ਰਾਜਸਥਾਨ ਦੇ ਰਾਜਪਾਲ ਸ਼੍ਰੀਮਾਨ ਕਲਰਾਜ ਮਿਸ਼ਰ ਜੀ, ਕੇਂਦਰੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਜੀ ਤੋਮਰ, ਹੋਰ ਸਾਰੇ ਮੰਤਰੀਗਣ, ਸੰਸਦ ਵਿੱਚ ਮੇਰੇ ਸਾਥੀ ਗਣ, ਵਿਧਾਇਕ ਗਣ ਅਤੇ ਹੋਰ ਸਾਰੇ ਮਹਾਨੁਭਾਵ, ਅਤੇ ਅੱਜ ਇਸ ਕਾਰਜਕ੍ਰਮ ਵਿੱਚ ਦੇਸ਼ ਦੇ ਲੱਖਾਂ ਸਥਾਨਾਂ ‘ਤੇ ਕਰੋੜਾਂ ਕਿਸਾਨ ਸਾਡੇ ਨਾਲ ਜੁੜੇ ਹਨ। ਮੈਂ ਰਾਜਸਥਾਨ ਦੀ ਧਰਤੀ ਤੋਂ ਦੇਸ਼ ਦੇ ਉਨ੍ਹਾਂ ਕਰੋੜਾਂ ਕਿਸਾਨਾਂ ਨੂੰ ਵੀ ਨਮਨ ਕਰਦਾ ਹਾਂ। ਅਤੇ ਰਾਜਸਥਾਨ ਦੇ ਮੇਰੇ ਪਿਆਰੇ ਭਾਈ-ਭੈਣ ਵੀ ਅੱਜ ਇਸ ਮਹੱਤਵਪੂਰਨ ਕਾਰਜਕ੍ਰਮ ਦੀ ਸ਼ੋਭਾ ਵਧਾ ਰਹੇ ਹਨ।
ਖਾਟੂ ਸ਼ਿਆਮ ਜੀ (खाटू श्याम जी) ਦੀ ਇਹ ਧਰਤੀ ਦੇਸ਼ ਭਰ ਦੇ ਸ਼ਰਧਾਲੂਆਂ ਨੂੰ ਭਰੋਸਾ ਦਿੰਦੀ ਹੈ, ਇੱਕ ਉਮੀਦ ਦਿੰਦੀ ਹੈ। ਮੇਰਾ ਸੁਭਾਗ ਹੈ ਕਿ ਅੱਜ ਮੈਨੂੰ ਵੀਰਾਂ ਦੀ ਭੂਮੀ ਸ਼ੇਖਾਵਾਟੀ ਤੋਂ, ਦੇਸ਼ ਦੇ ਲਈ ਅਨੇਕ ਵਿਕਾਸ ਪਰਿਯੋਜਨਾਵਾਂ ਨੂੰ ਸ਼ੁਰੂ ਕਰਨ ਦਾ ਅਵਸਰ ਮਿਲਿਆ ਹੈ। ਅੱਜ ਇੱਥੋਂ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਪੀਐੱਮ ਕਿਸਾਨ ਸਨਮਾਨ ਨਿਧੀ ਦੇ ਲਗਭਗ 18 ਹਜ਼ਾਰ ਕਰੋੜ ਰੁਪਏ ਭੇਜੇ ਗਏ ਹਨ। ਸਿੱਧੇ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਹੋਏ ਹਨ।
ਅੱਜ ਦੇਸ਼ ਵਿੱਚ ਸਵਾ ਲੱਖ ਪੀਐੱਮ ਕਿਸਾਨ ਸਮ੍ਰਿੱਧੀ ਕੇਂਦਰਾਂ ਦੀ ਸ਼ੁਰੂਆਤ ਕੀਤੀ ਗਈ ਹੈ। ਪਿੰਡ ਅਤੇ ਬਲਾਕ ਲੈਵਲ ‘ਤੇ ਬਣੇ ਇਨ੍ਹਾਂ ਪੀਐੱਮ ਕਿਸਾਨ ਸਮ੍ਰਿੱਧੀ ਕੇਂਦਰਾਂ ਨਾਲ ਕਰੋੜਾਂ ਕਿਸਾਨਾਂ ਨੂੰ ਸਿੱਧਾ ਲਾਭ ਹੋਵੇਗਾ। ਅੱਜ ਡੇਢ ਹਜ਼ਾਰ ਤੋਂ ਜ਼ਿਆਦਾ FPO ਦੇ ਲਈ, ਸਾਡੇ ਕਿਸਾਨਾਂ ਦੇ ਲਈ ‘ਓਪਨ ਨੈੱਟਵਰਕ ਫੌਰ ਡਿਜੀਟਲ ਕਮਰਸ’ ਯਾਨੀ ONDC ਦਾ ਲੋਕਅਰਪਣ ਵੀ ਹੋਇਆ ਹੈ। ਇਸ ਨਾਲ ਦੇਸ਼ ਦੇ ਕਿਸੇ ਵੀ ਕੋਣੇ ਵਿੱਚ ਬੈਠੇ ਕਿਸਾਨ ਲਈ ਆਪਣੀ ਉਪਜ ਬਜ਼ਾਰ ਤੱਕ ਪੰਹੁਚਾਉਣਾ ਹੋਰ ਅਸਾਨ ਹੋ ਜਾਵੇਗਾ।
ਅੱਜ ਹੀ ਦੇਸ਼ ਦੇ ਕਿਸਾਨਾਂ ਦੇ ਲਈ ਇੱਕ ਨਵਾਂ ‘ਯੂਰੀਆ ਗੋਲਡ’ ਵੀ ਸ਼ੁਰੂ ਕੀਤਾ ਗਿਆ ਹੈ। ਇਨ੍ਹਾਂ ਦੇ ਇਲਾਵਾ ਰਾਜਸਥਾਨ ਦੇ ਅਲੱਗ-ਅਲੱਗ ਸ਼ਹਿਰਾਂ ਨੂੰ ਨਵੇਂ ਮੈਡੀਕਲ ਕਾਲਜ ਅਤੇ ਏਕਲਵਯ ਮਾਡਲ ਸਕੂਲ ਦਾ ਉਪਹਾਰ ਵੀ ਮਿਲਿਆ ਹੈ। ਮੈਂ ਦੇਸ਼ ਦੇ ਲੋਕਾਂ ਨੂੰ, ਰਾਜਸਥਾਨ ਦੇ ਲੋਕਾਂ ਨੂੰ ਅਤੇ ਖਾਸ ਕਰਕੇ ਮੇਰੇ ਕਿਸਾਨ ਭਾਈ-ਭੈਣਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ, ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਰਾਜਸਥਾਨ ਵਿੱਚ ਸੀਕਰ ਅਤੇ ਸ਼ੇਖਾਵਾਟੀ ਦਾ ਇਹ ਹਿੱਸਾ ਇੱਕ ਪ੍ਰਕਾਰ ਨਾਲ ਕਿਸਾਨਾਂ ਦਾ ਗੜ੍ਹ ਹੈ। ਇੱਥੋਂ ਦੇ ਕਿਸਾਨਾਂ ਨੇ ਹਮੇਸ਼ਾ ਇਹ ਸਾਬਤ ਕੀਤਾ ਹੈ ਕਿ ਉਨ੍ਹਾਂ ਦੀ ਮਿਹਨਤ ਦੇ ਅੱਗੇ ਕੁਝ ਵੀ ਮੁਸ਼ਕਿਲ ਨਹੀਂ ਹੈ। ਪਾਣੀ ਦੀ ਕਮੀ ਦੇ ਬਾਵਜੂਦ ਇੱਥੇ ਕਿਸਾਨਾਂ ਨੇ ਧਰਤੀ ਤੋਂ ਭਰਪੂਰ ਫਸਲ ਲੈ ਕੇ ਦਿਖਾਈ ਹੈ। ਕਿਸਾਨ ਦੀ ਸਮਰੱਥਾ, ਕਿਸਾਨ ਦੀ ਮਿਹਨਤ, ਮਿੱਟੀ ਤੋਂ ਵੀ ਸੋਨਾ ਕੱਢ ਦਿੰਦੀ ਹੈ। ਅਤੇ ਇਸ ਲਈ ਸਾਡੀ ਸਰਕਾਰ ਦੇਸ਼ ਦੇ ਕਿਸਾਨ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੀ ਹੈ।
ਸਾਥੀਓ,
ਆਜ਼ਾਦੀ ਦੇ ਇਤਨੇ ਦਹਾਕੇ ਬਾਅਦ ਅੱਜ ਦੇਸ਼ ਵਿੱਚ ਐਸੀ ਸਰਕਾਰ ਆਈ ਹੈ ਜੋ ਕਿਸਾਨ ਦਾ ਦੁਖ-ਦਰਦ ਸਮਝਦੀ ਹੈ, ਕਿਸਾਨ ਦੀ ਚਿੰਤਾ ਸਮਝਦੀ ਹੈ। ਇਸ ਲਈ ਬੀਤੇ ਨੌਂ ਵਰ੍ਹਿਆਂ ਵਿੱਚ ਭਾਰਤ ਸਰਕਾਰ ਦੁਆਰਾ ਲਗਾਤਾਰ ਕਿਸਾਨ ਹਿਤ ਵਿੱਚ ਫ਼ੈਸਲੇ ਲਏ ਗਏ ਹਨ। ਅਸੀਂ ਬੀਜ ਤੋਂ ਬਜ਼ਾਰ ਤੱਕ ਕਿਸਾਨਾਂ ਦੇ ਲਈ ਨਵੀਆਂ ਵਿਵਸਥਾਵਾਂ ਦਾ ਨਿਰਮਾਣ ਕੀਤਾ ਹੈ । ਮੈਨੂੰ ਯਾਦ ਹੈ , ਇੱਥੇ ਰਾਜਸਥਾਨ ਦੇ ਸੂਰਤਗੜ੍ਹ ਤੋਂ ਹੀ ਅਸੀਂ 2015 ਵਿੱਚ ਸੌਇਲ ਹੈਲਥ ਕਾਰਡ (ਭੂਮੀ ਸਿਹਤ ਕਾਰਡ) ਯੋਜਨਾ ਸ਼ੁਰੂ ਕੀਤੀ ਸੀ। ਇਸ ਯੋਜਨਾ ਦੇ ਮਾਧਿਅਮ ਨਾਲ ਅਸੀਂ ਦੇਸ਼ ਦੇ ਕਿਸਾਨਾਂ ਨੂੰ ਕਰੋੜਾਂ ਸੌਇਲ ਹੈਲਥ ਕਾਰਡ ਦਿੱਤੇ। ਇਨ੍ਹਾਂ ਕਾਰਡਾਂ ਦੀ ਵਜ੍ਹਾ ਨਾਲ ਅੱਜ ਕਿਸਾਨਾਂ ਨੂੰ ਮਿੱਟੀ ਦੀ ਸਿਹਤ ਬਾਰੇ ਪਤਾ ਚਲ ਰਿਹਾ ਹੈ, ਉਹ ਉਸੇ ਹਿਸਾਬ ਨਾਲ ਖਾਦ ਦਾ ਇਸਤੇਮਾਲ ਕਰ ਰਹੇ ਹਨ।
ਮੈਨੂੰ ਖੁਸ਼ੀ ਹੈ ਕਿ ਅੱਜ ਫਿਰ ਰਾਜਸਥਾਨ ਦੀ ਧਰਤੀ ਤੋਂ ਕਿਸਾਨਾਂ ਦੇ ਲਈ ਇੱਕ ਹੋਰ ਬੜੀ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਅੱਜ ਦੇਸ਼ ਭਰ ਵਿੱਚ ਸਵਾ ਲੱਖ ਤੋਂ ਜ਼ਿਆਦਾ ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰ ਰਾਸ਼ਟਰ ਨੂੰ ਸਮਰਪਿਤ ਕੀਤੇ ਗਏ ਹਨ। ਇਹ ਸਾਰੇ ਕੇਂਦਰ ਸੱਚੇ ਅਰਥਾਂ ਵਿੱਚ ਕਿਸਾਨਾਂ ਦੀ ਸਮ੍ਰਿੱਧੀ ਦਾ ਮਾਰਗ ਪੱਧਰਾ ਕਰਨਗੇ। ਇਹ ਇੱਕ ਤਰ੍ਹਾਂ ਨਾਲ ਕਿਸਾਨਾਂ ਲਈ ਵੰਨ ਸਟੌਪ ਸੈਂਟਰ ਹਨ।
ਆਪ (ਤੁਸੀਂ) ਕਿਸਾਨ ਭਾਈ-ਭੈਣਾਂ ਨੂੰ ਅਕਸਰ ਖੇਤੀ ਨਾਲ ਜੁੜੇ ਸਮਾਨ ਦੇ ਲਈ, ਦੂਸਰੀਆਂ ਜ਼ਰੂਰਤਾਂ ਦੇ ਲਈ ਅਲੱਗ-ਅਲੱਗ ਜਗ੍ਹਾਂ ‘ਤੇ ਜਾਣਾ ਪੈਂਦਾ ਹੈ। ਹੁਣ ਤੁਹਾਨੂੰ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਹੁਣ ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰ, ਕਿਸਾਨਾਂ ਨੂੰ ਉੱਥੋਂ ਬੀਜ ਵੀ ਮਿਲੇਗਾ ਅਤੇ ਖਾਦ ਵੀ ਮਿਲੇਗਾ। ਇਸ ਦੇ ਇਲਾਵਾ ਖੇਤੀ ਨਾਲ ਜੁੜੇ ਔਜ਼ਾਰਾਂ ਅਤੇ ਦੂਸਰੀਆਂ ਮਸ਼ੀਨਾਂ ਭੀ ਇਸ ਕੇਂਦਰ ‘ਤੇ ਮਿਲਿਆ ਕਰਨਗੀਆਂ। ਇਹ ਸੈਂਟਰ ਖੇਤੀ ਨਾਲ ਜੁੜੀ ਹਰ ਆਧੁਨਿਕ ਜਾਣਕਾਰੀ ਕਿਸਾਨਾਂ ਨੂੰ ਦੇਣਗੇ। ਮੈਂ ਦੇਖਿਆ ਹੈ ਕਿ ਮੇਰੇ ਕਿਸਾਨ ਭਾਈ-ਭੈਣਾਂ ਨੂੰ ਕਈ ਵਾਰ ਯੋਜਨਾ ਦੀ ਸਹੀ ਜਾਣਕਾਰੀ ਨਾ ਹੋਣ ਦੀ ਵਜ੍ਹਾ ਨਾਲ ਭੀ ਮੇਰੇ ਕਿਸਾਨ ਭਾਈ-ਭੈਣਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ। ਇਹ ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰ ਹੁਣ ਕਿਸਾਨਾਂ ਨੂੰ ਹਰ ਯੋਜਨਾ ਦੀ ਸਮੇਂ ’ਤੇ ਜਾਣਕਾਰੀ ਦਾ ਵੀ ਜ਼ਰੀਆ ਬਣਨਗੇ।
ਅਤੇ ਸਾਥੀਓ,
ਇਹ ਤਾਂ ਹਾਲੇ ਸ਼ੁਰੂਆਤ ਹੈ। ਅਤੇ ਮੈਂ ਮੇਰੇ ਕਿਸਾਨ ਭਾਈਆਂ ਨੂੰ ਆਗ੍ਰਹ (ਤਾਕੀਦ) ਕਰਦਾ ਹਾਂ ਤੁਸੀਂ ਵੀ ਇਹ ਆਦਤ ਪਾਓ, ਭਲੇ ਹੀ ਤੁਹਾਨੂੰ ਕਿਸਾਨੀ ਤੋਂ ਲੈ ਕੇ ਕੋਈ ਚੀਜ਼ ਖਰੀਦਣੀ ਨਹੀਂ ਹੈ, ਲੇਕਿਨ ਅਗਰ ਆਪ (ਤੁਸੀਂ) ਬਜ਼ਾਰ ਵਿੱਚ ਗਏ ਹੋ, ਉਸ ਨਗਰ ਵਿੱਚ ਅਗਰ ਕਿਸਾਨ ਸਮ੍ਰਿੱਧੀ ਕੇਂਦਰ ਹੈ, ਕੁਝ ਵੀ ਨਹੀਂ ਖਰੀਦਣਾ ਹੈ ਤਾਂ ਵੀ ਉੱਥੇ ਚੱਕਰ ਕੱਟੋ। ਕੀ ਚਲ ਰਿਹਾ ਹੈ ਜਰਾ ਦੇਖੋ। ਤੁਸੀਂ ਦੇਖਿਆ ਹੋਵੇਗਾ ਸਾਡੀਆਂ ਮਾਤਾਵਾਂ-ਭੈਣਾਂ ਸਬਜ਼ੀ ਲੈਣ ਜਾਂਦੀਆਂ ਹਨ ਲੇਕਿਨ ਅਗਰ ਕਿਤੇ ਸਾੜ੍ਹੀ ਦੀ ਦੁਕਾਨ ਦਿਖਾਈ ਦਿੱਤੀ, ਨਹੀਂ ਵੀ ਖਰੀਦਣਾ ਹੋਵੇਗਾ ਲੇਕਿਨ ਚੱਕਰ ਕੱਟਣਗੀਆਂ। ਨਵਾਂ ਕੀ ਆਇਆ ਹੈ, ਵੈਰਾਇਟੀ ਕਿਹੜੀ ਆਈ ਹੈ, ਜ਼ਰੂਰ ਦੇਖਣਗੀਆਂ। ਮੇਰੇ ਕਿਸਾਨ ਭਾਈ-ਭੈਣ ਵੀ ਇਸੇ ਤਰ੍ਹਾਂ ਹੀ ਥੋੜ੍ਹਾ ਜਿਹਾ ਸਮਾਂ ਕੱਢ ਕੇ ਆਦਤ ਪਾਉਣ ਕਿ ਜਦੋਂ ਵੀ ਗਏ ਹੋ ਨਗਰ ਵਿੱਚ ਅਤੇ ਉੱਥੇ ਕਿਸਾਨ ਸਮ੍ਰਿੱਧੀ ਕੇਂਦਰ ਹੈ, ਜ਼ਰੂਰ ਚੱਕਰ ਕੱਟਾਂਗੇ, ਹਰ ਵੈਰਾਇਟੀ ‘ਤੇ ਨਜ਼ਰ ਪਾਵਾਂਗੇ , ਕੀ ਨਵਾਂ ਆਇਆ ਹੈ ਕੀ ਨਹੀਂ , ਦੇਖਦੇ ਰਹਾਂਗੇ । ਤੁਸੀਂ ਦੇਖਿਓ , ਬਹੁਤ ਬੜਾ ਲਾਭ ਹੋਵੇਗਾ। ਸਾਥੀਓ, ਇਸ ਸਾਲ ਦੇ ਅੰਤ ਤੱਕ ਦੇਸ਼ ਵਿੱਚ ਪੌਣੇ ਦੋ ਲੱਖ ਤੋਂ ਜ਼ਿਆਦਾ ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰ ਹੋਰ ਬਣਾਏ ਜਾਣਗੇ ।
ਸਾਥੀਓ,
ਅੱਜ ਕੇਂਦਰ ਵਿੱਚ ਜੋ ਸਰਕਾਰ ਹੈ, ਉਹ ਕਿਸਾਨਾਂ ਦੇ ਖਰਚੇ ਘੱਟ ਕਰਨ ਦੇ ਲਈ, ਉਨ੍ਹਾਂ ਦੇ ਖਰਚਿਆਂ ਵਿੱਚ ਹੱਥ ਵੰਡਾਉਣ ਦੇ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਪੀਐੱਮ ਕਿਸਾਨ ਸਨਮਾਨ ਨਿਧੀ, ਦੁਨੀਆ ਦੀ ਸਭ ਤੋਂ ਬੜੀ ਯੋਜਨਾ ਹੈ ਜਿਸ ਵਿੱਚ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਪੈਸੇ ਟ੍ਰਾਂਸਫਰ ਕੀਤੇ ਜਾਂਦੇ ਹਨ। ਅੱਜ ਦੀ ਚੌਦ੍ਹਵੀਂ ਕਿਸ਼ਤ ਨੂੰ ਜੋੜ ਦੇਈਏ ਤਾਂ ਹੁਣ ਤੱਕ 2 ਲੱਖ 60 ਹਜ਼ਾਰ ਕਰੋੜ ਤੋਂ ਵੀ ਜ਼ਿਆਦਾ ਰੁਪਏ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਭੇਜੇ ਗਏ ਹਨ। ਇਨ੍ਹਾਂ ਪੈਸਿਆਂ ਨੇ ਛੋਟੇ-ਛੋਟੇ ਅਨੇਕ ਖਰਚ ਨਿਪਟਾਉਣ ਵਿੱਚ ਕਿਸਾਨਾਂ ਦੀ ਬੜੀ ਮਦਦ ਕੀਤੀ ਹੈ।
ਸਾਡੀ ਸਰਕਾਰ ਕਿਵੇਂ ਆਪਣੇ ਕਿਸਾਨ ਭਾਈਆਂ ਦੇ ਪੈਸੇ ਬਚਾ ਰਹੀ ਹੈ, ਇਸ ਦੀ ਇੱਕ ਉਦਾਹਰਣ ਯੂਰੀਆ ਦੀਆਂ ਕੀਮਤਾਂ ਭੀ ਹਨ। ਅਤੇ ਦੇਸ਼ ਭਰ ਦੇ ਕਿਸਾਨ ਮੈਨੂੰ ਸੁਣ ਰਹੇ ਹਨ, ਮੇਰੀ ਬਾਤ ਨੂੰ ਧਿਆਨ ਨਾਲ ਸੁਣੋ। ਆਪ (ਤੁਸੀਂ) ਜਾਣਦੇ ਹੋ ਕੋਰੋਨਾ ਦੀ ਕਿਤਨੀ ਬੜੀ ਭਿਅੰਕਰ ਮਹਾਮਾਰੀ ਆਈ, ਉਸ ਦੇ ਬਾਅਦ ਰੂਸ ਅਤੇ ਯੂਕ੍ਰੇਨ ਦਾ ਯੁੱਧ ਹੋ ਗਿਆ ਅਤੇ ਇਸ ਦੇ ਕਾਰਨ ਬਜ਼ਾਰ ਵਿੱਚ ਬਹੁਤ ਬੜੀ ਉਥਲ-ਪੁਥਲ ਹੋ ਗਈ। ਖਾਸ ਕਰਕੇ ਫਰਟੀਲਾਇਜ਼ਰ ਦੇ ਖੇਤਰ ਵਿੱਚ ਤਾਂ ਤੁਫਾਨ ਮਚ ਗਿਆ। ਲੇਕਿਨ ਇਸ ਦਾ ਅਸਰ ਸਾਡੀ ਸਰਕਾਰ ਨੇ ਕਿਸਾਨਾਂ ‘ਤੇ ਨਹੀਂ ਪੈਣ ਦਿੱਤਾ।
ਮੈਂ ਦੇਸ਼ ਦੇ ਆਪਣੇ ਹਰ ਕਿਸਾਨ ਭਾਈ-ਭੈਣ ਨੂੰ ਖਾਦ ਕੀਮਤਾਂ ਦੀ ਇਹ ਸਚਾਈ ਦੱਸਣਾ ਚਾਹੁੰਦਾ ਹਾਂ। ਅੱਜ ਭਾਰਤ ਵਿੱਚ ਯੂਰੀਆ ਦੀ ਜੋ ਬੋਰੀ ਅਸੀਂ ਕਿਸਾਨਾਂ ਨੂੰ ਦੋ ਸੌ ਛਿਆਹਠ ਰੁਪਏ ਵਿੱਚ ਦਿੰਦੇ ਹਾਂ ਉਤਨਾ ਹੀ ਯੂਰੀਆ ਸਾਡੇ ਪੜੌਸ ਵਿੱਚ ਪਾਕਿਸਤਾਨ ਦੇ ਕਿਸਾਨਾਂ ਨੂੰ ਕਰੀਬ-ਕਰੀਬ ਅੱਠ ਸੌ ਰੁਪਏ ਵਿੱਚ ਉਹ ਬੋਰਾ ਮਿਲਦਾ ਹੈ। ਅੱਜ ਭਾਰਤ ਵਿੱਚ ਯੂਰੀਆ ਦੀ ਜੋ ਬੋਰੀ ਅਸੀਂ ਕਿਸਾਨਾਂ ਨੂੰ ਦੋ ਸੌ ਛਿਆਹਠ ਰੁਪਏ ਵਿੱਚ ਦਿੰਦੇ ਹਾਂ ਉਤਨਾ ਹੀ ਯੂਰੀਆ ਬੰਗਲਾਦੇਸ਼ ਦੇ ਕਿਸਾਨਾਂ ਨੂੰ ਉੱਥੋਂ ਦੇ ਬਜ਼ਾਰ ਵਿੱਚ ਸੱਤ ਸੌ ਵੀਹ ਰੁਪਏ ਵਿੱਚ ਮਿਲਦਾ ਹੈ।
ਅੱਜ ਭਾਰਤ ਵਿੱਚ ਯੂਰੀਆ ਦੀ ਜੋ ਬੋਰੀ ਅਸੀਂ ਕਿਸਾਨਾਂ ਨੂੰ ਦੋ ਸੌ ਛਿਆਹਠ ਰੁਪਏ ਵਿੱਚ ਦਿੰਦੇ ਹਾਂ ਉਤਨੀ ਹੀ ਯੂਰੀਆ ਦੀ ਬੋਰੀ ਚੀਨ ਵਿੱਚ ਕਿਸਾਨਾਂ ਨੂੰ 2100 ਰੁਪਏ ਵਿੱਚ ਮਿਲਦੀ ਹੈ। ਅਤੇ ਆਪ (ਤੁਸੀਂ) ਜਾਣਦੇ ਹੋ, ਅਮਰੀਕਾ ਵਿੱਚ ਯੂਰੀਆ ਦੀ ਇਹੀ ਬੋਰੀ ਅੱਜਕੱਲ੍ਹ ਕਿਤਨੇ ਰੁਪਏ ਵਿੱਚ ਮਿਲ ਰਹੀ ਹੈ? ਯੂਰੀਆ ਦੀ ਜਿਸ ਬੋਰੀ ਦੇ ਲਈ ਤੁਸੀਂ ਤਿੰਨ ਸੌ ਰੁਪਏ ਤੋਂ ਵੀ ਘੱਟ ਦਿੰਦੇ ਹੋ ਉਸੇ ਬੋਰੀ ਦੇ ਲਈ ਅਮਰੀਕਾ ਦੇ ਕਿਸਾਨਾਂ ਨੂੰ ਤਿੰਨ ਹਜ਼ਾਰ ਰੁਪਏ ਤੋਂ ਜ਼ਿਆਦਾ ਖਰਚ ਕਰਨੇ ਪੈਂਦੇ ਹਨ। ਕਿੱਥੇ ਤਿੰਨ ਸੌ ਅਤੇ ਕਿੱਥੇ ਤਿੰਨ ਹਜ਼ਾਰ ।
ਸਾਡੀ ਸਰਕਾਰ, ਯੂਰੀਆ ਦੀਆਂ ਕੀਮਤਾਂ ਦੀ ਵਜ੍ਹਾ ਨਾਲ ਭਾਰਤ ਦੇ ਕਿਸਾਨਾਂ ਨੂੰ ਪਰੇਸ਼ਾਨੀ ਨਹੀਂ ਹੋਣ ਦੇਵੇਗੀ। ਅਤੇ ਇਸ ਸਚਾਈ ਨੂੰ ਦੇਸ਼ ਦਾ ਕਿਸਾਨ ਦੇਖ ਰਿਹਾ ਹੈ, ਹਰ ਦਿਨ ਅਨੁਭਵ ਕਰ ਰਿਹਾ ਹੈ। ਜਦੋਂ ਯੂਰੀਆ ਖਰੀਦਣ ਜਾਂਦਾ ਹੈ ਨਾ ਤਾਂ ਉਸ ਨੂੰ ਪੱਕਾ ਵਿਸ਼ਵਾਸ ਹੁੰਦਾ ਹੈ ਕਿ ਇਹ ਮੋਦੀ ਦੀ ਗਰੰਟੀ ਹੈ। ਗਰੰਟੀ ਕਿਸ ਨੂੰ ਕਹਿੰਦੇ ਹਨ ਉਹ ਕਿਸਾਨ ਨੂੰ ਪੁੱਛੋਗੇ ਤਾਂ ਪਤਾ ਚਲੇਗਾ।
ਸਾਥੀਓ,
ਰਾਜਸਥਾਨ ਵਿੱਚ ਆਪ (ਤੁਸੀਂ) ਸਾਰੇ ਕਿਸਾਨ, ਆਪਣੀ ਮਿਹਨਤ ਨਾਲ ਬਾਜਰਾ ਜਿਹੇ ਮੋਟੇ ਅਨਾਜ ਉਗਾਉਂਦੇ ਹੋ। ਅਤੇ ਸਾਡੇ ਦੇਸ਼ ਦੇ ਅਲੱਗ-ਅਲੱਗ ਕੋਣੇ ਵਿੱਚ ਅਲੱਗ-ਅਲੱਗ ਪ੍ਰਕਾਰ ਨਾਲ ਮੋਟੇ ਅਨਾਜਾਂ ਦੀ ਖੇਤੀ ਹੁੰਦੀ ਰਹਿੰਦੀ ਹੈ। ਹੁਣ ਸਾਡੀ ਸਰਕਾਰ ਨੇ ਮੋਟੇ ਅਨਾਜਾਂ ਦੇ ਲਈ ਸ਼੍ਰੀਅੰਨ ਦੀ ਉਸ ਨੂੰ ਪਹਿਚਾਣ ਦਿੱਤੀ ਹੈ । ਸ਼੍ਰੀਅੰਨ ਦੇ ਨਾਮ ਨਾਲ ਸਾਰੇ ਮੋਟੇ ਅਨਾਜ ਪਹਿਚਾਣੇ ਜਾਣ, ਸਾਡੀ ਸਰਕਾਰ, ਭਾਰਤ ਦੇ ਮੋਟੇ ਅਨਾਜਾਂ-ਸ਼੍ਰੀਅੰਨ ਨੂੰ ਦੁਨੀਆ ਦੇ ਬੜੇ-ਬੜੇ ਬਜ਼ਾਰਾਂ ਵਿੱਚ ਲੈ ਜਾ ਰਹੀ ਹੈ। ਸਰਕਾਰ ਦੇ ਪ੍ਰਯਾਸਾਂ ਦੀ ਵਜ੍ਹਾ ਨਾਲ ਹੁਣ ਦੇਸ਼ ਵਿੱਚ ਸ਼੍ਰੀਅੰਨ ਦਾ ਉਤਪਾਦਨ , ਉਨ੍ਹਾਂ ਦੀ ਪ੍ਰੋਸੈੱਸਿੰਗ, ਉਨ੍ਹਾਂ ਦਾ ਐਕਸਪੋਰਟ , ਸਭ ਕੁਝ ਵਧ ਰਿਹਾ ਹੈ। ਅਤੇ ਮੈਨੂੰ ਪਿਛਲੇ ਦਿਨੀਂ ਅਮਰੀਕਾ ਵਿੱਚ ਵ੍ਹਾਈਟ ਹਾਊਸ ਵਿੱਚ ਰਾਸ਼ਟਰਪਤੀ ਬਾਇਡਨ ਦੇ ਸੱਦੇ ਵਿੱਚ ਭੋਜਨ ਲਈ ਜਾਣ ਦਾ ਅਵਸਰ ਆਇਆ। ਅਤੇ ਮੈਨੂੰ ਖੁਸ਼ੀ ਹੋਈ ਕਿ ਉਸ ਥਾਲੀ ਵਿੱਚ ਵੀ ਸਾਡੇ ਮੋਟੇ ਅਨਾਜ ਦੀ ਡਿਸ਼ ਸੀ।
ਸਾਥੀਓ,
ਇਹ ਜੋ ਪ੍ਰਯਾਸ ਚਲ ਰਹੇ ਹਨ ਇਸ ਦਾ ਬਹੁਤ ਬੜਾ ਲਾਭ ਸਾਡੇ ਦੇਸ਼ ਦੇ, ਸਾਡੇ ਰਾਜਸਥਾਨ ਦੇ ਉਨ੍ਹਾਂ ਛੋਟੇ ਕਿਸਾਨਾਂ ਨੂੰ ਭੀ ਹੋ ਰਿਹਾ ਹੈ ਜੋ ਮੋਟੇ ਅਨਾਜ-ਸ਼੍ਰੀ ਅੰਨ ਦੀ ਖੇਤੀ ਕਰਦੇ ਹਨ। ਅਜਿਹੇ ਕਿਤਨੇ ਹੀ ਕੰਮ ਅੱਜ ਦੇਸ਼ ਵਿੱਚ ਹੋ ਰਹੇ ਹਨ ਜਿਨ੍ਹਾਂ ਨਾਲ ਕਿਸਾਨਾਂ ਦੇ ਜੀਵਨ ਵਿੱਚ ਬਹੁਤ ਬੜਾ ਬਦਲਾਅ ਆ ਰਿਹਾ ਹੈ।
ਸਾਥੀਓ,
ਭਾਰਤ ਦਾ ਵਿਕਾਸ ਤਦੇ ਹੋ ਸਕਦਾ ਹੈ, ਜਦੋਂ ਭਾਰਤ ਦੇ ਪਿੰਡਾਂ ਦਾ ਵਿਕਾਸ ਹੋਵੇ। ਭਾਰਤ ਵਿਕਸਿਤ ਭੀ ਤਦੇ ਬਣ ਸਕਦਾ ਹੈ, ਜਦੋਂ ਭਾਰਤ ਦੇ ਪਿੰਡ ਵਿਕਸਿਤ ਹੋਣ। ਇਸ ਲਈ ਅੱਜ ਸਾਡੀ ਸਰਕਾਰ ਭਾਰਤ ਦੇ ਪਿੰਡਾਂ ਵਿੱਚ ਹਰ ਉਹ ਸੁਵਿਧਾ ਪਹੁੰਚਾਉਣ ਦਾ ਕੰਮ ਕਰ ਰਹੀ ਹੈ, ਜੋ ਸ਼ਹਿਰਾਂ ਵਿੱਚ ਮਿਲਿਆ ਕਰਦੀ ਹੈ। ਆਪ (ਤੁਸੀਂ) ਸਭ ਜਾਣਦੇ ਹੋ ਕਿ ਇੱਕ ਸਮਾਂ ਸੀ ਜਦੋਂ ਦੇਸ਼ ਦੀ ਇੱਕ ਬੜੀ ਆਬਾਦੀ ਸਿਹਤ ਸੇਵਾਵਾਂ ਤੋਂ ਵੰਚਿਤ ਰਹਿੰਦੀ ਸੀ। ਯਾਨੀ , ਕਰੋੜਾਂ ਕਰੋੜ ਲੋਕ ਹਮੇਸ਼ਾ ਕਿਸਮਤ ਦੇ ਭਰੋਸੇ ਆਪਣਾ ਜੀਵਨ ਦਾਅ ‘ਤੇ ਲਗਾ ਕੇ ਜਿਊਂਦੇ ਸਨ। ਇਹ ਮੰਨ ਲਿਆ ਗਿਆ ਸੀ ਕਿ ਅੱਛੇ ਹਸਪਤਾਲ ਤਾਂ ਦਿੱਲੀ-ਜੈਪੁਰ ਵਿੱਚ, ਜਾਂ ਬੜੇ ਸ਼ਹਿਰਾਂ ਵਿੱਚ ਹੀ ਹੁੰਦੇ ਹਨ। ਅਸੀਂ ਇਸ ਸਥਿਤੀ ਨੂੰ ਵੀ ਬਦਲ ਰਹੇ ਹਾਂ। ਅੱਜ ਦੇਸ਼ ਦੇ ਹਰ ਹਿੱਸੇ ਵਿੱਚ ਨਵੇਂ ਏਮਸ ਖੁੱਲ੍ਹ ਰਹੇ ਹਨ, ਨਵੇਂ ਮੈਡੀਕਲ ਕਾਲਜ ਖੁੱਲ੍ਹ ਰਹੇ ਹਨ।
ਸਾਡੇ ਇਨ੍ਹਾਂ ਪ੍ਰਯਾਸਾਂ ਦਾ ਪਰਿਣਾਮ ਹੈ ਕਿ ਅੱਜ ਦੇਸ਼ ਵਿੱਚ ਮੈਡੀਕਲ ਕਾਲਜਾਂ ਦੀ ਸੰਖਿਆ ਵਧ ਕੇ 700 ਦੇ ਪਾਰ ਹੋ ਗਈ ਹੈ। 8-9 ਸਾਲ ਪਹਿਲਾਂ ਰਾਜਸਥਾਨ ਵਿੱਚ ਭੀ ਕੇਵਲ 10 ਮੈਡੀਕਲ ਕਾਲਜ ਹੁੰਦੇ ਸਨ। ਅੱਜ ਰਾਜਸਥਾਨ ਵਿੱਚ ਭੀ ਮੈਡੀਕਲ ਕਾਲਜਾਂ ਦੀ ਸੰਖਿਆ 35 ਹੋ ਗਈ ਹੈ। ਇਸ ਨਾਲ ਆਪਣੇ ਹੀ ਜ਼ਿਲ੍ਹੇ ਦੇ ਆਸ-ਪਾਸ ਅੱਛੇ ਇਲਾਜ ਦੀ ਸੁਵਿਧਾ ਤਾਂ ਹੋ ਹੀ ਰਹੀ ਹੈ, ਇਨ੍ਹਾਂ ਤੋਂ ਪੜ੍ਹਾਈ ਕਰਕੇ ਬੜੀ ਸੰਖਿਆ ਵਿੱਚ ਡਾਕਟਰ ਭੀ ਨਿਕਲ ਰਹੇ ਹਨ। ਇਹ ਡਾਕਟਰ ਛੋਟੇ ਕਸਬਿਆਂ ਅਤੇ ਪਿੰਡਾਂ ਵਿੱਚ ਬਿਹਤਰ ਸਿਹਤ ਵਿਵਸਥਾ ਦਾ ਅਧਾਰ ਬਣ ਰਹੇ ਹਨ।
ਜਿਹਾ ਕਿ ਅੱਜ ਜੋ ਨਵੇਂ ਮੈਡੀਕਲ ਕਾਲਜ ਮਿਲੇ ਹਨ, ਇਨ੍ਹਾਂ ਨਾਲ ਬਾਰਾਂ, ਬੂੰਦੀ, ਟੌਂਕ, ਸਵਾਈ ਮਾਧੋਪੁਰ, ਕਰੌਲੀ, ਝੁੰਝਨੂ, ਜੈਸਲਮੇਰ, ਧੌਲਪੁਰ, ਚਿਤੌੜਗੜ੍ਹ, ਸਿਰੋਹੀ ਅਤੇ ਸੀਕਰ ਸਮੇਤ ਕਈ ਇਲਾਕਿਆਂ ਨੂੰ ਲਾਭ ਹੋਵੇਗਾ। ਇਲਾਜ ਦੇ ਲਈ ਹੁਣ ਲੋਕਾਂ ਨੂੰ ਜੈਪੁਰ ਅਤੇ ਦਿੱਲੀ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਹੁਣ ਤੁਹਾਡੇ ਘਰ ਦੇ ਪਾਸ ਅੱਛੇ ਹਸਪਤਾਲ ਭੀ ਹੋਣਗੇ, ਅਤੇ ਗ਼ਰੀਬ ਦਾ ਬੇਟਾ ਅਤੇ ਬੇਟੀ ਇਨ੍ਹਾਂ ਹਸਪਤਾਲਾਂ ਵਿੱਚ ਪੜ੍ਹ ਕੇ ਡਾਕਟਰ ਭੀ ਬਣ ਪਾਉਣਗੇ। ਅਤੇ ਸਾਥੀਓ, ਤੁਹਾਨੂੰ ਪਤਾ ਹੈ, ਸਾਡੀ ਸਰਕਾਰ ਨੇ ਮੈਡੀਕਲ ਦੀ ਪੜ੍ਹਾਈ ਨੂੰ ਵੀ ਮਾਤ੍ਰਭਾਸ਼ਾ ਵਿੱਚ ਪੜ੍ਹਾਈ ਕਰਨ ਦਾ ਰਸਤਾ ਬਣਾ ਦਿੱਤਾ ਹੈ। ਹੁਣ ਇਹ ਨਹੀਂ ਹੋਵੇਗਾ ਕਿ ਅੰਗ੍ਰੇਜ਼ੀ ਨਾ ਜਾਣਨ ਦੀ ਵਜ੍ਹਾ ਨਾਲ ਕਿਸੇ ਗ਼ਰੀਬ ਦਾ ਬੇਟਾ-ਬੇਟੀ ਡਾਕਟਰ ਬਣਨ ਤੋਂ ਰੁਕ ਜਾਵੇ। ਅਤੇ ਇਹ ਭੀ ਮੋਦੀ ਦੀ ਗਰੰਟੀ ਹੈ।
ਭਾਈਓ ਅਤੇ ਭੈਣੋ,
ਦਹਾਕਿਆਂ ਤੱਕ ਸਾਡੇ ਪਿੰਡ ਅਤੇ ਗ਼ਰੀਬ ਇਸ ਲਈ ਭੀ ਪਿੱਛੇ ਰਹਿ ਗਏ ਕਿਉਂਕਿ ਪਿੰਡਾਂ ਵਿੱਚ ਪੜ੍ਹਾਈ ਦੇ ਲਈ ਅੱਛੇ ਸਕੂਲ ਨਹੀਂ ਸਨ। ਪਿਛੜੇ ਅਤੇ ਆਦਿਵਾਸੀ ਸਮਾਜ ਦੇ ਬੱਚੇ ਸੁਪਨੇ ਤਾਂ ਦੇਖਦੇ ਸਨ, ਲੇਕਿਨ ਉਨ੍ਹਾਂ ਦੇ ਪਾਸ ਉਨ੍ਹਾਂ ਨੂੰ ਪੂਰਾ ਕਰਨ ਦਾ ਕੋਈ ਰਸਤਾ ਨਹੀਂ ਹੁੰਦਾ ਸੀ। ਅਸੀਂ ਸਿੱਖਿਆ ਦੇ ਲਈ ਬਜਟ ਬਹੁਤ ਬੜੀ ਮਾਤਰਾ ਵਿੱਚ ਵਧਾਇਆ, ਸੰਸਾਧਨਾਂ ਨੂੰ ਵਧਾਇਆ, ਏਕਲਵਯ ਆਦਿਵਾਸੀ ਸਕੂਲ ਖੋਲ੍ਹੇ। ਇਸ ਦਾ ਬਹੁਤ ਬੜਾ ਲਾਭ ਸਾਡੇ ਆਦਿਵਾਸੀ ਨੌਜਵਾਨਾਂ ਨੂੰ ਮਿਲਿਆ ਹੈ।
ਸਾਥੀਓ,
ਸਫ਼ਲਤਾ ਤਦੇ ਬੜੀ ਹੁੰਦੀ ਹੈ ਜਦੋਂ ਸੁਪਨੇ ਬੜੇ ਹੁੰਦੇ ਹਨ। ਰਾਜਸਥਾਨ ਤਾਂ ਦੇਸ਼ ਦਾ ਉਹ ਰਾਜ ਹੈ ਜਿਸ ਦੇ ਵੈਭਵ ਨੇ ਸਦੀਆਂ ਤੱਕ ਦੁਨੀਆ ਨੂੰ ਹੈਰਾਨ ਕੀਤਾ ਹੈ। ਸਾਨੂੰ ਉਸ ਵਿਰਾਸਤ ਨੂੰ ਸੰਭਾਲ਼ਨਾ (ਸੁਰੱਖਿਅਤ ਕਰਨਾ) ਹੈ, ਅਤੇ ਰਾਜਸਥਾਨ ਨੂੰ ਆਧੁਨਿਕ ਵਿਕਾਸ ਦੀਆਂ ਉਚਾਈਆਂ ‘ਤੇ ਵੀ ਪਹੁੰਚਾਉਣਾ ਹੈ। ਇਸੇ ਲਈ, ਰਾਜਸਥਾਨ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਬਣਾਉਣਾ ਇਹ ਸਾਡੀ ਪ੍ਰਾਥਮਿਕਤਾ ਹੈ। ਰਾਜਸਥਾਨ ਵਿੱਚ ਬੀਤੇ ਕੁਝ ਮਹੀਨਿਆਂ ਵਿੱਚ ਹੀ ਦੋ-ਦੋ ਹਾਈਟੈੱਕ ਐਕਸਪ੍ਰੈੱਸਵੇਅ ਦਾ ਲੋਕਅਰਪਣ ਹੋਇਆ ਹੈ। ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦਾ ਇੱਕ ਪ੍ਰਮੁੱਖ ਸੈਕਸ਼ਨ ਅਤੇ ਅੰਮ੍ਰਿਤਸਰ-ਜਾਮਨਗਰ ਐਕਸਪ੍ਰੈੱਸਵੇਅ ਦੇ ਜ਼ਰੀਏ ਰਾਜਸਥਾਨ ਵਿਕਾਸ ਦੀ ਨਵੀਂ ਗਾਥਾ ਲਿਖ ਰਿਹਾ ਹੈ। ਰਾਜਸਥਾਨ ਦੇ ਲੋਕਾਂ ਨੂੰ ਵੰਦੇਭਾਰਤ ਟ੍ਰੇਨ ਦੀ ਸੌਗਾਤ ਵੀ ਮਿਲੀ ਹੈ।
ਭਾਰਤ ਸਰਕਾਰ ਅੱਜ ਜੋ ਇਨਫ੍ਰਾਸਟ੍ਰਕਚਰ ‘ਤੇ ਨਿਵੇਸ਼ ਕਰ ਰਹੀ ਹੈ, ਟੂਰਿਜ਼ਮ ਨਾਲ ਜੁੜੀਆਂ ਹੋਈਆਂ ਸੁਵਿਧਾਵਾਂ ਦਾ ਵਿਕਾਸ ਕਰ ਰਹੀ ਹੈ, ਉਸ ਨਾਲ ਰਾਜਸਥਾਨ ਵਿੱਚ ਵੀ ਨਵੇਂ ਅਵਸਰ ਵਧਣਗੇ। ਜਦੋਂ ਆਪ ‘ਪਧਾਰੋ ਮਹਾਰੇ ਦੇਸ਼’ (‘पधारो म्हारे देश’) ਕਹਿ ਕੇ ਟੂਰਿਸਟਾਂ ਨੂੰ ਬੁਲਾਓਗੇ ਤਾਂ ਐਕਸਪ੍ਰੈੱਸਵੇਅ ਅਤੇ ਅੱਛੀਆਂ ਰੇਲ ਸੁਵਿਧਾਵਾਂ ਉਨ੍ਹਾਂ ਦਾ ਸੁਆਗਤ ਕਰਨਗੀਆਂ।
ਸਾਡੀ ਸਰਕਾਰ ਨੇ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਖਾਟੂ ਸ਼ਿਆਮ ਜੀ (खाटू श्याम जी)ਮੰਦਿਰ ਵਿੱਚ ਵੀ ਸੁਵਿਧਾਵਾਂ ਦਾ ਵਿਸਤਾਰ ਕੀਤਾ ਹੈ। ਮੈਨੂੰ ਭਰੋਸਾ ਹੈ ਕਿ ਸ਼੍ਰੀ ਖਾਟੂ ਸ਼ਿਆਮ (श्री खाटू श्याम) ਦੇ ਅਸ਼ੀਰਵਾਦ ਨਾਲ ਰਾਜਸਥਾਨ ਦੇ ਵਿਕਾਸ ਨੂੰ ਹੋਰ ਵੀ ਗਤੀ ਮਿਲੇਗੀ। ਅਸੀਂ ਸਾਰੇ ਰਾਜਸਥਾਨ ਦੇ ਗੌਰਵ ਅਤੇ ਵਿਰਾਸਤ ਨੂੰ ਪੂਰੀ ਦੁਨੀਆ ਵਿੱਚ ਨਵੀਂ ਪਹਿਚਾਣ ਦੇਵਾਂਗੇ।
ਸਾਥੀਓ,
ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀਮਾਨ ਅਸ਼ੋਕ ਗਹਿਲੋਤ ਜੀ ਕੁਝ ਦਿਨਾਂ ਤੋਂ ਬਿਮਾਰ ਚਲ ਰਹੇ ਹਨ, ਉਨ੍ਹਾਂ ਦੇ ਪੈਰਾਂ ਵਿੱਚ ਕੁਝ ਤਕਲੀਫ ਹੈ। ਅੱਜ ਇਸ ਕਾਰਜਕ੍ਰਮ ਵਿੱਚ ਆਉਣ ਵਾਲੇ ਸਨ ਲੇਕਿਨ ਉਸ ਕਠਿਨਾਈ ਦੇ ਕਾਰਨ ਨਹੀਂ ਆ ਪਾਏ ਹਨ। ਮੈਂ ਉਨ੍ਹਾਂ ਦੀ ਉੱਤਮ ਸਿਹਤ ਦੇ ਲਈ ਪ੍ਰਾਰਥਨਾ ਕਰਦਾ ਹਾਂ ਅਤੇ ਸਾਰੇ ਰਾਜਸਥਾਨ ਨੂੰ ਇਨ੍ਹਾਂ ਅਨੇਕ ਵਿਦ੍ ਨਵੀਂ ਸੌਗਾਤ ਦੇ ਲਈ ਦੇਸ਼ ਦੇ ਕਿਸਾਨਾਂ ਨੂੰ ਇਸ ਮਹੱਤਵਪੂਰਨ ਵਿਵਸਥਾਵਾਂ ਨੂੰ ਵਿਕਸਿਤ ਕਰਨ ਨਾਲ ਉਨ੍ਹਾਂ ਨੂੰ ਸਮਰਪਿਤ ਕਰਨ ਦੇ ਲਈ ਮੈਂ ਅੱਜ ਹਿਰਦੇ ਤੋਂ ਬਹੁਤ-ਬਹੁਤ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ।
ਬਹੁਤ-ਬਹੁਤ ਧੰਨਵਾਦ !