ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਜਨਵਰੀ, 2022 ਨੂੰ ਇੱਕ ਵਰਚੁਅਲ ਮਾਧਿਅਮ ਨਾਲ ਭਾਰਤ-ਮੱਧ ਏਸ਼ੀਆ ਸਿਖਰ ਸੰਮੇਲਨ ਦੀ ਪਹਿਲੀ ਬੈਠਕ ਦੀ ਮੇਜ਼ਬਾਨੀ ਕਰਨਗੇ, ਜਿਸ ਵਿੱਚ ਕਜ਼ਾਕਿਸਤਾਨ, ਕਿਰਗਿਜ਼ ਗਣਰਾਜ, ਤਾਜਿਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ (Kazakhstan, Kyrgyz Republic, Tajikistan, Turkmenistan and Uzbekistan) ਦੇ ਰਾਸ਼ਟਰਪਤੀ ਹਿੱਸਾ ਲੈਣਗੇ। ਲੀਡਰਾਂ ਦੇ ਪੱਧਰ 'ਤੇ ਭਾਰਤ ਅਤੇ ਮੱਧ ਏਸ਼ਿਆਈ ਦੇਸ਼ਾਂ ਦੇ ਦਰਮਿਆਨ ਆਪਣੀ ਤਰ੍ਹਾਂ ਦੀ ਇਹ ਪਹਿਲੀ ਵਾਰਤਾ ਹੋਵੇਗੀ।
ਪਹਿਲਾ ਭਾਰਤ-ਮੱਧ ਏਸ਼ੀਆ ਸਿਖਰ ਸੰਮੇਲਨ ਮੱਧ ਏਸ਼ਿਆਈ ਦੇਸ਼ਾਂ ਨਾਲ ਭਾਰਤ ਦੇ ਵਧਦੇ ਸਬੰਧਾਂ ਦਾ ਪ੍ਰਤੀਬਿੰਬ ਹੈ, ਜੋ ਭਾਰਤ ਦੇ "ਵਿਸਤਾਰਿਤ ਗੁਆਂਢ" (ਐਕਸਟੈਂਡਡ ਨੇਬਰਹੁੱਡ) ਦਾ ਹਿੱਸਾ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 2015 ਵਿੱਚ ਸਾਰੇ ਮੱਧ ਏਸ਼ਿਆਈ ਦੇਸ਼ਾਂ ਦੀ ਇਤਿਹਾਸਿਕ ਯਾਤਰਾ ਕੀਤੀ ਸੀ। ਇਸ ਦੇ ਬਾਅਦ, ਦੁਵੱਲੇ ਅਤੇ ਬਹੁਪੱਖੀ ਮੰਚਾਂ 'ਤੇ ਉੱਚ ਪੱਧਰੀ ਵਿਚਾਰਾਂ ਦੇ ਅਦਾਨ-ਪ੍ਰਦਾਨ ਹੋਏ ਹਨ।
ਵਿਦੇਸ਼ ਮੰਤਰੀਆਂ ਦੇ ਪੱਧਰ 'ਤੇ ਭਾਰਤ-ਮੱਧ ਏਸ਼ੀਆ ਵਾਰਤਾ ਦੀ ਸ਼ੁਰੂਆਤ ਹੋਈ ਸੀ, ਜਿਸ ਦੀ ਤੀਸਰੀ ਬੈਠਕ 18-20 ਦਸੰਬਰ, 2021 ਨੂੰ ਨਵੀਂ ਦਿੱਲੀ ਵਿੱਚ ਹੋਈ ਸੀ। ਇਸ ਬੈਠਕ ਨੇ ਭਾਰਤ-ਮੱਧ ਏਸ਼ੀਆ ਦੇ ਸਬੰਧਾਂ ਨੂੰ ਹੁਲਾਰਾ ਦਿੱਤਾ ਹੈ। ਮੱਧ ਏਸ਼ਿਆਈ ਦੇਸ਼ਾਂ ਦੀਆਂ ਰਾਸ਼ਟਰੀ ਸੁਰੱਖਿਆ ਪਰਿਸ਼ਦਾਂ ਦੇ ਸਕੱਤਰਾਂ ਨੇ 10 ਨਵੰਬਰ, 2021 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਅਫ਼ਗ਼ਾਨਿਸਤਾਨ 'ਤੇ ਖੇਤਰੀ ਸੁਰੱਖਿਆ ਵਾਰਤਾ ਵਿੱਚ ਹਿੱਸਾ ਲਿਆ। ਇਸ ਬੈਠਕ ਵਿੱਚ ਅਫ਼ਗ਼ਾਨਿਸਤਾਨ ਬਾਰੇ ਇੱਕ ਵਿਆਪਕ ਤੌਰ 'ਤੇ ਪ੍ਰਵਾਨਿਤ ਖੇਤਰੀ ਦ੍ਰਿਸ਼ਟੀਕੋਣ ਦੀ ਰੂਪ-ਰੇਖਾ ਉਲੀਕੀ ਗਈ।
ਪਹਿਲੇ ਭਾਰਤ-ਮੱਧ ਏਸ਼ੀਆ ਸਿਖਰ ਸੰਮੇਲਨ 'ਚ, ਭਾਰਤ-ਮੱਧ ਏਸ਼ੀਆ ਸਬੰਧਾਂ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦੇ ਲਈ ਲੀਡਰਾਂ ਦੁਆਰਾ ਢੁਕਵੇਂ ਕਦਮਾਂ 'ਤੇ ਚਰਚਾ ਕੀਤੇ ਜਾਣ ਦੀ ਉਮੀਦ ਹੈ। ਉਨ੍ਹਾਂ ਤੋਂ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ, ਖਾਸ ਤੌਰ 'ਤੇ ਖੇਤਰੀ ਸੁਰੱਖਿਆ ਵਿੱਚ ਉੱਭਰਦੀ ਸਥਿਤੀ 'ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਦੀ ਉਮੀਦ ਹੈ।
ਇਹ ਸਿਖਰ ਸੰਮੇਲਨ, ਭਾਰਤ-ਮੱਧ ਏਸ਼ੀਆ ਸਾਂਝੇਦਾਰੀ ਦੇ ਵਿਆਪਕ ਅਤੇ ਸਥਾਈ ਮਹੱਤਵ ਦਾ ਪ੍ਰਤੀਕ ਹੈ, ਜਿਸ ਨੂੰ ਭਾਰਤ ਅਤੇ ਮੱਧ ਏਸ਼ਿਆਈ ਦੇਸ਼ਾਂ ਦੇ ਲੀਡਰਾਂ ਦੁਆਰਾ ਮਜ਼ਬੂਤ ਕੀਤਾ ਗਿਆ ਹੈ।