ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਾਨ ਮੰਗੂਭਾਈ ਪਟੇਲ ਜੀ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਜੀ, ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਣਵ ਜੀ, ਇੱਥੇ ਉਪਸਥਿਤ ਹੋਰ ਮਹਾਨੁਭਾਵ, ਭਾਈਓ ਅਤੇ ਭੈਣੋ,
ਅੱਜ ਦਾ ਦਿਨ ਭੋਪਾਲ ਦੇ ਲਈ, ਮੱਧ ਪ੍ਰਦੇਸ਼ ਦੇ ਲਈ, ਪੂਰੇ ਦੇਸ਼ ਦੇ ਲਈ ਗੌਰਵਮਈ ਇਤਿਹਾਸ ਅਤੇ ਵੈਭਵਸ਼ਾਲੀ ਭਵਿੱਖ ਦੇ ਸੰਗਮ ਦਾ ਦਿਨ ਹੈ। ਭਾਰਤੀ ਰੇਲ ਦਾ ਭਵਿੱਖ ਕਿਤਨਾ ਆਧੁਨਿਕ ਹੈ, ਕਿਤਨਾ ਉੱਜਵਲ ਹੈ, ਇਸ ਦਾ ਪ੍ਰਤੀਬਿੰਬ ਭੋਪਾਲ ਦੇ ਇਸ ਸ਼ਾਨਦਾਰ ਰੇਲਵੇ ਸਟੇਸ਼ਨ ਵਿੱਚ ਜੋ ਵੀ ਆਵੇਗਾ ਉਸ ਨੂੰ ਦਿਖਾਈ ਦੇਵੇਗਾ। ਭੋਪਾਲ ਦੇ ਇਸ ਇਤਿਹਾਸਿਕ ਰੇਲਵੇ ਸਟੇਸ਼ਨ ਦਾ ਸਿਰਫ਼ ਕਾਇਆਕਲਪ ਹੀ ਨਹੀਂ ਹੋਇਆ ਹੈ, ਬਲਕਿ ਗਿਨੌਰਗੜ੍ਹ ਦੀ ਰਾਣੀ, ਕਮਲਾਪਤੀ ਜੀ ਦਾ ਇਸ ਨਾਲ ਨਾਮ ਜੁੜਨ ਨਾਲ ਇਸ ਦਾ ਮਹੱਤਵ ਵੀ ਹੋਰ ਵਧ ਗਿਆ ਹੈ। ਗੋਂਡਵਾਨਾ ਦੇ ਮਾਣ ਨਾਲ ਅੱਜ ਭਾਰਤੀ ਰੇਲ ਦਾ ਗੌਰਵ ਵੀ ਜੁੜ ਗਿਆ ਹੈ। ਇਹ ਵੀ ਅਜਿਹੇ ਸਮੇਂ ਵਿੱਚ ਹੋਇਆ ਹੈ, ਜਦੋਂ ਅੱਜ ਦੇਸ਼ ਜਨਜਾਤੀਯ ਗੌਰਵ ਦਿਵਸ ਮਨਾ ਰਿਹਾ ਹੈ। ਇਸ ਦੇ ਲਈ ਮੱਧ ਪ੍ਰਦੇਸ਼ ਦੇ ਸਾਰੇ ਭਾਈਆਂ-ਭੈਣਾਂ ਨੂੰ, ਵਿਸ਼ੇਸ਼ ਤੌਰ ‘ਤੇ ਜਨਜਾਤੀ ਸਮਾਜ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਅੱਜ ਇੱਥੇ ਇਸ ਪ੍ਰੋਗਰਾਮ ਵਿੱਚ ਭੋਪਾਲ-ਰਾਣੀ ਕਮਲਾਪਤੀ-ਬਰਖੇੜਾ ਲਾਈਨ ਦਾ ਤੀਹਰੀਕਰਨ, ਗੁਣਾ-ਗਵਾਲੀਅਰ ਖੰਡ ਦਾ ਬਿਜਲੀਕਰਣ, ਫਤੇਹਾਬਾਦ, ਚੰਦ੍ਰਾਵਤੀਗੰਜ-ਉਜੈਨ ਅਤੇ ਮਥੇਲਾ-ਨਿਮਾਰਖੇੜੀ ਖੰਡ ਦਾ ਬਿਜਲੀਕਰਣ ਅਤੇ ਉਸੇ ਬ੍ਰਾਡਗੇਜ ਵਿੱਚ ਬਦਲਣ ਦੇ ਪ੍ਰੋਜੈਕਟਸ ਦਾ ਵੀ ਲੋਕਾਰਪਣ ਹੋਇਆ ਹੈ। ਇਨ੍ਹਾਂ ਸਾਰੀਆਂ ਸੁਵਿਧਾਵਾਂ ਦੇ ਬਣਨ ਨਾਲ ਮੱਧ ਪ੍ਰਦੇਸ਼ ਦੇ ਸਭ ਤੋਂ ਵਿਅਸਤ ਰੇਲ ਰੂਟ ਵਿੱਚੋਂ ਇੱਕ ’ਤੇ ਦਬਾਅ ਘੱਟ ਹੋਵੇਗਾ, ਅਤੇ ਟੂਰਿਜ਼ਮ–ਤੀਰਥ ਦੇ ਅਹਿਮ ਸਥਾਨਾਂ ਦੀ ਕਨੈਕਟੀਵਿਟੀ ਅਧਿਕ ਸਸ਼ਕਤ ਹੋਵੇਗੀ। ਵਿਸ਼ੇਸ਼ ਤੌਰ ’ਤੇ ਮਹਾਕਾਲ ਦੀ ਨਗਰੀ ਉਜੈਨ ਅਤੇ ਦੇਸ਼ ਦੇ ਸਭ ਤੋਂ ਸਵੱਛ ਸ਼ਹਿਰ ਇੰਦੌਰ ਦੇ ਵਿਚਕਾਰ ਮੇਮੂ ਸੇਵਾ ਸ਼ੁਰੂ ਹੋਣ ਨਾਲ, ਰੋਜ਼ਾਨਾ ਸਫ਼ਰ ਕਰਨ ਵਾਲੇ ਹਜ਼ਾਰਾਂ ਯਾਤਰੀਆਂ ਨੂੰ ਸਿੱਧਾ ਲਾਭ ਹੋਵੇਗਾ। ਹੁਣ ਇੰਦੌਰ ਵਾਲੇ ਮਹਾਕਾਲ ਦੇ ਦਰਸ਼ਨ ਕਰਕੇ ਸਮੇਂ ’ਤੇ ਵਾਪਸ ਵੀ ਪਰਤ ਪਾਉਣਗੇ ਅਤੇ ਜੋ ਕਰਮਚਾਰੀ, ਕਾਰੋਬਾਰੀ, ਸ਼ਮ੍ਰਿਕ ਸਾਥੀ ਰੋਜ਼ ਅੱਪ-ਡਾਊਨ ਯਾਤਰਾ ਕਰਦੇ ਹਨ, ਉਨ੍ਹਾਂ ਨੂੰ ਵੀ ਬਹੁਤ ਵੱਡੀ ਸੁਵਿਧਾ ਹੋਵੇਗੀ।
ਭਾਈਓ ਅਤੇ ਭੈਣੋ,
ਭਾਰਤ ਕਿਵੇਂ ਬਦਲ ਰਿਹਾ ਹੈ, ਸੁਪਨੇ ਕਿਵੇਂ ਸੱਚ ਹੋ ਸਕਦੇ ਹਨ, ਇਹ ਦੇਖਣਾ ਹੋਵੇ ਤਾਂ ਅੱਜ ਇਸ ਦਾ ਇੱਕ ਉੱਤਮ ਉਦਾਹਰਣ ਭਾਰਤੀ ਰੇਲਵੇ ਵੀ ਬਣ ਰਿਹਾ ਹੈ। 6-7 ਸਾਲ ਪਹਿਲਾਂ ਤੱਕ, ਜਿਸ ਦਾ ਵੀ ਵਾਹ ਭਾਰਤੀ ਰੇਲਵੇ ਨਾਲ ਪੈਂਦਾ ਸੀ, ਤਾਂ ਉਹ ਭਾਰਤੀ ਰੇਲਵੇ ਨੂੰ ਹੀ ਕੋਸਦੇ ਹੋਏ, ਹਮੇਸ਼ਾ ਕੁਝ ਨਾ ਕੁਝ ਬੋਲਦੇ ਹੋਏ ਜ਼ਿਆਦਾ ਨਜ਼ਰ ਆਉਂਦਾ ਸੀ। ਸਟੇਸ਼ਨ ’ਤੇ ਭੀੜ-ਭਾੜ, ਗੰਦਗੀ, ਟ੍ਰੇਨ ਦੇ ਇੰਤਜ਼ਾਰ ਵਿੱਚ ਘੰਟਿਆਂ ਦੀ ਟੈਂਸ਼ਨ, ਸਟੇਸ਼ਨ ’ਤੇ ਬੈਠਣ ਦੀ, ਖਾਣ-ਪੀਣ ਦੀ ਅਸੁਵਿਧਾ, ਟ੍ਰੇਨ ਦੇ ਅੰਦਰ ਵੀ ਗੰਦਗੀ, ਸੁਰੱਖਿਆ ਦੀ ਵੀ ਚਿੰਤਾ, ਤੁਸੀਂ ਦੇਖਿਆ ਹੋਵੇਗਾ ਲੋਕ ਬੈਗ ਦੇ ਨਾਲ ਚੈਨ ਲੈ ਕੇ ਆਉਂਦੇ ਸਨ, ਤਾਲ਼ਾ ਲਗਾਉਂਦੇ ਸਨ, ਦੁਰਘਟਨਾ ਦਾ ਡਰ, ਇਹ ਸਭ ਕੁਝ...ਯਾਨੀ ਰੇਲਵੇ ਬੋਲਦੇ ਹੀ ਸਬ ਅਜਿਹਾ ਹੀ ਧਿਆਨ ਵਿੱਚ ਆਉਂਦਾ ਸੀ। ਮਨ ਵਿੱਚ ਇਹੀ ਇੱਕ ਅਕਸ ਉੱਭਰ ਕੇ ਆਉਂਦਾ ਸੀ। ਲੇਕਿਨ ਸਥਿਤੀ ਇੱਥੇ ਤੱਕ ਪਹੁੰਚ ਗਈ ਸੀ ਕਿ ਲੋਕਾਂ ਨੇ ਸਥਿਤੀਆਂ ਦੇ ਬਦਲਣ ਦੀ ਉਮੀਦ ਤੱਕ ਛੱਡ ਦਿੱਤੀ ਸੀ। ਲੋਕਾਂ ਨੇ ਮੰਨ ਲਿਆ ਸੀ ਕਿ ਚਲੋ ਭਾਈ ਐਵੇਂ ਹੀ ਗੁਜਾਰਾ ਕਰੋ ਇਹ ਸਭ ਇਵੇਂ ਹੀ ਚਲਣ ਵਾਲਾ ਹੈ। ਲੇਕਿਨ ਜਦੋਂ ਦੇਸ਼ ਇਮਾਨਦਾਰੀ ਦੇ ਸੰਕਲਪਾਂ ਦੀ ਸਿੱਧੀ ਦੇ ਲਈ ਜੁੜਦਾ ਹੈ, ਤਾਂ ਸੁਧਾਰ ਆਉਂਦਾ ਹੀ ਆਉਂਦਾ ਹੈ, ਪਰਿਵਰਤਨ ਹੁੰਦਾ ਹੀ ਹੁੰਦਾ ਹੈ, ਇਹ ਅਸੀਂ ਬੀਤੇ ਸਾਲਾਂ ਤੋਂ ਨਿਰੰਤਰ ਦੇਖ ਰਹੇ ਹਾਂ।
ਸਾਥੀਓ,
ਦੇਸ਼ ਦੇ ਆਮ ਮਾਨਵੀ ਨੂੰ, ਆਧੁਨਿਕ ਅਨੁਭਵ ਦੇਣ ਦਾ ਜੋ ਬੀੜਾ ਅਸੀਂ ਉਠਾਇਆ ਹੈ, ਇਸ ਦੇ ਲਈ ਜੋ ਮਿਹਨਤ ਦਿਨ ਰਾਤ ਕੀਤੀ ਜਾ ਰਹੀ ਹੈ, ਇਸ ਦੇ ਪਰਿਣਾਮ ਹੁਣ ਦਿਖਾਈ ਦੇਣ ਲਗੇ ਹਨ। ਕੁਝ ਮਹੀਨੇ ਪਹਿਲਾਂ ਗੁਜਰਾਤ ਵਿੱਚ ਗਾਂਧੀਨਗਰ ਰੇਲਵੇ ਸਟੇਸ਼ਨ ਦਾ ਨਵਾਂ ਅਵਤਾਰ ਦੇਸ਼ ਅਤੇ ਦੁਨੀਆ ਨੇ ਦੇਖਿਆ ਸੀ। ਅੱਜ ਮੱਧ ਪ੍ਰਦੇਸ਼ ਵਿੱਚ ਭੋਪਾਲ ਵਿੱਚ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਦੇ ਰੂਪ ਵਿੱਚ ਦੇਸ਼ ਦਾ ਪਹਿਲਾ ISO ਸਰਟੀਫਾਈਡ, ਦੇਸ਼ ਦਾ ਪਹਿਲਾ ਪੀਪੀਪੀ ਮਾਡਲ ਅਧਾਰਿਤ ਰੇਲਵੇ ਸਟੇਸ਼ਨ ਨੂੰ ਸਮਰਪਿਤ ਕੀਤਾ ਗਿਆ ਹੈ। ਜੋ ਸੁਵਿਧਾਵਾਂ ਕਦੇ ਏਅਰਪੋਰਟ ਵਿੱਚ ਮਿਲਿਆ ਕਰਦੀਆਂ ਸਨ, ਉਹ ਅੱਜ ਰੇਲਵੇ ਸਟੇਸ਼ਨ ਵਿੱਚ ਮਿਲ ਰਹੀਆਂ ਹਨ। ਆਧੁਨਿਕ ਟਾਇਲਟ, ਬਿਹਤਰੀਨ ਖਾਣਾ-ਪੀਣਾ, ਸ਼ਾਪਿੰਗ ਕੰਪਲੈਕਸ, ਹੋਟਲ, ਮਿਊਜ਼ੀਅਮ, ਗੇਮਿੰਗ ਜੋਨ, ਹਸਪਤਾਲ, ਮਾਲ, ਸਮਾਰਟ ਪਾਰਕਿੰਗ, ਅਜਿਹੀ ਹਰ ਸੁਵਿਧਾ ਇੱਥੇ ਵਿਕਸਿਤ ਕੀਤੀ ਜਾ ਰਹੀ ਹੈ। ਇਸ ਵਿੱਚ ਭਾਰਤੀ ਰੇਲਵੇ ਦਾ ਪਹਿਲਾ ਸੈਂਟਰਲ ਏਅਰ ਕੌਨਕੋਰਸ ਬਣਾਇਆ ਗਿਆ ਹੈ। ਇਸ ਕੌਨਕੋਰਸ ਵਿੱਚ ਸੈਂਕੜੇ ਯਾਤਰੀ ਇਕੱਠੇ ਬੈਠ ਕੇ ਟ੍ਰੇਨ ਦਾ ਇੰਤਜ਼ਾਰ ਕਰ ਸਕਦੇ ਹਨ ਅਤੇ ਖਾਸ ਗੱਲ ਇਹ ਵੀ ਹੈ ਕਿ ਸਾਰੇ ਪਲੈਟਫਾਰਮ ਇਸ ਕੌਨਕੋਰਸ ਨਾਲ ਜੁੜੇ ਹੋਏ ਹਨ। ਇਸ ਲਈ ਯਾਤਰੀਆਂ ਨੂੰ ਗ਼ੈਰ-ਲੋੜੀਂਦੀ ਭੱਜ-ਦੌੜ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।
ਭਾਈਓ ਅਤੇ ਭੈਣੋ,
ਅਜਿਹੇ ਹੀ ਇਨਫ੍ਰਾਸਟ੍ਰਕਚਰ ਦੀ, ਅਜਿਹੀਆਂ ਹੀ ਸੁਵਿਧਾਵਾਂ ਦੀ, ਦੇਸ਼ ਦੇ ਆਮ ਟੈਕਸਪੇਅਰ ਨੂੰ, ਦੇਸ਼ ਦੇ ਮੱਧਵਰਗ ਨੂੰ ਹਮੇਸ਼ਾ ਉਮੀਦ ਰਹੀ ਹੈ। ਇਹੀ ਟੈਕਸਪੇਅਰ ਦਾ ਅਸਲੀ ਸਨਮਾਨ ਹੈ। VIP ਕਲਚਰ ਤੋਂ EPI ਯਾਨੀ Every Person Is Important ਦੇ ਵੱਲ ਟ੍ਰਾਂਸਫਾਰਮੇਸ਼ਨ ਦਾ ਇਹੀ ਮਾਡਲ ਹੈ। ਰੇਲਵੇ ਸਟੇਸ਼ਨ ਦੇ ਪੂਰੇ ਈਕੋਸਿਸਟਮ ਨੂੰ ਇਸੇ ਪ੍ਰਕਾਰ ਟ੍ਰਾਂਸਫਾਰਮ ਕਰਨ ਦੇ ਲਈ ਅੱਜ ਦੇਸ਼ ਦੇ ਪੌਣੇ 2 ਸੌ ਤੋਂ ਅਧਿਕ ਰੇਲਵੇ ਸਟੇਸ਼ਨਾਂ ਦਾ ਕਾਇਆਕਲਪ ਕੀਤਾ ਜਾ ਰਿਹਾ ਹੈ।
ਸਾਥੀਓ,
ਆਤਮਨਿਰਭਰ ਭਾਰਤ ਦੇ ਸੰਕਲਪ ਦੇ ਨਾਲ ਅੱਜ ਭਾਰਤ, ਆਉਣ ਵਾਲੇ ਵਰ੍ਹਿਆਂ ਦੇ ਲਈ ਖ਼ੁਦ ਨੂੰ ਤਿਆਰ ਕਰ ਰਿਹਾ ਹੈ, ਵੱਡੇ ਲਕਸ਼ਾਂ ’ਤੇ ਕੰਮ ਕਰ ਰਿਹਾ ਹੈ। ਅੱਜ ਦਾ ਭਾਰਤ, ਆਧੁਨਿਕ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦੇ ਲਈ ਰਿਕਾਰਡ Investment ਤਾਂ ਕਰ ਹੀ ਰਿਹਾ ਹੈ, ਇਹ ਵੀ ਸੁਨਿਸ਼ਚਿਤ ਕਰ ਰਿਹਾ ਹੈ ਕਿ ਪ੍ਰੋਜੈਕਟਸ ਵਿੱਚ ਦੇਰੀ ਨਾ ਹੋਵੇ, ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਏ। ਹਾਲ ਹੀ ਵਿੱਚ ਸ਼ੁਰੂ ਹੋਇਆ, ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ, ਇਸੇ ਸੰਕਲਪ ਦੀ ਸਿੱਧੀ ਵਿੱਚ ਦੇਸ਼ ਦੀ ਮਦਦ ਕਰੇਗਾ। ਇਨਫ੍ਰਾਸਟ੍ਰਕਚਰ ਨਾਲ ਜੁੜੀਆਂ ਸਰਕਾਰ ਦੀਆਂ ਨੀਤੀਆਂ ਹੋਣ, ਵੱਡੇ ਪ੍ਰੋਜੈਕਟਸ ਦੀ ਪਲਾਨਿੰਗ ਹੋਵੇ, ਉਨ੍ਹਾਂ ’ਤੇ ਕੰਮ ਕੀਤਾ ਜਾਣਾ ਹੋਵੇ, ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਸਭ ਦਾ ਮਾਰਗਦਰਸ਼ਨ ਕਰੇਗਾ। ਜਦੋਂ ਅਸੀਂ ਮਾਸਟਰ ਪਲਾਨ ਨੂੰ ਅਧਾਰ ਬਣਾ ਕੇ ਚਲਾਂਗੇ, ਤਾਂ ਦੇਸ਼ ਦੇ ਸੰਸਾਧਨਾਂ ਦੀ ਵੀ ਸਹੀ ਉਪਯੋਗ ਹੋਵੇਗਾ। ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੇ ਤਹਿਤ ਸਰਕਾਰ ਅਲੱਗ-ਅਲੱਗ ਮੰਤਰਾਲਿਆਂ ਨੂੰ ਇੱਕ ਪਲੈਟਫਾਰਮ ’ਤੇ ਲਿਆ ਰਹੀ ਹੈ। ਅਲੱਗ-ਅਲੱਗ ਪ੍ਰੋਜੈਕਟਾਂ ਦੀ ਜਾਣਕਾਰੀ, ਹਰ ਡਿਪਾਰਟਮੈਂਟ ਨੂੰ ਸਮੇਂ ’ਤੇ ਮਿਲੇ, ਇਸ ਦੇ ਲਈ ਵੀ ਵਿਵਸਥਾ ਬਣਾਈ ਗਈ ਹੈ।
ਸਾਥੀਓ,
ਰੇਲਵੇ ਸਟੇਸ਼ਨਸ ਦੇ ਰੀਡਿਵੈਲਪਮੈਂਟ ਦਾ ਇਹ ਅਭਿਯਾਨ ਵੀ ਸਿਰਫ਼ ਸਟੇਸ਼ਨ ਦੀ ਸੁਵਿਧਾਵਾਂ ਤੱਕ ਸੀਮਤ ਨਹੀਂ ਹੈ, ਬਲਕਿ ਇਸ ਤਰ੍ਹਾਂ ਦਾ ਨਿਰਮਾਣ, ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਦਾ ਵੀ ਹਿੱਸਾ ਹੈ। ਇਹ ਆਜ਼ਾਦੀ ਦੇ ਅੰਮ੍ਰਿਤਕਾਲ ਵਿੱਚ, ਅਜਿਹੇ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦਾ ਅਭਿਯਾਨ ਹੈ, ਜੋ ਦੇਸ਼ ਦੇ ਵਿਕਾਸ ਨੂੰ ਅਭੂਤਪੂਰਵ ਗਤੀ ਦੇ ਸਕੇ। ਇਹ ਗਤੀਸ਼ਕਤੀ ਮਲਟੀਮਾਡਲ ਕਨੈਕਟੀਵਿਟੀ ਦੀ ਹੈ, ਇੱਕ ਹੌਲਿਸਟਿਕ ਇਨਫ੍ਰਾਸਟ੍ਰਕਚਰ ਦੀ ਹੈ। ਹੁਣ ਜਿਵੇਂ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਨੂੰ ਅਪ੍ਰੋਚ ਰੋਡ ਨਾਲ ਜੋੜਿਆ ਗਿਆ ਹੈ। ਇੱਥੇ ਵੱਡੀ ਸੰਖਿਆ ਵਿੱਚ ਪਾਰਕਿੰਗ ਦੀ ਸੁਵਿਧਾ ਬਣਾਈ ਗਈ ਹੈ। ਭੋਪਾਲ ਮੈਟਰੋ ਤੋਂ ਵੀ ਇਸ ਦੀ ਕਨੈਕਟੀਵਿਟੀ ਸੁਨਿਸ਼ਚਿਤ ਕੀਤੀ ਜਾ ਰਹੀ ਹੈ। ਬੱਸ ਮੋਡ ਦੇ ਨਾਲ ਰੇਲਵੇ ਸਟੇਸ਼ਨ ਦੇ ਏਕੀਕਰਣ ਦੇ ਲਈ ਸਟੇਸ਼ਨ ਦੇ ਦੋਵੇਂ ਪਾਸਿਆਂ ਤੋਂ BRTS ਲੇਨ ਦੀ ਸੁਵਿਧਾ ਹੈ। ਯਾਨੀ Travel ਹੋਵੇ ਜਾਂ logistics, ਸਭ ਕੁਝ ਸਰਲ, ਸਹਿਜ ਹੋਵੇ, ਸੀਮਲੈੱਸ ਹੋਵੇ, ਇਹ ਪ੍ਰਯਤਨ ਕੀਤਾ ਜਾ ਰਿਹਾ ਹੈ। ਇਹ ਆਮ ਭਾਰਤੀ ਦੇ ਲਈ, ਆਮ ਹਿੰਦੋਸਤਾਨੀ ਦੇ ਲਈ Ease of living ਸੁਨਿਸ਼ਚਿਤ ਕਰਨ ਵਾਲਾ ਹੈ। ਮੈਨੂੰ ਖੁਸ਼ੀ ਹੈ ਕਿ ਰੇਲਵੇ ਦੇ ਅਨੇਕਾਂ ਪ੍ਰੋਜੈਕਟਾਂ ਨੂੰ ਇਸ ਤਰ੍ਹਾਂ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਨਾਲ ਜੋੜਿਆ ਜਾ ਰਿਹਾ ਹੈ।
ਸਾਥੀਓ,
ਇੱਕ ਜ਼ਮਾਨਾ ਸੀ, ਜਦੋਂ ਰੇਲਵੇ ਦੇ ਇਨਫ੍ਰਾਸਟ੍ਰਕਚਰ ਪ੍ਰੋਜੈਕਟਸ ਨੂੰ ਵੀ ਡਰਾਇੰਗ ਬੋਰਡ ਤੋਂ ਜ਼ਮੀਨ ’ਤੇ ਉਤਾਰਨ ਵਿੱਚ ਹੀ ਬਹੁਤ ਸਾਰੇ ਸਾਲ ਲਗ ਜਾਂਦੇ ਸਨ। ਮੈਂ ਹਰ ਇੱਕ ਮਹੀਨੇ ਪ੍ਰਗਤੀ ਪ੍ਰੋਗਰਾਮ ਵਿੱਚ ਰਿਵਿਊ ਕਰਦਾ ਹਾਂ ਕਿ ਕਿਹੜਾ ਪ੍ਰੋਜੈਕਟ ਕਿੱਥੇ ਪਹੁੰਚਿਆ। ਤੁਸੀਂ ਹੈਰਾਨ ਹੋ ਜਾਵੋਗੇ ਮੇਰੇ ਸਾਹਮਣੇ ਰੇਲਵੇ ਦੇ ਕੁਝ ਪ੍ਰੋਜੈਕਟਾਂ ਅਜਿਹੇ ਆਏ ਜੋ 35-40 ਸਾਲ ਪਹਿਲਾਂ ਐਲਾਨ ਹੋ ਚੁੱਕੇ ਸਨ। ਲੇਕਿਨ ਕਾਗ਼ਜ ’ਤੇ ਲਕੀਰ ਵੀ ਨਹੀਂ ਬਣਾਈ ਗਈ– 40 ਸਾਲ ਹੋ ਗਏ। ਹੁਣ ਖ਼ੈਰ ਇਹ ਕੰਮ ਵੀ ਮੈਨੂੰ ਕਰਨਾ ਪੈ ਰਿਹਾ ਹੈ, ਮੈਂ ਕਰਾਂਗਾ, ਤੁਹਾਨੂੰ ਭਰੋਸਾ ਦਿੰਦਾ ਹਾਂ। ਲੇਕਿਨ ਅੱਜ ਭਾਰਤੀ ਰੇਲਵੇ ਵਿੱਚ ਵੀ ਜਿਤਨੀ ਅਧੀਰਤਾ ਨਵੇਂ ਪ੍ਰੋਜੈਕਟਾਂ ਦੀ ਪਲਾਨਿੰਗ ਦੀ ਹੈ, ਉਤਨੀ ਹੀ ਗੰਭੀਰਤਾ ਉਨ੍ਹਾਂ ਨੂੰ ਸਮੇਂ ’ਤੇ ਪੂਰਾ ਕਰਨ ਦੀ ਹੈ।
ਈਸਟਨ ਅਤੇ ਵੈਸਟਰਨ ਡੈਡੀਕੇਟਿਡ ਫ੍ਰਾਈਟ ਕੌਰੀਡੋਰ ਇਸ ਦੀ ਇੱਕ ਬਹੁਤ ਸਟੀਕ ਉਦਾਹਰਣ ਹਨ। ਦੇਸ਼ ਵਿੱਚ ਟ੍ਰਾਂਸਪੋਰਟੇਸ਼ਨ ਦੀ ਤਸਵੀਰ ਬਦਲਣ ਦੀ ਸਮਰੱਥਾ ਰੱਖਣ ਵਾਲੇ ਇਨ੍ਹਾਂ ਇਨਫ੍ਰਾਸਟ੍ਰਕਚਰ ਪ੍ਰੋਜੈਕਟਸ ’ਤੇ ਅਨੇਕਾਂ ਵਰ੍ਹਿਆਂ ਤੱਕ ਤੇਜ਼ ਗਤੀ ਨਾਲ ਕੰਮ ਨਹੀਂ ਹੋ ਪਾਇਆ ਸੀ। ਲੇਕਿਨ ਬੀਤੇ 6-7 ਸਾਲਾਂ ਦੇ ਦੌਰਾਨ 1100 ਕਿਲੋਮੀਟਰ ਤੋਂ ਜ਼ਿਆਦਾ ਰੂਟ ਨੂੰ ਪੂਰਾ ਕੀਤਾ ਜਾ ਚੁੱਕਿਆ ਹੈ ਅਤੇ ਬਾਕੀ ਦੇ ਹਿੱਸੇ ’ਤੇ ਤੇਜ਼ ਗਤੀ ਨਾਲ ਕੰਮ ਚਲ ਰਿਹਾ ਹੈ।
ਸਾਥੀਓ,
ਕੰਮ ਦੀ ਗਤੀ ਅੱਜ ਦੂਸਰੇ ਪ੍ਰੋਜੈਕਟਸ ਵਿੱਚ ਵੀ ਦੇਖਦੀ ਹੈ। ਬੀਤੇ 7 ਸਾਲਾਂ ਵਿੱਚ ਹਰ ਸਾਲ ਔਸਤਨ ਢਾਈ ਹਜ਼ਾਰ ਕਿਲੋਮੀਟਰ ਟ੍ਰੈਕ ਕਮਿਸ਼ਨ ਕੀਤਾ ਗਿਆ ਹੈ। ਜਦਕਿ ਇਸ ਤੋਂ ਪਹਿਲਾਂ ਦੇ ਸਾਲਾਂ ਵਿੱਚ ਇਹ 15 ਸੌ ਕਿਲੋਮੀਟਰ ਦੇ ਆਸ-ਪਾਸ ਹੁੰਦਾ ਸੀ। ਪਹਿਲਾਂ ਦੀ ਤੁਲਨਾ ਵਿੱਚ ਇਨ੍ਹਾਂ ਸਾਲਾਂ ਵਿੱਚ ਰੇਲਵੇ ਟ੍ਰੈਕ ਦੇ ਬਿਜਲੀਕਰਣ ਦੀ ਰਫ਼ਤਾਰ 5 ਗੁਣਾ ਤੋਂ ਜ਼ਿਆਦਾ ਹੋਈ ਹੈ। ਮੱਧ ਪ੍ਰਦੇਸ਼ ਵਿੱਚ ਵੀ ਰੇਲਵੇ ਦੇ 35 ਪ੍ਰੋਜੈਕਟਸ ਵਿੱਚੋਂ ਲਗਭਗ ਸਵਾ 11 ਸੌ ਕਿਲੋਮੀਟਰ ਦੇ ਪ੍ਰੋਜੈਕਟਸ ਕਮਿਸ਼ਨ ਹੋ ਚੁੱਕੇ ਹਨ।
ਸਾਥੀਓ,
ਦੇਸ਼ ਦੇ ਮਜ਼ਬੂਤ ਹੁੰਦੇ ਰੇਲਵੇ ਇਨਫ੍ਰਾਸਟ੍ਰਕਚਰ ਦਾ ਲਾਭ ਕਿਸਾਨਾਂ ਨੂੰ ਹੁੰਦਾ ਹੈ, ਵਿਦਿਆਰਥੀਆਂ ਨੂੰ ਹੁੰਦਾ ਹੈ, ਵਪਾਰੀਆਂ-ਉੱਦਮੀਆਂ ਨੂੰ ਹੁੰਦਾ ਹੈ। ਅੱਜ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਕਿਸਾਨ ਰੇਲ ਦੇ ਮਾਧਿਅਮ ਨਾਲ, ਦੇਸ਼ ਦੇ ਕੋਨੇ-ਕੋਨੇ ਦੇ ਕਿਸਾਨ, ਦੂਰ-ਦੁਰਾਜ ਤੱਕ ਆਪਣੀ ਉਪਜ ਭੇਜ ਪਾ ਰਹੇ ਹਾਂ। ਰੇਲਵੇ ਦੁਆਰਾ ਇਨ੍ਹਾਂ ਕਿਸਾਨਾਂ ਨੂੰ ਮਾਲ ਢੁਆਈ ਵਿੱਚ ਬਹੁਤ ਛੂਟ ਵੀ ਦਿੱਤੀ ਜਾ ਰਹੀ ਹੈ। ਇਸ ਦਾ ਬਹੁਤ ਲਾਭ ਦੇਸ਼ ਦੇ ਛੋਟੇ ਕਿਸਾਨਾਂ ਨੂੰ ਵੀ ਹੋ ਰਿਹਾ ਹੈ। ਉਨ੍ਹਾਂ ਨੂੰ ਨਵੇਂ ਬਜ਼ਾਰ ਮਿਲੇ ਹਨ, ਉਨ੍ਹਾਂ ਨੂੰ ਨਵੀਂ ਸਮਰੱਥਾ ਮਿਲੀ ਹੈ।
ਸਾਥੀਓ,
ਭਾਰਤੀ ਰੇਲਵੇ ਸਿਰਫ਼ ਦੂਰੀਆਂ ਨੂੰ ਕਨੈਕਟ ਕਰਨ ਦਾ ਮਾਧਿਅਮ ਨਹੀਂ ਹੈ, ਬਲਕਿ ਇਹ ਦੇਸ਼ ਦੇ ਸੱਭਿਆਚਾਰ, ਦੇਸ਼ ਦੇ ਟੂਰਿਜ਼ਮ, ਦੇਸ਼ ਦੇ ਤੀਰਥ ਸਥਾਨਾਂ ਨੂੰ ਕਨੈਕਟ ਕਰਨ ਦਾ ਵੀ ਅਹਿਮ ਮਾਧਿਅਮ ਬਣ ਰਹੀ ਹੈ। ਆਜ਼ਾਦੀ ਦੇ ਇੰਨੇ ਦਹਾਕਿਆਂ ਬਾਅਦ ਪਹਿਲੀ ਵਾਰ ਭਾਰਤੀ ਰੇਲ ਦੇ ਇਸ ਸਮਰੱਥਾ ਨੂੰ ਇਤਨੇ ਬੜੇ ਪੱਧਰ ’ਤੇ ਐਕਸਪੋਜ਼ਰ ਕੀਤਾ ਜਾ ਰਿਹਾ ਹੈ। ਪਹਿਲਾਂ ਰੇਲਵੇ ਨੂੰ ਟੂਰਿਜ਼ਮ ਦੇ ਲਈ ਅਗਰ ਉਪਯੋਗ ਕੀਤਾ ਵੀ ਗਿਆ, ਤਾਂ ਉਸ ਨੂੰ ਇੱਕ ਪ੍ਰੀਮੀਅਮ ਕਲੱਬ ਤੱਕ ਹੀ ਸੀਮਿਤ ਰੱਖਿਆ ਗਿਆ।
ਪਹਿਲੀ ਵਾਰ ਆਮ ਨਾਗਰਿਕਾਂ ਨੂੰ ਉਚਿਤ ਰਾਸ਼ੀ ’ਤੇ ਟੂਰਿਜ਼ਮ ਅਤੇ ਤੀਰਥ ਸਥਾਨਾਂ ’ਤੇ ਜਾਣ ਦਾ ਵੱਡਾ ਅਨੁਭਵ ਦਿੱਤਾ ਜਾ ਰਿਹਾ ਹੈ। ਰਮਾਇਣ ਸਰਕਟ ਟ੍ਰੇਨ ਅਜਿਹਾ ਹੀ ਇੱਕ ਨਵਾਂ ਯਤਨ ਹੈ। ਕੁਝ ਦਿਨ ਪਹਿਲਾਂ ਪਹਿਲੀ ਰਮਾਇਣ ਐਕਸਪ੍ਰੈੱਸ ਟ੍ਰੇਨ, ਦੇਸ਼ ਭਰ ਵਿੱਚ ਰਮਾਇਣ ਕਾਲ ਦੇ ਦਰਜਨਾਂ ਸਥਾਨਾਂ ਦੇ ਦਰਸ਼ਨ ਕਰਾਉਣ ਦੇ ਲਈ ਨਿਕਲ ਚੁੱਕੀ ਹੈ। ਇਸ ਟ੍ਰੇਨ ਦੀ ਯਾਤਰਾ ਨੂੰ ਲੈ ਕੇ ਬਹੁਤ ਅਧਿਕ ਉਤਸ਼ਾਹ ਦੇਸ਼ਵਾਸੀਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ।
ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਕੁਝ ਹੋਰ ਰਾਮਾਇਣ ਐਕਸਪ੍ਰੈੱਸ ਟ੍ਰੇਨਾਂ ਵੀ ਚਲਣ ਵਾਲੀਆਂ ਹਨ। ਇਹੀ ਨਹੀਂ ਵਿਸਟਾਡੋਮ ਟ੍ਰੇਨਾਂ ਦਾ ਅਨੁਭਵ ਵੀ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਭਾਰਤੀ ਰੇਲਵੇ ਦੇ ਇਨਫ੍ਰਾਸਟ੍ਰਕਚਰ, ਅਪ੍ਰੇਸ਼ਨ ਅਤੇ ਅਪ੍ਰੋਚ ਵਿੱਚ ਹਰ ਤਰ੍ਹਾਂ ਦੇ ਵਿਆਪਕ ਰਿਫਾਰਮ ਕੀਤੇ ਜਾ ਰਹੇ ਹਨ। ਬ੍ਰੌਡਗੇਜ ਨੈੱਟਵਰਕ ਨਾਲ ਮਾਨਵ ਰਹਿਤ ਫਾਟਕਾਂ ਨੂੰ ਹਟਾਉਣ ਨਾਲ ਗਤੀ ਵੀ ਸੁਧਰੀ ਹੈ ਅਤੇ ਦੁਰਘਟਨਾਵਾਂ ਵਿੱਚ ਵੀ ਬਹੁਤ ਕਮੀ ਆਈ ਹੈ। ਅੱਜ ਸੈਮੀ ਹਾਈਸਪੀਡ ਟ੍ਰੇਨਾਂ ਰੇਲ ਨੈੱਟਵਰਕ ਦਾ ਹਿੱਸਾ ਬਣਦੀਆਂ ਜਾ ਰਹੀਆਂ ਹਨ। ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ, ਆਉਣ ਵਾਲੇ 2 ਸਾਲਾਂ ਵਿੱਚ 75 ਨਵੀਆਂ ਵੰਦੇ ਭਾਰਤ ਟ੍ਰੇਨਾਂ ਦੇਸ਼ ਭਰ ਵਿੱਚ ਚਲਾਉਣ ਦੇ ਲਈ ਰੇਲਵੇ ਕੰਮ ਕਰ ਰਿਹਾ ਹੈ। ਯਾਨੀ ਭਾਰਤੀ ਰੇਲ ਹੁਣ ਆਪਣੀ ਪੁਰਾਣੀ ਵਿਰਾਸਤ ਨੂੰ ਆਧੁਨਿਕਤਾ ਦੇ ਰੰਗ ਵਿੱਚ ਢਾਲ ਰਹੀ ਹੈ।
ਸਾਥੀਓ,
ਬਿਹਤਰ ਇਨਫ੍ਰਾਸਟ੍ਰਕਚਰ ਭਾਰਤ ਦੀ ਆਕਾਂਖਿਆ ਹੀ ਨਹੀਂ ਬਲਕਿ ਜ਼ਰੂਰਤ ਹੈ। ਇਸੇ ਸੋਚ ਦੇ ਨਾਲ ਸਾਡੀ ਸਰਕਾਰ ਰੇਲਵੇ ਸਮੇਤ ਇਨਫ੍ਰਾਸਟ੍ਰਕਚਰ ਦੇ ਹਜ਼ਾਰਾਂ ਪ੍ਰੋਜੈਕਟਾਂ ’ਤੇ ਬੇਮਿਸਾਲ ਨਿਵੇਸ਼ ਕਰ ਰਹੀ ਹੈ। ਮੈਨੂੰ ਵਿਸ਼ਵਾਸ ਹੈ, ਭਾਰਤ ਦਾ ਆਧੁਨਿਕ ਹੁੰਦਾ ਇਨਫ੍ਰਾਸਟ੍ਰਕਚਰ, ਆਤਨਿਰਭਰਤਾ ਦੇ ਸੰਕਲਪਾਂ ਨੂੰ ਹੋਰ ਤੇਜ਼ੀ ਨਾਲ ਦੇਸ਼ ਦੇ ਆਮ ਵਿਅਕਤੀਆਂ ਤੱਕ ਪਹੁੰਚਾਏਗਾ।
ਇੱਕ ਵਾਰ ਫਿਰ ਆਪ ਸਭ ਨੂੰ ਆਧੁਨਿਕ ਰੇਲਵੇ ਸਟੇਸ਼ਨ ਦੀ ਅਤੇ ਨਾਲ-ਨਾਲ ਅਨੇਕਾਂ ਨਵੇਂ ਰੇਲਵੇ ਸੇਵਾਵਾਂ ਦੀ ਵਧਾਈ ਦਿੰਦਾ ਹਾਂ। ਰੇਲਵੇ ਦੀ ਪੂਰੀ ਟੀਮ ਨੂੰ ਵੀ ਇਸ ਪਰਿਵਰਤਨ ਨੂੰ ਸਵੀਕਾਰ ਕਰਨ ਦੇ ਲਈ, ਇਸ ਪਰਿਵਰਤਨ ਨੂੰ ਸਾਕਾਰ ਕਰਨ ਦੇ ਲਈ, ਰੇਲਵੇ ਦੀ ਜੋ ਪੂਰੀ ਟੀਮ ਨਵੇਂ ਉਤਸ਼ਾਹ ਦੇ ਨਾਲ ਕੰਮ ਵਿੱਚ ਜੁਟੀ ਹੈ ਮੈਂ ਉਸ ਦਾ ਵੀ ਸੁਆਗਤ ਕਰਦਾ ਹਾਂ, ਉਨ੍ਹਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਆਪ ਸਭ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ!