ਛੱਤੀਗੜ੍ਹ ਦੇ ਡਿਪਟੀ ਸੀਐੱਮ ਸ਼੍ਰੀਮਾਨ ਟੀ. ਐੱਸ, ਸਿੰਹਦੇਵ ਜੀ, ਕੇਂਦਰੀ ਮੰਤਰੀ ਮੰਡਲ ਦੀ ਮੇਰੀ ਸਹਿਯੋਗੀ ਭੈਣ ਰੇਣੁਕਾ ਸਿੰਘ ਜੀ, ਸਾਂਸਦ ਮਹੋਦਯਾ, ਵਿਧਾਇਕਗਣ ਅਤੇ ਛੱਤੀਸਗੜ੍ਹ ਦੇ ਮੇਰੇ ਪਿਆਰੇ ਪਰਿਵਾਰਜਨੋਂ!
ਅੱਜ ਛੱਤੀਸਗੜ੍ਹ ਵਿਕਾਸ ਦੀ ਦਿਸ਼ਾ ਵਿੱਚ ਇੱਕ ਹੋਰ ਬੜਾ ਕਦਮ ਉਠਾ ਰਿਹਾ ਹੈ। ਅੱਜ ਛੱਤੀਸਗੜ੍ਹ ਨੂੰ 6400 ਕਰੋੜ ਰੁਪਏ ਤੋਂ ਅਧਿਕ ਦੀਆਂ ਰੇਲ ਪਰਿਯੋਜਨਾਵਾਂ ਦਾ ਉਪਹਾਰ ਮਿਲ ਰਿਹਾ ਹੈ। ਛੱਤੀਸਗੜ੍ਹ ਦੀ ਸਮਰੱਥਾ) ਊਰਜਾ ਉਤਪਾਦਨ ਵਿੱਚ ਵਧਾਉਣ ਦੇ ਲਈ, ਸਿਹਤ ਦੇ ਖੇਤਰ ਵਿੱਚ ਹੋਰ ਸੁਧਾਰ ਦੇ ਲਈ ਅੱਜ ਅਨੇਕ ਨਵੀਆਂ ਯੋਜਨਾਵਾਂ ਦਾ ਸ਼ੁਭ-ਅਰੰਭ ਹੋਇਆ ਹੈ। ਅੱਜ ਇੱਥੇ ਸਿੱਕਲ ਸੈੱਲ ਕੌਂਸਲਿੰਗ ਕਾਰਡਸ ਭੀ ਵੰਡੇ ਗਏ ਹਨ।
ਸਾਥੀਓ,
ਆਧੁਨਿਕ ਵਿਕਾਸ ਦੀ ਤੇਜ਼ ਰਫ਼ਤਾਰ ਦੇ ਨਾਲ ਹੀ ਗ਼ਰੀਬ ਕਲਿਆਣ ਦਾ ਭੀ ਤੇਜ਼ ਰਫ਼ਤਾਰ ਦਾ ਭਾਰਤੀ ਮਾਡਲ ਅੱਜ ਪੂਰੀ ਦੂਨੀਆ ਦੇਖ ਰਹੀ ਹੈ, ਉਸ ਦੀ ਸਰਾਹਨਾ ਕਰ ਰਹੀ ਹੈ। ਆਪ ਸਭ ਨੇ ਦੇਖਿਆ ਹੈ, ਕੁਝ ਦਿਨ ਪਹਿਲਾਂ G-20 ਸੰਮੇਲਨ ਦੇ ਦੌਰਾਨ ਬੜੇ-ਬੜੇ ਦੇਸ਼ਾਂ ਦੇ ਰਾਸ਼ਟਰ-ਅਧਿਅਕਸ਼(ਰਾਸ਼ਟਰ-ਮੁਖੀ) ਦਿੱਲੀ ਆਏ ਸਨ। ਇਹ ਸਭ ਭਾਰਤ ਦੇ ਵਿਕਾਸ ਅਤੇ ਗ਼ਰੀਬ ਕਲਿਆਣ ਦੇ ਪ੍ਰਯਾਸਾਂ ਤੋਂ ਪ੍ਰਭਾਵਿਤ ਹੋ ਕੇ ਗਏ ਹਨ। ਅੱਜ ਦੁਨੀਆ ਦੀਆਂ ਬੜੀਆਂ-ਬੜੀਆਂ ਸੰਸਥਾਵਾਂ ਭਾਰਤ ਦੀ ਸਫ਼ਲਤਾ ਤੋਂ ਸਿੱਖਣ ਦੀ ਬਾਤ ਕਰ ਰਹੀਆਂ ਹਨ। ਐਸਾ ਇਸ ਲਈ, ਕਿਉਂਕਿ ਅੱਜ ਵਿਕਾਸ ਵਿੱਚ ਦੇਸ਼ ਦੇ ਹਰ ਰਾਜ ਨੂੰ, ਹਰ ਇਲਾਕੇ ਨੂੰ ਬਰਾਬਰ ਪ੍ਰਾਥਮਿਕਤਾ ਮਿਲ ਰਹੀ ਹੈ। ਅਤੇ ਜਿਹਾ ਉਪ ਮੁੱਖ ਮੰਤਰੀ ਜੀ ਨੇ ਕਿਹਾ ਸਾਨੂੰ ਮਿਲ ਕੇ ਦੇਸ਼ ਨੂੰ ਅੱਗੇ ਵਧਾਉਣਾ ਹੈ। ਛੱਤੀਸਗੜ੍ਹ ਅਤੇ ਰਾਏਗੜ੍ਹ ਦਾ ਇਹ ਇਲਾਕਾ ਭੀ ਇਸ ਦਾ ਗਵਾਹ ਹੈ। ਮੈਂ ਆਪ ਸਭ ਨੂੰ ਇਨ੍ਹਾਂ ਵਿਕਾਸ ਕਾਰਜਾਂ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਮੇਰੇ ਪਰਿਵਾਰਜਨੋਂ,
ਛੱਤੀਸਗੜ੍ਹ ਸਾਡੇ ਲਈ ਦੇਸ਼ ਦੇ ਵਿਕਾਸ ਦੇ ਪਾਵਰ ਹਾਊਸ ਦੀ ਤਰ੍ਹਾਂ ਹੈ। ਅਤੇ ਦੇਸ਼ ਨੂੰ ਭੀ ਅੱਗੇ ਵਧਣ ਦੀ ਊਰਜਾ ਤਦੇ ਮਿਲੇਗੀ, ਜਦੋਂ ਉਸ ਦੇ ਪਾਵਰ ਹਾਊਸ ਆਪਣੀ ਪੂਰੀ ਤਾਕਤ ਨਾਲ ਕੰਮ ਕਰਨਗੇ। ਇਸੇ ਸੋਚ ਦੇ ਨਾਲ ਬੀਤੇ 9 ਵਰ੍ਹਿਆਂ ਵਿੱਚ ਅਸੀਂ ਛੱਤੀਸਗੜ੍ਹ ਦੇ ਬਹੁਮੁਖੀ ਵਿਕਾਸ ਦੇ ਲਈ ਨਿਰੰਤਰ ਕੰਮ ਕੀਤਾ ਹੈ। ਉਸ ਵਿਜ਼ਨ ਦਾ, ਉਨ੍ਹਾਂ ਨੀਤੀਆਂ ਦਾ ਪਰਿਣਾਮ ਅੱਜ ਸਾਨੂੰ ਇੱਥੇ ਦਿਖ ਰਿਹਾ ਹੈ। ਅੱਜ ਛੱਤੀਸਗੜ੍ਹ ਵਿੱਚ ਕੇਂਦਰ ਸਰਕਾਰ ਦੁਆਰਾ ਹਰ ਖੇਤਰ ਵਿੱਚ ਬੜੀਆਂ ਯੋਜਨਾਵਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ, ਨਵੀਆਂ-ਨਵੀਆਂ ਪਰਿਯੋਜਨਾਵਾਂ ਦੀ ਨੀਂਹ ਰੱਖੀ ਜਾ ਰਹੀ ਹੈ। ਤੁਹਾਨੂੰ ਯਾਦ ਹੋਵੇਗਾ, ਹੁਣੇ ਜੁਲਾਈ ਦੇ ਮਹੀਨੇ ਵਿੱਚ ਹੀ ਮੈਂ ਵਿਕਾਸ ਪਰਿਯੋਜਨਾਵਾਂ ਦੇ ਲਈ ਰਾਏਪੁਰ ਆਇਆ ਸਾਂ। ਤਦ ਮੈਨੂੰ ਵਿਸ਼ਾਖਾਪੱਟਨਮ ਤੋਂ ਰਾਏਪੁਰ ਇਕਨੌਮਿਕ ਕੌਰੀਡੋਰ, ਅਤੇ ਰਾਏਪੁਰ ਤੋਂ ਧਨਬਾਦ ਇਕਨੌਮਿਕ ਕੌਰੀਡੋਰ ਜਿਹੀਆਂ ਪਰਿਯੋਜਨਾਵਾਂ ਦੇ ਨੀਂਹ ਪੱਥਰ ਰੱਖਣ ਦਾ ਸੁਭਾਗ ਮਿਲਿਆ ਸੀ। ਕਈ ਅਹਿਮ ਨੈਸ਼ਨਲ ਹਾਈਵੇਜ਼ ਦਾ ਉਪਹਾਰ ਭੀ ਤੁਹਾਡੇ ਰਾਜ ਨੂੰ ਮਿਲਿਆ ਸੀ। ਅਤੇ ਹੁਣ ਅੱਜ, ਛੱਤੀਸਗੜ੍ਹ ਦੇ ਰੇਲ ਨੈੱਟਵਰਕ ਦੇ ਵਿਕਾਸ ਦਾ ਇੱਕ ਨਵਾਂ ਅਧਿਆਇ ਲਿਖਿਆ ਜਾ ਰਿਹਾ ਹੈ। ਇਸ ਰੇਲ ਨੈੱਟਵਰਕ ਨਾਲ ਬਿਲਾਸਪੁਰ-ਮੁੰਬਈ ਰੇਲ ਲਾਈਨ ਦੇ ਝਾਰਸਗੁੜਾ ਬਿਲਾਸਪੁਰ ਸੈਕਸ਼ਨ ਦੀ ਵਿਅਸਤਤਾ ਘੱਟ ਹੋਵੇਗੀ। ਇਸੇ ਤਰ੍ਹਾਂ ਜੋ ਹੋਰ ਰੇਲ ਲਾਈਨਾਂ ਸ਼ੁਰੂ ਹੋ ਰਹੀਆਂ ਹਨ, ਰੇਲ ਕੌਰੀਡੋਰ ਬਣ ਰਹੇ ਹਨ, ਉਹ ਛੱਤੀਸਗੜ੍ਹ ਦੇ ਉਦਯੋਗਿਕ ਵਿਕਾਸ ਨੂੰ ਨਵੀਆਂ ਉਚਾਈਆਂ ਦੇਣਗੇ। ਜਦੋਂ ਇਨ੍ਹਾਂ ਰੂਟਸ ‘ਤੇ ਕੰਮ ਪੂਰਾ ਹੋਵੇਗਾ ਤਾਂ ਇਸ ਨਾਲ ਛੱਤੀਸਗੜ੍ਹ ਦੇ ਲੋਕਾਂ ਨੂੰ ਤਾਂ ਸੁਵਿਧਾ ਹੋਵੇਗੀ ਹੀ, ਨਾਲ ਹੀ ਇੱਥੇ ਰੋਜ਼ਗਾਰ ਅਤੇ ਆਮਦਨੀ ਦੇ ਨਵੇਂ-ਨਵੇਂ ਅਵਸਰ ਭੀ ਪੈਦਾ ਹੋਣਗੇ।
ਸਾਥੀਓ,
ਕੇਂਦਰ ਸਰਕਾਰ ਦੇ ਅੱਜ ਦੇ ਪ੍ਰਯਾਸਾਂ ਨਾਲ, ਦੇਸ਼ ਦੇ ਪਾਵਰ ਹਾਊਸ ਦੇ ਰੂਪ ਵਿੱਚ ਛੱਤੀਸਗੜ੍ਹ ਦੀ ਤਾਕਤ ਭੀ ਕਈ ਗੁਣਾ ਵਧਦੀ ਜਾ ਰਹੀ ਹੈ। ਕੋਲਫੀਲਡਸ ਤੋਂ ਪਾਵਰ ਪਲਾਂਟਸ ਤੱਕ ਕੋਲਾ ਪਹੁੰਚਾਉਣ ਵਿੱਚ ਲਾਗਤ ਭੀ ਘੱਟ ਹੋਵੇਗੀ ਅਤੇ ਸਮਾਂ ਭੀ ਘੱਟ ਲਗੇਗਾ। ਘੱਟ ਕੀਮਤ ‘ਤੇ ਜ਼ਿਆਦਾ ਤੋਂ ਜ਼ਿਆਦਾ ਬਿਜਲੀ ਬਣਾਉਣ ਦੇ ਲਈ ਸਰਕਾਰ ਪਿਟ ਹੈੱਡ Thermal Power Plant ਭੀ ਬਣਾ ਰਹੀ ਹੈ। ਤਲਾਈਪੱਲੀ ਖਦਾਨ ਨੂੰ ਜੋੜਨ ਦੇ ਲਈ 65 ਕਿਲੋਮੀਟਰ ਦੇ Merry Go Round ਪ੍ਰੋਜੈਕਟ ਦਾ ਭੀ ਉਦਘਾਟਨ ਹੋਇਆ ਹੈ। ਆਉਣ ਵਾਲੇ ਸਮੇਂ ਵਿੱਚ ਦੇਸ਼ ਵਿੱਚ ਐਸੇ ਪ੍ਰੋਜੈਕਟਸ ਦੀ ਸੰਖਿਆ ਹੋਰ ਵਧੇਗੀ, ਅਤੇ ਇਸ ਦਾ ਲਾਭ ਛੱਤੀਸਗੜ੍ਹ ਜਿਹੇ ਰਾਜਾਂ ਨੂੰ ਸਭ ਤੋਂ ਜ਼ਿਆਦਾ ਮਿਲੇਗਾ।
ਮੇਰੇ ਪਰਿਵਾਰਜਨੋਂ,
ਸਾਨੂੰ ਅੰਮ੍ਰਿਤਕਾਲ ਦੇ ਅਗਲੇ 25 ਵਰ੍ਹਿਆਂ ਵਿੱਚ ਆਪਣੇ ਦੇਸ਼ ਨੂੰ ਵਿਕਸਿਤ ਬਣਾਉਣਾ ਹੈ। ਇਹ ਕੰਮ ਤਦੇ ਪੂਰਾ ਹੋਵੇਗਾ, ਜਦੋਂ ਵਿਕਾਸ ਵਿੱਚ ਹਰ ਇੱਕ ਦੇਸ਼ਵਾਸੀ ਦੀ ਬਰਾਬਰ ਭਾਗੀਦਾਰੀ ਹੋਵੇਗੀ। ਸਾਨੂੰ ਦੇਸ਼ ਦੀ ਊਰਜਾ ਜ਼ਰੂਰਤਾਂ ਨੂੰ ਭੀ ਪੂਰਾ ਕਰਨਾ ਹੈ, ਅਤੇ ਆਪਣੇ ਵਾਤਾਵਰਣ ਦੀ ਭੀ ਚਿੰਤਾ ਕਰਨੀ ਹੈ। ਇਸੇ ਸੋਚ ਦੇ ਨਾਲ ਸੂਰਜਪੁਰ ਜ਼ਿਲ੍ਹੇ ਵਿੱਚ ਬੰਦ ਪਈ ਕੋਲਾ ਖਦਾਨ ਨੂੰ Eco-Tourism ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਹੈ। ਕੋਰਵਾ ਖੇਤਰ ਵਿੱਚ ਭੀ ਇਸੇ ਤਰਾਂ ਦੇ Eco-Park ਵਿਕਸਿਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਅੱਜ ਖਦਾਨਾਂ ਤੋਂ ਨਿਕਲੇ ਪਾਣੀ ਨਾਲ ਹਜ਼ਾਰਾਂ ਲੋਕਾਂ ਨੂੰ ਸਿੰਚਾਈ ਅਤੇ ਪੇਅਜਲ ਦੀ ਸੁਵਿਧਾ ਉਪਲਬਧ ਕਰਵਾਈ ਜਾ ਰਹੀ ਹੈ। ਇਨ੍ਹਾਂ ਸਾਰੇ ਪ੍ਰਯਾਸਾਂ ਦਾ ਸਿੱਧਾ ਲਾਭ ਇਸ ਖੇਤਰ ਦੇ ਜਨਜਾਤੀ ਸਮਾਜ ਦੇ ਲੋਕਾਂ ਨੂੰ ਹੋਵੇਗਾ।
ਸਾਥੀਓ,
ਸਾਡਾ ਸੰਕਲਪ ਹੈ ਕਿ ਅਸੀਂ ਜੰਗਲ-ਜ਼ਮੀਨ ਦੀ ਹਿਫਾਜ਼ਤ ਭੀ ਕਰਾਂਗੇ, ਅਤੇ ਵਣ ਸੰਪਦਾ ਨਾਲ ਖੁਸ਼ਹਾਲੀ ਦੇ ਨਵੇਂ ਰਸਤੇ ਭੀ ਖੋਲ੍ਹਾਂਗੇ। ਅੱਜ ਵਨਧਨ ਵਿਕਾਸ ਯੋਜਨਾ ਦਾ ਲਾਭ ਦੇਸ਼ ਦੇ ਲੱਖਾਂ ਆਦਿਵਾਸੀ ਨੌਜਵਾਨਾਂ ਨੂੰ ਹੋ ਰਿਹਾ ਹੈ। ਇਸ ਸਾਲ ਦੁਨੀਆ ਮਿਲਟ ਈਅਰ ਭੀ ਮਨਾ ਰਹੀ ਹੈ। ਤੁਸੀਂ ਕਲਪਨਾ ਕਰ ਸਕਦੇ ਹੋ, ਆਉਣ ਵਾਲੇ ਵਰ੍ਹਿਆਂ ਵਿੱਚ ਸਾਡੇ ਸ਼੍ਰੀਅੰਨ, ਸਾਡੇ ਮਿਲਟਸ ਕਿਤਨਾ ਬੜਾ ਬਜ਼ਾਰ ਤਿਆਰ ਕਰ ਸਕਦੇ ਹਨ। ਯਾਨੀ, ਅੱਜ ਇੱਕ ਤਰਫ਼ ਦੇਸ਼ ਦੀ ਜਨਜਾਤੀ ਪਰੰਪਰਾ ਨੂੰ ਨਵੀਂ ਪਹਿਚਾਣ ਮਿਲ ਰਹੀ ਹੈ, ਤਾਂ ਦੂਸਰੀ ਤਰਫ਼ ਪ੍ਰਗਤੀ ਦੇ ਨਵੇਂ ਰਸਤੇ ਵੀ ਖੁੱਲ੍ਹ ਰਹੇ ਹਨ।
ਮੇਰੇ ਪਰਿਵਾਰਜਨੋਂ,
ਅੱਜ ਇੱਥੇ ਸਿਕਲ ਸੈੱਲ ਅਨੀਮੀਆ ਦੇ ਜੋ ਕੌਂਸਲਿੰਗ ਕਾਰਡਸ ਵੰਡੇ ਗਏ ਹਨ, ਉਹ ਵੀ ਵਿਸ਼ੇਸ਼ ਕਰਕੇ ਜਨਜਾਤੀ ਸਮਾਜ ਦੇ ਲਈ ਇੱਕ ਬਹੁਤ ਬੜਾ ਸੇਵਾ ਦਾ ਕੰਮ ਹੈ। ਸਿਕਲ ਸੈੱਲ ਅਨੀਮੀਆ ਤੋਂ ਸਭ ਤੋਂ ਜ਼ਿਆਦਾ ਸਾਡੇ ਆਦਿਵਾਸੀ ਭਾਈ-ਭੈਣ ਹੀ ਪ੍ਰਭਾਵਿਤ ਹੁੰਦੇ ਹਨ। ਅਸੀਂ ਸਭ ਮਿਲ ਕੇ ਸਹੀ ਜਾਣਕਾਰੀ ਦੇ ਨਾਲ ਇਸ ਬਿਮਾਰੀ ਨੂੰ ਨਿਯੰਤ੍ਰਿਤ ਕਰ ਸਕਦੇ ਹਾਂ। ਸਾਨੂੰ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਸੰਕਲਪ ਨਾਲ ਅੱਗੇ ਵਧਣਾ ਹੈ। ਮੈਨੂੰ ਵਿਸ਼ਵਾਸ ਹੈ, ਛੱਤੀਸਗੜ੍ਹ ਦੀ ਵਿਕਾਸ ਯਾਤਰਾ ਵਿੱਚ ਭਾਰਤ ਸਰਕਾਰ ਨੇ ਜੋ ਕਦਮ ਉਠਾਏ ਹਨ, ਉਹ ਸਾਰੇ ਕਦਮ ਛੱਤੀਸਗੜ੍ਹ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਲੈ ਜਾਣਗੇ। ਇਸੇ ਸੰਕਲਪ ਦੇ ਨਾਲ, ਆਪ ਸਭ ਦਾ ਮੈਂ ਹਿਰਦੇ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਅਗਲੇ ਕਾਰਜਕ੍ਰਮ ਵਿੱਚ, ਮੈਂ ਕੁਝ ਬਾਤਾਂ ਵਿਸਤਾਰ ਨਾਲ ਦੱਸਾਂਗਾ। ਅੱਜ ਇਸ ਕਾਰਜਕ੍ਰਮ ਦੇ ਲਈ ਇਤਨਾ ਹੀ। ਬਹੁਤ-ਬਹੁਤ ਧੰਨਵਾਦ!