ਪੱਛਮ ਬੰਗਾਲ ਦੇ ਰਾਜਪਾਲ ਸੀ ਵੀ ਆਨੰਦਬੋਸ ਜੀ, ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਨਿਸਿਥ ਪ੍ਰਾਮਾਣਿਕ ਜੀ, ਜੌਨ ਬਾਰਲਾ ਜੀ, ਨੇਤਾ ਵਿਰੋਧੀ ਧਿਰ ਸੁਵੇਂਦੁ ਅਧਿਕਾਰੀ ਜੀ, ਸੰਸਦ ਦੇ ਮੇਰੇ ਸਾਥੀ ਸੁਕਾਂਤ ਮਜੂਮਦਾਰ ਜੀ, ਕੁਮਾਰੀ ਦੇਬਾਸ਼੍ਰੀ ਚੌਧਰੀ ਜੀ, ਖਗੇਨ ਮੁਰਮੂ ਜੀ, ਰਾਜੂ ਬਿਸਤਾ ਜੀ, ਡਾ. ਜਯੰਤ ਕੁਮਾਰ ਰੌਏ ਜੀ, ਵਿਧਾਇਕਗਣ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ।
ਪ੍ਰਾਕ੍ਰਿਤਿਕ ਸੁੰਦਰਤਾ ਅਤੇ ਚਾਹ ਦੇ ਲਈ ਪ੍ਰਸਿੱਧ ਨੌਰਥ ਬੰਗਾਲ ਦੀ ਇਸ ਧਰਤੀ ‘ਤੇ ਆਉਣਾ, ਮੇਰੇ ਲਈ ਬਹੁਤ ਸੁਖਦ ਹੈ। ਅੱਜ ਇੱਥੇ ਹਜ਼ਾਰਾਂ ਕਰੋੜ ਰੁਪਏ ਦੀਆਂ ਵਿਕਾਸ ਪਰਿਯੋਜਨਾਵਾਂ ਦਾ ਲੋਕਅਰਪਣ ਹੋਇਆ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਇਹ ਵਿਕਸਿਤ ਬੰਗਾਲ ਦੀ ਤਰਫ਼ ਇੱਕ ਹੋਰ ਅਹਿਮ ਕਦਮ ਹੈ। ਮੈਂ ਇਨ੍ਹਾਂ ਵਿਕਾਸ ਕਾਰਜਾਂ ਦੇ ਲਈ ਬੰਗਾਲ ਦੇ ਲੋਕਾਂ ਨੂੰ, ਨੌਰਥ ਬੰਗਾਲ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ।
ਸਾਥੀਓ,
ਨੌਰਥ ਬੰਗਾਲ ਦਾ ਇਹ ਖੇਤਰ ਸਾਡੇ ਨੌਰਥ ਈਸਟ ਦਾ ਗੇਟਵੇ ਹੈ, ਅਤੇ ਇੱਥੋਂ ਗੁਆਂਢੀ ਦੇਸ਼ਾਂ ਦੇ ਨਾਲ ਵਪਾਰ ਦੇ ਰਸਤੇ ਭੀ ਜਾਂਦੇ ਹਨ। ਇਸੇ ਲਈ, ਇਨ੍ਹਾਂ 10 ਵਰ੍ਹਿਆਂ ਵਿੱਚ ਬੰਗਾਲ ਅਤੇ ਵਿਸ਼ੇਸ਼ ਕਰਕੇ ਨੌਰਥ ਬੰਗਾਲ ਦਾ ਵਿਕਾਸ ਭੀ ਸਾਡੀ ਸਰਕਾਰ ਦੀ ਪ੍ਰਾਥਮਿਕਤਾ ਰਿਹਾ ਹੈ। ਨੌਰਥ ਬੰਗਾਲ ਦੇ ਤੇਜ਼ ਵਿਕਾਸ ਦੇ ਲਈ ਇਸ ਖੇਤਰ ਵਿੱਚ 21ਵੀਂ ਸਦੀ ਦਾ ਰੇਲ ਅਤੇ ਰੋਡ ਇਨਫ੍ਰਾਸਟ੍ਰਕਚਰ ਬਣਾਉਣਾ ਹੀ ਹੋਵੇਗਾ। ਇਸੇ ਸੋਚ ਦੇ ਨਾਲ ਅੱਜ ਏਕਲਾਖੀ ਤੋਂ ਬਾਲੁਰਘਾਟ, ਸਿਲੀਗੁੜੀ ਤੋਂ ਆਲੁਆਬਾੜੀ, ਅਤੇ ਰਾਨੀਨਗਰ-ਜਲਪਾਈਗੁੜੀ-ਹਲਦੀਬਾੜੀ ਦੇ ਦਰਮਿਆਨ ਦੇ ਰੇਲ ਲਾਇਨਾਂ ਦੇ ਇਲੈਕਟ੍ਰਿਫਿਕੇਸ਼ਨ ਦਾ ਕੰਮ ਪੂਰਾ ਹੋਇਆ ਹੈ। ਇਸ ਨਾਲ ਉੱਤਰੀ ਦਿਨਾਜਪੁਰ, ਦੱਖਣੀ ਦਿਨਾਜਪੁਰ, ਕੂਚਬਿਹਾਰ ਅਤ ਜਲਪਾਈਗੁੜੀ ਜਿਹੇ ਜ਼ਿਲ੍ਹਿਆਂ ਵਿੱਚ ਟ੍ਰੇਨਾਂ ਦੀ ਰਫ਼ਤਾਰ ਹੋਰ ਵਧੇਗੀ। ਸਿਲੀਗੁੜੀ ਤੋਂ ਸਾਮੁਕਤਲਾ ਰੂਟ ਇਸ ਦੇ ਇਲੈਕਟ੍ਰਿਫਿਕੇਸ਼ਨ ਨਾਲ ਆਸਪਾਸ ਦੇ ਜੰਗਲ ਅਤੇ ਵਣਜੀਵ ਪ੍ਰਦੂਸ਼ਣ ਤੋਂ ਭੀ ਬਚਣਗੇ। ਅੱਜ ਬਾਰਸੋਈ-ਰਾਧਿਕਾਪੁਰ ਸੈਕਸ਼ਨ ਦਾ ਭੀ ਇਲੈਕਟ੍ਰਿਫਿਕੇਸ਼ਨ ਪੂਰਾ ਹੋ ਗਿਆ ਹੈ। ਇਸ ਦਾ ਫਾਇਦਾ ਪੱਛਮ ਬੰਗਾਲ ਦੇ ਨਾਲ-ਨਾਲ ਬਿਹਾਰ ਦੇ ਲੋਕਾਂ ਨੂੰ ਭੀ ਹੋਣਾ ਹੈ। ਰਾਧਿਕਾਪੁਰ ਅਤੇ ਸਿਲੀਗੁੜੀ ਦੇ ਦਰਮਿਆਨ ਇੱਕ ਨਵੀਂ ਟ੍ਰੇਨ ਸੇਵਾ ਸ਼ੁਰੂ ਹੋਈ ਹੈ। ਬੰਗਾਲ ਦਾ ਮਜ਼ਬੂਤ ਹੁੰਦਾ ਇਹ ਰੇਲ ਇਨਫ੍ਰਾਸਟ੍ਰਕਚਰ ਇੱਥੇ ਵਿਕਾਸ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਗਤੀ ਦੇਵੇਗਾ, ਸਾਧਾਰਣ ਮਾਨਵੀ ਦਾ ਜੀਵਨ ਸੁਖਦ ਬਣਾਏਗਾ।
ਸਾਥੀਓ,
ਇੱਕ ਸਮਾਂ ਸੀ ਜਦੋਂ ਨੌਰਥ ਈਸਟ ਦੀ ਤਰਫ਼ ਵਧਦੇ ਹੀ ਟ੍ਰੇਨਾਂ ਦੀ ਰਫ਼ਤਾਰ ਧੀਮੀ ਹੋ ਜਾਂਦੀ ਸੀ। ਲੇਕਿਨ ਸਾਡੀ ਸਰਕਾਰ ਦਾ ਪ੍ਰਯਾਸ ਨੌਰਥ ਬੰਗਾਲ ਵਿੱਚ ਭੀ ਟ੍ਰੇਨਾਂ ਦੀ ਰਫ਼ਤਾਰ ਤਿਵੇਂ ਹੀ ਵਧਾਉਣ ਦਾ ਹੈ, ਜਿਵੇਂ ਪੂਰੇ ਦੇਸ਼ ਵਿੱਚ ਵਧਾਈ ਜਾ ਰਹੀ ਹੈ। ਹੁਣ ਤਾਂ ਨੌਰਥ ਬੰਗਾਲ ਤੋਂ ਬੰਗਲਾਦੇਸ਼ ਦੇ ਲਈ ਭੀ ਰੇਲ ਕਨੈਕਟਿਵਿਟੀ ਸ਼ੁਰੂ ਹੋ ਗਈ ਹੈ। ਨਿਊ ਜਲਪਾਈਗੁੜੀ ਤੋਂ ਢਾਕਾ ਛਾਉਣੀ ਤੱਕ ਮਿਤਾਲੀ ਐਕਸਪ੍ਰੈੱਸ ਚਲ ਰਹੀ ਹੈ। ਬਾਂਗਲਾਦੇਸ਼ ਦੀ ਸਰਕਾਰ ਦੇ ਨਾਲ ਮਿਲ ਕੇ ਅਸੀਂ ਰਾਧਿਕਾਪੁਰ ਸਟੇਸ਼ਨ ਤੱਕ ਕਨੈਕਟਿਵਿਟੀ ਵਧਾ ਰਹੇ ਹਾਂ। ਇਸ ਨੈੱਟਵਰਕ ਦੇ ਮਜ਼ਬੂਤ ਹੋਣ ਨਾਲ ਦੋਨਾਂ ਦੇਸ਼ਾਂ ਦੀ ਅਰਥਵਿਵਸਥਾ ਅਤੇ ਇਸ ਖੇਤਰ ਵਿੱਚ ਟੂਰਿਜ਼ਮ ਨੂੰ ਖੂਬ ਹੁਲਾਰਾ ਮਿਲੇਗਾ।
ਸਾਥੀਓ,
ਆਜ਼ਾਦੀ ਦੇ ਬਾਅਦ ਲੰਬੇ ਸਮੇਂ ਤੱਕ ਪੂਰਬੀ ਭਾਰਤ ਦੇ ਵਿਕਾਸ ਨੂੰ, ਇੱਥੋਂ ਦੇ ਹਿਤਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਜਦਕਿ ਸਾਡੀ ਸਰਕਾਰ, ਪੂਰਬੀ ਭਾਰਤ ਨੂੰ ਦੇਸ਼ ਦੇ ਵਿਕਾਸ ਦਾ ਗ੍ਰੋਥ ਇੰਜਣ ਮੰਨ ਕੇ ਚਲਦੀ ਹੈ। ਇਸ ਲਈ ਇਸ ਖੇਤਰ ਵਿੱਚ ਕਨੈਕਟਿਵਿਟੀ ‘ਤੇ ਅਭੂਤਪੂਰਵ ਨਿਵੇਸ਼ ਹੋ ਰਿਹਾ ਹੈ। 2014 ਤੋਂ ਪਹਿਲੇ ਬੰਗਾਲ ਦਾ ਜੋ ਔਸਤ ਰੇਲ ਬਜਟ ਕਰੀਬ 4 ਹਜ਼ਾਰ ਕਰੋੜ ਰੁਪਏ ਸੀ, ਉਹ ਹੁਣ ਲਗਭਗ 14 ਹਜ਼ਾਰ ਕਰੋੜ ਰੁਪਏ ਹੋ ਚੁੱਕਿਆ ਹੈ। ਅੱਜ ਉੱਤਰ ਬੰਗਾਲ ਤੋਂ ਗੁਵਾਹਾਟੀ ਅਤੇ ਹਾਵੜਾ ਦੇ ਲਈ ਸੈਮੀ ਹਾਈ ਸਪੀਡ ਵੰਦੇ ਭਾਰਤ ਐਕਸਪ੍ਰੈੱਸ ਚਲ ਰਹੀ ਹੈ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਜਿਨ੍ਹਾਂ 500 ਤੋਂ ਜ਼ਿਆਦਾ ਸਟੇਸ਼ਨਾਂ ਨੂੰ ਆਧੁਨਿਕ ਬਣਾਇਆ ਜਾ ਰਿਹਾ ਹੈ, ਉਨ੍ਹਾਂ ਵਿੱਚ ਸਾਡਾ ਸਿਲੀਗੁੜੀ ਸਟੇਸ਼ਨ ਭੀ ਸ਼ਾਮਲ ਹੈ। ਇਨ੍ਹਾਂ 10 ਵਰ੍ਹਿਆਂ ਵਿੱਚ ਅਸੀਂ ਬੰਗਾਲ ਅਤੇ ਉੱਤਰ ਪੂਰਬ ਦੇ ਰੇਲ ਵਿਕਾਸ ਨੂੰ ਪੈਸੰਜਰ ਤੋਂ ਐਕਸਪ੍ਰੈੱਸ ਸਪੀਡ ਤੱਕ ਲੈ ਆਏ ਹਾਂ। ਸਾਡੇ ਤੀਸਰੇ ਕਾਰਜਕਾਲ ਵਿੱਚ ਇਹ ਸੁਪਰਫਾਸਟ ਸਪੀਡ ਨਾਲ ਅੱਗੇ ਵਧੇਗਾ।
ਸਾਥੀਓ,
ਅੱਜ ਉੱਤਰ ਬੰਗਾਲ ਵਿੱਚ 3 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ 2 ਸੜਕ ਪਰਿਯੋਜਨਾਵਾਂ ਦਾ ਭੀ ਲੋਕਅਰਪਣ ਕੀਤਾ ਗਿਆ ਹੈ। ਇਹ 4 ਲੇਨ ਵਾਲੇ ਘੋਸ਼ਪੁਕੁਰ-ਧੁਪਗੁੜੀ ਸੈਕਸ਼ਨ ਅਤੇ ਇਸਲਾਮਪੁਰ ਬਾਈਪਾਸ ਦੇ ਸ਼ੁਰੂ ਹੋਣ ਨਾਲ ਕਈ ਜ਼ਿਲ੍ਹਿਆਂ ਦੇ ਲੋਕਾਂ ਨੂੰ ਲਾਭ ਮਿਲੇਗਾ। ਜਲਪਾਈਗੁੜੀ, ਸਿਲੀਗੁੜੀ ਅਤੇ ਮੈਨਾਗੁੜੀ ਟਾਊਨ ਜਿਹੇ ਸ਼ਹਿਰੀ ਖੇਤਰਾਂ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਮੁਕਤੀ ਮਿਲੇਗੀ। ਇਸ ਨਾਲ ਨੌਰਥ ਈਸਟ ਸਮੇਤ ਉੱਤਰ ਬੰਗਾਲ ਦੇ ਸਿਲੀਗੁੜੀ, ਜਲਪਾਈਗੁੜੀ ਅਤੇ ਅਲੀਪੁਰਦ੍ਵਾਰ ਜ਼ਿਲ੍ਹਿਆਂ ਨੂੰ ਬਿਹਤਰ ਰੋਡ ਕਨੈਕਟਿਵਿਟੀ ਮਿਲੇਗੀ। ਇਸ ਨਾਲ ਡੂਆਰਸ, ਦਾਰਜਿਲਿੰਗ, ਗੰਗਟੋਕ ਅਤੇ ਮਿਰਿਕ ਜਿਹੇ ਟੂਰਿਸਟ ਸਥਲਾਂ ਤੱਕ ਪਹੁੰਚ ਅਸਾਨ ਹੋਵੇਗੀ। ਯਾਨੀ ਇਸ ਪੂਰੇ ਖੇਤਰ ਵਿੱਚ ਟੂਰਿਜ਼ਮ ਭੀ ਵਧੇਗਾ, ਉਦਯੋਗ ਭੀ ਵਧੇਗਾ ਅਤੇ ਚਾਹ ਕਿਸਾਨਾਂ ਨੂੰ ਭੀ ਫਾਇਦਾ ਹੋਵੇਗਾ।
ਸਾਥੀਓ,
ਪੱਛਮ ਬੰਗਾਲ ਦੇ ਵਿਕਾਸ ਦੇ ਲਈ ਕੇਂਦਰ ਸਰਕਾਰ ਆਪਣੀ ਤਰਫ਼ੋਂ ਹਰ ਸੰਭਵ ਪ੍ਰਯਾਸ ਕਰ ਰਹੀ ਹੈ। ਇੱਕ ਵਾਰ ਫਿਰ ਆਪ ਸਭ ਨੂੰ ਵਿਕਾਸ ਪਰਿਯੋਜਨਾਵਾਂ ਦੀ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਹੁਣੇ ਇੱਕ ਕਾਰਜਕ੍ਰਮ ਤਾਂ ਇੱਥੇ ਹੀ ਪੂਰਾ ਹੋ ਰਿਹਾ ਹੈ, ਲੇਕਿਨ ਮੇਰੀ ਬਾਤ ਇੱਥੇ ਪੂਰੀ ਨਹੀਂ ਹੋ ਰਹੀ ਹੈ, ਮੇਰੀ ਬਾਤ ਅੱਗੇ ਹੋਣ ਵਾਲੀ ਹੈ ਅਤੇ ਇਸ ਲਈ ਹੁਣ ਇੱਥੋਂ ਅਸੀਂ ਖੁੱਲ੍ਹੇ ਮੈਦਾਨ ਵਿੱਚ ਜਾਵਾਂਗੇ। ਆਪ ਸਭ ਨੂੰ ਜੀ ਭਰ ਕੇ ਦੇਖਾਂਗੇ ਅਤੇ ਜੀ ਭਰ ਕੇ ਬੋਲਾਂਗੇ।
ਬਹੁਤ-ਬਹੁਤ ਧੰਨਵਾਦ!