ਮਹਾਮਹਿਮ,
ਨਮਸਤੇ!
ਮੈਂ ਇਸ ਪਹਿਲ ਨੂੰ ਜਾਰੀ ਰੱਖਣ ਲਈ ਰਾਸ਼ਟਰਪਤੀ ਯੂਨ ਸੁਕ ਯੇਲ (Yoon Suk Yeol) ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ। ‘ਸਮਿਟ ਫਾਰ ਡੈਮੋਕ੍ਰੇਸੀ’ ਇੱਕ ਮਹੱਤਵਪੂਰਨ ਮੰਚ ਬਣ ਕੇ ਉਭਰਿਆ ਹੈ, ਜਿੱਥੇ ਲੋਕਤੰਤਰੀ ਦੇਸ਼ ਅਨੁਭਵ ਸਾਂਝਾ ਕਰਦੇ ਹਨ ਅਤੇ ਇੱਕ-ਦੂਸਰੇ ਤੋਂ ਸਿੱਖਦੇ ਹਨ।
ਮਹਾਮਹਿਮ,
ਹੁਣ ਤੋਂ ਕੁਝ ਹੀ ਹਫ਼ਤਿਆਂ ਵਿੱਚ ਦੁਨੀਆ ਭਾਰਤ ਵਿੱਚ ਲੋਕਤੰਤਰ ਦਾ ਸਭ ਤੋਂ ਵੱਡਾ ਉਤਸਵ ਦੇਖੇਗੀ। ਲਗਭਗ ਇੱਕ ਅਰਬ ਵੋਟਰਾਂ ਦੇ ਵੋਟ ਪਾਉਣ ਦੀ ਉਮੀਦ ਨਾਲ, ਇਹ ਮਾਨਵ ਇਤਿਹਾਸ ਵਿੱਚ ਸਭ ਤੋਂ ਵੱਡਾ ਚੋਣ ਅਭਿਆਸ ਹੋਵੇਗਾ। ਭਾਰਤ ਦੀ ਜਨਤਾ ਇੱਕ ਵਾਰ ਫਿਰ ਲੋਕਤੰਤਰ ਵਿੱਚ ਆਸਥਾ ਜਤਾਏਗੀ। ਭਾਰਤ ਵਿੱਚ ਲੋਕਤੰਤਰ ਦੀ ਪ੍ਰਾਚੀਨ ਅਤੇ ਅਟੁੱਟ ਸੰਸਕ੍ਰਿਤੀ ਹੈ। ਇਹ ਭਾਰਤੀ ਸੱਭਿਆਚਾਰ ਦੀ ਪ੍ਰਾਣਵਾਯੂ ਰਹੀ ਹੈ। ਸਰਬਸੰਮਤੀ ਨਿਰਮਾਣ, ਸੁਤੰਤਰ ਸੰਵਾਦ ਅਤੇ ਸੁਤੰਤਰ ਬਹਿਸ ਪੂਰੇ ਭਾਰਤ ਦੇ ਇਤਿਹਾਸ ਵਿੱਚ ਗੂੰਜਦੀ ਰਹੀ ਹੈ। ਇਹੀ ਕਾਰਨ ਹੈ ਕਿ ਮੇਰੇ ਸਾਥੀ ਨਾਗਰਿਕ ਭਾਰਤ ਨੂੰ ਲੋਕਤੰਤਰ ਦੀ ਜਨਨੀ ਮੰਨਦੇ ਹਨ।
ਮਹਾਮਹਿਮ,
ਪਿਛਲੇ ਇੱਕ ਦਹਾਕੇ ਵਿੱਚ ਭਾਰਤ “ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਸਬਕਾ ਪ੍ਰਯਾਸ” ਯਾਨੀ ਸਮਾਵੇਸ਼ੀ ਵਿਕਾਸ ਲਈ ਸਮੂਹਿਕ ਪ੍ਰਯਾਸ ਦੇ ਮੰਤਰ ਦੇ ਨਾਲ ਅੱਗੇ ਵਧਿਆ ਹੈ। ਸਮਾਵੇਸ਼ਨ ਦੀ ਸੱਚੀ ਭਾਵਨਾ ਵਿੱਚ ਸਮਾਜ ਦੇ ਸਾਰੇ ਵਰਗਾਂ, ਵਿਸ਼ੇਸ਼ ਤੌਰ ‘ਤੇ ਗ਼ਰੀਬਾਂ, ਮਹਿਲਾਵਾਂ, ਨੌਜਵਾਨਾਂ ਅਤੇ ਕਿਸਾਨਾਂ ਤੱਕ ਪਹੁੰਚਣਾ ਸਾਡੀ ਸਰਬਉੱਚ ਪ੍ਰਾਥਮਿਕਤਾ ਰਹੀ ਹੈ। ਅਸੀਂ ਪ੍ਰਦਰਸ਼ਨ- ਅਧਾਰਿਤ ਸ਼ਾਸਨ ਵਿੱਚ ਪਰਿਵਰਤਿਤ ਹੋ ਗਏ ਹਾਂ, ਜਿੱਥੇ ਕਮੀ, ਭ੍ਰਿਸ਼ਟਾਚਾਰ ਅਤੇ ਭੇਦਭਾਵ ਦੀ ਜਗ੍ਹਾ ਪਾਰਦਰਸ਼ਿਤਾ, ਜਵਾਬਦੇਹੀ ਅਤੇ ਅਵਸਰ ਨੇ ਲੈ ਲਈ ਹੈ। ਟੈਕਨੋਲੋਜੀ ਨੇ ਇਨ੍ਹਾਂ ਪ੍ਰਯਾਸਾਂ ਵਿੱਚ ਇੱਕ ਮਹਾਨ ਸਮਰਥਕ ਦੇ ਰੂਪ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਡਿਜੀਟਲ ਜਨਤਕ ਬੁਨਿਆਦੀ ਢਾਂਚੇ ਵਿੱਚ ਭਾਰਤ ਦੀ ਤੇਜ਼ ਪ੍ਰਗਤੀ ਨੇ ਜਨਤਕ ਸੇਵਾ ਵੰਡ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ ਅਤੇ ਵਿੱਤੀ ਸਮਾਵੇਸ਼ਨ ਨੂੰ ਵਧਾਇਆ ਹੈ। ਨੌਜਵਾਨਾਂ ਅਤੇ ਟੈਕਨੋਲੋਜੀ ਦੇ ਬਲ ‘ਤੇ ਭਾਰਤ ਤੇਜ਼ੀ ਨਾਲ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸਟਾਰਟਅੱਪਸ ਈਕੋ-ਸਿਸਟਮ ਬਣ ਗਿਆ ਹੈ। ਜ਼ਮੀਨੀ ਪੱਧਰ ‘ਤੇ 14 ਲੱਖ ਤੋਂ ਅਧਿਕ ਚੁਣੀਆਂ ਗਈਆਂ ਮਹਿਲਾ ਪ੍ਰਤੀਨਿਧੀਆਂ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਲਈ ਪਰਿਵਰਤਨ ਦੀਆਂ ਸਾਡੀਆਂ ਏਜੰਟ ਹਨ।
ਮਹਾਮਹਿਮ,
ਅੱਜ ਭਾਰਤ ਨਾ ਸਿਰਫ਼ ਆਪਣੇ 1.4 ਅਰਬ ਲੋਕਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰ ਰਿਹਾ ਹੈ, ਬਲਕਿ ਦੁਨੀਆ ਨੂੰ ਇਹ ਉਮੀਦ ਵੀ ਦੇ ਰਿਹਾ ਹੈ ਕਿ ਲੋਕਤੰਤਰ ਕੀ ਦਿੰਦਾ ਹੈ, ਲੋਕਤੰਤਰ ਸਸ਼ਕਤ ਕਰਦਾ ਹੈ। ਜਦੋਂ ਭਾਰਤੀ ਸੰਸਦ ਨੇ ਮਹਿਲਾ ਵਿਧਾਇਕਾਂ ਦੇ ਲਈ ਘੱਟ ਤੋਂ ਘੱਟ ਇੱਕ ਤਿਹਾਈ ਪ੍ਰਤੀਨਿਧੀਤਵ ਸੁਨਿਸ਼ਚਿਤ ਕਰਨ ਲਈ ਇੱਕ ਕਾਨੂੰਨ ਪਾਸ ਕੀਤਾ, ਤਾਂ ਇਸ ਨੇ ਲੋਕਤੰਤਰੀ ਦੁਨੀਆ ਭਰ ਵਿੱਚ ਮਹਿਲਾਵਾਂ ਨੂੰ ਉਮੀਦ ਦਿੱਤੀ। ਜਦੋਂ ਭਾਰਤ ਨੇ ਪਿਛਲੇ 10 ਵਰ੍ਹਿਆਂ ਵਿੱਚ 250 ਮਿਲੀਅਨ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ, ਤਾਂ ਇਸ ਨੇ ਸਕਾਰਾਤਮਕ ਪਰਿਵਰਤਨ ਦੇ ਏਜੰਟ ਦੇ ਰੂਪ ਵਿੱਚ ਲੋਕਤੰਤਰ ਵਿੱਚ ਗਲੋਬਲ ਵਿਸ਼ਵਾਸ ਨੂੰ ਮਜ਼ਬੂਤ ਕੀਤਾ।
ਜਦੋਂ ਭਾਰਤ ਨੇ 150 ਤੋਂ ਅਧਿਕ ਦੇਸ਼ਾਂ ਨੂੰ ਕੋਵਿਡ ਦੀਆਂ ਦਵਾਈਆਂ ਅਤੇ ਟੀਕੇ ਪਹੁੰਚਾਏ, ਤਾਂ ਇਹ ਲੋਕਤੰਤਰ ਦੀ ਇਲਾਜ ਸ਼ਕਤੀ ਨੂੰ ਦਰਸਾਉਂਦਾ ਹੈ। ਜਦੋਂ ਭਾਰਤ ਨੇ ਸਫ਼ਲਤਾਪੂਰਵਕ ਚੰਦਰਯਾਨ ਨੂੰ ਚੰਦਰਮਾ ‘ਤੇ ਉਤਾਰਿਆ, ਤਾਂ ਇਹ ਨਾ ਕੇਵਲ ਭਾਰਤ ਲਈ ਮਾਣ ਦਾ ਪਲ ਸੀ, ਬਲਕਿ ਲੋਕਤੰਤਰ ਦੀ ਜਿੱਤ ਵੀ ਸੀ। ਜਦੋਂ ਭਾਰਤ ਨੇ ਜੀ-20 ਦੀ ਪ੍ਰਧਾਨਗੀ ਦੌਰਾਨ ਵਾਇਸ ਆਫ ਦ ਗਲੋਬਲ ਸਾਊਥ ਦਾ ਵਿਸਤਾਰ ਕੀਤਾ, ਤਾਂ ਇਸ ਨੇ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਸਲਾਹ-ਮਸ਼ਵਰੇ ਦੇ ਫੈਸਲੇ ਲੈਣ ਦੇ ਮਹੱਤਵ ਨੂੰ ਉਜਾਗਰ ਕੀਤਾ। ਹੁਣ ਜਦੋਂ ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵੱਲ ਵਧ ਰਿਹਾ ਹੈ, ਤਾਂ ਇਸ ਨਾਲ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਉੱਜਵਲ ਭਵਿੱਖ ਦੀ ਉਮੀਦ ਦਿੰਦਾ ਹੈ। ਜਿਵੇਂ ਕਿ ਭਾਰਤ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨ ਦੀ ਉਮੀਦ ਰੱਖਦਾ ਹੈ, ਇਹ ਦਰਸਾਉਂਦਾ ਹੈ ਕਿ ਲੋਕਤੰਤਰ ਇੱਛਾ ਕਰ ਸਕਦਾ ਹੈ, ਪ੍ਰੇਰਿਤ ਕਰ ਸਕਦਾ ਹੈ ਅਤੇ ਹਾਸਲ ਕਰ ਸਕਦਾ ਹੈ।
ਮਹਾਮਹਿਮ,
ਉੱਥਲ-ਪੁਥਲ ਅਤੇ ਸੰਕ੍ਰਮਣ ਦੇ ਯੁਗ ਵਿੱਚ, ਲੋਕਤੰਤਰ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਲਈ ਸਾਨੂੰ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ। ਲੋਕਤੰਤਰ ਨੂੰ ਅੰਤਰਰਾਸ਼ਟਰੀ ਪ੍ਰਣਾਲੀਆਂ ਅਤੇ ਸੰਸਥਾਨਾਂ ਨੂੰ ਅਧਿਕ ਸਮਾਵੇਸ਼ੀ, ਲੋਕਤੰਤਰੀ, ਭਾਗੀਦਾਰ ਅਤੇ ਨਿਆਂ ਸੰਗਤ ਬਣਾਉਣ ਦੇ ਪ੍ਰਯਾਸਾਂ ਦੀ ਅਗਵਾਈ ਕਰਨੀ ਚਾਹੀਦੀ ਹੈ। ਅਜਿਹੇ ਸੰਯੁਕਤ ਪ੍ਰਯਾਸਾਂ ਤੋਂ ਹੀ ਅਸੀਂ ਆਪਣੇ ਲੋਕਾਂ ਦੀ ਆਕਾਂਖਿਆਵਾਂ ਨੂੰ ਪੂਰਾ ਕਰ ਸਕਦੇ ਹਾਂ। ਅਤੇ, ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸੁਰੱਖਿਅਤ, ਸਥਿਰ ਅਤੇ ਸਮ੍ਰਿੱਧ ਭਵਿੱਖ ਦੀ ਨੀਂਹ ਵੀ ਰੱਖਾਂਗੇ। ਭਾਰਤ ਇਸ ਪ੍ਰਯਾਸ ਵਿੱਚ ਸਾਰੇ ਸਾਥੀ ਲੋਕਤੰਤਰਾਂ ਦੇ ਨਾਲ ਆਪਣੇ ਅਨੁਭਵ ਸਾਂਝੇ ਕਰਨ ਲਈ ਤਿਆਰ ਹੈ।
ਧੰਨਵਾਦ।