



ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਪੀਐੱਮ ਵਿਸ਼ਵਕਰਮਾ ਕੌਸ਼ਲ ਸਨਮਾਨ’ ਵਿਸ਼ੇ ‘ਤੇ ਇੱਕ ਬਜਟ ਉਪਰੰਤ ਵੈਬੀਨਾਰ ਨੂੰ ਸੰਬੋਧਨ ਕੀਤਾ। ਇਹ ਕੇਂਦਰੀ ਬਜਟ 2023 ਵਿੱਚ ਐਲਾਨੀਆਂ ਪਹਿਲਕਦਮੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵਿਚਾਰਾਂ ਅਤੇ ਸੁਝਾਵਾਂ ਦੀ ਮੰਗ ਕਰਨ ਲਈ ਸਰਕਾਰ ਵਲੋਂ ਆਯੋਜਿਤ 12 ਬਜਟ ਉਪਰੰਤ ਵੈਬੀਨਾਰਾਂ ਦੀ ਇੱਕ ਲੜੀ ਦਾ ਆਖਰੀ ਵੈਬੀਨਾਰ ਹੈ।
ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਤਿੰਨ ਵਰ੍ਹਿਆਂ ਤੋਂ ਹਿਤਧਾਰਕਾਂ ਨਾਲ ਬਜਟ ਉਪਰੰਤ ਗੱਲਬਾਤ ਦੀ ਪਰੰਪਰਾ ਉੱਭਰ ਕੇ ਸਾਹਮਣੇ ਆਈ ਹੈ। ਉਨ੍ਹਾਂ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ ਕਿ ਸਾਰੇ ਹਿਤਧਾਰਕਾਂ ਨੇ ਇਨ੍ਹਾਂ ਵਿਚਾਰ-ਵਟਾਂਦਰਿਆਂ ਵਿੱਚ ਲਾਭਕਾਰੀ ਤੌਰ 'ਤੇ ਹਿੱਸਾ ਲਿਆ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਬਜਟ ਬਣਾਉਣ ਬਾਰੇ ਚਰਚਾ ਕਰਨ ਦੀ ਬਜਾਏ, ਹਿਤਧਾਰਕਾਂ ਨੇ ਬਜਟ ਦੀਆਂ ਵਿਵਸਥਾਵਾਂ ਨੂੰ ਲਾਗੂ ਕਰਨ ਦੇ ਵਧੀਆ ਸੰਭਵ ਤਰੀਕਿਆਂ 'ਤੇ ਚਰਚਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਬਜਟ ਉਪਰੰਤ ਵੈਬੀਨਾਰਾਂ ਦੀ ਲੜੀ ਇੱਕ ਨਵਾਂ ਅਧਿਆਏ ਹੈ, ਜਿੱਥੇ ਸੰਸਦ ਮੈਂਬਰਾਂ ਵਲੋਂ ਸੰਸਦ ਦੇ ਅੰਦਰ ਦਾ ਵਿਚਾਰ-ਵਟਾਂਦਰਾ ਸਾਰੇ ਹਿਤਧਾਰਕਾਂ ਵਲੋਂ ਕੀਤਾ ਜਾਂਦਾ ਹੈ, ਜਿੱਥੇ ਉਨ੍ਹਾਂ ਤੋਂ ਕੀਮਤੀ ਸੁਝਾਅ ਪ੍ਰਾਪਤ ਕਰਨਾ ਬਹੁਤ ਲਾਭਦਾਇਕ ਅਭਿਆਸ ਬਣਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਵੈਬੀਨਾਰ ਕਰੋੜਾਂ ਭਾਰਤੀਆਂ ਦੇ ਹੁਨਰ ਅਤੇ ਮਹਾਰਤ ਨੂੰ ਸਮਰਪਿਤ ਹੈ। ਸਕਿੱਲ ਇੰਡੀਆ ਮਿਸ਼ਨ ਅਤੇ ਕੌਸ਼ਲ ਰੋਜ਼ਗਾਰ ਕੇਂਦਰ ਰਾਹੀਂ ਕਰੋੜਾਂ ਨੌਜਵਾਨਾਂ ਨੂੰ ਕੁਸ਼ਲ ਬਣਾਉਣ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇੱਕ ਖਾਸ ਅਤੇ ਨਿਸ਼ਾਨਾਬੱਧ ਪਹੁੰਚ ਦੀ ਲੋੜ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀਐੱਮ ਵਿਸ਼ਵਕਰਮਾ ਕੌਸ਼ਲ ਸਨਮਾਨ ਯੋਜਨਾ ਜਾਂ ਪੀਐੱਮ ਵਿਸ਼ਵਕਰਮਾ, ਇਸੇ ਸੋਚ ਦਾ ਨਤੀਜਾ ਹੈ। ਇਸ ਯੋਜਨਾ ਦੀ ਜ਼ਰੂਰਤ ਅਤੇ 'ਵਿਸ਼ਵਕਰਮਾ' ਨਾਮ ਦੇ ਤਰਕ ਦੀ ਵਿਆਖਿਆ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤੀ ਲੋਕਾਚਾਰ ਵਿੱਚ ਭਗਵਾਨ ਵਿਸ਼ਵਕਰਮਾ ਦੇ ਉੱਚੇ ਦਰਜੇ ਅਤੇ ਉਨ੍ਹਾਂ ਲੋਕਾਂ ਲਈ ਸਨਮਾਨ ਦੀ ਇੱਕ ਸਮ੍ਰਿੱਧ ਪਰੰਪਰਾ ਬਾਰੇ ਬਾਤ ਕੀਤੀ, ਜੋ ਆਪਣੇ ਹੱਥੀਂ ਉਪਕਰਣਾਂ ਨਾਲ ਕੰਮ ਕਰਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਖੇਤਰਾਂ ਦੇ ਕਾਰੀਗਰਾਂ ਵੱਲ ਜਦੋਂ ਦਾ ਕੁਝ ਧਿਆਨ ਦਿੱਤਾ ਜਾਣ ਲੱਗਾ ਹੈ, ਕਾਰੀਗਰਾਂ ਦੀਆਂ ਬਹੁਤ ਸਾਰੀਆਂ ਸ਼੍ਰੇਣੀਆਂ ਜਿਵੇਂ ਕਿ ਤਰਖਾਣ, ਲੌਹਾਰ, ਮੂਰਤੀਕਾਰ, ਰਾਜ ਮਿਸਤਰੀ ਅਤੇ ਹੋਰ ਬਹੁਤ ਸਾਰੇ ਜੋ ਸਮਾਜ ਦਾ ਇੱਕ ਅਨਿੱਖੜਵਾਂ ਅੰਗ ਹਨ, ਬਦਲਦੇ ਸਮੇਂ ਦੀਆਂ ਸਮਾਜ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਮੇਂ ਅਨੁਸਾਰ ਬਦਲ ਰਹੇ ਹਨ, ਜਿਨ੍ਹਾਂ ਨੂੰ ਪਹਿਲਾਂ ਨਜ਼ਰਅੰਦਾਜ਼ ਕੀਤਾ ਗਿਆ ਸੀ।
ਪ੍ਰਧਾਨ ਮੰਤਰੀ ਨੇ ਕਿਹਾ, “ਛੋਟੇ ਕਾਰੀਗਰ ਸਥਾਨਕ ਸ਼ਿਲਪਕਾਰੀ ਦੇ ਉਤਪਾਦਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਪੀਐੱਮ ਵਿਸ਼ਵਕਰਮਾ ਯੋਜਨਾ ਉਨ੍ਹਾਂ ਦੇ ਸਸ਼ਕਤੀਕਰਣ 'ਤੇ ਕੇਂਦ੍ਰਿਤ ਹੈ।" ਉਨ੍ਹਾਂ ਦੱਸਿਆ ਕਿ ਪੁਰਾਤਨ ਭਾਰਤ ਵਿੱਚ ਨਿਰਯਾਤ ਵਿੱਚ ਕੁਸ਼ਲ ਕਾਰੀਗਰ ਆਪਣੇ ਤਰੀਕੇ ਨਾਲ ਯੋਗਦਾਨ ਪਾਉਂਦੇ ਸਨ। ਉਨ੍ਹਾਂ ਅਫਸੋਸ ਜ਼ਾਹਰ ਕੀਤਾ ਕਿ ਇਸ ਕੁਸ਼ਲ ਕਰਮਚਾਰੀ ਨੂੰ ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਕੀਤਾ ਗਿਆ ਸੀ ਅਤੇ ਗੁਲਾਮੀ ਦੇ ਲੰਬੇ ਵਰ੍ਹਿਆਂ ਦੌਰਾਨ ਉਨ੍ਹਾਂ ਦੇ ਕੰਮ ਨੂੰ ਮਹੱਤਵਹੀਣ ਸਮਝਿਆ ਗਿਆ ਸੀ। ਪ੍ਰਧਾਨ ਮੰਤਰੀ ਨੇ ਧਿਆਨ ਦਿਵਾਇਆ ਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ ਵੀ ਉਨ੍ਹਾਂ ਦੀ ਬਿਹਤਰੀ ਲਈ ਕੰਮ ਕਰਨ ਲਈ ਸਰਕਾਰ ਵੱਲੋਂ ਕੋਈ ਪਹਿਲ ਨਹੀਂ ਕੀਤੀ ਗਈ ਅਤੇ ਨਤੀਜੇ ਵਜੋਂ, ਪਰਿਵਾਰਾਂ ਵਲੋਂ ਹੁਨਰ ਅਤੇ ਸ਼ਿਲਪਕਾਰੀ ਦੇ ਬਹੁਤ ਸਾਰੇ ਰਵਾਇਤੀ ਤਰੀਕਿਆਂ ਨੂੰ ਛੱਡ ਦਿੱਤਾ ਗਿਆ ਸੀ ਤਾਂ ਜੋ ਉਹ ਕਿਤੇ ਹੋਰ ਗੁਜਾਰਾ ਕਰ ਸਕਣ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਇਸ ਕਿਰਤੀ ਜਮਾਤ ਨੇ ਸਦੀਆਂ ਤੋਂ ਰਵਾਇਤੀ ਤਰੀਕਿਆਂ ਦੀ ਵਰਤੋ ਕਰਨ ਦੀ ਆਪਣੀ ਕਲਾ ਨੂੰ ਸੰਭਾਲਿਆ ਹੋਇਆ ਹੈ ਅਤੇ ਉਹ ਆਪਣੇ ਅਸਾਧਾਰਨ ਹੁਨਰ ਅਤੇ ਵਿਲੱਖਣ ਰਚਨਾਵਾਂ ਨਾਲ ਆਪਣੀ ਪਛਾਣ ਬਣਾ ਰਹੇ ਹਨ। ਉਨ੍ਹਾਂ ਕਿਹਾ, "ਹੁਨਰਮੰਦ ਕਾਰੀਗਰ ਆਤਮਨਿਰਭਰ ਭਾਰਤ ਦੀ ਅਸਲ ਭਾਵਨਾ ਦੇ ਪ੍ਰਤੀਕ ਹਨ ਅਤੇ ਸਾਡੀ ਸਰਕਾਰ ਅਜਿਹੇ ਲੋਕਾਂ ਨੂੰ ਨਵੇਂ ਭਾਰਤ ਦੇ ਵਿਸ਼ਵਕਰਮਾ ਮੰਨਦੀ ਹੈ।" ਉਨ੍ਹਾਂ ਦੱਸਿਆ ਕਿ ਪੀਐੱਮ ਵਿਸ਼ਵਕਰਮਾ ਕੌਸ਼ਲ ਸਨਮਾਨ ਯੋਜਨਾ ਵਿਸ਼ੇਸ਼ ਤੌਰ 'ਤੇ ਉਨ੍ਹਾਂ ਲਈ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਕੇਂਦਰ ਸਰਕਾਰ ਦਾ ਧਿਆਨ ਪਿੰਡਾਂ ਅਤੇ ਕਸਬਿਆਂ ਦੇ ਉਨ੍ਹਾਂ ਹੁਨਰਮੰਦ ਕਾਰੀਗਰਾਂ 'ਤੇ ਰਹਿੰਦਾ ਹੈ, ਜੋ ਆਪਣੇ ਹੱਥਾਂ ਨਾਲ ਕੰਮ ਕਰਕੇ ਰੋਜ਼ੀ-ਰੋਟੀ ਕਮਾਉਂਦੇ ਹਨ।
ਮਨੁੱਖ ਦੇ ਸਮਾਜਿਕ ਸੁਭਾਅ 'ਤੇ ਧਿਆਨ ਕੇਂਦਰਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਜਿਕ ਜੀਵਨ ਦੀਆਂ ਧਾਰਾਵਾਂ ਹਨ, ਜੋ ਸਮਾਜ ਦੀ ਹੋਂਦ ਅਤੇ ਪ੍ਰਫੁੱਲਤਾ ਲਈ ਜ਼ਰੂਰੀ ਹਨ। ਇਹ ਮਿਆਰ ਟੈਕਨੋਲੋਜੀ ਦੇ ਵਧ ਰਹੇ ਪ੍ਰਭਾਵ ਦੇ ਬਾਵਜੂਦ ਢੁਕਵੇਂ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪੀਐੱਮ ਵਿਸ਼ਵਕਰਮਾ ਯੋਜਨਾ ਅਜਿਹੇ ਖਿੰਡੇ ਹੋਏ ਕਾਰੀਗਰਾਂ 'ਤੇ ਕੇਂਦਰਿਤ ਹੈ।
ਗਾਂਧੀ ਜੀ ਦੇ ਗ੍ਰਾਮ ਸਵਰਾਜ ਦੇ ਸੰਕਲਪ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਖੇਤੀਬਾੜੀ ਦੇ ਨਾਲ-ਨਾਲ ਗ੍ਰਾਮੀਣ ਜੀਵਨ ਵਿੱਚ ਇਨ੍ਹਾਂ ਕਿੱਤਿਆਂ ਦੀ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ, "ਪਿੰਡ ਦੇ ਹਰ ਵਰਗ ਨੂੰ ਇਸ ਦੇ ਵਿਕਾਸ ਲਈ ਸਸ਼ਕਤ ਕੀਤਾ ਜਾਣਾ ਭਾਰਤ ਦੀ ਵਿਕਾਸ ਯਾਤਰਾ ਲਈ ਜ਼ਰੂਰੀ ਹੈ।"ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀਐੱਮ ਸਵਨਿਧੀ ਯੋਜਨਾ ਦੇ ਜ਼ਰੀਏ ਰੇਹੜੀ-ਫੜ੍ਹੀ ਵਿਕ੍ਰੇਤਾਵਾਂ ਨੂੰ ਲਾਭ ਦੇਣ ਵਾਂਗ ਪੀਐੱਮ ਵਿਸ਼ਵਕਰਮਾ ਯੋਜਨਾ ਕਾਰੀਗਰਾਂ ਨੂੰ ਲਾਭ ਦੇਵੇਗੀ।
ਪ੍ਰਧਾਨ ਮੰਤਰੀ ਨੇ ਵਿਸ਼ਵਕਰਮਾ ਦੀਆਂ ਜ਼ਰੂਰਤਾਂ ਅਨੁਸਾਰ ਹੁਨਰ ਢਾਂਚਾ ਪ੍ਰਣਾਲੀ ਨੂੰ ਪੁਨਰਗਠਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮੁਦਰਾ ਯੋਜਨਾ ਦੀ ਉਦਾਹਰਣ ਦਿੱਤੀ, ਜਿਸ ਵਿੱਚ ਸਰਕਾਰ ਬਿਨਾਂ ਕਿਸੇ ਬੈਂਕ ਗਾਰੰਟੀ ਦੇ ਕਰੋੜਾਂ ਰੁਪਏ ਦੇ ਕਰਜ਼ੇ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਨੇ ਧਿਆਨ ਦਿਵਾਇਆ ਕਿ ਇਹ ਸਕੀਮ ਸਾਡੇ ਵਿਸ਼ਵਕਰਮਾ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਉਣ ਲਈ ਹੈ ਅਤੇ ਉਨ੍ਹਾਂ ਵਿਸ਼ਵਕਰਮਾ ਸਾਥੀਆਂ ਨੂੰ ਪਹਿਲ ਦੇ ਅਧਾਰ 'ਤੇ ਡਿਜੀਟਲ ਸਾਖਰਤਾ ਮੁਹਿੰਮਾਂ ਦੀ ਜ਼ਰੂਰਤ ਦਾ ਵੀ ਜ਼ਿਕਰ ਕੀਤਾ।
ਹੱਥ ਨਾਲ ਬਣੇ ਉਤਪਾਦਾਂ ਦੇ ਲਗਾਤਾਰ ਆਕਰਸ਼ਣ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇਸ਼ ਦੇ ਹਰ ਵਿਸ਼ਵਕਰਮਾ ਨੂੰ ਸੰਪੂਰਨ ਸੰਸਥਾਗਤ ਸਹਾਇਤਾ ਪ੍ਰਦਾਨ ਕਰੇਗੀ। ਇਹ ਅਸਾਨ ਕਰਜ਼, ਹੁਨਰ, ਤਕਨੀਕੀ ਸਹਾਇਤਾ, ਡਿਜੀਟਲ ਸਸ਼ਕਤੀਕਰਣ, ਬ੍ਰਾਂਡ ਪ੍ਰਮੋਸ਼ਨ, ਮਾਰਕਿਟਿੰਗ ਅਤੇ ਕੱਚੇ ਮਾਲ ਨੂੰ ਯਕੀਨੀ ਬਣਾਏਗੀ। ਉਨ੍ਹਾਂ ਕਿਹਾ, “ਇਸ ਸਕੀਮ ਦਾ ਉਦੇਸ਼ ਪਰੰਪਰਾਗਤ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਆਪਣੀ ਸਮ੍ਰਿੱਧ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਵਿਕਸਿਤ ਕਰਨਾ ਹੈ।"
ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਦੇ ਵਿਸ਼ਵਕਰਮਾ ਨੂੰ ਕੱਲ੍ਹ ਦੇ ਉੱਦਮੀ ਬਣਾਉਣਾ ਸਾਡਾ ਉਦੇਸ਼ ਹੈ। ਇਸਦੇ ਲਈ, ਉਨ੍ਹਾਂ ਦੇ ਵਪਾਰਕ ਮਾਡਲ ਵਿੱਚ ਟਿਕਾਊਪਣ ਜ਼ਰੂਰੀ ਹੈ।" ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਗ੍ਰਾਹਕਾਂ ਦੀਆਂ ਜ਼ਰੂਰਤਾਂ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਕਿਉਂਕਿ ਸਰਕਾਰ ਨਾ ਸਿਰਫ਼ ਸਥਾਨਕ ਬਜ਼ਾਰ 'ਤੇ ਆਪਣੀ ਨਜ਼ਰ ਰੱਖ ਰਹੀ ਹੈ, ਬਲਕਿ ਵਿਸ਼ਵ ਬਜ਼ਾਰ ਨੂੰ ਵੀ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਸਾਰੇ ਹਿਤਧਾਰਕਾਂ ਨੂੰ ਵਿਸ਼ਵਕਰਮਾ ਸਾਥੀਆਂ ਦਾ ਹੱਥ ਪਕੜਨ, ਉਨ੍ਹਾਂ ਵਿੱਚ ਜਾਗਰੂਕਤਾ ਵਧਾਉਣ ਅਤੇ ਅੱਗੇ ਵਧਣ ਵਿੱਚ ਸਹਾਇਤਾ ਕਰਨ ਦੀ ਬੇਨਤੀ ਕੀਤੀ। ਇਸ ਦੇ ਲਈ ਤੁਹਾਨੂੰ ਜ਼ਮੀਨੀ ਪੱਧਰ 'ਤੇ ਉਤਰਨਾ ਪਵੇਗਾ, ਤੁਹਾਨੂੰ ਇਨ੍ਹਾਂ ਵਿਸ਼ਵਕਰਮਾ ਸਾਥੀਆਂ ਵਿਚਕਾਰ ਜਾਣਾ ਪਵੇਗਾ।
ਪ੍ਰਧਾਨ ਮੰਤਰੀ ਨੇ ਚਾਨਣਾ ਪਾਇਆ ਕਿ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਉਦੋਂ ਸਸ਼ਕਤ ਕੀਤਾ ਜਾ ਸਕਦਾ ਹੈ, ਜਦੋਂ ਉਹ ਵੈਲਿਊ ਚੇਨ ਦਾ ਹਿੱਸਾ ਬਣਦੇ ਹਨ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਸਾਡੇ ਐੱਮਐੱਸਐੱਮਈ ਸੈਕਟਰ ਲਈ ਸਪਲਾਇਰ ਅਤੇ ਉਤਪਾਦਕ ਬਣ ਸਕਦੇ ਹਨ। ਇਹ ਜ਼ਿਕਰ ਕਰਦੇ ਹੋਏ ਕਿ ਉਪਕਰਣਾਂ ਅਤੇ ਟੈਕਨੋਲੌਜੀ ਦੀ ਮਦਦ ਨਾਲ ਉਨ੍ਹਾਂ ਨੂੰ ਆਰਥਿਕਤਾ ਦਾ ਮਹੱਤਵਪੂਰਨ ਹਿੱਸਾ ਬਣਾਇਆ ਜਾ ਸਕਦਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਦਯੋਗ ਇਨ੍ਹਾਂ ਲੋਕਾਂ ਨੂੰ ਜ਼ਰੂਰਤਾਂ ਨਾਲ ਜੋੜ ਕੇ ਉਤਪਾਦਨ ਵਧਾ ਸਕਦਾ ਹੈ, ਜਿੱਥੇ ਹੁਨਰ ਅਤੇ ਗੁਣਵੱਤਾ ਦੀ ਸਿਖਲਾਈ ਪ੍ਰਦਾਨ ਕੀਤੀ ਜਾ ਸਕਦੀ ਹੈ। ਪ੍ਰਧਾਨ ਮੰਤਰੀ ਨੇ ਸਰਕਾਰਾਂ ਦੇ ਦਰਮਿਆਨ ਬਿਹਤਰ ਤਾਲਮੇਲ 'ਤੇ ਜ਼ੋਰ ਦਿੱਤਾ, ਜੋ ਬੈਂਕਾਂ ਵਲੋਂ ਪ੍ਰੋਜੈਕਟਾਂ ਦੇ ਵਿੱਤ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ, “ਇਹ ਹਰ ਹਿਤਧਾਰਕ ਲਈ ਜਿੱਤ ਦੀ ਸਥਿਤੀ ਹੋ ਸਕਦੀ ਹੈ। ਕਾਰਪੋਰੇਟ ਕੰਪਨੀਆਂ ਨੂੰ ਪ੍ਰਤੀਯੋਗੀ ਕੀਮਤਾਂ 'ਤੇ ਗੁਣਵੱਤਾ ਵਾਲੇ ਉਤਪਾਦ ਮਿਲਣਗੇ। ਬੈਂਕਾਂ ਦਾ ਪੈਸਾ ਉਨ੍ਹਾਂ ਯੋਜਨਾਵਾਂ ਵਿੱਚ ਲਗਾਇਆ ਜਾਵੇਗਾ ਜਿਨ੍ਹਾਂ 'ਤੇ ਭਰੋਸਾ ਕੀਤਾ ਜਾ ਸਕੇ ਅਤੇ ਇਹ ਸਰਕਾਰ ਦੀਆਂ ਯੋਜਨਾਵਾਂ ਦੇ ਵਿਆਪਕ ਪ੍ਰਭਾਵ ਨੂੰ ਦਰਸਾਏਗਾ।" ਉਨ੍ਹਾਂ ਇਹ ਵੀ ਉਜਾਗਰ ਕੀਤਾ ਕਿ ਸਟਾਰਟਅੱਪ ਈ-ਕਾੱਮਰਸ ਮਾਡਲ ਦੇ ਮਾਧਿਅਮ ਨਾਲ ਸ਼ਿਲਪਕਾਰੀ ਉਤਪਾਦਾਂ ਲਈ ਇੱਕ ਵਿਸ਼ਾਲ ਮਾਰਕਿਟ ਵੀ ਤਿਆਰ ਕਰ ਸਕਦੇ ਹਨ ਅਤੇ ਬਿਹਤਰ ਤਕਨੀਕ, ਡਿਜ਼ਾਈਨ, ਪੈਕੇਜਿੰਗ ਅਤੇ ਵਿੱਤ ਦੇ ਨਾਲ ਉਨ੍ਹਾਂ ਦੀ ਮਦਦ ਕਰ ਸਕਦੇ ਹਨ। ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਪੀਐੱਮ-ਵਿਸ਼ਵਕਰਮਾ ਦੇ ਜ਼ਰੀਏ ਪ੍ਰਾਈਵੇਟ ਸੈਕਟਰ ਦੇ ਨਾਲ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਤਾਕਿ ਪ੍ਰਾਈਵੇਟ ਸੈਕਟਰ ਦੀ ਇਨੋਵੇਸ਼ਨ ਸ਼ਕਤੀ ਅਤੇ ਕਾਰੋਬਾਰੀ ਸੂਝ-ਬੂਝ ਨੂੰ ਵੱਧ ਤੋਂ ਵੱਧ ਕੀਤਾ ਜਾ ਸਕੇ।
ਪ੍ਰਧਾਨ ਮੰਤਰੀ ਨੇ ਸਾਰੇ ਹਿਤਧਾਰਕਾਂ ਨੂੰ ਇੱਕ ਮਜ਼ਬੂਤ ਠੋਸ ਖਾਕੇ ਤਿਆਰ ਕਰਨ ਦੀ ਬੇਨਤੀ ਕਰਕੇ ਸਮਾਪਤੀ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਦੇ ਲੋਕਾਂ ਤੱਕ ਪਹੁੰਚਣ ਲਈ ਯਤਨਸ਼ੀਲ ਹੈ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਪਹਿਲੀ ਵਾਰ ਸਰਕਾਰੀ ਸਕੀਮਾਂ ਦਾ ਲਾਭ ਪ੍ਰਾਪਤ ਕਰ ਰਹੇ ਹਨ। ਜ਼ਿਆਦਾਤਰ ਕਾਰੀਗਰ ਦਲਿਤ, ਆਦਿਵਾਸੀ, ਪਿਛੜੇ ਭਾਈਚਾਰੇ ਜਾਂ ਮਹਿਲਾਵਾਂ ਹਨ ਅਤੇ ਉਨ੍ਹਾਂ ਤੱਕ ਪਹੁੰਚਣ ਅਤੇ ਉਨ੍ਹਾਂ ਤੱਕ ਲਾਭ ਪਹੁੰਚਾਉਣ ਲਈ ਇੱਕ ਵਿਹਾਰਕ ਰਣਨੀਤੀ ਦੀ ਜ਼ਰੂਰਤ ਹੋਵੇਗੀ। ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ, "ਇਸ ਦੇ ਲਈ ਸਾਨੂੰ ਸਮਾਂਬੱਧ ਮਿਸ਼ਨ ਮੋਡ ਵਿੱਚ ਕੰਮ ਕਰਨਾ ਪਵੇਗਾ।"