ਨਹੀਂ ਹਾਰੀ।
ਪ੍ਰਧਾਨ ਮੰਤਰੀ ਨੇ ਖਿਡਾਰੀਆਂ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਕਿਸ ਪੜਾਅ 'ਤੇ ਲਗਿਆ ਕਿ ਉਹ ਜਿੱਤਣ ਜਾ ਰਹੇ ਹਨ। ਕਿਦਾਂਬੀ ਸ਼੍ਰੀਕਾਂਤ ਨੇ ਉਨ੍ਹਾਂ ਨੂੰ ਦੱਸਿਆ ਕਿ ਕੁਆਰਟਰ ਫਾਈਨਲ ਤੋਂ ਬਾਅਦ ਟੀਮ ਦਾ ਅੰਤ ਤੱਕ ਦੇਖਣ ਦਾ ਇਰਾਦਾ ਬਹੁਤ ਮਜ਼ਬੂਤ ਹੋ ਗਿਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਇਹ ਵੀ ਦੱਸਿਆ ਕਿ ਟੀਮ ਭਾਵਨਾ ਨੇ ਮਦਦ ਕੀਤੀ ਅਤੇ ਹਰ ਖਿਡਾਰੀ ਨੇ ਆਪਣਾ 100 ਪ੍ਰਤੀਸ਼ਤ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਚ ਵੀ ਪ੍ਰਸ਼ੰਸਾ ਦੇ ਹੱਕਦਾਰ ਹਨ।
ਪ੍ਰਧਾਨ ਮੰਤਰੀ ਨੇ ਲਕਸ਼ਯ ਸੇਨ ਨੂੰ ਕਿਹਾ ਕਿ ਉਨ੍ਹਾਂ ਨੂੰ ਅਲਮੋੜਾ ਦੀ 'ਬਾਲ ਮਿਠਾਈ' ਦੇਣੀ ਪਵੇਗੀ। ਇਹ ਵਧੀਆ ਸ਼ਟਲਰ ਉੱਤਰਾਖੰਡ ਦੀ ਦੇਵਭੂਮੀ ਦਾ ਜੰਮਪਲ਼ ਹੈ। ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਲਕਸ਼ੈ ਤੀਜੀ ਪੀੜ੍ਹੀ ਦਾ ਖਿਡਾਰੀ ਹੈ। ਲਕਸ਼ਯ ਸੇਨ ਨੇ ਦੱਸਿਆ ਕਿ ਟੂਰਨਾਮੈਂਟ ਦੇ ਦੌਰਾਨ ਉਨ੍ਹਾਂ ਦੇ ਪਿਤਾ ਮੌਜੂਦ ਸਨ। ਉਨ੍ਹਾਂ ਨੇ ਵੀ ਸ਼੍ਰੀਕਾਂਤ ਨਾਲ ਸਹਿਮਤ ਹੁੰਦਿਆਂ ਕਿਹਾ ਕਿ ਕੁਆਰਟਰ ਫਾਈਨਲ ਤੋਂ ਬਾਅਦ ਜਿੱਤ ਦਾ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ। ਐਚਐਸ ਪ੍ਰਣੌਏ ਨੇ ਇਹ ਵੀ ਕਿਹਾ ਕਿ ਕੁਆਰਟਰ ਫਾਈਨਲ ਜਿੱਤਣਾ ਬਹੁਤ ਮਹੱਤਵਪੂਰਨ ਸੀ। ਇਸ ਜਿੱਤ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਕਿ ਭਾਰਤੀ ਟੀਮ ਕਿਸੇ ਵੀ ਟੀਮ ਨੂੰ ਟੱਕਰ ਦੇਣ ਦੀ ਸਥਿਤੀ ਵਿੱਚ ਹੈ। ਉਨ੍ਹਾਂ ਕਿਹਾ ਕਿ ਟੀਮ ਦੇ ਸਹਿਯੋਗ ਸਦਕਾ ਮਲੇਸ਼ੀਆ ਜਿਹੀ ਮਜ਼ਬੂਤ ਟੀਮ ਨੂੰ ਹਰਾਇਆ। ਪ੍ਰਧਾਨ ਮੰਤਰੀ ਨੇ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੂੰ ਵੀ ਉਨ੍ਹਾਂ ਦੀਆਂ ਜਿੱਤਾਂ ਲਈ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਚਿਰਾਗ ਸ਼ੈੱਟੀ ਨਾਲ ਮਰਾਠੀ ਭਾਸ਼ਾ ਵਿੱਚ ਗੱਲਬਾਤ ਕੀਤੀ, ਜਿਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਵਿਸ਼ਵ ਚੈਂਪੀਅਨ ਬਣਨ ਤੋਂ ਵਧ ਕੇ ਹੋਰ ਕੁਝ ਵੀ ਨਹੀਂ ਹੈ, ਉਹ ਵੀ ਭਾਰਤ ਤੋਂ। “ਤੁਸੀਂ ਸਾਰਿਆਂ ਨੇ ਅਜਿਹੀ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਪੂਰੀ ਟੀਮ ਵਧਾਈ ਦੀ ਹੱਕਦਾਰ ਹੈ।” ਪ੍ਰਧਾਨ ਮੰਤਰੀ ਨੇ ਭਾਰਤ ਪਰਤਣ 'ਤੇ ਉਨ੍ਹਾਂ ਨੂੰ ਉਨ੍ਹਾਂ ਦੇ ਕੋਚਾਂ ਦੇ ਨਾਲ ਆਪਣੀ ਰਿਹਾਇਸ਼ 'ਤੇ ਸੱਦਿਆ ਕਿਉਂਕਿ ਉਹ ਉਨ੍ਹਾਂ ਨਾਲ ਗੱਲ ਕਰਨ ਅਤੇ ਉਨ੍ਹਾਂ ਦੇ ਅਨੁਭਵਾਂ ਨੂੰ ਸੁਣਨਾ ਚਾਹੁੰਦੇ ਸਨ।
ਪ੍ਰਧਾਨ ਮੰਤਰੀ ਨੇ ਉੱਭਰਦੇ ਖਿਡਾਰੀਆਂ ਅਤੇ ਛੋਟੇ ਬੱਚਿਆਂ ਲਈ ਜੇਤੂ ਟੀਮ ਦਾ ਸੰਦੇਸ਼ ਮੰਗਿਆ ਜੋ ਬੈਡਮਿੰਟਨ, ਟੇਬਲ ਟੈਨਿਸ ਜਾਂ ਤੈਰਾਕੀ ਵਰਗੀਆਂ ਖੇਡਾਂ ਕਰ ਰਹੇ ਹਨ। ਸ਼੍ਰੀਕਾਂਤ ਨੇ ਟੀਮ ਲਈ ਗੱਲ ਕੀਤੀ ਅਤੇ ਕਿਹਾ ਕਿ ਅੱਜ ਭਾਰਤ ਵਿੱਚ ਖੇਡਾਂ ਲਈ ਸ਼ਾਨਦਾਰ ਸਮਰਥਨ ਹੈ। ਸਪੋਰਟਸ ਅਥਾਰਿਟੀ ਆਵ੍ ਇੰਡੀਆ, ਸਰਕਾਰ, ਖੇਡ ਫੈਡਰੇਸ਼ਨਾਂ ਅਤੇ ਉੱਚ ਪੱਧਰ 'ਤੇ- ਟਾਰਗੈੱਟ ਓਲੰਪਿਕ ਪੋਡੀਅਮ ਸਕੀਮ ਟੌਪਸ (TOPS) ਦੇ ਪ੍ਰਯਤਨਾਂ ਸਦਕਾ ਖਿਡਾਰੀ ਬਹੁਤ ਵਧੀਆ ਸਮਰਥਨ ਮਹਿਸੂਸ ਕਰ ਰਹੇ ਹਨ। ਜੇ ਅਜਿਹਾ ਜਾਰੀ ਰਿਹਾ ਤਾਂ ਸਾਨੂੰ ਲਗਦਾ ਹੈ ਕਿ ਭਾਰਤ ਨੂੰ ਹੋਰ ਵੀ ਕਈ ਚੈਂਪੀਅਨ ਦੇਖਣ ਨੂੰ ਮਿਲਣਗੇ। ਉਨ੍ਹਾਂ ਨੇ ਆਪਣੀ ਪਸੰਦ ਦੀਆਂ ਖੇਡਾਂ ਖੇਡਣ ਵਾਲੇ ਨੌਜਵਾਨ ਬੱਚਿਆਂ ਨੂੰ ਕਿਹਾ ਕਿ ਜੇ ਉਹ ਆਪਣਾ 100 ਫੀਸਦੀ ਹਿੱਸਾ ਦੇ ਸਕਦੇ ਹਨ ਤਾਂ ਖੇਡਾਂ ਦੇ ਖੇਤਰ ਵਿੱਚ ਭਾਰਤ ਵਿੱਚ ਉਨ੍ਹਾਂ ਦਾ ਬਹੁਤ ਸਹਿਯੋਗ ਹੈ। ਇੱਥੇ ਚੰਗੇ ਕੋਚ ਅਤੇ ਬੁਨਿਆਦੀ ਢਾਂਚਾ ਹਨ, ਜੇ ਉਹ ਪ੍ਰਤੀਬੱਧ ਹਨ ਤਾਂ ਉਹ ਅੰਤਰਰਾਸ਼ਟਰੀ ਪੱਧਰ 'ਤੇ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ। ਕਿਦਾਂਬੀ ਸ਼੍ਰੀਕਾਂਤ ਨੇ ਕਿਹਾ,"ਜੇ ਉਹ 100 ਪ੍ਰਤੀਸ਼ਤ ਸਮਰਪਣ ਨਾਲ ਕੰਮ ਕਰ ਸਕਦੇ ਹਨ, ਤਾਂ ਉਹ ਯਕੀਨੀ ਤੌਰ 'ਤੇ ਸਫਲ ਹੋਣਗੇ।"
ਪ੍ਰਧਾਨ ਮੰਤਰੀ ਨੇ ਖਿਡਾਰੀਆਂ ਦੇ ਮਾਪਿਆਂ ਲਈ ਸ਼ੁਭਕਾਮਨਾਵਾਂ ਅਤੇ ਪ੍ਰਸ਼ੰਸਾ ਪ੍ਰਗਟ ਕੀਤੀ ਕਿਉਂਕਿ ਬੱਚਿਆਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨਾ ਅਤੇ ਅੰਤ ਤੱਕ ਉਨ੍ਹਾਂ ਦੇ ਨਾਲ ਰਹਿਣਾ ਇੱਕ ਚੁਣੌਤੀਪੂਰਨ ਕੰਮ ਹੈ। ਪ੍ਰਧਾਨ ਮੰਤਰੀ ਉਨ੍ਹਾਂ ਦੇ ਜਸ਼ਨ ਵਿੱਚ ਸ਼ਾਮਲ ਹੋਏ ਅਤੇ ਅੰਤ ਵਿੱਚ ‘ਭਾਰਤ ਮਾਤਾ ਕੀ ਜੈ’ ਦਾ ਨਾਅਰਾ ਲਾਇਆ।
A special interaction with our badminton 🏸 champions, who have won the Thomas Cup and made 135 crore Indians proud. pic.twitter.com/KdRYVscDAK
— Narendra Modi (@narendramodi) May 15, 2022