ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਬਿਰਲਾ ਜੀ, ਰਾਜ ਸਭਾ ਦੇ ਉਪ ਸਭਾਪਤੀ (ਡਿਪਟੀ ਚੇਅਰਮੈਨ) ਸ਼੍ਰੀ ਹਰਿਵੰਸ਼ ਜੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਜੀ, ਵਿਧਾਨ ਸਭਾ ਸਪੀਕਰ ਰਾਹੁਲ ਨਾਰਵੇਕਰ ਜੀ, ਦੇਸ਼ ਦੀਆਂ ਵਿਭਿੰਨ ਵਿਧਾਨ ਸਭਾਵਾਂ ਤੋਂ ਆਏ ਪ੍ਰੀਜ਼ਾਈਡਿੰਗ ਅਫ਼ਸਰ ਸਾਹਿਬਾਨ (ਅਧਿਕਾਰੀਗਣ),
ਦੇਵੀਓ ਅਤੇ ਸੱਜਣੋਂ,
ਆਪ ਸਭ ਨੂੰ All India Presiding Officers Conference ਦੇ ਲਈ ਬਹੁਤ-ਬਹੁਤ ਸ਼ੁਭਾਕਾਮਨਾਵਾਂ। ਇਸ ਵਾਰ ਕਾਨਫਰੰਸ ਹੋਰ ਭੀ ਵਿਸ਼ੇਸ਼ ਹੈ। ਇਹ ਕਾਨਫਰੰਸ 75ਵੇਂ ਗਣਤੰਤਰ ਦਿਵਸ ਦੇ ਤੁਰੰਤ ਬਾਅਦ ਹੋ ਰਹੀ ਹੈ। 26 ਜਨਵਰੀ ਨੂੰ ਹੀ ਸਾਡਾ ਸੰਵਿਧਾਨ ਲਾਗੂ ਹੋਇਆ ਸੀ, ਯਾਨੀ ਸੰਵਿਧਾਨ ਦੇ ਭੀ 75 ਵਰ੍ਹੇ ਹੋ ਰਹੇ ਹਨ। ਮੈਂ ਸੰਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੂੰ ਭੀ ਦੇਸ਼ਵਾਸੀਆਂ ਦੀ ਤਰਫ਼ੋਂ ਸ਼ਰਧਾਪੂਰਵਕ ਨਮਨ ਕਰਦਾ ਹਾਂ।
ਸਾਥੀਓ,
ਪ੍ਰੀਜ਼ਾਈਡਿੰਗ ਅਫ਼ਸਰਾਂ(ਅਧਿਕਾਰੀਆਂ) ਦੀ ਇਸ ਕਾਨਫਰੰਸ ਦੇ ਲਈ, ਸਾਡੀ ਸੰਵਿਧਾਨ ਸਭਾ ਤੋਂ ਸਿੱਖਣ ਨੂੰ ਬਹੁਤ ਕੁਝ ਹੈ। ਸੰਵਿਧਾਨ ਸਭਾ ਦੇ ਮੈਂਬਰਾਂ ਦੇ ਸਾਹਮਣੇ ਇਤਨੇ ਸਾਰੇ ਵਿਚਾਰਾਂ, ਵਿਸ਼ਿਆਂ ਅਤੇ ਮਤਾਂ ਦੇ ਦਰਮਿਆਨ ਇੱਕ ਰਾਇ ਬਣਾਉਣ ਦੀ ਜ਼ਿੰਮੇਦਾਰੀ ਸੀ। ਅਤੇ ਉਹ ਉਸ ‘ਤੇ ਖਰੇ ਭੀ ਉਤਰੇ। ਇਸ ਕਾਨਫਰੰਸ ਵਿੱਚ ਉਪਸਥਿਤ ਸਾਰੇ ਪ੍ਰੀਜ਼ਾਈਡਿੰਗ ਅਫ਼ਸਰਾਂ(ਅਧਿਕਾਰੀਆਂ) ਦੇ ਪਾਸ ਇਹ ਅਵਸਰ ਹੈ ਕਿ ਉਹ ਇੱਕ ਵਾਰ ਫਿਰ ਸੰਵਿਧਾਨ ਸਭਾ ਦੇ ਆਦਰਸ਼ਾਂ ਤੋਂ ਪ੍ਰੇਰਣਾ ਲੈਣ। ਆਪ ਸਭ ਆਪਣੇ ਕਾਰਜਕਾਲ ਵਿੱਚ ਭੀ ਕੁਝ ਅਜਿਹਾ ਪ੍ਰਯਾਸ ਕਰੋ ਜੋ ਪੀੜ੍ਹੀਆਂ ਦੇ ਲਈ ਇੱਕ ਧਰੋਹਰ ਬਣ ਸਕੇ।
ਸਾਥੀਓ,
ਮੈਨੂੰ ਦੱਸਿਆ ਗਿਆ ਹੈ ਕਿ ਇਸ ਵਾਰ ਮੁੱਖ ਰੂਪ ਨਾਲ ਵਿਧਾਨ ਮੰਡਲਾਂ ਦੀ ਕਾਰਜਸੰਸਕ੍ਰਿਤੀ ਅਤੇ ਸਮਿਤੀਆਂ ਨੂੰ ਹੋਰ ਪ੍ਰਭਾਵੀ ਬਣਾਉਣ ‘ਤੇ ਚਰਚਾ ਹੋਣੀ ਹੈ। ਇਹ ਬਹੁਤ ਹੀ ਜ਼ਰੂਰੀ ਵਿਸ਼ੇ ਹਨ। ਅੱਜ ਜਿਸ ਪ੍ਰਕਾਰ ਦੇਸ਼ ਦੇ ਲੋਕ ਜਾਗਰੂਕਤਾ ਦੇ ਨਾਲ ਹਰ ਜਨ ਪ੍ਰਤੀਨਿਧੀ ਨੂੰ ਪਰਖ ਰਹੇ ਹਨ, ਉਸ ਵਿੱਚ ਇਸ ਤਰ੍ਹਾਂ ਦੀ ਸਮੀਖਿਆ ਅਤੇ ਚਰਚਾਵਾਂ ਬਹੁਤ ਹੀ ਉਪਯੋਗੀ ਹੋਣਗੀਆਂ। ਕੋਈ ਭੀ ਜਨਪ੍ਰਤੀਨਿਧੀ ਸਦਨ ਵਿੱਚ ਜੈਸਾ ਆਚਰਣ ਕਰਦਾ ਹੈ, ਉਸ ਦੇ ਦੇਸ਼ ਦੀ ਸੰਸਦੀ ਵਿਵਸਥਾ ਨੂੰ ਭੀ ਉਸੇ ਤਰ੍ਹਾਂ ਨਾਲ ਦੇਖਿਆ ਜਾਂਦਾ ਹੈ। ਸਦਨ ਵਿੱਚ ਜਨਪ੍ਰਤੀਨਿਧੀਆਂ ਦਾ ਵਿਵਹਾਰ ਅਤੇ ਸਦਨ ਦਾ ਵਾਤਾਵਰਣ ਨਿਰੰਤਰ ਸਕਾਰਾਤਮਕ ਕਿਵੇਂ ਬਣਿਆ ਰਹੇ, ਸਦਨ ਦੀ productivity ਕਿਵੇਂ ਵਧੇ, ਇਸ ਦੇ ਲਈ ਇਸ ਕਾਨਫਰੰਸ ਤੋਂ ਨਿਕਲੇ ਠੋਸ ਸੁਝਾਅ ਬਹੁਤ ਮਦਦਗਾਰ ਹੋਣਗੇ।
ਸਾਥੀਓ,
ਇੱਕ ਸਮਾਂ ਸੀ ਜਦੋਂ ਅਗਰ ਸਦਨ ਵਿੱਚ ਕੋਈ ਮੈਂਬਰ ਮਰਯਾਦਾ ਦਾ ਉਲੰਘਣ ਕਰੇ, ਉਸ ‘ਤੇ ਨਿਯਮ ਦੇ ਮੁਤਾਬਕ ਕਾਰਵਾਈ ਹੋਵੇ, ਤਾਂ ਸਦਨ ਦੇ ਬਾਕੀ ਸੀਨੀਅਰ ਉਸ ਮੈਂਬਰ ਨੂੰ ਸਮਝਾਉਂਦੇ ਸਨ, ਤਾਕਿ ਭਵਿੱਖ ਵਿੱਚ ਉਹ ਐਸੀ ਗਲਤੀ ਨਾ ਦੁਹਰਾਏ ਅਤੇ ਸਦਨ ਦੇ ਵਾਤਾਵਰਣ ਨੂੰ, ਉਸ ਦੀ ਮਰਯਾਦਾ ਨੂੰ ਟੁੱਟਣ ਨਾ ਦੇਵੇ। ਲੇਕਿਨ ਅੱਜ ਦੇ ਸਮੇਂ ਵਿੱਚ ਅਸੀਂ ਦੇਖਿਆ ਹੈ ਕਿ ਕੁਝ ਰਾਜਨੀਤਕ ਦਲ, ਐਸੇ ਹੀ ਮੈਂਬਰਾਂ ਦੇ ਸਮਰਥਨ ਵਿੱਚ ਖੜ੍ਹੇ ਹੋ ਕੇ ਉਸ ਦੀਆਂ ਗਲਤੀਆਂ ਦਾ ਬਚਾਅ ਕਰਨ ਲਗਦੇ ਹਨ। ਇਹ ਸਥਿਤੀ, ਸੰਸਦ ਹੋਵੇ ਜਾਂ ਵਿਧਾਨ ਸਭਾ, ਕਿਸੇ ਦੇ ਲਈ ਠੀਕ ਨਹੀਂ। ਸਦਨ ਦੀ ਮਰਯਾਦਾ ਨੂੰ ਕਿਵੇਂ ਬਣਾਈ ਰੱਖਿਆ ਜਾਵੇ, ਇਹ ਚਰਚਾ ਇਸ ਫੋਰਮ ਵਿੱਚ ਬਹੁਤ ਜ਼ਰੂਰੀ ਹੈ।
ਸਾਥੀਓ,
ਅੱਜ ਇੱਕ ਹੋਰ ਪਰਿਵਰਤਨ ਦੇ ਅਸੀਂ ਸਾਖੀ ਬਣ ਰਹੇ ਹਾਂ। ਪਹਿਲੇ ਅਗਰ ਸਦਨ ਦੇ ਕਿਸੇ ਮੈਂਬਰ ‘ਤੇ ਭ੍ਰਿਸ਼ਟਾਚਾਰ ਦਾ ਅਰੋਪ ਲਗਦਾ ਸੀ ਤਾਂ ਜਨਤਕ ਜੀਵਨ ਵਿੱਚ ਸਾਰੇ ਉਸ ਤੋਂ ਦੂਰੀ ਬਣਾ ਲੈਂਦੇ ਸਨ। ਲੇਕਿਨ ਅੱਜ ਅਸੀਂ ਕੋਰਟ ਤੋਂ ਸਜ਼ਾ ਪਾਏ ਭ੍ਰਿਸ਼ਟਾਚਾਰੀਆਂ ਦਾ ਭੀ ਜਨਤਕ ਰੂਪ ਨਾਲ ਮਹਿਮਾਮੰਡਨ ਹੁੰਦੇ ਦੇਖਦੇ ਹਾਂ। ਇਹ ਕਾਰਜਪਾਲਿਕਾ ਦਾ ਅਪਮਾਨ ਹੈ, ਇਹ ਨਿਆਂਪਾਲਿਕਾ ਦਾ ਅਪਮਾਨ ਹੈ, ਇਹ ਭਾਰਤ ਦੇ ਮਹਾਨ ਸੰਵਿਧਾਨ ਦਾ ਭੀ ਅਪਮਾਨ ਹੈ। ਇਸ ਵਿਸ਼ੇ ‘ਤੇ ਭੀ ਇਸ ਕਾਨਫਰੰਸ ਵਿੱਚ ਚਰਚਾ ਅਤੇ ਠੋਸ ਸੁਝਾਅ ਭਵਿੱਖ ਦੇ ਲਈ ਇੱਕ ਨਵਾਂ ਰੋਡਮੈਪ ਬਣਾਉਣਗੇ।
ਸਾਥੀਓ,
ਅੰਮ੍ਰਿਤਕਾਲ ਵਿੱਚ, ਅੱਜ ਦੇਸ਼ ਜਿਨ੍ਹਾਂ ਲਕਸ਼ਾਂ ਨੂੰ ਤੈਅ ਕਰ ਰਿਹਾ ਹੈ, ਉਨ੍ਹਾਂ ਵਿੱਚ ਹਰ ਰਾਜ ਸਰਕਾਰ ਅਤੇ ਉੱਥੋਂ ਦੀ ਵਿਧਾਨ ਸਭਾ ਦੀ ਬੜੀ ਭੂਮਿਕਾ ਹੈ। ਭਾਰਤ ਦੀ ਪ੍ਰਗਤੀ ਤਦੇ ਹੋਵੇਗੀ, ਜਦੋਂ ਸਾਡੇ ਰਾਜਾਂ ਦੀ ਪ੍ਰਗਤੀ ਹੋਵੇਗੀ। ਅਤੇ ਰਾਜਾਂ ਦੀ ਪ੍ਰਗਤੀ ਤਦ ਹੋਵੇਗੀ, ਜਦੋਂ ਇਨ੍ਹਾਂ ਦੀਆਂ ਵਿਧਾਨਪਾਲਿਕਾਵਾਂ ਅਤੇ ਕਾਰਜਪਾਲਿਕਾਵਾਂ ਸਾਥ (ਇਕੱਠੇ) ਮਿਲ ਕੇ ਆਪਣੇ ਵਿਕਾਸ ਦਾ ਲਕਸ਼ ਨਿਰਧਾਰਿਤ ਕਰਨਗੀਆਂ। ਵਿਧਾਨਪਾਲਿਕਾ ਆਪਣੇ ਰਾਜ ਦੇ ਐਸੇ ਲਕਸ਼ਾਂ ਦੀ ਪ੍ਰਾਪਤੀ ਵਿੱਚ ਜਿਤਨੀ ਸਰਗਰਮੀ ਨਾਲ ਕੰਮ ਕਰਨਗੀਆਂ, ਉਤਨਾ ਹੀ ਰਾਜ ਅੱਗੇ ਵਧੇਗਾ। ਇਸ ਲਈ ਸਮਿਤੀਆਂ ਦੇ ਸਸ਼ਕਤੀਕਰਣ ਦਾ ਵਿਸ਼ਾ, ਤੁਹਾਡੇ ਰਾਜ ਦੀ ਆਰਥਿਕ ਪ੍ਰਗਤੀ ਦੇ ਲਈ ਭੀ ਅਹਿਮ ਹੈ।
ਸਾਥੀਓ,
ਇੱਕ ਪ੍ਰਮੁੱਖ ਵਿਸ਼ਾ, ਗ਼ੈਰਜ਼ਰੂਰੀ ਕਾਨੂੰਨਾਂ ਦੇ ਅੰਤ ਦਾ ਭੀ ਹੈ। ਪਿਛਲੇ 10 ਵਰ੍ਹਿਆਂ ਵਿੱਚ, ਕੇਂਦਰ ਸਰਕਾਰ ਨੇ 2 ਹਜ਼ਾਰ ਤੋਂ ਜ਼ਿਆਦਾ ਐਸੇ ਕਾਨੂੰਨ ਖ਼ਤਮ ਕੀਤੇ ਹਨ ਜੋ ਸਾਡੀ ਵਿਵਸਥਾ ਦਾ ਨੁਕਸਾਨ ਕਰ ਰਹੇ ਸਨ। ਇੱਕ ਪ੍ਰਕਾਰ ਨਾਲ ਬੋਝ ਬਣ ਗਏ ਸਨ। ਨਿਆਂ ਵਿਵਸਥਾ ਦੇ ਇਸ ਸਰਲੀਕਰਣ ਨੇ ਸਾਧਾਰਣ ਮਾਨਵੀ ਦੀਆਂ ਮੁਸ਼ਕਿਲਾਂ ਨੂੰ ਘੱਟ ਕੀਤਾ ਹੈ, Ease of Living ਵਧਾਈ ਹੈ। ਪ੍ਰੀਜ਼ਾਈਡਿੰਗ ਅਫ਼ਸਰਾਂ (ਅਧਿਕਾਰੀਆਂ) ਦੇ ਰੂਪ ਵਿੱਚ ਅਗਰ ਆਪ (ਤੁਸੀਂ) ਅਜਿਹੇ ਕਾਨੂੰਨਾਂ ਦਾ ਅਧਿਐਨ ਕਰਵਾਓਂ, ਉਸ ਦੀ ਸੂਚੀ ਬਣਾਓਂ ਅਤੇ ਆਪਣੀਆਂ ਆਪਣੀਆਂ ਸਰਕਾਰਾਂ ਦਾ ਧਿਆਨ ਆਕਰਸ਼ਿਤ ਕਰੋਂ, ਕੁਝ ਜਾਗਰੂਕ ਵਿਧਾਇਕਾਂ ਦਾ ਧਿਆਨ ਆਕਰਸ਼ਿਤ ਕਰੋਂ, ਤਾਂ ਹੋ ਸਕਦਾ ਹੈ ਕਿ ਸਭ ਵਧ ਚੜ੍ਹ ਕੇ ਕੰਮ ਕਰਨ ਦੇ ਲਈ ਅੱਗੇ ਆਉਣਗੇ। ਇਸ ਦਾ ਦੇਸ਼ ਦੇ ਨਾਗਰਿਕਾਂ ਦੇ ਜੀਵਨ ‘ਤੇ ਬੜਾ ਸਕਾਰਾਤਮਕ ਪ੍ਰਭਾਵ ਹੋਵੇਗਾ।
ਸਾਥੀਓ,
ਆਪ ਜਾਣਦੇ ਹੋ ਕਿ ਪਿਛਲੇ ਵਰ੍ਹੇ ਹੀ ਸੰਸਦ ਨੇ ਨਾਰੀ ਸ਼ਕਤੀ ਵੰਦਨ ਅਧਿਨਿਯਮ ਨੂੰ ਮਨਜ਼ੂਰੀ ਦਿੱਤੀ ਹੈ। ਇਸ ਕਾਨਫਰੰਸ ਵਿੱਚ ਅਜਿਹੇ ਸੁਝਾਵਾਂ ‘ਤੇ ਭੀ ਚਰਚਾ ਹੋਣੀ ਚਾਹੀਦੀ ਹੈ, ਜਿਨ੍ਹਾਂ ਨਾਲ ਨਾਰੀ ਸਸ਼ਕਤੀਕਰਣ ਦੇ ਪ੍ਰਯਾਸ ਹੋਰ ਵਧਣ, ਉਨ੍ਹਾਂ ਦੀ ਪ੍ਰਤੀਨਿਧਤਾ ਹੋਰ ਵਧੇ। ਭਾਰਤ ਜਿਹੇ ਯੁਵਾ ਦੇਸ਼ ਵਿੱਚ ਤੁਹਾਨੂੰ ਸਮਿਤੀਆਂ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਵਧਾਉਣ ‘ਤੇ ਭੀ ਜ਼ੋਰ ਦੇਣਾ ਚਾਹੀਦਾ ਹੈ। ਸਾਡੇ ਯੁਵਾ ਜਨਪ੍ਰਤੀਨਿਧੀਆਂ ਨੂੰ ਸਦਨ ਵਿੱਚ ਆਪਣੀ ਬਾਤ ਰੱਖਣ ਅਤੇ ਨੀਤੀ ਨਿਰਮਾਣ ਵਿੱਚ ਸਹਿਭਾਗਿਤਾ ਦਾ ਜ਼ਿਆਦਾ ਤੋਂ ਜ਼ਿਆਦ ਅਵਸਰ ਮਿਲਦਾ ਹੀ ਹੈ ਅਤੇ ਮਿਲਣਾ ਭੀ ਚਾਹੀਦਾ ਹੈ।
ਸਾਥੀਓ,
2021 ਵਿੱਚ ਤੁਹਾਡੇ ਨਾਲ ਚਰਚਾ ਕਰਨ ਦੇ ਦੌਰਾਨ ਮੈਂ One Nation-One Legislative Platform ਬਾਰੇ ਬਾਤ ਕੀਤੀ ਸੀ। ਮੈਨੂੰ ਇਹ ਜਾਣ ਕੇ ਖੁਸ਼ੀ ਹੈ ਕਿ ਸਾਡੀ ਸੰਸਦ ਅਤੇ ਸਾਡੀ ਰਾਜ ਵਿਧਾਨਪਾਲਿਕਾ ਹੁਣ E-Vidhan ਅਤੇ Digital ਸੰਸਦ ਦੇ ਪਲੈਟਫਾਰਮ ਦੇ ਜ਼ਰੀਏ ਇਸ ਲਕਸ਼ ‘ਤੇ ਕੰਮ ਕਰ ਰਹੀ ਹੈ। ਮੈਂ ਇੱਕ ਵਾਰ ਫਿਰ ਆਪ ਸਭ ਦਾ ਮੈਨੂੰ ਇਸ ਅਵਸਰ ‘ਤੇ ਸੱਦਾ ਦੇਣ ਦੇ ਲਈ ਧੰਨਵਾਦ ਕਰਦਾ ਹਾਂ। ਆਪ ਸਭ ਪ੍ਰੀਜ਼ਾਈਡਿੰਗ ਅਫ਼ਸਰਾਂ (ਅਧਿਕਾਰੀਆਂ) ਨੂੰ ਇਸ ਕਾਨਫਰੰਸ ਦੇ ਸਫ਼ਲ ਆਯੋਜਨ ਦੇ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।