ਕੇਂਦਰੀ ਮੰਤਰੀਗਣ ਦੇ ਉਪਸਥਿਤ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ।
ਅੱਜ ਦੇਸ਼ ਵੀਰ ਸਾਹਿਬਜ਼ਾਦਿਆਂ ਦੇ ਅਮਰ ਬਲੀਦਾਨ ਨੂੰ ਯਾਦ ਕਰ ਰਿਹਾ ਹੈ, ਉਨ੍ਹਾਂ ਤੋਂ ਪ੍ਰੇਰਣਾ ਲੈ ਰਿਹਾ ਹੈ। ਆਜ਼ਾਦੀ ਦੇ ਅੰਮ੍ਰਿਤਕਾਲ ਵਿੱਚ ਵੀਰ ਬਾਲ ਦਿਵਸ ਦੇ ਰੂਪ ਵਿੱਚ ਇਹ ਇੱਕ ਨਵਾਂ ਅਧਿਆਇ ਸ਼ੁਰੂ ਹੋਇਆ ਹੈ। ਪਿਛਲੇ ਵਰ੍ਹੇ, ਦੇਸ਼ ਨੇ ਪਹਿਲੀ ਵਾਰ 26 ਦਸੰਬਰ ਨੂੰ ਵੀਰ ਬਾਲ ਦਿਵਸ ਦੇ ਤੌਰ ‘ਤੇ ਮਨਾਇਆ ਸੀ। ਤਦ ਪੂਰੇ ਦੇਸ਼ ਵਿੱਚ ਸਾਰਿਆਂ ਨੇ ਭਾਵ-ਵਿਭੋਰ ਹੋ ਕੇ ਸਾਹਿਬਜ਼ਾਦਿਆਂ ਦੀ ਬਹਾਦਰੀ ਦੀਆਂ ਕਹਾਣੀਆਂ ਨੂੰ ਸੁਣਿਆ ਸੀ । ਵੀਰ ਬਾਲ ਦਿਵਸ ਭਾਰਤੀਯਤਾ ਦੀ ਰੱਖਿਆ ਲਈ, ਕੁਝ ਵੀ, ਕੁਝ ਵੀ ਕਰ ਗੁਜ਼ਰਨ ਦੇ ਸੰਕਲਪ ਦਾ ਪ੍ਰਤੀਕ ਹੈ।
ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਸ਼ੌਰਯ ਦੇ ਕਲਾਈਮੈਕਸ ਦੇ ਸਮੇਂ ਘੱਟ ਉਮਰ ਮਾਇਨੇ ਨਹੀਂ ਰੱਖਦੀ। ਇਹ ਉਸ ਮਹਾਨ ਵਿਰਾਸਤ ਦਾ ਪਰਵ ਹੈ, ਜਿੱਥੇ ਗੁਰੂ ਕਹਿੰਦੇ ਸਨ-ਸੂਰਾ ਸੋ ਪਹਿਚਾਣੀਏ, ਜੋ ਲਰੈ ਦੀਨ ਕੇ ਹੇਤ, ਪੁਰਜਾ-ਪੁਰਜਾ ਕਟ ਮਰੇ, ਕਬਹੂ ਨਾ ਛਾਡੇ ਖੇਤ! ਮਾਤਾ ਗੁਜਰੀ, ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਚਾਰ ਸਾਹਿਬਜ਼ਾਦਿਆਂ ਦੀ ਵੀਰਤਾ ਅਤੇ ਆਦਰਸ਼, ਅੱਜ ਵੀ ਹਰ ਭਾਰਤੀ ਨੂੰ ਤਾਕਤ ਦਿੰਦੇ ਹਨ। ਇਸ ਲਈ ਵੀਰ ਬਾਲ ਦਿਵਸ, ਉਨ੍ਹਾਂ ਸੱਚੇ ਵੀਰਾਂ ਦੇ ਬੇਮਿਸਾਲ ਸ਼ੌਰਯ ਤੇ ਉਨ੍ਹਾਂ ਨੂੰ ਜਨਮ ਦੇਣ ਵਾਲੀ ਮਾਤਾ ਦੇ ਪ੍ਰਤੀ, ਰਾਸ਼ਟਰ ਦੀ ਸੱਚੀ ਸ਼ਰਧਾਂਜਲੀ ਹੈ। ਅੱਜ ਮੈਂ ਬਾਬਾ ਮੋਤੀ ਰਾਮ ਮੇਹਰਾ, ਉਨ੍ਹਾਂ ਦੇ ਪਰਿਵਾਰ ਦੀ ਸ਼ਹਾਦਤ ਅਤੇ ਦੀਵਾਨ ਟੋਡਰ ਮੱਲ ਦੀ ਭਗਤੀ ਨੂੰ ਭੀ ਸ਼ਰਧਾਪੂਰਵਕ ਯਾਦ ਕਰ ਰਿਹਾ ਹਾਂ। ਸਾਡੇ ਗੁਰੂਆਂ ਦੇ ਪ੍ਰਤੀ ਅਥਾਹ ਭਗਤੀ, ਰਾਸ਼ਟਰ ਭਗਤੀ ਦਾ ਜੋ ਜਜ਼ਬਾ ਜਗਾਉਂਦੀ ਹੈ, ਇਹ ਉਸ ਦੀ ਮਿਸਾਲ ਸੀ।
ਮੇਰੇ ਪਰਿਵਾਰਜਨੋਂ,
ਮੈਨੂੰ ਖੁਸ਼ੀ ਹੈ ਕਿ ਵੀਰ ਬਾਲ ਦਿਵਸ ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਵੀ ਮਨਾਇਆ ਜਾਣ ਲੱਗਿਆ ਹੈ। ਇਸ ਸਾਲ ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ, ਨਿਊਜ਼ੀਲੈਂਡ, UAE ਅਤੇ ਗ੍ਰੀਸ ਵਿੱਚ ਵੀ ਵੀਰ ਬਾਲ ਦਿਵਸ ਨਾਲ ਜੁੜੇ ਪ੍ਰੋਗਰਾਮ ਹੋ ਰਹੇ ਹਨ। ਭਾਰਤ ਦੇ ਵੀਰ ਸਾਹਿਬਜ਼ਾਦਿਆਂ ਨੂੰ ਪੂਰੀ ਦੁਨੀਆ ਹੋਰ ਜ਼ਿਆਦਾ ਜਾਣੇਗੀ, ਉਨ੍ਹਾਂ ਦੇ ਮਹਾਨ ਕਾਰਨਾਮਿਆਂ ਤੋਂ ਸਿੱਖੇਗੀ।
ਤਿੰਨ ਸੌ ਸਾਲ ਪਹਿਲਾਂ ਚਮਕੌਰ ਅਤੇ ਸਰਹਿੰਦ ਦੀ ਲੜਾਈ ਵਿੱਚ ਜੋ ਕੁਝ ਹੋਇਆ ਉਹ ਅਮਿਟ ਇਤਿਹਾਸ ਹੈ। ਇਹ ਇਤਿਹਾਸ ਬੇਮਿਸਾਲ ਹੈ। ਉਸ ਇਤਿਹਾਸ ਨੂੰ ਅਸੀਂ ਭੁੱਲਾ ਨਹੀਂ ਸਕਦੇ। ਉਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦ ਦਿਵਾਉਂਦੇ ਰਹਿਣਾ ਬਹੁਤ ਜ਼ਰੂਰੀ ਹੈ। ਜਦੋਂ ਅਨਿਆਂ ਅਤੇ ਅੱਤਿਆਚਾਰ ਦਾ ਪੂਰਾ ਹਨੇਰਾ ਸੀ, ਤਦ ਵੀ ਅਸੀਂ ਨਿਰਾਸ਼ਾ ਨੂੰ ਪਲ ਭਰ ਦੇ ਲਈ ਵੀ ਹਾਵੀ ਨਹੀਂ ਹੋਣ ਦਿੱਤਾ। ਅਸੀਂ ਭਾਰਤੀਆਂ ਨੇ ਆਤਮ-ਸਨਮਾਨ ਦੇ ਨਾਲ ਅੱਤਿਆਚਾਰੀਆਂ ਦਾ ਸਾਹਮਣਾ ਕੀਤਾ। ਹਰ ਉਮਰ ਦੇ ਸਾਡੇ ਪੂਰਵਜਾਂ ਨੇ ਤਦ ਸਰਬਉੱਚ ਬਲੀਦਾਨ ਦਿੱਤਾ ਸੀ। ਉਨ੍ਹਾਂ ਨੇ ਆਪਣੇ ਲਈ ਜੀਣ ਦੀ ਬਜਾਏ, ਇਸ ਮਿੱਟੀ ਲਈ ਮਰਨਾ ਪਸੰਦ ਕੀਤਾ ਸੀ।
ਸਾਥੀਓ,
ਜਦੋਂ ਤੱਕ ਅਸੀਂ ਆਪਣੀ ਵਿਰਾਸਤ ਦਾ ਸਨਮਾਨ ਨਹੀਂ ਕੀਤਾ, ਦੁਨੀਆ ਨੇ ਵੀ ਸਾਡੀ ਵਿਰਾਸਤ ਨੂੰ ਭਾਵ ਨਹੀਂ ਦਿੱਤਾ। ਅੱਜ ਜਦੋਂ ਅਸੀਂ ਆਪਣੀ ਵਿਰਾਸਤ ‘ਤੇ ਮਾਣ ਕਰ ਰਹੇ ਹਾਂ, ਤਦ ਦੁਨੀਆ ਦਾ ਨਜ਼ਰੀਆ ਵੀ ਬਦਲਿਆ ਹੈ। ਮੈਨੂੰ ਖੁਸ਼ੀ ਹੈ ਕਿ ਅੱਜ ਦੇਸ਼ ਗ਼ੁਲਾਮੀ ਦੀ ਮਾਨਸਿਕਤਾ ਤੋਂ ਬਾਹਰ ਨਿਕਲ ਰਿਹਾ ਹੈ। ਅੱਜ ਦੇ ਭਾਰਤ ਨੂੰ ਆਪਣੇ ਲੋਕਾਂ ‘ਤੇ, ਆਪਣੀ ਸਮਰੱਥਾ ‘ਤੇ, ਆਪਣੀਆਂ ਪ੍ਰੇਰਣਾਵਾਂ ‘ਤੇ ਪੂਰਾ-ਪੂਰਾ ਭਰੋਸਾ ਹੈ। ਅੱਜ ਦੇ ਭਾਰਤ ਦੇ ਲਈ ਸਾਹਿਬਜ਼ਾਦਿਆਂ ਦਾ ਬਲਿਦਾਨ ਰਾਸ਼ਟਰੀ ਪ੍ਰੇਰਣਾ ਦਾ ਵਿਸ਼ਾ ਹੈ। ਅੱਜ ਦੇ ਭਾਰਤ ਵਿੱਚ ਭਗਵਾਨ ਬਿਰਸਾ ਮੁੰਡਾ ਦਾ ਬਲੀਦਾਨ, ਗੋਵਿੰਦ ਗੁਰੂ ਦਾ ਬਲੀਦਾਨ ਪੂਰੇ ਰਾਸ਼ਟਰ ਨੂੰ ਪ੍ਰੇਰਣਾ ਦਿੰਦਾ ਹੈ। ਅਤੇ ਜਦੋਂ ਕੋਈ ਦੇਸ਼ ਆਪਣੀ ਵਿਰਾਸਤ ‘ਤੇ ਅਜਿਹਾ ਮਾਣ ਕਰਦੇ ਹੋਏ ਅੱਗੇ ਵਧਦਾ ਹੈ, ਤਾਂ ਦੁਨੀਆ ਵੀ ਉਸ ਨੂੰ ਸਨਮਾਨ ਨਾਲ ਦੇਖਦੀ ਹੈ, ਸਨਮਾਨ ਦਿੰਦੀ ਹੈ।
ਸਾਥੀਓ,
ਅੱਜ ਪੂਰੀ ਦੁਨੀਆ ਭਾਰਤ ਦੀ ਧਰਤੀ ਨੂੰ ਅਵਸਰਾਂ ਦੀ ਧਰਤੀ ਉਸ ਵਿੱਚ ਸਭ ਤੋਂ ਪਹਿਲੀ ਕਤਾਰ ਵਿੱਚ ਰੱਖਦੀ ਹੈ। ਅੱਜ ਭਾਰਤ ਉਸ ਸਟੇਜ ‘ਤੇ ਹੈ, ਜਿੱਥੇ ਵੱਡੀਆਂ ਗਲੋਬਲ ਚੁਣੌਤੀਆਂ ਦੇ ਸਮਾਧਾਨ ਵਿੱਚ ਭਾਰਤ ਵੱਡੀ ਭੂਮਿਕਾ ਨਿਭਾ ਰਿਹਾ ਹੈ। ਅਰਥਵਿਵਸਥਾ ਹੋਵੇ, ਵਿਗਿਆਨ ਹੋਵੇ, ਖੋਜ ਹੋਵੇ, ਖੇਡਾਂ ਹੋਣ, ਨੀਤੀ-ਰਣਨੀਤੀ ਹੋਵੇ, ਅੱਜ ਹਰ ਪਹਿਲੂ ਵਿੱਚ ਭਾਰਤ ਨਵੀਂ ਬੁਲੰਦੀ ਵੱਲ ਜਾ ਰਿਹਾ ਹੈ। ਅਤੇ ਇਸ ਲਈ ਹੀ, ਮੈਂ ਲਾਲ ਕਿਲੇ ਤੋਂ ਕਿਹਾ ਸੀ, ਇਹੀ ਸਮਾਂ ਹੈ, ਸਹੀ ਸਮਾਂ ਹੈ। ਇਹ ਭਾਰਤ ਦਾ ਸਮਾਂ ਹੈ। ਆਉਣ ਵਾਲੇ 25 ਸਾਲ ਭਾਰਤ ਦੀ ਸਮਰੱਥਾ ਦੇ ਕਲਾਈਮੈਕਸ ਦਾ ਪ੍ਰਚੰਡ ਪ੍ਰਦਰਸ਼ਨ ਕਰਨਗੇ।
ਅਤੇ ਇਸ ਦੇ ਲਈ ਸਾਨੂੰ ਪੰਚ ਪ੍ਰਾਣਾਂ ‘ਤੇ ਚੱਲਣਾ ਹੋਵੇਗਾ, ਆਪਣੇ ਰਾਸ਼ਟਰੀ ਚਰਿੱਤਰ ਨੂੰ ਹੋਰ ਸਸ਼ਕਤ ਕਰਨਾ ਹੋਵੇਗਾ। ਸਾਨੂੰ ਇੱਕ ਪਲ ਵੀ ਗੁਆਉਣਾ ਨਹੀਂ ਹੈ, ਸਾਨੂੰ ਇੱਕ ਪਲ ਵੀ ਰੁਕਣਾ ਨਹੀਂ ਹੈ। ਗੁਰੂਆਂ ਨੇ ਸਾਨੂੰ ਇਹੀ ਸੀਖ ਤਦ ਵੀ ਦਿੱਤੀ ਸੀ ਅਤੇ ਉਨ੍ਹਾਂ ਦੀ ਇਹੀ ਸੀਖ ਅੱਜ ਵੀ ਹੈ। ਸਾਨੂੰ ਇਸ ਮਿੱਟੀ ਦੀ ਆਨ-ਬਾਨ-ਸ਼ਾਨ ਦੇ ਲਈ ਜੀਣਾ ਹੈ। ਸਾਨੂੰ ਦੇਸ਼ ਨੂੰ ਬਿਹਤਰ ਬਣਾਉਣ ਲਈ ਜੀਣਾ ਹੈ। ਸਾਨੂੰ ਇਸ ਮਹਾਨ ਰਾਸ਼ਟਰ ਦੀ ਸੰਤਾਨ ਦੇ ਰੂਪ ਵਿੱਚ, ਦੇਸ਼ ਨੂੰ ਵਿਕਸਿਤ ਬਣਾਉਣ ਲਈ ਜੀਣਾ ਹੈ, ਜੁੱਟਣਾ ਹੈ, ਜੂਝਣਾ ਹੈ, ਅਤੇ ਜਿੱਤ ਕੇ ਨਿਕਲਣਾ ਹੈ।
ਮੇਰੇ ਪਰਿਵਾਰਜਨੋਂ,
ਅੱਜ ਭਾਰਤ ਉਸ ਕਾਲਖੰਡ ਤੋਂ ਗੁਜਰ ਰਿਹਾ ਹੈ, ਜੋ ਯੁਗਾਂ-ਯੁਗਾਂ ਵਿੱਚ ਇੱਕ ਵਾਰ ਆਉਂਦਾ ਹੈ। ਆਜ਼ਾਦੀ ਦੇ ਇਸ ਅੰਮ੍ਰਿਤ ਕਾਲ ਵਿੱਚ ਭਾਰਤ ਦੇ ਸੁਨਹਿਰੀ ਭਵਿੱਖ ਨੂੰ ਲਿਖਣ ਵਾਲੇ ਕਈ ਫੈਕਟਰ ਇਕੱਠੇ ਜੁੜ ਗਏ ਹਨ। ਅੱਜ ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚੋਂ ਹੈ ਜੋ ਦੇਸ਼ ਸਭ ਤੋਂ ਜ਼ਿਆਦਾ ਯੁਵਾ ਦੇਸ਼ ਹੈ। ਇਨ੍ਹਾਂ ਯੁਵਾ ਤਾਂ ਭਾਰਤ, ਆਪਣੀ ਆਜ਼ਾਦੀ ਦੀ ਲੜਾਈ ਦੇ ਸਮੇਂ ਵੀ ਨਹੀਂ ਸੀ। ਜਦੋਂ ਉਸ ਯੁਵਾ ਸ਼ਕਤੀ ਨੇ ਦੇਸ਼ ਨੂੰ ਆਜ਼ਾਦੀ ਦਿਵਾਈ, ਤਾਂ ਇਹ ਵਿਸ਼ਾਲ ਯੁਵਾ ਸ਼ਕਤੀ ਦੇਸ਼ ਨੂੰ ਜਿਸ ਉਚਾਈ ‘ਤੇ ਲੈ ਜਾ ਸਕਦੀ ਹੈ, ਉਹ ਕਲਪਨਾ ਤੋਂ ਵੀ ਪਰੇ ਹੈ।
ਭਾਰਤ ਉਹ ਦੇਸ਼ ਹੈ ਜਿੱਥੇ ਨਚਿਕੇਤਾ ਜਿਹੇ ਬਾਲਕ, ਗਿਆਨ ਦੀ ਖੋਜ ਦੇ ਲਈ ਧਰਤੀ-ਅਸਮਾਨ ਇੱਕ ਕਰ ਦਿੰਦੇ ਹਨ। ਭਾਰਤ ਉਹ ਦੇਸ਼ ਹੈ ਜਿੱਥੇ ਇੰਨੀ ਘੱਟ ਉਮਰ ਦਾ ਅਭਿਮਨਿਊ, ਕਠੋਰ ਚੱਕਰਵਿਊ ਨੂੰ ਤੋੜਨ ਦੇ ਲਈ ਨਿਕਲ ਪੈਂਦਾ ਹੈ। ਭਾਰਤ ਉਹ ਦੇਸ਼ ਹੈ ਜਿੱਥੇ ਬਾਲਕ ਧਰੁਵ ਅਜਿਹੀ ਕਠੋਰ ਤੱਪਸਿਆ ਕਰਦਾ ਹੈ ਕਿ ਅੱਜ ਵੀ ਕਿਸੇ ਨਾਲ ਉਸ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਭਾਰਤ ਉਹ ਦੇਸ਼ ਹੈ ਜਿੱਥੇ ਬਾਲਕ ਚੰਦਰਗੁਪਤ, ਘੱਟ ਉਮਰ ਵਿੱਚ ਹੀ ਇੱਕ ਸਾਮਰਾਜ ਦੀ ਅਗਵਾਈ ਕਰਨ ਵੱਲ ਕਦਮ ਵਧਾ ਦਿੰਦਾ ਹੈ। ਭਾਰਤ ਉਹ ਦੇਸ਼ ਹੈ ਜਿੱਥੇ ਏਕਲਵਯ ਜਿਹਾ ਚੇਲਾ, ਆਪਣੇ ਗੁਰੂ ਨੂੰ ਦਕਸ਼ਿਣਾ ਦੇਣ ਲਈ ਕਲਪਨਾਯੋਗ ਕੰਮ ਕਰਕੇ ਦਿਖਾ ਦਿੰਦਾ ਹੈ।
ਭਾਰਤ ਉਹ ਦੇਸ਼ ਹੈ ਜਿੱਥੇ ਖੁਦੀਰਾਮ ਬੋਸ, ਬਟੁਕੇਸ਼ਵਰ ਦੱਤ, ਕਨਕਲਤਾ ਬਰੂਆ, ਰਾਣੀ ਗਾਇਡਿਨੀਲਯੂ, ਬਾਜੀ ਰਾਉਤ ਜਿਹੇ ਕਈ ਵੀਰਾਂ ਨੇ ਦੇਸ਼ ਦੇ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਿੱਚ ਇੱਕ ਪਲ ਵੀ ਨਹੀਂ ਸੋਚਿਆ। ਜਿਸ ਦੇਸ਼ ਦੀ ਪ੍ਰੇਰਣਾ ਇੰਨੀ ਵੱਡੀ ਹੋਵੇਗੀ, ਉਸ ਦੇਸ਼ ਦੇ ਲਈ ਕਿਸੇ ਵੀ ਲਕਸ਼ ਨੂੰ ਪਾਉਣਾ ਅਸੰਭਵ ਨਹੀਂ ਹੈ। ਇਸ ਲਈ ਮੇਰਾ ਵਿਸ਼ਵਾਸ ਅੱਜ ਦੇ ਬੱਚਿਆਂ, ਅੱਜ ਦੇ ਨੌਜਵਾਨਾਂ ‘ਤੇ ਹੈ। ਭਵਿੱਖ ਦੇ ਭਾਰਤ ਦੇ ਆਗੂ ਇਹੀ ਬੱਚੇ ਹਨ। ਹੁਣ ਵੀ ਇੱਥੇ ਜਿੰਨ੍ਹਾਂ ਬੱਚਿਆਂ ਨੇ ਮਾਰਸ਼ਲ ਆਰਟਸ ਦਾ ਪ੍ਰਦਰਸ਼ਨ ਕੀਤਾ ਹੈ...ਉਨ੍ਹਾਂ ਦਾ ਅਦਭੁਤ ਕੌਸ਼ਲ ਦਰਸਾਉਂਦਾ ਹੈ ਕਿ ਭਾਰਤ ਦੇ ਵੀਰ ਬਾਲਕ-ਬਾਲਿਕਾਵਾਂ ਦੀ ਸਮਰੱਥਾ ਕਿੰਨੀ ਜ਼ਿਆਦਾ ਹੈ।
ਮੇਰੇ ਪਰਿਵਾਰਜਨੋਂ,
ਆਉਣ ਵਾਲੇ 25 ਸਾਲ ਸਾਡੀ ਯੁਵਾ ਸ਼ਕਤੀ ਦੇ ਲਈ ਬਹੁਤ ਬੜਾ ਅਵਸਰ ਲੈ ਕੇ ਆ ਰਹੇ ਹਨ। ਭਾਰਤ ਦਾ ਯੁਵਾ ਕਿਸੇ ਵੀ ਖੇਤਰ ਵਿੱਚ, ਕਿਸੇ ਵੀ ਸਮਾਜ ਵਿੱਚ ਪੈਦਾ ਹੋਇਆ ਹੋਵੇ, ਉਸ ਦੇ ਸੁਪਨੇ ਅਸੀਮ ਹਨ। ਇਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਸਰਕਾਰ ਦੇ ਕੋਲ ਸਪਸ਼ਟ ਰੋਡਮੈਪ ਹੈ, ਸਪਸ਼ਟ ਵਿਜ਼ਨ ਹੈ, ਸਪਸ਼ਟ ਨੀਤੀ ਹੈ, ਨਿਯਤ ਵਿੱਚ ਕੋਈ ਖੋਟ ਨਹੀਂ ਹੈ। ਅੱਜ ਭਾਰਤ ਨੇ ਜੋ ਰਾਸ਼ਟਰੀ ਸਿੱਖਿਆ ਨੀਤੀ ਬਣਾਈ ਹੈ, ਉਹ 21ਵੀਂ ਸਦੀ ਦੇ ਨੌਜਵਾਨਾਂ ਵਿੱਚ ਨਵੀਂ ਸਮਰੱਥਾ ਵਿਕਸਿਤ ਕਰੇਗੀ। ਅੱਜ 10 ਹਜ਼ਾਰ ਅਟਲ ਟਿਕਰਿੰਗ ਲੈੱਬ, ਸਾਡੇ ਵਿਦਿਆਰਥੀਆਂ ਵਿੱਚ ਇਨੋਵੇਸ਼ਨ ਦੀ, ਰਿਸਰਚ ਦੀ ਨਵੀਂ ਲਲਕ ਪੈਦਾ ਕਰ ਰਹੀਆਂ ਹਨ।
ਤੁਸੀਂ ਸਟਾਰਟਅੱਪ ਇੰਡੀਆ ਅਭਿਯਾਨ ਨੂੰ ਦੇਖੋ। 2014 ਵਿੱਚ ਸਾਡੇ ਦੇਸ਼ ਵਿੱਚ ਸਟਾਰਟ ਅੱਪਸ ਕਲਚਰ ਬਾਰੇ ਘੱਟ ਹੀ ਲੋਕ ਜਾਣਦੇ ਸਨ। ਅੱਜ ਭਾਰਤ ਵਿੱਚ ਸਵਾ ਲੱਖ ਨਵੇਂ ਸਟਾਰਟਅੱਪਸ ਹਨ। ਇਨ੍ਹਾਂ ਸਟਾਰਟਅੱਪਸ ਵਿੱਚ, ਨੌਜਵਾਨਾਂ ਦੇ ਸੁਪਨੇ ਹਨ, ਇਨੋਵੇਸ਼ਨਸ ਹਨ, ਕੁਝ ਕਰ ਗੁਜ਼ਰਨ ਦਾ ਪ੍ਰਯਾਸ ਹੈ। ਅੱਜ ਮੁਦਰਾ ਯੋਜਨਾ ਨਾਲ 8 ਕਰੋੜ ਤੋਂ ਜ਼ਿਆਦਾ ਨੌਜਵਾਨਾਂ ਨੇ ਪਹਿਲੀ ਵਾਰ, ਆਪਣਾ ਕੋਈ ਬਿਜਨਸ, ਆਪਣਾ ਕੋਈ ਸੁਤੰਤਰ ਕੰਮ ਸ਼ੁਰੂ ਕੀਤਾ ਹੈ। ਇਹ ਵੀ ਪਿੰਡ-ਗ਼ਰੀਬ, ਦਲਿਤ, ਪਿਛੜੇ, ਆਦਿਵਾਸੀ, ਵੰਚਿਤ ਵਰਗ ਦੇ ਯੁਵਾ ਹਨ। ਇਨ੍ਹਾਂ ਨੌਜਵਾਨਾਂ ਦੇ ਕੋਲ ਬੈਂਕ ਨੂੰ ਗਾਰੰਟੀ ਦੇਣ ਤੱਕ ਦੇ ਲਈ ਕੋਈ ਸਮਾਨ ਨਹੀਂ ਸੀ। ਇਨ੍ਹਾਂ ਦੀ ਗਾਰੰਟੀ ਵੀ ਮੋਦੀ ਨੇ ਲਈ, ਸਾਡੀ ਸਰਕਾਰ ਇਨ੍ਹਾਂ ਦੀ ਸਾਥੀ ਬਣੀ। ਅਸੀਂ ਬੈਂਕਾਂ ਨੂੰ ਕਿਹਾ ਕਿ ਤੁਸੀਂ ਬਿਨਾਂ ਡਰ ਦੇ ਨੌਜਵਾਨਾਂ ਨੂੰ ਮੁਦਰਾ ਲੋਨ ਦੋ। ਲੱਖਾਂ ਕਰੋੜ ਰੁਪਏ ਦਾ ਮੁਦਰਾ ਲੋਨ ਇਸ ਨੂੰ ਪਾ ਕੇ ਕਰੋੜਾਂ ਨੌਜਵਾਨਾਂ ਨੇ ਅੱਜ ਆਪਣੀ ਕਿਸਮਤ ਬਦਲ ਦਿੱਤੀ ਹੈ।
ਸਾਥੀਓ,
ਸਾਡੇ ਖਿਡਾਰੀ ਅੱਜ ਹਰ ਅੰਤਰਰਾਸ਼ਟਰੀ ਈਵੈਂਟ ਵਿੱਚ ਨਵੇਂ ਰਿਕਾਰਡ ਬਣਾ ਰਹੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਯੁਵਾ ਪਿੰਡਾਂ ਤੋਂ, ਕਸਬਿਆਂ ਤੋਂ, ਗ਼ਰੀਬ ਅਤੇ ਹੇਠਲੇ ਮੱਧ ਵਰਗੀ ਪਰਿਵਾਰਾਂ ਤੋਂ ਹੀ ਹਨ। ਇਨ੍ਹਾਂ ਨੂੰ ਖੇਲੋ ਇੰਡੀਆ ਅਭਿਯਾਨ ਨਾਲ ਘਰ ਦੇ ਨੇੜੇ ਹੀ ਬਿਹਤਰ ਖੇਡ ਸੁਵਿਧਾਵਾਂ ਮਿਲ ਰਹੀਆਂ ਹਨ। ਪਾਰਦਰਸ਼ੀ ਚੋਣ ਪ੍ਰਕਿਰਿਆ ਅਤੇ ਆਧੁਨਿਕ ਟ੍ਰੇਨਿੰਗ ਦੇ ਲਈ ਉਚਿਤ ਵਿਵਸਥਾ ਮਿਲ ਰਹੀ ਹੈ। ਇਸ ਲਈ ਪਿੰਡਾਂ-ਗ਼ਰੀਬਾਂ ਦੇ ਬੇਟੇ-ਬੇਟੀਆਂ ਵੀ ਤਿਰੰਗੇ ਦੀ ਸ਼ਾਨ ਵਧਾ ਰਹੇ ਹਨ। ਇਹ ਦਰਸਾਉਂਦਾ ਹੈ ਕਿ ਜਦੋਂ ਯੁਵਾ ਦੇ ਹਿਤਾਂ ਨੂੰ ਪ੍ਰਾਥਮਿਕਤਾ ਮਿਲਦੀ ਹੈ, ਤਾਂ ਪਰਿਣਾਮ ਕਿੰਨੇ ਸ਼ਾਨਦਾਰ ਹੁੰਦੇ ਹਨ।
ਸਾਥੀਓ,
ਅੱਜ ਜਦੋਂ ਮੈਂ ਭਾਰਤ ਨੂੰ ਤੀਸਰੇ ਨੰਬਰ ਦੀ ਅਰਥਵਿਵਸਥਾ ਬਣਾਉਣ ਦੀ ਗੱਲ ਕਰਦਾ ਹਾਂ, ਤਾਂ ਉਸ ਦੇ ਸਭ ਤੋਂ ਵੱਡੇ ਲਾਭਾਰਥੀ ਮੇਰੇ ਦੇਸ਼ ਦੇ ਯੁਵਾ ਹੀ ਹਨ। ਤੀਸਰੇ ਨੰਬਰ ਦੀ ਆਰਥਿਕ ਤਾਕਤ ਹੋਣ ਦਾ ਮਤਲਬ ਹੈ, ਬਿਹਤਰ ਸਿਹਤ, ਬਿਹਤਰ ਸਿੱਖਿਆ। ਤੀਸਰੇ ਨੰਬਰ ਦੀ ਆਰਥਿਕ ਤਾਕਤ ਹੋਣ ਦਾ ਮਤਲਬ ਹੈ, ਅਧਿਕ ਅਵਸਰ, ਅਧਿਕ ਰੋਜ਼ਗਾਰ। ਤੀਸਰੇ ਨੰਬਰ ਦੀ ਆਰਥਿਕ ਤਾਕਤ ਹੋਣ ਦਾ ਮਤਲਬ ਹੈ, ਕੁਆਲਟੀ ਆਫ਼ ਲਾਈਫ, ਕੁਆਲਟੀ ਆਫ਼ ਪ੍ਰੋਡਕਟਸ। ਸਾਲ 2047 ਦੀ ਵਿਕਸਿਤ ਭਾਰਤ ਕਿਹੋ ਜਿਹਾ ਹੋਵੇਗਾ, ਉਸ ਵੱਡੇ ਕੈਨਵਸ 'ਤੇ ਵੱਡੀ ਤਸਵੀਰ ਸਾਡੇ ਨੌਜਵਾਨਾਂ ਨੇ ਹੀ ਬਣਾਉਣੀ ਹੈ। ਸਰਕਾਰ, ਇੱਕ ਦੋਸਤ ਦੇ ਰੂਪ ਵਿੱਚ, ਇੱਕ ਸਾਥੀ ਦੇ ਰੂਪ ਵਿੱਚ ਤੁਹਾਡੇ ਨਾਲ ਮਜ਼ਬੂਤੀ ਨਾਲ ਖੜੀ ਹੋਈ ਹੈ। ਵਿਕਸਿਤ ਭਾਰਤ ਦੇ ਨਿਰਮਾਣ ਲਈ ਨੌਜਵਾਨਾਂ ਦੇ ਸੁਝਾਵਾਂ ਅਤੇ ਸੰਕਲਪਾਂ ਨੂੰ ਜੋੜਨ ਲਈ ਦੇਸ਼ ਵਿਆਪੀ ਅਭਿਯਾਨ ਚਲਾਇਆ ਜਾ ਰਿਹਾ ਹੈ।
ਮੈਂ ਫਿਰ ਸਾਰੇ ਨੌਜਵਾਨਾਂ ਨੂੰ MyGov 'ਤੇ ਵਿਕਸਿਤ ਭਾਰਤ ਨਾਲ ਜੁੜੇ ਆਪਣੇ ਸੁਝਾਅ ਸਾਂਝੇ ਕਰਨ ਦੀ ਫਿਰ ਤੋਂ ਤਾਕੀਦ ਕਰਾਂਗਾ। ਦੇਸ਼ ਦੀ ਯੁਵਾ ਸ਼ਕਤੀ ਨੂੰ ਇੱਕ ਹੀ ਪਲੈਟਫਾਰਮ 'ਤੇ ਲਿਆਉਣ ਲਈ ਇੱਕ ਹੋਰ ਬਹੁਤ ਵੱਡਾ ਮੰਚ, ਇੱਕ ਬਹੁਤ ਵੱਡੀ ਸੰਸਥਾ ਸਰਕਾਰ ਨੇ ਬਣਾਈ ਹੈ। ਇਹ ਸੰਗਠਨ ਹੈ, ਇਹ ਪਲੈਟਫਾਰਮ ਹੈ- ਮੇਰਾ ਯੁਵਾ ਭਾਰਤ ਯਾਨੀ MY Bharat. ਇਹ ਮੰਚ, ਹੁਣ ਦੇਸ਼ ਦੀਆਂ ਯੁਵਾ ਬੇਟੀਆਂ ਅਤੇ ਬੇਟਿਆਂ ਦੇ ਲਈ ਇੱਕ ਬਹੁਤ ਵੱਡਾ ਸੰਗਠਨ ਬਣਦਾ ਜਾ ਰਿਹਾ ਹੈ। ਅੱਜਕਲ੍ਹ, ਜੋ ਵਿਕਸਿਤ ਭਾਰਤ ਸੰਕਲਪ ਯਾਤਰਾਵਾਂ ਚੱਲ ਰਹੀਆਂ ਹਨ, ਉਨ੍ਹਾਂ ਦੇ ਦੌਰਾਨ ਵੀ ਲੱਖਾਂ ਯੁਵਾ MY Bharat ਪਲੈਟਫਾਰਮ 'ਤੇ ਰਜਿਸਟਰ ਕਰ ਰਹੇ ਹਨ। ਮੈਂ ਦੇਸ਼ ਦੇ ਸਾਰੇ ਨੌਜਵਾਨਾਂ ਨੂੰ ਫਿਰ ਕਹਾਂਗਾ ਕਿ ਤੁਸੀਂ MY Bharat 'ਤੇ ਜਾ ਕੇ ਖੁਦ ਨੂੰ ਰਜਿਸਟਰ ਕਰੋ।
ਮੇਰੇ ਪਰਿਵਾਰਜਨੋਂ,
ਅੱਜ ਵੀਰ ਬਾਲ ਦਿਵਸ 'ਤੇ ਮੈਂ ਦੇਸ਼ ਦੇ ਸਾਰੇ ਨੌਜਵਾਨਾਂ ਨੂੰ, ਸਾਰੇ ਨੌਜਵਾਨਾਂ ਨੂੰ ਆਪਣੀ ਸਿਹਤ ਨੂੰ ਸਰਬਉੱਚ ਪ੍ਰਾਥਮਿਕਤਾ ਦੇਣ ਦੀ ਤਾਕੀਦ ਕਰਾਂਗਾ। ਜਦੋਂ ਭਾਰਤ ਦਾ ਯੁਵਾ ਫਿੱਟ ਹੋਵੇਗਾ, ਤਾਂ ਉਹ ਆਪਣੇ ਜੀਵਨ ਵਿੱਚ, ਆਪਣੇ ਕਰੀਅਰ ਵਿੱਚ ਵੀ ਸੁਪਰਹਿੱਟ ਹੋਵੇਗਾ। ਭਾਰਤ ਦੇ ਨੌਜਵਾਨਾਂ ਨੂੰ ਆਪਣੇ ਲਈ ਕੁਝ ਨਿਯਮ ਜ਼ਰੂਰ ਬਣਾਉਣੇ ਚਾਹੀਦੇ ਹਨ, ਉਨ੍ਹਾਂ ਨੂੰ ਫਾਲੋ ਕਰਨਾ ਚਾਹੀਦਾ ਹੈ। ਜਿਵੇਂ ਕਿ ਤੁਸੀਂ ਦਿਨ ਵਿੱਚ ਜਾਂ ਸਪਤਾਹ ਵਿੱਚ ਕਿੰਨੀ ਫਿਜ਼ੀਕਲ ਐਕਸਰਸਾਈਜ਼ ਕਰਦੇ ਹੋ? ਤੁਸੀਂ ਸੁਪਰਫੂਡ ਮਿਲਟਸ-ਸ਼੍ਰੀਅੰਨ ਦੇ ਬਾਰੇ ਜਾਣਦੇ ਹੋ ਲੇਕਿਨ ਕੀ ਤੁਸੀਂ ਇਸ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰ ਰੱਖਿਆ ਹੈ? ਡਿਜੀਟਲ ਡੀਟੌਕਸ, ਡਿਜੀਟਲ ਡੀਟੌਕਸ ਕਰਨ ‘ਤੇ ਤੁਸੀਂ ਕਿੰਨਾ ਧਿਆਨ ਦਿੰਦੇ ਹੋ? ਤੁਸੀਂ ਆਪਣੀ ਮਾਨਸਿਕ ਤੰਦਰੁਸਤੀ ਲਈ ਕੀ ਕਰਦੇ ਹੋ? ਕੀ ਤੁਸੀਂ ਇੱਕ ਦਿਨ ਵਿੱਚ ਉਚਿਤ ਨੀਂਦ ਲੈਂਦੇ ਹੋ ਜਾਂ ਫਿਰ ਨੀਂਦ ‘ਤੇ ਉਨਾ ਧਿਆਨ ਹੀ ਨਹੀਂ ਦਿੰਦੇ ਹੋ?
ਅਜਿਹੇ ਬਹੁਤ ਸਾਰੇ ਸਵਾਲ ਹਨ ਜੋ ਅੱਜ ਦੀ ਆਧੁਨਿਕ ਯੁਵਾ ਪੀੜ੍ਹੀ ਦੇ ਸਾਹਮਣੇ ਚੁਣੌਤੀ ਬਣ ਕੇ ਖੜ੍ਹੇ ਹਨ। ਇੱਕ ਹੋਰ ਬਹੁਤ ਵੱਡੀ ਸਮੱਸਿਆ ਵੀ ਹੈ, ਜਿਸ ‘ਤੇ ਇੱਕ ਰਾਸ਼ਟਰ ਦੇ ਰੂਪ ਵਿੱਚ, ਇੱਕ ਸਮਾਜ ਦੇ ਰੂਪ ਵਿੱਚ, ਸਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ। ਇਹ ਸਮੱਸਿਆ ਹੈ, ਨਸ਼ੇ ਅਤੇ ਡ੍ਰੱਗਸ ਦੀ ਹੈ। ਇਸ ਸਮੱਸਿਆ ਤੋਂ ਅਸੀਂ ਭਾਰਤ ਦੀ ਯੁਵਾ ਸ਼ਕਤੀ ਨੂੰ ਬਚਾਉਣਾ ਹੈ। ਇਸ ਦੇ ਲਈ ਸਰਕਾਰਾਂ ਦੇ ਨਾਲ-ਨਾਲ ਪਰਿਵਾਰ ਅਤੇ ਸਮਾਜ ਦੀ ਸ਼ਕਤੀ ਨੂੰ ਵੀ ਆਪਣੀ ਭੂਮਿਕਾ ਦਾ ਵਿਸਤਾਰ ਕਰਨਾ ਹੋਵੇਗਾ। ਮੈਂ ਅੱਜ ਵੀਰ ਬਾਲ ਦਿਵਸ 'ਤੇ, ਸਾਰੇ ਧਰਮਗੁਰੂਆਂ ਅਤੇ ਸਾਰੀਆਂ ਸਮਾਜਿਕ ਸੰਸਥਾਵਾਂ ਨੂੰ ਵੀ ਅਪੀਲ ਕਰਾਂਗਾ ਕਿ ਦੇਸ਼ ਵਿੱਚ ਨਸ਼ਿਆਂ ਨੂੰ ਲੈ ਕੇ ਇੱਕ ਵੱਡਾ ਜਨ ਅੰਦੋਲਨ ਹੋਵੇ। ਇੱਕ ਸਮਰੱਥ ਅਤੇ ਸਸ਼ਕਤ ਯੁਵਾ ਸ਼ਕਤੀ ਦੇ ਨਿਰਮਾਣ ਲਈ ਸਬਕਾ ਪ੍ਰਯਾਸ ਜ਼ਰੂਰੀ ਹੈ। ਸਬਕਾ ਪ੍ਰਯਾਸ ਦੀ ਇਸੇ ਭਾਵਨਾ ਨਾਲ ਭਾਰਤ ਵਿਕਸਿਤ ਬਣੇਗਾ। ਇੱਕ ਵਾਰ ਫਿਰ ਮਹਾਨ ਗੁਰੂ ਪਰੰਪਰਾ ਨੂੰ, ਸ਼ਹਾਦਤ ਨੂੰ ਨਵਾਂ ਸਨਮਾਨ, ਨਵੀਆਂ ਉੱਚਾਈਆਂ ‘ਤੇ ਪਹੁੰਚਾਉਣ ਵਾਲੇ ਵੀਰ ਸਾਹਿਬਜ਼ਾਦਿਆਂ ਨੂੰ ਸ਼ਰਧਾਪੂਰਵਕ ਨਮਨ ਕਰਦੇ ਹੋਏ ਮੇਰੀ ਬਾਣੀ ਨੂੰ ਵਿਰਾਮ ਦਿੰਦਾ ਹਾਂ। ਆਪ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ!
ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ!