ਨਮਸਕਾਰ, ਤੇਲੰਗਾਨਾ ਦੀ ਰਾਜਪਾਲ ਡਾ. ਤਮਿਲਿਸੈ ਸੌਂਦਰਰਾਜਨ ਜੀ, ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਜੀ, ਕੇਂਦਰੀ ਟੂਰਿਜ਼ਮ ਮੰਤਰੀ ਜੀ. ਕਿਸ਼ਨ ਰੈੱਡੀ ਜੀ, ਤੇਲੰਗਾਨਾ ਦੇ ਮੰਤਰੀ ਮੁਹੰਮਦ ਮਹਿਮੂਦ ਅਲੀ ਗਾਰੂ, ਟੀ. ਸ਼੍ਰੀਨਿਵਾਸ ਯਾਦਵ, ਸੰਸਦ ਵਿੱਚ ਮੇਰੇ ਸਾਥੀ, ਮੇਰੇ ਮਿੱਤਰ ਬੰਡੀ ਸੰਜੈ ਗਾਰੂ, ਕੇ. ਲਕਸ਼ਮਣ ਗਾਰੂ, ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ।
ਨਮਸਕਾਰਮ।
ਉਤਸਵਾਂ ਦੇ ਇਸ ਮਾਹੌਲ ਵਿੱਚ ਅੱਜ ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ ਨੂੰ ਇੱਕ ਸ਼ਾਨਦਾਰ ਉਪਹਾਰ ਮਿਲ ਰਿਹਾ ਹੈ। ਵੰਦੇ ਭਾਰਤ ਐਕਸਪ੍ਰੈੱਸ, ਇੱਕ ਤਰ੍ਹਾਂ ਨਾਲ ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ ਦੇ ਸਾਂਝੇ ਸੱਭਿਆਚਾਰ ਅਤੇ ਸਾਂਝੀ ਵਿਰਾਸਤ ਨੂੰ ਜੋੜਨ ਵਾਲੀ ਹੈ। ਮੈਂ ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ ਦੇ ਲੋਕਾਂ ਨੂੰ, ਵਿਸ਼ੇਸ਼ ਕਰਕੇ ਇਨ੍ਹਾਂ ਰਾਜਾਂ ਦੇ ਮੱਧ ਵਰਗ ਨੂੰ, ਨਿਮਨ ਮੱਧ ਵਰਗ ਨੂੰ, ਉੱਚ ਮੱਧ ਵਰਗ ਨੂੰ ਵੰਦੇ ਭਾਰਤ ਟ੍ਰੇਨ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਅੱਜ ਸੈਨਾ ਦਿਵਸ ਵੀ ਹੈ। ਹਰ ਭਾਰਤੀ ਨੂੰ ਆਪਣੀ ਸੈਨਾ 'ਤੇ ਗਰਵ (ਮਾਣ) ਹੈ। ਦੇਸ਼ ਦੀ ਰੱਖਿਆ ਵਿੱਚ, ਦੇਸ਼ ਦੀਆਂ ਸੀਮਾਵਾਂ ਦੀ ਰੱਖਿਆ ਵਿੱਚ ਭਾਰਤੀ ਸੈਨਾ ਦਾ ਯੋਗਦਾਨ, ਭਾਰਤੀ ਸੈਨਾ ਦਾ ਸ਼ੌਰਯ ਅਤੁਲਨੀਯ(ਬੇਮਿਸਾਲ) ਹੈ। ਮੈਂ ਸਾਰੇ ਸੈਨਿਕਾਂ ਨੂੰ, ਸਾਬਕਾ ਸੈਨਿਕਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਇਸ ਸਮੇਂ ਪੋਂਗਲ, ਮਾਘ ਬੀਹੂ, ਮਕਰ ਸੰਕ੍ਰਾਂਤੀ, ਉੱਤਰਾਯਣ ਪੁਰਬਾਂ (ਤਿਉਹਾਰਾਂ) ਦਾ ਵੀ ਉੱਲਾਸ ਚਾਰੇ ਤਰਫ਼ ਨਜ਼ਰ ਆ ਰਿਹਾ ਹੈ। ਜਿਵੇਂ ਦੇਸ਼ ਦੇ ਪ੍ਰਮੁੱਖ ਦਿਵਸ, ਪ੍ਰਮੁੱਖ ਪੁਰਬ ਅਸੇਤੂ ਹਿਮਾਚਲ, ਕਸ਼ਮੀਰ ਤੋਂ ਕੰਨਿਆਕੁਮਾਰੀ, ਅਟਕ ਤੋਂ ਕਟਕ ਦੇਸ਼ ਨੂੰ ਜੋੜਦੇ ਹਨ, ਸਾਨੂੰ ਜੋੜਦੇ ਹਨ। ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਸ਼ਾਨਦਾਰ ਤਸਵੀਰ ਸਾਡੇ ਮਨ ਮੰਦਿਰ ਵਿੱਚ ਪ੍ਰਸਤੁਤ ਕਰਦੇ ਹਨ, ਤਿਵੇਂ ਹੀ ਵੰਦੇ ਭਾਰਤ ਟ੍ਰੇਨ ਵੀ ਆਪਣੀ ਗਤੀ ਨਾਲ, ਆਪਣੀ ਯਾਤਰਾ ਨਾਲ ਜੋੜਨ ਦਾ, ਸਮਝਣ ਦਾ ਜਾਣਨ ਦਾ ਅਵਸਰ ਦਿੰਦੀ ਹੈ। ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਵੀ ਇੱਕ ਰਾਸ਼ਟਰ ਦੇ ਰੂਪ ਵਿੱਚ ਸਾਡੇ ਸਾਂਝੇ ਸੱਭਿਆਚਾਰ, ਸਾਡੀ ਆਸਥਾ ਨੂੰ ਜੋੜਦੀ ਹੈ। ਇਹ ਜੋ ਨਵੀਂ ਟ੍ਰੇਨ ਸ਼ੁਰੂ ਹੋਈ ਹੈ, ਇਹ ਹੈਦਰਾਬਾਦ, ਵਾਰੰਗਲ, ਵਿਜੈਵਾੜਾ ਅਤੇ ਵਿਸ਼ਾਖਾਪਟਨਮ ਜਿਹੇ ਸ਼ਹਿਰਾਂ ਨੂੰ ਜੋੜੇਗੀ। ਆਸਥਾ ਅਤੇ ਟੂਰਿਜ਼ਮ ਨਾਲ ਜੁੜੇ ਕਈ ਮਹੱਤਵਪੂਰਨ ਸਥਾਨ ਇਸ ਰੂਟ ਵਿੱਚ ਪੈਂਦੇ ਹਨ। ਇਸ ਲਈ ਵੰਦੇ ਭਾਰਤ ਐਕਸਪ੍ਰੈੱਸ ਨਾਲ ਸ਼ਰਧਾਲੂਆਂ ਅਤੇ ਟੂਰਿਸਟਾਂ ਨੂੰ ਵੀ ਬਹੁਤ ਲਾਭ ਹੋਵੇਗਾ। ਇਸ ਟ੍ਰੇਨ ਨਾਲ ਸਿਕੰਦਰਾਬਾਦ ਅਤੇ ਵਿਸ਼ਾਖਾਪਟਨਮ ਦੇ ਦਰਮਿਆਨ ਲਗਣ ਵਾਲਾ ਸਮਾਂ ਵੀ ਹੁਣ ਘੱਟ ਹੋ ਜਾਵੇਗਾ।
ਭਾਈਓ ਅਤੇ ਭੈਣੋਂ,
ਵੰਦੇ ਭਾਰਤ ਟ੍ਰੇਨ ਇਸ ਦੀ ਇੱਕ ਹੋਰ ਵਿਸ਼ੇਸ਼ਤਾ ਵੀ ਹੈ। ਇਹ ਟ੍ਰੇਨ, ਨਵੇਂ ਭਾਰਤ ਦੇ ਸੰਕਲਪਾਂ ਅਤੇ ਸਮਰੱਥਾ ਦਾ ਪ੍ਰਤੀਕ ਹੈ। ਇਹ ਉਸ ਭਾਰਤ ਦਾ ਪ੍ਰਤੀਕ ਹੈ, ਜੋ ਤੇਜ਼ ਬਦਲਾਅ ਦੇ ਰਸਤੇ 'ਤੇ ਚਲ ਪਿਆ ਹੈ। ਐਸਾ ਭਾਰਤ, ਜੋ ਆਪਣੇ ਸੁਪਨਿਆਂ, ਆਪਣੀਆਂ ਆਕਾਂਖਿਆਵਾਂ ਨੂੰ ਲੈ ਕੇ ਅਧੀਰ ਹੈ, ਹਰ ਹਿੰਦੁਸਤਾਨੀ ਅਧੀਰ ਹੈ। ਐਸਾ ਭਾਰਤ, ਜੋ ਤੇਜ਼ੀ ਨਾਲ ਚਲ ਕੇ ਆਪਣੇ ਲਕਸ਼ ਤੱਕ ਪਹੁੰਚਣਾ ਚਾਹੁੰਦਾ ਹੈ। ਇਹ ਵੰਦੇ ਭਾਰਤ ਐਕਸਪ੍ਰੈੱਸ, ਉਸ ਭਾਰਤ ਦਾ ਪ੍ਰਤੀਕ ਹੈ, ਜੋ ਸਭ ਕੁਝ ਸ੍ਰੇਸ਼ਠ ਚਾਹੁੰਦਾ ਹੈ, ਉੱਤਮ ਚਾਹੁੰਦਾ ਹੈ। ਇਹ ਵੰਦੇ ਭਾਰਤ ਐਕਸਪ੍ਰੈੱਸ, ਉਸ ਭਾਰਤ ਦਾ ਪ੍ਰਤੀਕ ਹੈ, ਜੋ ਆਪਣੇ ਹਰ ਨਾਗਰਿਕ ਨੂੰ ਬਿਹਤਰ ਸੁਵਿਧਾਵਾਂ ਦੇਣਾ ਚਾਹੁੰਦਾ ਹੈ। ਇਹ ਵੰਦੇ ਭਾਰਤ ਐਕਸਪ੍ਰੈੱਸ, ਉਸ ਭਾਰਤ ਦਾ ਪ੍ਰਤੀਕ ਹੈ, ਜੋ ਗ਼ੁਲਾਮੀ ਦੀ ਮਾਨਸਿਕਤਾ ਤੋਂ ਬਾਹਰ ਨਿਕਲ ਕੇ, ਆਤਮਨਿਰਭਰਤਾ ਦੀ ਤਰਫ਼ ਵਧ ਰਿਹਾ ਹੈ।
ਸਾਥੀਓ,
ਅੱਜ ਦੇਸ਼ ਵਿੱਚ ਵੰਦੇ ਭਾਰਤ ਨੂੰ ਲੈ ਕੇ ਜਿਸ ਤੇਜ਼ੀ ਨਾਲ ਕੰਮ ਹੋ ਰਿਹਾ ਹੈ, ਉਹ ਵੀ ਧਿਆਨ ਦੇਣ ਵਾਲੀ ਬਾਤ ਹੈ। ਇਹ ਸਿਕੰਦਰਾਬਾਦ-ਵਿਸ਼ਾਖਾਪਟਨਮ ਵੰਦੇ ਭਾਰਤ 2023 ਦੇ ਵਰ੍ਹੇ ਦੀ ਪਹਿਲੀ ਟ੍ਰੇਨ ਹੈ। ਅਤੇ ਤੁਹਾਨੂੰ ਖੁਸ਼ੀ ਹੋਵੇਗੀ ਸਾਡੇ ਦੇਸ਼ ਵਿੱਚ 15 ਦਿਨਾਂ ਦੇ ਅੰਦਰ ਇਹ ਦੂਸਰੀ ਵੰਦੇ ਭਾਰਤ ਟ੍ਰੇਨ ਦੌੜ ਰਹੀ ਹੈ। ਇਹ ਦਿਖਾਉਂਦਾ ਹੈ ਕਿ ਭਾਰਤ ਵਿੱਚ ਕਿਤਨੀ ਤੇਜ਼ੀ ਨਾਲ ਵੰਦੇ ਭਾਰਤ ਅਭਿਯਾਨ ਪਟੜੀਆਂ 'ਤੇ ਤੇਜ਼ ਗਤੀ ਨਾਲ ਦੌੜਦਾ ਹੋਇਆ ਜ਼ਮੀਨ ’ਤੇ ਬਦਲਾਅ ਨੂੰ ਮਹਿਸੂਸ ਕਰ ਰਿਹਾ ਹੈ। ਵੰਦੇ ਭਾਰਤ ਟ੍ਰੇਨ, ਭਾਰਤ ਵਿੱਚ ਹੀ ਡਿਜ਼ਾਈਨ ਹੋਈ ਅਤੇ ਭਾਰਤ ਵਿੱਚ ਹੀ ਬਣੀ ਦੇਸ਼ ਦੀ ਟ੍ਰੇਨ ਹੈ। ਇਸ ਦੀ ਰਫ਼ਤਾਰ ਦੇ ਕਿਤਨੇ ਹੀ ਵੀਡੀਓ, ਲੋਕਾਂ ਦੇ ਦਿਲੋ-ਦਿਮਾਗ਼ ਵਿੱਚ, ਸੋਸ਼ਲ ਮੀਡੀਆ ਵਿੱਚ ਵੀ ਪੂਰੀ ਤਰ੍ਹਾਂ ਛਾਏ ਹੋਏ ਹਨ। ਮੈਂ ਇੱਕ ਹੋਰ ਅੰਕੜਾ ਦੇਵਾਂਗਾ ਜੋ ਜ਼ਰੂਰ ਆਪ ਲੋਕਾਂ ਨੂੰ ਅੱਛਾ ਵੀ ਲਗੇਗਾ, ਦਿਲਚਸਪ ਹੋਵੇਗਾ। ਬੀਤੇ ਕੁਝ ਹੀ ਵਰ੍ਹਿਆਂ ਵਿੱਚ 7 ਵੰਦੇ ਭਾਰਤ ਟ੍ਰੇਨਾਂ ਨੇ ਕੁੱਲ ਮਿਲਾ ਕੇ 23 ਲੱਖ ਕਿਲੋਮੀਟਰ ਦਾ ਸਫ਼ਰ ਪੂਰਾ ਕੀਤਾ ਹੈ। ਇਹ ਪ੍ਰਿਥਵੀ ਦੇ 58 ਚੱਕਰ ਲਗਾਉਣ ਦੇ ਬਰਾਬਰ ਹੈ। ਇਨ੍ਹਾਂ ਟ੍ਰੇਨਾਂ ‘ਤੇ ਹੁਣ ਤੱਕ 40 ਲੱਖ ਤੋਂ ਅਧਿਕ ਯਾਤਰੀ ਯਾਤਰਾ ਕਰ ਚੁੱਕੇ ਹਨ। ਇਨ੍ਹਾਂ ਟ੍ਰੇਨਾਂ ਵਿੱਚ ਯਾਤਰਾ ਕਰਨ ਵਾਲੇ ਲੋਕਾਂ ਦਾ ਜੋ ਸਮਾਂ ਬਚਦਾ ਹੈ, ਉਹ ਵੀ ਅਨਮੋਲ ਹੈ।
ਭਾਈਓ ਅਤੇ ਭੈਣੋਂ,
ਕਨੈਕਟੀਵਿਟੀ ਦਾ ਸਪੀਡ ਨਾਲ ਅਤੇ ਇਨ੍ਹਾਂ ਦੋਹਾਂ ਦਾ, ਸਬਕਾ ਵਿਕਾਸ ਨਾਲ ਸਿੱਧਾ ਸਬੰਧ ਹੈ। ਕਨੈਕਟੀਵਿਟੀ ਨਾਲ ਜੁੜਿਆ ਇਨਫ੍ਰਾਸਟ੍ਰਕਚਰ ਦੋ ਜਗ੍ਹਾਂ ਨੂੰ ਹੀ ਨਹੀਂ ਜੋੜਦਾ, ਬਲਕਿ ਇਹ ਸੁਪਨਿਆਂ ਨੂੰ ਹਕੀਕਤ ਨਾਲ ਵੀ ਜੋੜਦਾ ਹੈ। ਇਹ ਮੈਨੂਫੈਕਚਰਿੰਗ ਨੂੰ ਮਾਰਕਿਟ ਨਾਲ ਜੋੜਦਾ ਹੈ, ਟੈਲੰਟ ਨੂੰ ਉਚਿਤ ਪਲੈਟਫਾਰਮ ਨਾਲ ਜੋੜਦਾ ਹੈ। ਕਨੈਕਟੀਵਿਟੀ ਆਪਣੇ ਨਾਲ ਵਿਕਾਸ ਦੀਆਂ ਸੰਭਾਵਨਾਵਾਂ ਦਾ ਵਿਸਤਾਰ ਕਰਦੀ ਹੈ। ਯਾਨੀ ਜਿੱਥੇ ਗਤੀ ਹੈ, ਜਿੱਥੇ –ਜਿੱਥੇ ਗਤੀ ਹੈ, ਉੱਥੇ ਪ੍ਰਗਤੀ ਹੈ ਅਤੇ ਜਦੋਂ ਪ੍ਰਗਤੀ ਹੁੰਦੀ ਹੈ, ਤਾਂ ਸਮ੍ਰਿੱਧੀ ਤੈਅ ਹੈ। ਅਸੀਂ ਉਹ ਸਮਾਂ ਵੀ ਦੇਖਿਆ ਹੈ ਜਦੋਂ ਸਾਡੇ ਇੱਥੇ ਵਿਕਾਸ ਅਤੇ ਆਧੁਨਿਕ ਕਨੈਕਟੀਵਿਟੀ ਦਾ ਲਾਭ ਬਹੁਤ ਹੀ ਘੱਟ ਲੋਕਾਂ ਨੂੰ ਮਿਲਦਾ ਸੀ। ਇਸ ਨਾਲ ਦੇਸ਼ ਵਿੱਚ ਇੱਕ ਬਹੁਤ ਬੜੀ ਆਬਾਦੀ ਦਾ ਸਮਾਂ ਸਿਰਫ਼ ਆਉਣ-ਜਾਣ ਵਿੱਚ, ਟ੍ਰਾਂਸਪੋਰਟ ਵਿੱਚ ਹੀ ਖਰਚ ਹੁੰਦਾ ਸੀ। ਇਸ ਨਾਲ ਦੇਸ਼ ਦੇ ਸਾਧਾਰਣ ਨਾਗਰਿਕ ਦਾ, ਦੇਸ਼ ਦੇ ਮੱਧ ਵਰਗ ਦਾ ਬਹੁਤ ਨੁਕਸਾਨ ਹੁੰਦਾ ਸੀ। ਅੱਜ ਭਾਰਤ ਉਸ ਪੁਰਾਣੀ ਸੋਚ ਨੂੰ ਪਿੱਛੇ ਰੱਖ ਕੇ ਅੱਗੇ ਵਧ ਰਿਹਾ ਹੈ। ਅੱਜ ਦੇ ਭਾਰਤ ਵਿੱਚ ਸਭ ਨੂੰ ਗਤੀ ਅਤੇ ਪ੍ਰਗਤੀ ਨਾਲ ਜੋੜਨ ਦੇ ਲਈ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਵੰਦੇ ਭਾਰਤ ਟ੍ਰੇਨ ਇਸ ਦਾ ਇੱਕ ਬਹੁਤ ਬੜਾ ਸਬੂਤ ਹੈ, ਪ੍ਰਤੀਕ ਹੈ।
ਸਾਥੀਓ,
ਜਦੋਂ ਇੱਛਾ ਸ਼ਕਤੀ ਹੁੰਦੀ ਹੈ, ਤਾਂ ਬੜੇ ਤੋਂ ਬੜੇ ਮੁਸ਼ਕਿਲ ਲਕਸ਼ਾਂ ਨੂੰ ਵੀ ਪਾਇਆ ਜਾ ਸਕਦਾ ਹੈ। ਅਸੀਂ ਦੇਖਿਆ ਹੈ ਕਿ 8 ਵਰ੍ਹੇ ਪਹਿਲਾਂ ਤੱਕ ਕਿਸ ਪ੍ਰਕਾਰ ਭਾਰਤੀ ਰੇਲ ਨੂੰ ਲੈ ਕੇ ਨਿਰਾਸ਼ਾ ਹੀ ਦੇਖਣ-ਸੁਣਨ ਨੂੰ ਮਿਲਦੀ ਸੀ। ਸੁਸਤ ਰਫ਼ਤਾਰ, ਗੰਦਗੀ ਦਾ ਅੰਬਾਰ, ਟਿਕਟ ਬੁਕਿੰਗ ਨਾਲ ਜੁੜੀਆਂ ਸ਼ਿਕਾਇਤਾਂ, ਆਏ ਦਿਨ ਹੁੰਦੀਆਂ ਦੁਰਘਟਨਾਵਾਂ, ਦੇਸ਼ ਦੇ ਲੋਕਾਂ ਨੇ ਮੰਨ ਲਿਆ ਸੀ ਕਿ ਭਾਰਤੀ ਰੇਲ ਵਿੱਚ ਸੁਧਾਰ ਅਸੰਭਵ ਹੈ। ਜਦੋਂ ਵੀ ਰੇਲਵੇ ਵਿੱਚ ਨਵੇਂ ਇਨਫ੍ਰਾਸਟ੍ਰਕਚਰ ਦੀਆਂ ਗੱਲਾਂ ਹੁੰਦੀਆਂ ਸਨ, ਤਾਂ ਬਜਟ ਦੇ ਅਭਾਵ ਦਾ ਬਹਾਨਾ ਬਣਾਇਆ ਜਾਂਦਾ ਸੀ, ਨੁਕਸਾਨ ਦੀਆਂ ਬਾਤਾਂ ਹੁੰਦੀਆਂ ਸਨ।
ਲੇਕਿਨ ਸਾਥੀਓ,
ਸਾਫ ਨੀਅਤ ਨਾਲ, ਇਮਾਨਦਾਰ ਨੀਅਤ ਨਾਲ, ਅਸੀਂ ਇਸ ਚੁਣੌਤੀ ਦੇ ਵੀ ਸਮਾਧਾਨ ਦਾ ਨਿਰਣਾ ਕੀਤਾ। ਬੀਤੇ 8 ਵਰ੍ਹਿਆਂ ਵਿੱਚ ਭਾਰਤੀ ਰੇਲ ਦੇ ਟ੍ਰਾਂਸਫਾਰਮੇਸ਼ਨ ਦੇ ਪਿੱਛੇ ਵੀ ਇਹੀ ਮੰਤਰ ਹੈ। ਅੱਜ ਭਾਰਤੀ ਰੇਲ ਵਿੱਚ ਯਾਤਰਾ ਕਰਨਾ ਇੱਕ ਸੁਖਦ ਅਨੁਭਵ ਬਣ ਰਿਹਾ ਹੈ। ਦੇਸ਼ ਦੇ ਕਈ ਰੇਲਵੇ ਸਟੇਸ਼ਨ ਐਸੇ ਹਨ, ਜਿੱਥੇ ਹੁਣ ਆਧੁਨਿਕ ਹੁੰਦੇ ਭਾਰਤ ਦੀ ਤਸਵੀਰ ਨਜ਼ਰ ਆਉਂਦੀ ਹੈ। ਬੀਤੇ 7-8 ਵਰ੍ਹਿਆਂ ਵਿੱਚ ਜੋ ਕੰਮ ਸਾਡੀ ਸਰਕਾਰ ਨੇ ਸ਼ੁਰੂ ਕੀਤੇ ਹਨ, ਉਹ ਅਗਲੇ 7-8 ਸਾਲ ਵਿੱਚ ਭਾਰਤੀ ਰੇਲਵੇ ਦਾ ਕਾਇਆਕਲਪ ਕਰਨ ਜਾ ਰਹੇ ਹਨ। ਅੱਜ ਟੂਰਿਜ਼ਮ ਨੂੰ ਪ੍ਰਮੋਟ ਕਰਨ ਦੇ ਲਈ ਵਿਸਟਾਡੋਮ ਕੋਚ ਹਨ, ਹੈਰੀਟੇਜ ਟ੍ਰੇਨਾਂ ਹਨ। ਕਿਸਾਨਾਂ ਦੀ ਉਪਜ ਨੂੰ ਦੂਰ-ਸੁਦੂਰ ਦੇ ਮਾਰਕਿਟ ਤੱਕ ਪਹੁੰਚਾਉਣ ਦੇ ਲਈ ਕਿਸਾਨ ਰੇਲ ਚਲਾਈ ਗਈ। ਮਾਲਗੱਡੀਆਂ ਦੇ ਲਈ ਸਪੈਸ਼ਲ ਫ੍ਰੇਟ ਕੌਰੀਡੋਰ 'ਤੇ ਕੰਮ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਦੇਸ਼ ਦੇ ਸ਼ਹਿਰਾਂ ਵਿੱਚ ਪਬਲਿਕ ਟ੍ਰਾਂਸਪੋਰਟ ਨੂੰ ਬਿਹਤਰ ਬਣਾਉਣ ਦੇ ਲਈ 2 ਦਰਜਨ ਤੋਂ ਅਧਿਕ ਨਵੇਂ ਸ਼ਹਿਰਾਂ ਵਿੱਚ ਮੈਟਰੋ ਨੈੱਟਵਰਕ ਦਾ ਵਿਸਤਾਰ ਹੋ ਰਿਹਾ ਹੈ। ਰੀਜਨਲ ਰੈਪਿਡ ਟ੍ਰਾਂਜ਼ਿਟ ਸਿਸਟਮ ਜਿਹੇ ਫਿਊਚਰਿਸਟਿਕ ਸਿਸਟਮ 'ਤੇ ਵੀ ਦੇਸ਼ ਵਿੱਚ ਤੇਜ਼ੀ ਨਾਲ ਕੰਮ ਚਲ ਰਿਹਾ ਹੈ।
ਭਾਈਓ ਅਤੇ ਭੈਣੋਂ,
ਤੇਲੰਗਾਨਾ ਵਿੱਚ ਤਾਂ ਬੀਤੇ 8 ਵਰ੍ਹਿਆਂ ਵਿੱਚ ਰੇਲਵੇ ਨੂੰ ਲੈ ਕੇ ਅਭੂਤਪੂਰਵ ਕੰਮ ਹੋਇਆ ਹੈ। 2014 ਤੋਂ ਪਹਿਲਾਂ ਦੇ 8 ਵਰ੍ਹਿਆਂ ਵਿੱਚ ਤੇਲੰਗਾਨਾ ਵਿੱਚ ਰੇਲਵੇ ਦੇ ਲਈ 250 ਕਰੋੜ ਰੁਪਏ ਤੋਂ ਵੀ ਘੱਟ ਦਾ ਬਜਟ ਸੀ। ਜਦਕਿ ਅੱਜ ਇਹ ਬਜਟ ਵਧ ਕੇ 3 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਚੁੱਕਿਆ ਹੈ। ਮੇਡਕ ਜਿਹੇ ਤੇਲੰਗਾਨਾ ਦੇ ਅਨੇਕ ਖੇਤਰ ਪਹਿਲੀ ਵਾਰ ਰੇਲ ਸੇਵਾ ਨਾਲ ਜੁੜੇ ਹਨ। 2014 ਤੋਂ ਪਹਿਲਾਂ ਦੇ 8 ਵਰ੍ਹਿਆਂ ਵਿੱਚ ਤੇਲੰਗਾਨਾ ਵਿੱਚ ਸਵਾ ਸੌ ਕਿਲੋਮੀਟਰ ਤੋਂ ਵੀ ਘੱਟ ਨਵੀਆਂ ਰੇਲ ਲਾਈਨਾਂ ਬਣੀਆਂ ਸਨ। ਜਦਕਿ ਪਿਛਲੇ 8 ਵਰ੍ਹਿਆਂ ਵਿੱਚ ਅਸੀਂ ਤੇਲੰਗਾਨਾ ਵਿੱਚ ਕਰੀਬ-ਕਰੀਬ ਸਵਾ ਤਿੰਨ ਸੌ ਕਿਲੋਮੀਟਰ ਨਵੀਂ ਰੇਲ ਲਾਈਨਾਂ ਕੰਪਲੀਟ ਕੀਤੀਆਂ ਹਨ। ਬੀਤੇ 8 ਵਰ੍ਹਿਆਂ ਵਿੱਚ ਤੇਲੰਗਾਨਾ ਵਿੱਚ ਸਵਾ ਦੋ ਸੌ ਤੋਂ ਜ਼ਿਆਦਾ ਕਿਲੋਮੀਟਰ ‘ਟ੍ਰੈਕ ਮਲਟੀ ਟ੍ਰੈਕਿੰਗ’ ਦਾ ਕੰਮ ਵੀ ਕੀਤਾ ਗਿਆ ਹੈ। ਇਸ ਦੌਰਾਨ ਤੇਲੰਗਾਨਾ ਵਿੱਚ ਰੇਲਵੇ ਟ੍ਰੈਕਾਂ ਦਾ ਬਿਜਲੀਕਰਣ 3 ਗੁਣਾ ਤੋਂ ਵੀ ਜ਼ਿਆਦਾ ਹੋਇਆ ਹੈ। ਬਹੁਤ ਹੀ ਜਲਦੀ ਅਸੀਂ ਤੇਲੰਗਾਨਾ ਵਿੱਚ ਸਾਰੇ ਬ੍ਰਾਡਗੇਜ਼ ਰੂਟਸ 'ਤੇ ਇਲੈਕਟ੍ਰੀਫਿਕੇਸ਼ਨ ਦਾ ਕੰਮ ਪੂਰਾ ਕਰਨ ਵਾਲੇ ਹਾਂ।
ਸਾਥੀਓ,
ਅੱਜ ਜੋ ਵੰਦੇਭਾਰਤ ਚਲ ਰਹੀ ਹੈ, ਉਹ ਇੱਕ ਛੋਰ (ਸਿਰੇ)ਤੋਂ ਆਂਧਰ ਪ੍ਰਦੇਸ਼ ਨਾਲ ਵੀ ਜੁੜੀ ਹੈ। ਆਂਧਰ ਪ੍ਰਦੇਸ਼ ਵਿੱਚ ਰੇਲ ਨੈੱਟਵਰਕ ਨੂੰ ਮਜ਼ਬੂਤ ਕਰਨ ਦੇ ਲਈ ਕੇਂਦਰ ਸਰਕਾਰ ਨਿਰੰਤਰ ਕੰਮ ਕਰ ਰਹੀ ਹੈ। 2014 ਤੋਂ ਪਹਿਲਾਂ ਦੇ ਮੁਕਾਬਲੇ ਅੱਜ ਆਂਧਰ ਪ੍ਰਦੇਸ਼ ਵਿੱਚ ਕਈ ਗੁਣਾ ਤੇਜ਼ੀ ਨਾਲ ਨਵੀਆਂ ਰੇਲ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ। ਬੀਤੇ ਵਰ੍ਹਿਆਂ ਵਿੱਚ ਆਂਧਰ ਪ੍ਰਦੇਸ਼ ਵਿੱਚ ਸਾਢੇ ਤਿੰਨ ਸੌ ਕਿਲੋਮੀਟਰ ਨਵੀਂ ਰੇਲ ਲਾਈਨ ਬਣਾਉਣ ਅਤੇ ਲਗਭਗ 800 ਕਿਲੋਮੀਟਰ ਮਲਟੀ-ਟ੍ਰੈਕਿੰਗ ਦਾ ਕੰਮ ਪੂਰਾ ਕੀਤਾ ਗਿਆ ਹੈ। ਪਹਿਲਾਂ ਦੀ ਸਰਕਾਰ ਦੇ ਸਮੇਂ ਆਂਧਰ ਪ੍ਰਦੇਸ਼ ਵਿੱਚ ਸਲਾਨਾ 60 ਕਿਲੋਮੀਟਰ ਰੇਲਵੇ ਟ੍ਰੈਕ ਦਾ ਇਲੈਕਟ੍ਰੀਫਿਕੇਸ਼ਨ ਹੁੰਦਾ ਸੀ। ਹੁਣ ਇਹ ਰਫ਼ਤਾਰ ਵੀ ਵਧ ਕੇ ਸਲਾਨਾ 220 ਕਿਲੋਮੀਟਰ ਤੋਂ ਜ਼ਿਆਦਾ ਹੋ ਗਈ ਹੈ। ਲੋਕਾਂ ਦੇ ਲਈ ਕੇਂਦਰ ਸਰਕਾਰ ਦੇ ਇਹ ਪ੍ਰਯਾਸ, Ease of Living ਦੀ ਉੱਤਰੋੱਤਰ ਵਧਾ ਰਹੇ ਹਨ ਅਤੇ Ease of Doing Business ਵਿੱਚ ਵੀ ਵਾਧਾ ਹੁੰਦਾ ਹੈ। ਗਤੀ ਅਤੇ ਪ੍ਰਗਤੀ ਦਾ ਇਹ ਸਿਲਸਿਲਾ ਐਸੇ ਹੀ ਚਲਦਾ ਰਹੇਗਾ। ਇਸੇ ਵਿਸ਼ਵਾਸ ਦੇ ਨਾਲ ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ ਨੂੰ ਵੰਦੇਭਾਰਤ ਐਕਸਪ੍ਰੈੱਸ ਟ੍ਰੇਨ ਦੀ ਫਿਰ ਇੱਕ ਵਾਰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਯਾਤਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ!