ਖੁਲੁੰਬਾਏ!(Khulumbai) (ਨਮਸਤੇ)
ਅਸਾਮ ਦੇ ਗਵਰਨਰ ਸ਼੍ਰੀਮਾਨ ਲਕਸ਼ਮਣ ਪ੍ਰਸਾਦ ਆਚਾਰਿਆ ਜੀ, ਵਰਚੁਅਲੀ ਸਾਡੇ ਨਾਲ ਜੁੜੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਜੀ, ਮੰਚ ‘ਤੇ ਮੌਜੂਦ ਹੋਰ ਸਾਰੇ ਪਤਵੰਤਿਓ, ਭਾਈਓ ਅਤੇ ਭੈਣੋਂ!
ਅੱਜ ਕਾਰਤਿਕ ਪੂਰਨਿਮਾ (Kartik Purnima) ਦਾ ਪਾਵਨ ਅਵਸਰ ਹੈ। ਅੱਜ ਦੇਵ ਦੀਪਾਵਲੀ (Dev Deepawali) ਮਨਾਈ ਜਾ ਰਹੀ ਹੈ। ਮੈਂ ਦੇਸ਼ ਭਰ ਦੇ ਲੋਕਾਂ ਨੂੰ ਇਸ ਪਰਵ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਅੱਜ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪਰਵ ਵੀ ਹੈ। ਮੈਂ ਪੂਰੇ ਦੇਸ਼ ਨੂੰ ਵਿਸ਼ੇਸ਼ ਤੌਰ ‘ਤੇ ਵਿਸ਼ਵ ਭਰ ਵਿੱਚ ਫੈਲੇ ਹੋਏ ਸਿੱਖ ਭਾਈਆਂ-ਭੈਣਾਂ ਨੂੰ ਇਸ ਅਵਸਰ ’ਤੇ ਵਧਾਈ ਦਿੰਦਾ ਹਾਂ। ਅੱਜ ਪੂਰਾ ਦੇਸ਼ ਜਨਜਾਤੀਯ ਗੌਰਵ ਦਿਵਸ ਵੀ ਮਨਾ ਰਿਹਾ ਹੈ। ਅੱਜ ਹੀ ਸਵੇਰੇ ਮੈਂ ਬਿਹਾਰ ਵਿੱਚ, ਜਮੁਈ ਵਿੱਚ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ ਅਤੇ ਹੁਣ ਸ਼ਾਮ ਨੂੰ ਪਹਿਲੇ ਬੋਡੋ ਮਹੋਤਸਵ (First Bodoland Festival) ਵਿੱਚ ਅਸਾਮ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਬੋਡੋ ਸਮੁਦਾਇ ਦੇ ਲੋਕ ਆਏ ਹਨ। ਸ਼ਾਂਤੀ ਦੇ, ਸੱਭਿਆਚਾਰ ਦੇ, ਸਮ੍ਰਿੱਧੀ ਦੇ ਨਵੇਂ ਭਵਿੱਖ ਦਾ ਉਤਸਵ ਮਨਾਉਣ ਲਈ ਜੁਟੇ ਸਾਰੇ ਬੋਡੋ ਸਾਥੀਆਂ ਦਾ ਮੈਂ ਇੱਥੇ ਅਭਿਨੰਦਨ ਕਰਦਾ ਹਾਂ।
ਮੇਰੇ ਸਾਥੀਓ,
ਤੁਸੀਂ ਕਲਪਨਾ ਨਹੀਂ ਕਰ ਸਕਦੇ ਹੋਵੋਗੇ ਕਿ ਅੱਜ ਦਾ ਇਹ ਅਵਸਰ ਮੇਰੇ ਲਈ ਕਿੰਨਾ ਇਮੋਸ਼ਨਲ ਹੈ। ਇਹ ਪਲ ਮੈਨੂੰ ਭਾਵੁਕ ਕਰਨ ਵਾਲੇ ਹਨ, ਕਿਉਂਕਿ ਸ਼ਾਇਦ ਇਹ ਦਿੱਲੀ ਵਿੱਚ ਬੈਠੇ-ਬੈਠੇ ਏਅਰ ਕੰਡੀਸ਼ਨਡ ਕਮਰਿਆਂ ਵਿੱਚ ਬਹਿ ਕੇ ਤਰ੍ਹਾਂ-ਤਰ੍ਹਾਂ ਦੀਆਂ ਥਿਉਰੀਆਂ ਲਿਖਣ ਵਾਲੇ ਦੇਸ਼ ਨੂੰ ਦੱਸਣ ਵਾਲਿਆਂ ਨੂੰ ਅੰਦਾਜਾ ਨਹੀਂ ਹੋਵੇਗਾ ਕਿ ਕਿੰਨਾ ਵੱਡਾ ਅਵਸਰ ਹੈ ਇਹ। ਹਿੰਸਾ ਦੇ 50 ਸਾਲ, 50 ਸਾਲ ਤੱਕ ਹਿੰਸਾ, ਤਿੰਨ-ਤਿੰਨ ਚਾਰ ਪੀੜ੍ਹੀਆਂ ਦੇ ਨੌਜਵਾਨ ਇਸ ਹਿੰਸਾ ਵਿੱਚ ਖਤਮ ਹੋ ਗਏ। ਕਿੰਨੇ ਹੀ ਦਹਾਕਿਆਂ ਬਾਅਦ ਬੋਡੋ ਅੱਜ ਫੈਸਟੀਵਲ ਮਨਾ ਰਿਹਾ ਹੈ ਅਤੇ ਰਣਚੰਡੀ ਡਾਂਸ, ਇਹ ਆਪਣੇ ਆਪ ਵਿੱਚ ਬੋਡੋ ਦੀ ਸਮਰੱਥਾ ਨਾਲ ਵੀ ਜਾਣੂ ਕਰਵਾਉਂਦਾ ਹੈ ਅਤੇ ਮੈਨੂੰ ਨਹੀਂ ਪਤਾ ਕਿ ਦਿੱਲੀ ਵਿੱਚ ਬੈਠੇ ਲੋਕਾਂ ਨੂੰ ਇਹਨਾਂ ਚੀਜ਼ਾਂ ਦੀ ਮਹਤੱਤਾ ਸਮਝ ਆਉਂਦੀ ਹੋਵੇਗੀ ਅਤੇ ਇਹ ਇੰਝ ਹੀ ਨਹੀਂ ਹੋਇਆ ਹੈ। ਬਹੁਤ ਧੀਰਜ ਨਾਲ ਇੱਕ-ਇੱਕ ਗੱਠ ਨੂੰ ਖੋਲ੍ਹ ਖੋਲ੍ਹ ਕੇ, ਉਸ ਨੂੰ ਠੀਕ ਕਰਦੇ ਕਰਦੇ, ਅੱਜ ਸਾਰਿਆਂ ਨੇ ਇੱਕ ਇਤਿਹਾਸ ਰਚ ਦਿੱਤਾ ਹੈ।
ਮੇਰੇ ਬੋਡੋ ਭਰਾਵੋ ਅਤੇ ਭੈਣੋਂ,
ਸਾਲ 2020 ਵਿੱਚ Bodo Peace Accord ਬੋਡੋ ਸ਼ਾਂਤੀ ਸਮਝੌਤੇ ਬਾਅਦ, ਮੈਨੂੰ ਕੋਕਰਾਝਾਰ ਆਉਣ ਦਾ ਮੌਕਾ ਮਿਲਿਆ ਸੀ। ਉੱਥੇ ਤੁਸੀਂ ਮੈਨੂੰ ਜੋ ਅਪਣਾਪਣ ਦਿੱਤਾ, ਜੋ ਪਿਆਰ ਮਿਲਿਆ, ਇੰਝ ਲੱਗ ਰਿਹਾ ਸੀ ਕਿ ਤੁਸੀਂ ਮੈਨੂੰ ਆਪਣਾ ਹੀ ਮੰਨਦੇ ਹੋ, ਆਪਣਿਆਂ ਵਿੱਚੋਂ ਇੱਕ ਮੰਨਦੇ ਹੋ। ਉਹ ਪਲ ਮੈਨੂੰ ਸਦਾ ਯਾਦ ਰਹੇਗਾ, ਲੇਕਿਨ ਉਸ ਤੋਂ ਵੱਧ ਕਦੇ-ਕਦਾਈ ਤਾਂ ਇੱਕ-ਅੱਧਾ ਵੱਡਾ ਅਵਸਰ, ਇੱਕ ਵਾਤਾਵਰਣ, ਉਸ ਦਾ ਅਸਰ ਹੁੰਦਾ ਹੈ। ਪਰ ਇੱਥੇ ਅਜਿਹਾ ਨਹੀਂ ਹੋਇਆ, ਅੱਜ ਚਾਰ ਸਾਲ ਬਾਅਦ ਵੀ ਉਹੀ ਪਿਆਰ, ਉਹੀ ਉਤਸ਼ਾਹ, ਉਹੀ ਅਪਣਾਪਣ, ਕੋਈ ਕਲਪਨਾ ਨਹੀਂ ਕਰ ਸਕਦਾ ਸਾਥੀਓ ਕਿ ਮਨ ਨੂੰ ਕਿੰਨਾ ਭਾਵੁਕ ਬਣਾ ਦਿੰਦਾ ਹੈ ਅਤੇ ਉਸ ਦਿਨ ਮੈਂ ਆਪਣੇ ਬੋਡੋ ਭਾਈਆਂ ਅਤੇ ਭੈਣਾਂ ਨੂੰ ਕਿਹਾ ਸੀ ਕਿ ਬੋਡੋਲੈਂਡ ਵਿੱਚ ਸ਼ਾਂਤੀ ਅਤੇ ਸਮ੍ਰਿੱਧੀ ਦੀ ਸਵੇਰ ਹੋ ਚੁੱਕੀ ਹੈ। ਅਤੇ ਸਾਥੀਓ ਉਹ ਮੇਰੇ ਸਿਰਫ ਸ਼ਬਦ ਨਹੀਂ ਸਨ। ਉਸ ਦਿਨ ਮੈਂ ਜੋ ਮਾਹੌਲ ਦੇਖਿਆ ਸੀ ਅਤੇ ਸ਼ਾਂਤੀ ਲਈ ਤੁਸੀਂ ਹਿੰਸਾ ਦਾ ਰਾਹ ਛੱਡ ਕੇ ਨਿਕਲ ਚੁੱਕੇ ਸੀ। ਹਥਿਆਰ ਦੇ ਰਹੇ ਸੀ, ਉਹ ਪਲ ਬਹੁਤ ਹੀ ਭਾਵੁਕ ਸੀ ਸਾਥੀਓ ਅਤੇ ਉਸੇ ਸਮੇਂ ਮੇਰੇ ਅੰਦਰ ਇੱਕ ਆਵਾਜ਼ ਆਈ ਸੀ ਕਿ ਹੁਣ, ਹੁਣ ਮੇਰੇ ਬੋਡੋਲੈਂਡ ਵਿੱਚ ਸਮ੍ਰਿੱਧੀ ਦੀ ਸਵੇਰ ਹੋ ਚੁੱਕੀ ਹੈ। ਅੱਜ ਤੁਹਾਡਾ ਸਭ ਦਾ ਉਤਸ਼ਾਹ, ਤੁਹਾਡੇ ਚਿਹਰੇ ਦੀ ਖੁਸ਼ੀ ਦੇਖ ਕੇ ਮੈਂ ਕਹਿ ਸਕਦਾ ਹਾਂ, ਬੋਡੋ ਲੋਕਾਂ ਦੇ ਉੱਜਵਲ ਭਵਿੱਖ ਦੀ ਮਜ਼ਬੂਤ ਨੀਂਹ ਤਿਆਰ ਹੋ ਚੁੱਕੀ ਹੈ।
ਪਿਛਲੇ 4 ਵਰ੍ਹਿਆਂ ਵਿੱਚ ਬੋਡੋਲੈਂਡ ਵਿੱਚ ਹੋਈ ਤਰੱਕੀ ਬਹੁਤ ਹੀ ਮਹੱਤਵਪੂਰਨ ਹੈ। ਸ਼ਾਂਤੀ ਸਮਝੌਤੇ ਦੇ ਬਾਅਦ ਬੋਡੋਲੈਂਡ ਨੇ ਵਿਕਾਸ ਦੀ ਨਵੀਂ ਲਹਿਰ ਦੇਖੀ ਹੈ। ਅੱਜ ਜਦੋ ਮੈਂ ਬੋਡੋ ਪੀਸ ਅਕੌਰਡ ਦੇ ਲਾਭ ਦੇਖਦਾ ਹਾਂ, ਤੁਸੀਂ ਲੋਕਾਂ ਦੇ ਜੀਵਨ ‘ਤੇ ਇਸ ਦਾ ਪ੍ਰਭਾਵ ਦੇਖਦਾ ਹਾਂ, ਤਾਂ ਮਨ ਨੂੰ ਇੰਨੀ ਤਸੱਲੀ ਮਿਲਦੀ ਹੈ, ਮਨ ਨੂੰ ਇੰਨੀ ਖੁਸ਼ੀ ਹੁੰਦੀ ਹੈ ਸਾਥੀਓ ਤੁਸੀਂ ਕਲਪਨਾ ਨਹੀਂ ਕਰ ਸਕਦੇ ਜੀ, ਤੁਸੀਂ ਪਲ ਭਰ ਸੋਚੋ, ਕੋਈ ਮਾਂ ਅਤੇ ਉਸ ਦਾ ਇਕਲੌਤਾ ਬੇਟਾ ਅਤੇ ਉਸ ਮਾਂ ਨੇ ਬਹੁਤ ਲਾਡ-ਪਿਆਰ ਨਾਲ ਵੱਡਾ ਕੀਤਾ ਹੋਵੇ ਬੇਟੇ ਨੂੰ ਅਤੇ ਬੇਟਾ ਹੋਰ ਸਾਥੀਆਂ ਨਾਲ ਮਿਲ ਕੇ ਹੱਥ ਵਿੱਚ ਹਥਿਆਰ ਲੈ ਕੇ, ਮਾਂ ਨੂੰ ਛੱਡ ਕੇ ਜੰਗਲਾਂ ਵਿੱਚ ਭਟਕਦਾ ਹੋਵੇ, ਉਸ ਨੇ ਜੋ ਰਾਹ ਚੁਣਿਆ ਹੈ, ਉਸ ਨੂੰ ਪਾਉਣ ਲਈ ਕਿਸੇ ਦੀ ਵੀ ਹੱਤਿਆ ਕਰਨ ’ਤੇ ਤੁਲਿਆ ਹੋਵੇ, ਮਾਂ ਬੇਬੱਸ ਹੋ ਕੇ ਨਿਰਾਸ਼ਾ ਵਿੱਚ ਦਿਨ ਕੱਟ ਰਹੀ ਹੋਵੇ ਅਤੇ ਇੱਕ ਦਿਨ ਪਤਾ ਚਲੇ ਤਾਂ ਕਿ ਮਾਂ ਤੇਰਾ ਬੇਟਾ ਉਨ੍ਹਾਂ ਹਥਿਆਰਾਂ ਨੂੰ ਛੱਡ ਕੇ ਹੁਣ ਤੇਰੇ ਕੋਲ ਵਾਪਸ ਆਇਆ ਹੈ। ਤੁਸੀਂ ਕਲਪਨਾ ਕਰੋ ਉਸ ਦਿਨ ਮਾਂ ਨੂੰ ਕਿੰਨਾ ਆਨੰਦ ਹੋਵੇਗਾ। ਅੱਜ ਪਿਛਲੇ ਚਾਰ ਸਾਲ ਤੋਂ ਮੈਂ ਉਹੀ ਆਨੰਦ ਮਹਿਸੂਸ ਕਰਦਾ ਹਾਂ। ਮੇਰੇ ਆਪਣੇ ਮੇਰੇ ਨੌਜਵਾਨ ਸਾਥੀ, ਮੇਰੀ ਪ੍ਰਾਰਥਨਾ ਨੂੰ ਸਵੀਕਾਰ ਕਰਕੇ ਵਾਪਸ ਆਏ ਅਤੇ ਹੁਣ ਹਿੰਦੁਸਤਾਨ ਦਾ ਭਵਿੱਖ ਬਣਾਉਣ ਵਿੱਚ ਮੋਢੇ ਨਾਲ ਮੋਢਾ ਮਿਲਾ ਕੇ ਮੇਰੇ ਨਾਲ ਕੰਮ ਕਰ ਰਹੇ ਹਨ। ਇਹ ਜੀਵਨ ਦਾ, ਇਹ ਮੇਰੇ ਜੀਵਨ ਦੀ ਬਹੁਤ ਵੱਡੀ ਘਟਨਾ ਹੈ ਸਾਥੀਓ, ਮੇਰੇ ਮਨ ਨੂੰ ਬਹੁਤ ਤਸੱਲੀ ਦੇਣ ਵਾਲੀ ਘਟਨਾ ਹੈ ਅਤੇ ਇਸ ਲਈ ਮੈਂ ਤੁਹਾਡਾ ਜਿੰਨਾ ਅਭਿਨੰਦਨ ਕਰਾਂ, ਉੰਨਾ ਘੱਟ ਹੈ। ਅਤੇ ਸਾਥੀਓ, ਬੋਡੋ ਸ਼ਾਂਤੀ ਸਮਝੌਤੇ ਦਾ ਲਾਭ ਸਿਰਫ ਤੁਹਾਨੂੰ ਹੀ ਹੋਇਆ ਹੈ, ਅਜਿਹਾ ਨਹੀਂ ਹੈ। ਬੋਡੋ ਸ਼ਾਂਤੀ ਸਮਝੌਤੇ ਨੇ ਕਿੰਨੇ ਹੀ ਹੋਰ ਸਮਝੌਤਿਆਂ ਲਈ ਨਵੇਂ ਰਾਹ ਖੋਲ੍ਹੇ। ਜੇਕਰ ਉਹ ਕਾਗਜ਼ ’ਤੇ ਰਹਿ ਜਾਂਦਾ, ਤਾਂ ਸ਼ਾਇਦ ਹੋਰ ਲੋਕ ਮੇਰੀ ਗੱਲ ਨਹੀਂ ਮੰਨਦੇ ਲੇਕਿਨ ਤੁਸੀਂ ਜੋ ਕਾਗਜ਼ ’ਤੇ ਸੀ, ਉਸ ਨੂੰ ਜੀਵਨ ਵਿੱਚ ਵੀ ਉਤਾਰਿਆ, ਜ਼ਮੀਨ ’ਤੇ ਵੀ ਉਤਾਰਿਆਂ ਅਤੇ ਲੋਕਾਂ ਦੇ ਦਿਲ-ਦਿਮਾਗ ਨੂੰ ਵੀ ਤੁਸੀਂ ਭਰੋਸਾ ਦਿਲਾਇਆ ਅਤੇ ਉਸ ਕਾਰਨ, ਤੁਹਾਡੀ ਇਸ ਪਹਿਲਕਦਮੀ ਕਾਰਨ ਅਤੇ ਸਾਰੇ ਸਮਝੌਤਿਆਂ ਦੇ ਰਾਹ ਖੁੱਲ੍ਹੇ ਸਨ ਅਤੇ ਇਸ ਲਈ ਇੱਕ ਤਰ੍ਹਾਂ ਨਾਲ ਇਸ ਪਹਿਲਕਦਮੀ ਕਾਰਨ ਅਤੇ ਸਾਰੇ ਸਮਝੌਤਿਆਂ ਦੇ ਰਾਹ ਖੁੱਲ੍ਹੇ ਸੀ ਇਸ ਲਈ ਇਕ ਤਰ੍ਹਾਂ ਨਾਲ ਪੂਰੇ ਨੌਰਥ-ਈਸਟ ਵਿੱਚ ਤੁਸੀਂ ਸ਼ਾਂਤੀ ਦੀ ਜੋਤ ਜਗਾਈ ਹੈ ਦੋਸਤੋ।
ਸਾਥੀਓ,
ਇਨ੍ਹਾਂ ਸਮਝੌਤਿਆਂ ਦੀ ਵਜ੍ਹਾ ਨਾਲ ਸਿਰਫ ਅਸਾਮ ਵਿੱਚ ਹੀ, ਇਹ ਅੰਕੜਾ ਮੈਂ ਫਿਰ ਕਹਾਂਗਾ ਦਿੱਲੀ ਵਿੱਚ ਬੈਠੇ-ਬੈਠੇ ਮਹਾਰਥੀਆਂ ਨੂੰ ਪਤਾ ਨਹੀਂ ਹੋਵੇਗਾ। ਸਿਰਫ ਅਸਾਮ ਵਿੱਚ ਹੀ, 10 ਹਜ਼ਾਰ ਤੋਂ ਵੱਧ ਨੌਜਵਾਨਾਂ ਨੇ ਹਥਿਆਰ ਛੱਡੇ, ਹਿੰਸਾ ਦੀ ਰਾਹ ਛੱਡੀ ਹੈ, ਇਹ ਵਿਕਾਸ ਦੀ ਮੁੱਖਧਾਰਾ ਵਿੱਚ ਵਾਪਸ ਪਰਤੇ ਹਨ। ਕਿਸੇ ਨੇ ਕਲਪਨਾ ਨਹੀਂ ਕੀਤੀ ਸੀ ਕਿ ਕਾਰਬੀ ਐਂਗਲੌਂਗ ਸਮਝੌਤਾ, ਬਰੂ-ਰਿਆਂਗ ਸਮਝੌਤਾ, ਐੱਨਐੱਲਐੱਫਟੀ –ਤ੍ਰਿਪੁਰਾ ਸਮਝੌਤਾ, ਇਹ ਸਾਰੀਆਂ ਗੱਲਾਂ ਇੱਕ ਦਿਨ ਸੱਚਾਈ ਬਣ ਜਾਣਗੀਆਂ। ਅਤੇ ਇਹ ਤੁਹਾਡੇ ਸਾਰਿਆਂ ਦੇ ਸਹਿਯੋਗ ਸਦਕਾ ਹੀ ਸਭ ਸੰਭਵ ਹੋਇਆ ਹੈ ਸਾਥੀਓ ਅਤੇ ਇਸ ਲਈ ਇੱਕ ਤਰ੍ਹਾਂ ਨਾਲ ਮੈਂ ਅੱਜ ਪੂਰਾ ਦੇਸ਼ ਜਦੋਂ ਜਨਜਾਤੀਯ ਗੌਰਵ ਦਿਵਸ ਮਨਾ ਰਿਹਾ ਹੈ ਤਾਂ, ਜਦੋਂ ਅੱਜ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ਹੈ ਤਾਂ, ਮੈਂ ਅੱਜ ਇੱਥੇ ਤੁਹਾਡ ਸਾਰਿਆਂ ਨੂੰ ਧੰਨਵਾਦ ਕਹਿਣ ਲਈ ਆਇਆ ਹਾਂ। ਧੰਨਵਾਦ ਕਰਨ ਲਈ ਆਇਆ ਹਾਂ। ਤੁਹਾਡੇ ਪਰਿਵਾਰਜਨਾਂ/ਪਰਿਵਾਰਕ ਮੈਂਬਰਾਂ ਨੂੰ ਪ੍ਰਣਾਮ ਕਰਨ ਲਈ ਆਇਆ ਹਾਂ। ਸ਼ਾਇਦ ਜੋ ਸੁਪਨਾ ਸੰਜੋਇਆ ਹੋਵੇ, ਉਸ ਨੂੰ ਆਪਣੀਆਂ ਅੱਖਾਂ ਅੱਗੇ ਪੂਰਾ ਹੁੰਦੇ ਦੇਖਦੇ ਹਾਂ, ਤਾਂ ਹਿਰਦੇ.... ਹਿਰਦੇ ਭਾਵਨਾਵਾਂ ਨਾਲ ਭਰ ਜਾਂਦਾ ਹੈ ਦੋਸਤੋ ਅਤੇ ਇਸ ਲਈ ਮੈਂ ਤੁਹਾਡਾ ਜਿੰਨਾ ਧੰਨਵਾਦ ਕਰਾਂ ਉੰਨਾ ਘੱਟ ਹੈ ਅਤੇ ਮੈਂ ਦੇਸ਼ ਦੇ ਨੌਜਵਾਨਾਂ ਨੂੰ ਕਹਿੰਦਾ ਹਾਂ,ਅੱਜ ਵੀ ਨਕਸਲਵਾਦ ਦੀ ਰਾਹ ’ਤੇ ਜੋ ਨੌਜਵਾਨ ਹਨ, ਮੈਂ ਉਹਨਾਂ ਨੂੰ ਕਹਿੰਦਾ ਹਾਂ ਕਿ ਮੇਰੇ ਬੋਡੋ ਸਾਥੀਆਂ ਤੋਂ ਕੁਝ ਸਿੱਖੋ, ਬੰਦੂਕ ਛੱਡੋ, ਬੰਬ-ਬੰਦੂਕ-ਪਿਸਤੌਲ ਦਾ ਰਾਹ ਕਦੇ ਵੀ ਨਤੀਜੇ ਨਹੀਂ ਲਿਆਉਂਦਾ ਹੈ। ਨਤੀਜਾ ਬੋਡੋ ਨੇ ਜੋ ਦਿਖਾਇਆ ਹੈ ਨਾ, ਉਹ ਹੀ ਰਸਤਾ ਲਿਆਉਂਦਾ ਹੈ।
ਸਾਥੀਓ,
ਵਿਸ਼ਵਾਸ ਦੀ ਜਿਸ ਪੂੰਜੀ ਨੂੰ ਲੈ ਕੇ ਮੈਂ ਤੁਹਾਡੇ ਕੋਲ ਆਇਆ ਸੀ, ਤੁਸੀਂ ਸਾਰਿਆਂ ਨੇ ਮੇਰੇ ਉਸ ਵਿਸ਼ਵਾਸ ਦਾ ਮਾਣ ਰੱਖਿਆ, ਮੇਰੇ ਸ਼ਬਦ ਦੀ ਇੱਜ਼ਤ ਕੀਤੀ ਅਤੇ ਮੇਰੇ ਸ਼ਬਦ ਦੀ ਤੁਸੀਂ ਇੰਨੀ ਤਾਕਤ ਵਧਾ ਦਿੱਤੀ ਹੈ ਕਿ ਉਹ ਸਦੀਆਂ ਤੱਕ ਪੱਥਰ ਦੀ ਲਕੀਰ ਬਣ ਗਿਆ ਹੈ ਦੋਸਤੋ ਅਤੇ ਮੈਂ ਵੀ, ਸਾਡੀ ਸਰਕਾਰ, ਅਸਾਮ ਸਰਕਾਰ, ਤੁਹਾਡੇ ਵਿਕਾਸ ਵਿੱਚ ਕੋਈ ਕੋਰ-ਕਸਰ ਬਾਕੀ ਨਹੀਂ ਛੱਡ ਰਹੇ ਹਨ।
ਸਾਥੀਓ,
ਕੇਂਦਰ ਅਤੇ ਅਸਾਮ ਦੀ ਸਰਕਾਰ ਬੋਡੋ ਟੈਰੀਟੋਰਿਅਲ ਰੀਜ਼ਨ ਵਿੱਚ ਬੋਡੋ ਸਮੁਦਾਇ ਦੀਆਂ ਜ਼ਰੂਰਤਾਂ ਅਤੇ ਉਸ ਦੀਆਂ ਇੱਛਾਵਾਂ ਨੂੰ ਤਰਜੀਹ ਦੇ ਰਹੀ ਹੈ। ਬੋਡੋਲੈਂਡ ਦੇ ਵਿਕਾਸ ਲਈ ਕੇਂਦਰ ਸਰਕਾਰ ਨੇ 1500 ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਦਿੱਤਾ ਹੈ। ਅਸਾਮ ਸਰਕਾਰ ਨੇ ਵੀ ਸਪੈਸ਼ਲ ਡਿਵੈਲਪਮੈਂਟ ਪੈਕੇਜ ਦਿੱਤਾ ਹੈ। ਬੋਡੋਲੈਂਡ ਵਿੱਚ ਐਜੂਕੇਸ਼ਨ, ਹੈਲਥ ਅਤੇ ਕਲਚਰ ਨਾਲ ਜੁੜੇ ਇਨਫ੍ਰਾਸਟ੍ਰਕਚਰ ਨੂੰ ਵਿਕਸਿਤ ਕਰਨ ਲਈ 700 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਗਏ ਹਨ। ਅਸੀਂ ਹਿਸਾ ਛੱਡ ਕੇ ਮੁੱਖ ਧਾਰਾ ਵਿੱਚ ਪਰਤੇ ਲੋਕਾਂ ਪ੍ਰਤੀ ਸੰਵੇਦਨਸ਼ੀਲਤਾ ਨਾਲ ਫੈਸਲੇ ਲਏ ਹਨ। ਨੈਸ਼ਨਲ ਡੈਮੋਕ੍ਰੇਟਿਕ ਫਰੰਟ ਆਫ ਬੋਡੋਲੈਂਡ ਦੇ 4 ਹਜ਼ਾਰ ਤੋਂ ਵੱਧ ਸਾਬਕਾ ਕੈਡਰਸ ਦਾ ਪੁਨਰਵਾਸ ਕੀਤਾ ਗਿਆ ਹੈ। ਕਿੰਨੇ ਹੀ ਨੌਜਵਾਨਾਂ ਨੂੰ ਅਸਾਮ ਪੁਲਿਸ ਵਿੱਚ ਨੌਕਰੀ ਦਿੱਤੀ ਗਈ ਹੈ। ਬੋਡੋ ਸੰਘਰਸ਼ ਤੋਂ ਪ੍ਰਭਾਵਿਤ ਹਰੇਕ ਪਰਿਵਾਰ ਨੂੰ ਅਸਾਮ ਸਰਕਾਰ ਨੇ 5 ਲੱਖ ਰੁਪਏ ਦੀ ਸਹਾਇਤਾ ਵੀ ਪਹੁੰਚਾਈ ਹੈ। ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਬੋਡੋਲੈਂਡ ਦੇ ਵਿਕਾਸ ਲਈ ਅਸਾਮ ਸਰਕਾਰ ਹਰ ਸਾਲ 800 ਕਰੋੜ ਰੁਪਏ ਤੋਂ ਵੱਧ ਖਰਚ ਕਰ ਰਹੀ ਹੈ।
ਸਾਥੀਓ,
ਕਿਸੇ ਵੀ ਖੇਤਰ ਦੇ ਵਿਕਾਸ ਲਈ ਜ਼ਰੂਰੀ ਹੈ ਕਿ ਉੱਥੋਂ ਦੇ ਨੌਜਵਾਨਾਂ ਨੂੰ, ਉੱਥੇ ਦੀਆਂ ਮਹਿਲਾਵਾਂ ਦਾ ਸਕਿੱਲ ਡਿਵੈਲਪਮੈਂਟ ਵੀ ਹੋਵੇ ਅਤੇ ਉਨ੍ਹਾਂ ਨੂੰ ਆਪਣਾ ਕੰਮ ਕਰਨ ਦੇ ਵੀ ਪੂਰੇ ਮੌਕੇ ਮਿਲਣ। ਜਦੋਂ ਹਿੰਸਾ ਰੁਕੀ ਤਾਂ ਬੋਡੋਲੈਂਡ ਵਿੱਚ ਵਿਕਾਸ ਦਾ ਵਟ ਬ੍ਰਿਖ (ਬੋਹੜ ਦਾ ਰੁਖ਼) ਲਗਾਉਣਾ ਬਹੁਤ ਜ਼ਰੂਰੀ ਸੀ। ਅਤੇ ਇਹੀ ਭਾਵਨਾ, ਸੀਡ (SEED) ਮਿਸ਼ਨ ਦਾ ਅਧਾਰ ਬਣੀ। ਸੀਡ ਮਿਸ਼ਨ ਭਾਵ Skilling, Entrepreneurship ਅਤੇ Employment Development ਰਾਹੀਂ ਨੌਜਵਾਨਾਂ ਦੀ ਭਲਾਈ, ਇਸ ਦਾ ਬਹੁਤ ਵੱਡਾ ਲਾਭ ਬੋਡੋ ਨੌਜਵਾਨਾਂ ਨੂੰ ਹੋ ਰਿਹਾ ਹੈ।
ਸਾਥੀਓ,
ਮੈਨੂੰ ਖੁਸ਼ੀ ਹੈ ਕਿ ਕੁਝ ਸਾਲ ਪਹਿਲਾਂ ਜਿਨ੍ਹਾਂ ਨੌਜਵਾਨਾਂ ਨੇ ਬੰਦੂਕਾਂ ਫੜੀਆਂ ਸਨ, ਹੁਣ ਉਹ ਸਪੋਰਟਸ ਦੇ ਖੇਤਰ ਵਿੱਚ ਅੱਗੇ ਵਧ ਰਹੇ ਹਨ। ਕੋਕਰਾਝਾਰ ਵਿੱਚ ਡੂਰੰਡ ਕੱਪ ਦੇ ਦੋ ਐਡੀਸ਼ਨ ਹੋਣੇ, ਬੰਗਲਾਦੇਸ਼, ਨੇਪਾਲ ਅਤੇ ਭੂਟਾਨ ਦੀਆਂ ਟੀਮਾਂ ਦਾ ਆਉਣਾ,ਆਪਣੇ ਆਪ ਵਿੱਚ ਇਤਿਹਾਸਕ ਹੈ। ਇਸ ਸ਼ਾਂਤੀ ਸਮਝੌਤੇ ਦੇ ਬਾਅਦ ਪਿਛਲੇ ਤਿੰਨ ਸਾਲ ਤੋਂ ਕੋਕਰਾਝਾਰ ਵਿੱਚ ਨਿਰੰਤਰ ਬੋਡੋਲੈਂਡ ਲਿਟਰੇਰੀ ਫੈਸਟੀਵਲ ਵੀ ਹੋ ਰਿਹਾ ਹੈ। ਅਤੇ ਇਸ ਲਈ ਮੈਂ ਸਾਹਿਤਯ ਪਰੀਸ਼ਦ ਦਾ ਤਾਂ ਵਿਸ਼ੇਸ਼ ਧੰਨਵਾਦੀ ਹਾਂ। ਇਹ ਬੋਡੋ ਸਾਹਿਤ ਦੀ ਬਹੁਤ ਵੱਡੀ ਸੇਵਾ ਦਾ ਕੰਮ ਹੋਇਆ ਹੈ। ਅੱਜ ਹੀ ਬੋਡੋ ਸਾਹਿਤਯ ਸਭਾ ਦਾ 73ਵਾਂ ਸਥਾਪਨਾ ਦਿਵਸ ਵੀ ਹੈ। ਇਹ ਬੋਡੋ ਲਿਟਰੇਚਰ ਅਤੇ ਬੋਡੋ ਭਾਸ਼ਾ ਦੇ ਉਤਸਵ ਦਾ ਦਿਨ ਵੀ ਹੈ। ਮੈਨੂੰ ਦੱਸਿਆ ਗਿਆ ਹੈ, ਕੱਲ੍ਹ 16 ਨਵੰਬਰ ਦੀ ਇੱਕ ਕਲਚਰਲ ਰੈਲੀ ਵੀ ਕੱਢੀ ਜਾਏਗੀ। ਇਸ ਲਈ ਵੀ ਤੁਹਾਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਅਤੇ ਸਾਥੀਓ, ਜਦੋਂ ਦਿੱਲੀ ਦੇਖੇਗਾ ਨਾ ਇਹ, ਤਦ ਪੂਰੇ ਦੇਸ਼ ਨੂੰ ਦੇਖਣ ਦਾ ਅਵਸਰ ਆਏਗਾ। ਤਾਂ ਚੰਗਾ ਕੀਤਾ ਹੈ, ਤੁਸੀਂ ਦਿੱਲੀ ਦੀ ਛਾਤੀ ’ਤੇ ਆ ਕੇ ਸ਼ਾਂਤੀ ਦੇ ਗੀਤ ਗਾਉਣਾ ਤੈਅ ਕੀਤਾ ਹੈ।
ਸਾਥੀਓ,
ਹੁਣੇ ਮੈਂ ਇੱਥੇ ਐਗਜ਼ੀਬਿਸ਼ਨ ਵਿੱਚ ਵੀ ਗਿਆ ਸੀ। ਇਸ ਐਗਜ਼ੀਬਿਸ਼ਨ ਵਿੱਚ ਸਾਨੂੰ ਸਮ੍ਰਿੱਧ ਬੋਡੋ ਆਰਟ ਐਂਡ ਕ੍ਰਾਫਟ, ਇਸ ਦੇ ਦਰਸ਼ਨ ਹੁੰਦੇ ਹਨ। ਇੱਥੇ ਅਰੋਨਈ, ਦੋਖੋਨਾ, ਗਮਸਾ, ਕਰਈ-ਦੱਖਿਣੀ,ਥੋਰਖਾ, ਜਉ ਗਿਸ਼ੀ ਅਤੇ ਖਾਮ ਵਰਗੀਆਂ ਕਈ ਚੀਜ਼ਾਂ ਉਪਲਬਧ ਹਨ ਅਤੇ ਇਹ ਅਜਿਹੇ ਪ੍ਰੋਡਕਟ ਹਨ, ਜਿਨ੍ਹਾਂ ਨੂੰ GI ਟੈਗ ਮਿਲਿਆ ਹੈ। ਯਾਨੀ ਦੁਨੀਆ ਵਿੱਚ ਇਹ ਪ੍ਰੋਡਕਟ ਕਿਤੇ ਵੀ ਜਾਓ, ਇਹਨਾਂ ਦੀ ਪਹਿਚਾਣ ਬੋਡੋਲੈਂਡ ਨਾਲ, ਬੋਡੋ ਕਲਚਰ ਨਾਲ ਹੀ ਜੁੜੀ ਰਹੇਗੀ। ਅਤੇ ਸੈਰੀਕਲਚਰ ਮਿਸ਼ਨ ਚਲਾ ਰਹੀ ਹੈ। ਹਰ ਬੋਡੋ ਪਰਿਵਾਰ ਵਿੱਚ ਬੁਣਾਈ ਦੀ ਵੀ ਪਰੰਪਰਾ ਰਹੀ ਹੈ। ਬੋਡੋਲੈਂਡ ਹੈਂਡਲੂਮ ਮਿਸ਼ਨ ਰਾਹੀਂ ਵੀ ਬੋਡੋ ਸਮੁਦਾਇ ਦੀ ਸੱਭਿਆਚਾਰਕ ਵਿਰਾਸਤ ਨੂੰ ਪ੍ਰੋਤਸਾਹਨ ਦੇਣ ਦਾ ਪ੍ਰਯਾਸ ਕੀਤਾ ਗਿਆ ਹੈ।
ਸਾਥੀਓ,
ਅਸਾਮ ਭਾਰਤ ਦੇ ਟੂਰਿਜ਼ਮ ਸੈਕਟਰ ਦਾ ਇੱਕ ਮਹੱਤਵਪੂਰਨ ਥੰਮ੍ਹ ਹੈ ਅਤੇ ਬੋਡੋਲੈਂਡ, ਜਿਵੇਂ ਅਸਾਮ ਦੀ ਤਾਕਤ ਦਾ ਅਹਿਮ ਹਿੱਸਾ ਹੈ, ਉਸੇ ਤਰ੍ਹਾਂ ਹੀ ਅਸਾਮ ਦੀ ਟੂਰਿਜ਼ਮ ਦੀ ਤਾਕਤ ਕੋਈ ਹੈ, ਤਾਂ ਉਹ ਹੈ ਬੋਡੋਲੈਂਡ। ਇੱਕ ਸਮਾਂ ਸੀ ਜਦੋਂ ਮਾਨਸ ਨੈਸ਼ਨਲ ਪਾਰਕ, ਰਾਏਮੋਨਾ ਨੈਸ਼ਨਲ ਪਾਰਕ ਅਤੇ ਸਿੱਖਨਾ ਝਲਾਓ ਨੈਸ਼ਨਲ ਪਾਰਕ, ਇਨ੍ਹਾਂ ਦੇ ਸੰਘਣੇ ਜੰਗਲ ਹੋਰ ਗਤੀਵਿਧੀਆਂ ਦਾ ਠਿਕਾਨਾ ਬਣ ਗਏ ਸੀ। ਮੈਨੂੰ ਖੁਸ਼ੀ ਹੈ ਕਿ ਜੋ ਫੌਰੈਸਟ ਕਦੇ ਹਾਈਟ-ਆਊਟ ਹੋਇਆ ਕਰਦੇ ਸੀ, ਉਹ ਹੁਣ ਨੌਜਵਾਨਾਂ ਦੀ ਹਾਈ ਐਂਬੀਸ਼ਨ ਨੂੰ ਪੂਰਾ ਕਰਨ ਦਾ ਜਰੀਆ ਬਣ ਰਹੇ ਹਨ। ਬੋਡੋਲੈਂਡ ਵਿੱਚ ਵਧਣ ਵਾਲਾ ਟੂਰਿਜ਼ਮ, ਇੱਥੋਂ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਵੀ ਅਨੇਕਾਂ ਨਵੇਂ ਮੌਕੇ ਬਣਾਉਣ ਵਾਲਾ ਹੈ।
ਸਾਥੀਓ,
ਅੱਜ ਜਦੋਂ ਅਸੀਂ ਇਹ ਮਹੋਤਸਵ ਮਨਾ ਰਹੇ ਹਾਂ , ਤਾਂ ਸਾਨੂੰ ਬੋਡੋਫਾ ਉਪੇਂਦਰ ਨਾਥ ਬ੍ਰਹਮਾ ਅਤੇ ਗੁਰੂਦੇਵ ਕਾਲੀਚਰਣ ਬ੍ਰਹਮਾ ਦੀ ਯਾਦ ਆਉਣ ਬਹੁਤ ਸੁਭਾਵਕ ਹੈ। ਬੋਡੋਫਾ ਨੇ ਭਾਰਤ ਦੀ ਅਖੰਡਤਾ ਅਤੇ ਬੋਡੋ ਲੋਕਾਂ ਦੇ ਸੰਵਿਧਾਨਿਕ ਅਧਿਕਾਰਾਂ ਲਈ ਲੋਕਤੰਤਰੀ ਢੰਗ ਨੂੰ ਸਦਾ ਅੱਗੇ ਰੱਖਿਆ। ਗੁਰੂਦੇਵ ਕਾਲੀਚਰਣ ਬ੍ਰਹਮਾ ਨੇ ਸਮਾਜ ਨੂੰ ਅਹਿੰਸਾ ਅਤੇ ਅਧਿਆਤਮ ਦੀ ਰਾਹ ’ਤੇ ਚੱਲ ਕੇ ਇਕਜੁੱਟ ਕੀਤਾ। ਅੱਜ ਮੈਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਬੋਡੋ ਮਾਤਾਵਾਂ-ਭੈਣਾਂ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਸਗੋਂ ਉੱਜਲੇ ਭਵਿੱਖ ਦਾ ਸੁਪਨਾ ਹੈ। ਹਰ ਬੋਡੋ ਪਰਿਵਾਰ ਦੇ ਮਨ ਵਿੱਚ ਹੁਣ ਆਪਣੇ ਬੱਚਿਆਂ ਨੂੰ ਬਿਹਤਰ ਭਵਿੱਖ ਦੇਣ ਦੀ ਇੱਛਾ ਹੈ। ਉਨ੍ਹਾਂ ਦੇ ਸਾਹਮਣੇ, ਬੋਡੋ ਲੋਕਾਂ ਦੀ ਪ੍ਰੇਰਣਾ ਹੈ। ਬੋਡੋ ਸਮੁਦਾਇ ਦੇ ਕਈ ਲੋਕਾਂ ਨੇ ਵਿਸ਼ੇਸ਼ ਅਹੁਦਿਆਂ ’ਤੇ ਰਹਿ ਕੇ ਦੇਸ਼ ਦੀ ਸੇਵਾ ਕੀਤੀ ਹੈ। ਸਾਡੇ ਦੇਸ਼ ਵਿੱਚ ਚੀਫ ਇਲੈਕਸ਼ਨ ਕਮਿਸ਼ਨ ਰਹਿ ਚੁੱਕੇ ਸ਼੍ਰੀ ਹਰੀਸ਼ੰਕਰ ਬ੍ਰਹਮਾ, ਮੇਘਾਲਿਆ ਦੇ ਗਵਰਨਰ ਰਹਿ ਚੁੱਕੇ ਸ਼ੇਖਰ ਮੂਸ਼ਾਹਰੀ ਵਰਗੀਆਂ ਕਈ ਹਸਤੀਆਂ ਨੇ ਬੋਡੋ ਸਮੁਦਾਇ ਦਾ ਮਾਣ ਵਧਾਇਆ ਹੈ। ਮੈਨੂੰ ਖੁਸ਼ੀ ਹੈ ਕਿ ਬੋਡੋਲੈਂਡ ਦੇ ਨੌਜਵਾਨ ਚੰਗਾ ਕਰੀਅਰ ਬਣਾਉਣ ਦੇ ਸੁਪਨੇ ਦੇਖ ਰਹੇ ਹਨ। ਅਤੇ ਇਨ੍ਹਾਂ ਸਾਰਿਆਂ ਨੇ ਸਾਡੀ ਸਰਕਾਰ, ਭਾਵੇਂ ਉਹ ਕੇਂਦਰ ਵਿੱਚ ਹੋਵੇ ਜਾਂ ਰਾਜ ਵਿੱਚ, ਹਰ ਬੋਡੋ ਪਰਿਵਾਰ ਦਾ ਸਾਥੀ ਬਣ ਕੇ ਉਨ੍ਹਾਂ ਨਾਲ ਖੜ੍ਹੀ ਹੈ।
ਸਾਥੀਓ,
ਮੇਰੇ ਲਈ ਅਸਾਮ ਸਮੇਤ ਪੂਰਾ ਨੌਰਥ ਈਸਟ, ਭਾਰਤ ਦੀ ਅਸ਼ਟਲਕਸ਼ਮੀ ਹੈ। ਹੁਣ ਵਿਕਾਸ ਦਾ ਸੂਰਜ ਪੂਰਵ ਤੋਂ ਉਗੇਗਾ, ਪੂਰਬੀ ਭਾਰਤ ਵਿੱਚ ਉਗੇਗਾ, ਜੋ ਵਿਕਸਿਤ ਭਾਰਤ ਦੇ ਸੰਕਲਪ ਨੂੰ ਨਵੀਂ ਊਰਜਾ ਦੇਵੇਗਾ। ਇਸ ਲਈ ਅਸੀਂ ਨੌਰਥ ਈਸਟ ਵਿੱਚ ਸਥਾਈ ਸ਼ਾਂਤੀ ਲਈ ਨਿਰੰਤਰ ਕੋਸ਼ਿਸ਼ ਕਰ ਰਹੇ ਹਾਂ। ਨੌਰਥ ਈਸਟ ਦੇ ਰਾਜਾਂ ਵਿਚਕਾਰਲੇ ਸੀਮਾ-ਵਿਵਾਦਾਂ ਦਾ ਸੁਹਿਰਦ ਨਾਲ ਹੱਲ ਲੱਭ ਰਹੇ ਹਾਂ।
ਸਾਥੀਓ,
ਬੀਤੇ ਦਹਾਕੇ ਵਿੱਚ ਅਸਾਮ ਦੇ ਵਿਕਾਸ ਦਾ, ਨੌਰਥ ਈਸਟ ਦੇ ਵਿਕਾਸ ਦਾ ਸੁਨਹਿਰਾ ਦੌਰ ਸ਼ੁਰੂ ਹੋਇਆ ਹੈ। ਭਾਜਪਾ-ਐੱਨਡੀਏ ਸਰਕਾਰ ਦੀਆਂ ਨੀਤੀਆਂ ਕਾਰਨ, 10 ਵਰ੍ਹਿਆਂ ਵਿੱਚ 25 ਕਰੋੜ ਲੋਕ ਗਰੀਬੀ ਤੋਂ ਬਾਹਰ ਨਿਕਲੇ ਹਨ। ਇਨ੍ਹਾਂ ਵਿੱਚ ਅਸਾਮ ਦੇ ਵੀ ਲੱਖਾਂ ਸਾਥੀਆਂ ਨੇ ਗਰੀਬੀ ਤੋਂ ਮੁਕਤੀ ਪਾਉਣ ਲਈ ਗਰੀਬੀ ਨਾਲ ਸੰਘਰਸ਼ ਕਰਦੇ ਹੋਏ ਗਰੀਬੀ ਨੂੰ ਹਰਾਇਆ ਹੈ। ਭਾਜਪਾ-ਐੱਨਡੀਏ ਦੀ ਸਰਕਾਰ ਦੌਰਾਨ, ਅਸਾਮ ਵਿਕਾਸ ਦੇ ਨਵੇਂ ਰਿਕਾਰਡ ਬਣਾ ਰਿਹਾ ਹੈ। ਸਾਡੀ ਸਰਕਾਰ ਨੇ ਹੈਲਥ ਇਨਫ੍ਰਾਸਟ੍ਰਕਚਰ ’ਤੇ ਵਿਸ਼ੇਸ਼ ਫੋਕਸ ਕੀਤਾ ਹੈ। ਬੀਤੇ ਡੇਢ ਸਾਲ ਵਿੱਚ ਅਸਾਮ ਨੂੰ 4 ਵੱਡੇ ਹਸਪਤਾਲਾਂ ਦੀ ਸੌਗਾਤ ਮਿਲੀ ਹੈ। ਗੁਵਾਹਾਟੀ ਏਮਜ਼ ਅਤੇ ਕੋਕਰਾਝਾਰ, ਨਾਲਬਾਰੀ, ਨਾਗਾਂਵ ਮੈਡੀਕਲ ਕਾਲਜ ਦੀ ਸੁਵਿਧਾ ਨਾਲ ਸਭ ਦੀਆਂ ਮੁਸ਼ਕਲਾਂ ਘੱਟ ਹੋਈਆਂ ਹਨ। ਅਸਾਮ ਵਿੱਚ ਕੈਂਸਰ ਹਸਪਤਾਲ ਖੁੱਲ੍ਹਣ ਨਾਲ ਨੌਰਥ ਈਸਟ ਦੇ ਮਰੀਜਾਂ ਨੂੰ ਵੱਡੀ ਰਾਹਤ ਮਿਲੀ ਹੈ।
2014 ਤੋਂ ਪਹਿਲਾਂ, ਅਸਾਮ ਵਿੱਚ 6 ਮੈਡੀਕਲ ਕਾਲਜ ਸਨ, ਅੱਜ ਇਨ੍ਹਾਂ ਦੀ ਸੰਖਿਆ 12 ਹੋ ਗਈ ਹੈ। ਇਸ ਤੋਂ ਇਲਾਵਾ 12 ਹੋਰ ਨਵੇਂ ਮੈਡੀਕਲ ਕਾਲਜ ਖੋਲ੍ਹਣ ਦੀ ਤਿਆਰੀ ਹੈ। ਅਸਾਮ ਵਿੱਚ ਵਧਦੇ ਇਹ ਮੈਡੀਕਲ ਕਾਲਜ ਹੁਣ ਨੌਜਵਾਨਾਂ ਲਈ ਅਵਸਰਾਂ ਦੇ ਨਵੇਂ ਦਵਾਰ ਖੋਲ੍ਹ ਰਹੇ ਹਨ।
ਸਾਥੀਓ,
ਬੋਡੋ ਸ਼ਾਂਤੀ ਸਮਝੌਤੇ ਨੇ ਜੋ ਰਾਹ ਦਿਖਾਇਆ ਹੈ, ਉਹ ਪੂਰੇ ਨੌਰਥ ਈਸਟ ਦੀ ਸਮ੍ਰਿੱਧੀ ਦਾ ਰਾਹ ਹੈ। ਮੈਂ ਬੋਡੋ ਜ਼ਮੀਨ ਨੂੰ ਸੈਂਕੜੇ ਵਰ੍ਹੇ ਪੁਰਾਣੇ ਸੱਭਿਆਚਾਰ ਦਾ ਸਮ੍ਰਿੱਧ ਬਸੇਰਾ ਮੰਨਦਾ ਹਾਂ। ਇਸ ਸੱਭਿਆਚਾਰ ਨੂੰ, ਬੋਡੋ ਸੰਸਕਾਰਾਂ ਨੂੰ, ਸਾਨੂੰ ਨਿਰੰਤਰ ਮਜ਼ਬੂਤ ਕਰਨਾ ਹੈ। ਅਤੇ ਸਾਥੀਓ, ਇੱਕ ਵਾਰ ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਬੋਡੋਲੈਂਡ ਫੈਸਟੀਵਲ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਤੁਸੀਂ ਸਾਰੇ ਇੱਥੇ ਇੰਨੀ ਵੱਡੀ ਸੰਖਿਆ ਵਿੱਚ ਆਏ, ਤੁਹਾਡਾ ਸਾਰਿਆਂ ਦਾ ਦਿੱਲੀ ਵਿੱਚ ਮੈਨੂੰ ਵੀ ਸੁਆਗਤ ਕਰਨ ਦਾ ਅਵਸਰ ਮਿਲਿਆ, ਮੈਂ ਤੁਹਾਡਾ ਦਿਲੋਂ ਸੁਆਗਤ ਕਰਦਾ ਹਾਂ। ਅਤੇ ਸਾਥੀਓ, ਤੁਸੀਂ ਸਾਰਿਆਂ ਨੇ ਮੇਰੇ ਪ੍ਰਤੀ ਜੋ ਅਪਣਾਪਣ ਰੱਖਿਆ ਹੈ, ਜੋ ਪਿਆਰ ਦਿੱਤਾ ਹੈ, ਤੁਹਾਡੀਆਂ ਅੱਖਾਂ ਵਿੱਚ ਮੈਂ ਜੋ ਸੁਪਨੇ ਦੇਖਦਾ ਹਾਂ ਨਾ, ਬੋਡੋ ਦੇ ਮੇਰੇ ਸਾਰੇ ਭਾਈ-ਭੈਣਾਂ ਮੇਰੇ ਉੱਪਰ ਵਿਸ਼ਵਾਸ ਕਰਨ, ਮੈਂ ਤੁਹਾਡੀਆਂ ਉਮੀਦਾਂ-ਆਕਾਂਖਿਆਵਾਂ ਨੂੰ ਉਸ ’ਤੇ ਖਰਾ ਉਤਰਨ ਲਈ ਮਿਹਨਤ ਕਰਨ ਵਿੱਚ ਕੋਈ ਕਮੀ ਨਹੀਂ ਰੱਖਾਂਗਾ।
ਸਾਥੀਓ,
ਅਤੇ ਉਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਤੁਸੀਂ ਲੋਕਾਂ ਨੇ ਮੈਨੂੰ ਜਿੱਤ ਲਿਆ ਹੈ ਅਤੇ ਇਸ ਲਈ ਮੈਂ ਹਮੇਸ਼ਾ-ਹਮੇਸ਼ਾ ਤੁਹਾਡਾ ਹਾਂ, ਤੁਹਾਡੇ ਲਈ ਹਾਂ ਅਤੇ ਤੁਹਾਡੇ ਕਾਰਨ ਹਾਂ। ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।
ਬਹੁਤ-ਬਹੁਤ ਧੰਨਵਾਦ!
ਮੇਰੇ ਨਾਲ ਪੂਰੀ ਤਾਕਤ ਨਾਲ ਬੋਲੋ-
ਭਾਰਤ ਮਾਤਾ ਕੀ ਜੈ!
ਭਾਰਤ ਮਾਤਾ ਕੀ ਜੈ!
ਭਾਰਤ ਮਾਤਾ ਕੀ ਜੈ!
ਬਹੁਤ-ਬਹੁਤ ਧੰਨਵਾਦ!