ਸ਼੍ਰੀ ਸਰਸਵਤਯੈ ਨਮ: (श्री सरस्वत्यै नमः! )!
ਵਾਣੀ ਪਰੰਪਰਾ ਦੇ ਪੁਨੀਤ ਆਯੋਜਨ ਵਿੱਚ ਸਾਡੇ ਨਾਲ ਮੌਜੂਦ ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਭਗਤ ਸਿੰਘ ਕੋਸ਼ਿਆਰੀ ਜੀ, ਮਹਾਰਾਸ਼ਟਰ ਵਿਧਾਨ ਸਭਾ ਵਿੱਚ ਵਿਰੋਧੀ ਦਲ ਦੇ ਨੇਤਾ ਸ਼੍ਰੀ ਦੇਵੇਂਦਰ ਫਡਣਵੀਸ ਜੀ, ਮਹਾਰਾਸ਼ਟਰ ਸਰਕਾਰ ਵਿੱਚ ਮੰਤਰੀ ਸ਼੍ਰੀ ਸੁਭਾਸ਼ ਦੇਸਾਈ ਜੀ, ਸਤਿਕਾਰਯੋਗ ਊਸ਼ਾ ਜੀ, ਆਸ਼ਾ ਜੀ, ਆਦਿਨਾਥ ਮੰਗੇਸ਼ਕਰ ਜੀ, ਮਾਸਟਰ ਦੀਨਾਨਾਥ ਸਮ੍ਰਿਤੀ ਪ੍ਰਤਿਸ਼ਠਾਨ ਦੇ ਸਾਰੇ ਮੈਂਬਰ ਸਾਹਿਬਾਨ, ਸੰਗੀਤ ਅਤੇ ਕਲਾ ਜਗਤ ਦੇ ਸਾਰੇ ਵਿਸ਼ੇਸ਼ ਸਾਥੀਓ, ਹੋਰ ਸਾਰੇ ਪਤਵੰਤੇ, ਦੇਵੀਓ ਅਤੇ ਸੱਜਣੋ।
ਇਸ ਮਹੱਤਵਪੂਰਨ ਆਯੋਜਨ ਵਿੱਚ ਸਤਿਕਾਰਯੋਗ ਹਿਰਦ ਨਾਥ ਮੰਗੇਸ਼ਕਰ ਜੀ ਨੇ ਵੀ ਆਉਣਾ ਸੀ। ਪਰ ਜਿਵੇਂ ਹੁਣ ਆਦਿਨਾਥ ਜੀ ਨੇ ਦੱਸਿਆ ਕਿ ਤਬੀਅਤ ਠੀਕ ਨਾ ਹੋਣ ਦੀ ਵਜ੍ਹਾ ਨਾਲ ਉਹ ਇੱਥੇ ਨਹੀਂ ਆ ਸਕੇ। ਮੈਂ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰਦਾ ਹਾਂ।
ਸਾਥੀਓ,
ਮੈਂ ਆਪਣੇ ਆਪ ਨੂੰ ਇੱਥੇ ਬਹੁਤ ਢੁੱਕਵਾਂ ਮਹਿਸੂਸ ਨਹੀਂ ਕਰ ਰਿਹਾ ਹਾਂ, ਕਿਉਂਕਿ ਸੰਗੀਤ ਵਰਗੇ ਗਹਿਰੇ ਵਿਸ਼ੇ ਦਾ ਜਾਣਕਾਰ ਤਾਂ ਮੈਂ ਬਿਲਕੁਲ ਨਹੀਂ ਹਾਂ, ਲੇਕਿਨ ਸੰਸਕ੍ਰਿਤਕ ਬੋਧ ਤੋਂ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਸੰਗੀਤ ਇੱਕ ਸਾਧਨਾ ਵੀ ਹੈ, ਅਤੇ ਭਾਵਨਾ ਵੀ ਹੈ। ਜੋ ਅਵਿਅਕਤ ਨੂੰ ਵਿਅਕਤ ਕਰ ਦੇ-ਉਹ ਸ਼ਬਦ ਹਨ।
ਜੋ ਵਿਅਕਤ ਵਿੱਚ ਊਰਜਾ ਦਾ, ਚੇਤਨਾ ਦਾ ਸੰਚਾਰ ਕਰ ਦੇ-ਉਹ ਨਾਦ ਹੈ। ਅਤੇ ਜੋ ਚੇਤਨ ਵਿੱਚ ਭਾਵ ਅਤੇ ਭਾਵਨਾ ਭਰ ਦੇ, ਉਸ ਨੂੰ ਸ੍ਰਿਸ਼ਟੀ ਅਤੇ ਸੰਵੇਦਨਾ ਦੇ ਸਿਖਰ ਤੱਕ ਪਹੁੰਚਾ ਦੇਵੇ- ਉਹ ਸੰਗੀਤ ਹੈ। ਤੁਸੀਂ ਚੁੱਪ ਬੈਠੇ ਹੋ, ਲੇਕਿਨ ਸੰਗੀਤ ਦਾ ਇੱਕ ਸਵਰ ਤੁਹਾਡੀਆਂ ਅੱਖਾਂ ਤੋਂ ਹੰਝੂਆਂ ਦੀ ਧਾਰਾ ਵਹਾਅ ਸਕਦਾ ਹੈ, ਇਹ ਸਮਰੱਥਾ ਹੁੰਦੀ ਹੈ। ਲੇਕਿਨ ਸੰਗੀਤ ਦਾ ਸਵਰ ਤੁਹਾਨੂੰ ਵੈਰਾਗਯ ਦਾ ਬੋਧ ਕਰਵਾ ਸਕਦਾ ਹੈ।
ਸੰਗੀਤ ਨਾਲ ਤੁਹਾਡੇ ਵਿੱਚ ਵੀਰ ਰਸ ਭਰਦਾ ਹੈ। ਸੰਗੀਤ ਮਾਤ੍ਰਤਵ ਅਤੇ ਮਮਤਾ ਦਾ ਅਹਿਸਾਸ ਕਰਵਾ ਸਕਦਾ ਹੈ। ਸੰਗੀਤ ਤੁਹਾਨੂੰ ਰਾਸ਼ਟਰ ਭਗਤੀ ਅਤੇ ਕਰਤੱਵਬੋਧ ਦੇ ਸਿਖਰ ’ਤੇ ਪਹੁੰਚਾ ਸਕਦਾ ਹੈ। ਅਸੀਂ ਸਾਰੇ ਖੁਸ਼ਕਿਸਮਤ ਹਾਂ ਅਸੀਂ ਸੰਗੀਤ ਦੀ ਇਸ ਸਮਰੱਥਾ ਨੂੰ, ਇਸ ਸ਼ਕਤੀ ਨੂੰ ਲਤਾ ਦੀਦੀ ਦੇ ਰੂਪ ਵਿੱਚ ਸਾਖਸ਼ਾਤ ਦੇਖਿਆ ਹੈ।
ਸਾਨੂੰ ਆਪਣੀਆਂ ਅੱਖਾਂ ਨਾਲ ਉਨ੍ਹਾਂ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਹੈ ਅਤੇ ਮੰਗੇਸ਼ਕਰ ਪਰਿਵਾਰ, ਪੀੜ੍ਹੀ ਦਰ ਪੀੜ੍ਹੀ ਇਸ ਯੱਗ ਵਿੱਚ ਆਪਣੀ ਆਹੂਤੀ ਦਿੰਦਾ ਰਿਹਾ ਹੈ ਅਤੇ ਮੇਰੇ ਲਈ ਤਾਂ ਇਹ ਅਨੁਭਵ ਹੋਰ ਵੀ ਕਿਧਰੇ ਵਧ ਕੇ ਰਿਹਾ ਹੈ। ਅਜੇ ਕੁਝ ਸੁਰਖੀਆਂ ਹਰੀਸ਼ ਜੀ ਨੇ ਦੱਸ ਦਿੱਤੀਆਂ, ਲੇਕਿਨ ਮੈਂ ਸੋਚ ਰਿਹਾ ਸੀ ਕਿ ਦੀਦੀ ਨਾਲ ਮੇਰਾ ਨਾਤਾ ਕਦੋਂ ਤੋਂ ਕਿੰਨਾ ਪੁਰਾਣਾ ਹੈ।
ਦੂਰ ਜਾਂਦੇ-ਜਾਂਦੇ ਯਾਦ ਆ ਰਿਹਾ ਸੀ ਕਿ ਸ਼ਾਇਦ ਚਾਰ ਸਾਢੇ ਚਾਰ ਦਹਾਕੇ ਹੋਏ ਹੋਣਗੇ, ਸੁਧੀਰ ਫੜਕੇ ਜੀ ਨੇ ਮੇਰੀ ਜਾਣ ਪਛਾਣ ਕਰਵਾਈ ਸੀ। ਅਤੇ ਉਦੋਂ ਤੋਂ ਲੈ ਕੇ ਅੱਜ ਤੱਕ ਇਸ ਪਰਿਵਾਰ ਨਾਲ ਅਪਾਰ ਸਨੇਹ, ਅਣਗਿਣਤ ਘਟਨਾਵਾਂ ਮੇਰੇ ਜੀਵਨ ਦਾ ਹਿੱਸਾ ਬਣ ਗਈਆਂ।
ਮੇਰੇ ਲਈ ਲਤਾ ਦੀਦੀ ਸੁਰਾਂ ਦੀ ਮਹਾਰਾਣੀ ਦੇ ਨਾਲ ਨਾਲ ਅਤੇ ਜਿਸ ਨੂੰ ਕਹਿੰਦੇ ਹੋਏ ਮੈਨੂੰ ਮਾਣ ਮਹਿਸੂਸ ਹੁੰਦਾ ਹੈ, ਉਹ ਮੇਰੇ ਵੱਡੇ ਭੈਣ ਸਨ। ਪੀੜ੍ਹੀਆਂ ਤੋਂ ਪ੍ਰੇਮ ਅਤੇ ਭਾਵਨਾ ਦਾ ਉਪਹਾਰ ਦੇਣ ਵਾਲੀ ਲਤਾ ਦੀਦੀ ਉਨ੍ਹਾਂ ਨੇ ਤਾਂ ਮੈਨੂੰ ਹਮੇਸ਼ਾ ਉਨ੍ਹਾਂ ਵੱਲੋਂ ਇੱਕ ਵੱਡੀ ਭੈਣ ਵਰਗਾ ਅਪਾਰ ਪ੍ਰੇਮ ਮਿਲਿਆ ਹੈ, ਮੈਂ ਸਮਝਦਾ ਹਾਂ, ਇਸ ਤੋਂ ਵੱਡਾ ਜੀਵਨ ਸੁਭਾਗ ਕੀ ਹੋ ਸਕਦਾ ਹੈ।
ਸ਼ਾਇਦ ਬਹੁਤ ਦਹਾਕਿਆਂ ਦੇ ਬਾਅਦ ਇਹ ਪਹਿਲਾ ਰੱਖੜੀ ਦਾ ਤਿਓਹਾਰ ਜਦੋਂ ਆਵੇਗਾ, ਦੀਦੀ ਨਹੀਂ ਹੋਣਗੇ। ਆਮ ਤੌਰ ’ਤੇ, ਕਿਸੇ ਸਨਮਾਨ ਸਮਾਰੋਹ ਵਿੱਚ ਜਾਣ ਦਾ, ਅਤੇ ਜਦੋਂ ਹੁਣੇ ਹਰੀਸ਼ ਜੀ ਵੀ ਦੱਸ ਰਹੇ ਸਨ, ਕੋਈ ਸਨਮਾਨ ਗ੍ਰਹਿਣ ਕਰਨਾ, ਹੁਣ ਮੈਂ ਥੋੜ੍ਹਾ ਉਨ੍ਹਾਂ ਵਿਸ਼ਿਆਂ ਤੋਂ ਦੂਰ ਹੀ ਰਿਹਾ ਹਾਂ, ਮੈਂ ਆਪਣੇ ਆਪ ਨੂੰ adjust ਨਹੀਂ ਕਰ ਪਾਉਂਦਾ ਹਾਂ।
ਲੇਕਿਨ, ਪੁਰਸਕਾਰ ਜਦੋਂ ਲਤਾ ਦੀਦੀ ਵਰਗੀ ਵੱਡੀ ਭੈਣ ਦੇ ਨਾਂ ਨਾਲ ਹੋਵੇ, ਤਾਂ ਇਹ ਮੇਰੇ ਲਈ ਉਨ੍ਹਾਂ ਦੀ ਅਪਣੱਤਵ ਅਤੇ ਮੰਗੇਸ਼ਕਰ ਪਰਿਵਾਰ ਦਾ ਮੇਰੇ ’ਤੇ ਜੋ ਹੱਕ ਹੈ, ਉਸ ਕਾਰਨ ਮੇਰਾ ਇੱਥੇ ਆਉਣਾ ਇੱਕ ਪ੍ਰਕਾਰ ਨਾਲ ਮੇਰੀ ਜ਼ਿੰਮੇਵਾਰੀ ਬਣ ਜਾਂਦੀ ਹੈ।
ਅਤੇ ਇਹ ਉਸ ਪਿਆਰ ਦਾ ਪ੍ਰਤੀਕ ਹੈ ਅਤੇ ਜਦੋਂ ਆਦਿਨਾਥ ਜੀ ਦਾ ਸੰਦੇਸ਼ ਆਇਆ, ਮੈਂ, ਮੇਰੇ ਕੀ ਪ੍ਰੋਗਰਾਮ ਹਨ, ਮੈਂ ਕਿੰਨਾ busy ਹਾਂ, ਕੁਝ ਪੁੱਛਿਆ ਨਹੀਂ, ਮੈਂ ਕਿਹਾ ਭਾਈਆ ਪਹਿਲਾਂ ਹਾਂ ਕਰ ਦਿਓ। ਮਨ੍ਹਾ ਕਰਨਾ ਮੇਰੇ ਲਈ ਮੁਮਕਿਨ ਹੀ ਨਹੀਂ ਹੈ ਜੀ। ਮੈਂ ਇਸ ਪੁਰਸਕਾਰ ਨੂੰ ਸਾਰੇ ਦੇਸ਼ ਵਾਸੀਆਂ ਲਈ ਸਮਰਪਿਤ ਕਰਦਾ ਹਾਂ।
ਜਿਸ ਤਰ੍ਹਾਂ ਲਤਾ ਦੀਦੀ ਜਨ-ਜਨ ਦੇ ਸਨ, ਉਸੀ ਤਰ੍ਹਾਂ ਉਨ੍ਹਾਂ ਦੇ ਨਾਂ ਨਾਲ ਮੈਨੂੰ ਦਿੱਤਾ ਗਿਆ ਇਹ ਪੁਰਸਕਾਰ ਵੀ ਜਨ-ਜਨ ਦਾ ਹੈ। ਲਤਾ ਦੀਦੀ ਨਾਲ ਅਕਸਰ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀ। ਉਹ ਖੁਦ ਵੀ ਆਪਣੇ ਸੰਦੇਸ਼ ਅਤੇ ਅਸ਼ੀਰਵਾਦ ਭੇਜਦੇ ਰਹਿੰਦੇ ਸਨ।
ਉਨ੍ਹਾਂ ਦੀ ਇੱਕ ਗੱਲ ਸ਼ਾਇਦ ਸਾਡੇ ਸਾਰਿਆਂ ਦੇ ਕੰਮ ਆ ਸਕਦੀ ਹੈ ਜਿਸ ਨੂੰ ਮੈਂ ਭੁੱਲ ਨਹੀਂ ਸਕਦਾ, ਮੈਂ ਉਨ੍ਹਾਂ ਦਾ ਬਹੁਤ ਆਦਰ ਕਰਦਾ ਸੀ, ਲੇਕਿਨ ਉਹ ਕੀ ਕਹਿੰਦੇ ਸਨ, ਉਹ ਹਮੇਸ਼ਾ ਕਹਿੰਦੇ ਸਨ- ‘‘ਮਨੁੱਖ ਆਪਣੀ ਉਮਰ ਨਾਲ ਨਹੀਂ, ਆਪਣੇ ਕਾਰਜ ਤੋਂ ਵੱਡਾ ਹੁੰਦਾ ਹੈ। ਜੋ ਦੇਸ਼ ਲਈ ਜਿੰਨਾ ਕਰੇ, ਉਹ ਓਨਾ ਹੀ ਵੱਡਾ ਹੈ।’’
ਸਫਲਤਾ ਦੇ ਸਿਖ਼ਰ ’ਤੇ ਅਜਿਹੀ ਸੋਚ ਨਾਲ ਵਿਅਕਤੀ ਦੀ ਮਹਾਨਤਾ, ਉਸ ਦਾ ਸਾਨੂੰ ਅਹਿਸਾਸ ਹੁੰਦਾ ਹੈ। ਲਤਾ ਦੀਦੀ ਉਮਰ ਨਾਲ ਵੀ ਵੱਡੇ ਸਨ, ਅਤੇ ਕਰਮ ਨਾਲ ਵੀ ਵੱਡੇ ਸਨ।
ਅਸੀਂ ਸਾਰਿਆਂ ਨੇ ਜਿੰਨਾ ਸਮਾਂ ਲਤਾ ਦੀਦੀ ਨਾਲ ਗੁਜ਼ਾਰਿਆ ਹੈ, ਅਸੀਂ ਸਭ ਜਾਣਦੇ ਹਾਂ ਕਿ ਉਹ ਸਰਲਤਾ ਦੀ ਮੂਰਤੀ ਸਨ। ਲਤਾ ਦੀਦੀ ਨੇ ਸੰਗੀਤ ਵਿੱਚ ਉਹ ਸਥਾਨ ਹਾਸਲ ਕੀਤਾ ਕਿ ਲੋਕ ਉਨ੍ਹਾਂ ਨੂੰ ਮਾਂ ਸਰਸਵਤੀ ਦਾ ਰੂਪ ਮੰਨਦੇ ਸਨ। ਉਨ੍ਹਾਂ ਦੀ ਅਵਾਜ਼ ਨੇ ਕਰੀਬ 80 ਸਾਲਾਂ ਤੱਕ ਸੰਗੀਤ ਜਗਤ ’ਤੇ ਆਪਣੀ ਛਾਪ ਛੱਡੀ ਸੀ।
ਗ੍ਰਾਮੋਫੋਨ ਤੋਂ ਸ਼ੁਰੂ ਕਰੋ, ਤਾਂ ਗ੍ਰਾਮੋਫੋਨ ਤੋਂ ਕੈਸੇਟ, ਫਿਰ ਸੀਡੀ, ਫਿਰ ਡੀਵੀਡੀ, ਅਤੇ ਫਿਰ ਪੈੱਨਡਰਾਈਵ, ਔਨਲਾਈਨ ਮਿਊਜ਼ਿਕ ਅਤੇ Apps ਤੱਕ, ਸੰਗੀਤ ਅਤੇ ਦੁਨੀਆ ਦੀਆਂ ਕਿੰਨੀਆਂ ਵੱਡੀਆਂ ਯਾਤਰਾਵਾਂ ਲਤਾ ਜੀ ਦੇ ਨਾਲ-ਨਾਲ ਤੈਅ ਹੋਈਆਂ ਹਨ।
ਸਿਨੇਮਾ ਦੀਆਂ 4-5 ਪੀੜ੍ਹੀਆਂ ਨੂੰ ਉਨ੍ਹਾਂ ਨੇ ਆਪਣੀ ਅਵਾਜ਼ ਦਿੱਤੀ। ਭਾਰਤ ਰਤਨ ਵਰਗਾ ਸਰਵਉੱਚ ਸਨਮਾਨ ਉਨ੍ਹਾਂ ਨੂੰ ਦੇਸ਼ ਨੇ ਦਿੱਤਾ ਅਤੇ ਦੇਸ਼ ਨੂੰ ਗੌਰਵ ਮਹਿਸੂਸ ਹੋਇਆ। ਪੂਰਾ ਵਿਸ਼ਵ ਉਨ੍ਹਾਂ ਨੂੰ ਸੁਰਾਂ ਦੀ ਸਾਮਰਾਗੀ (ਮਹਾਰਾਣੀ) ਮੰਨਦਾ ਸੀ।
ਲੇਕਿਨ ਉਹ ਖੁਦ ਨੂੰ ਸੁਰਾਂ ਦੀ ਸਾਮਰਾਹੀ ਨਹੀਂ, ਬਲਕਿ ਸਾਧਕ ਮੰਨਦੇ ਸਨ। ਅਤੇ ਇਹ ਅਸੀਂ ਕਿੰਨੇ ਹੀ ਲੋਕਾਂ ਤੋਂ ਸੁਣਿਆ ਹੈ ਕਿ ਉਹ ਜਦੋਂ ਵੀ ਕਿਸੇ ਗੀਤ ਦੀ ਰਿਕਾਰਡਿੰਗ ਲਈ ਜਾਂਦੇ ਸਨ ਤਾਂ ਚੱਪਲਾਂ ਬਾਹਰ ਉਤਾਰ ਦਿੰਦੇ ਸਨ। ਸੰਗੀਤ ਦੀ ਸਾਧਨਾ ਅਤੇ ਈਸ਼ਵਰ ਦੀ ਸਾਧਨਾ ਉਨ੍ਹਾਂ ਲਈ ਇੱਕ ਹੀ ਸੀ।
ਸਾਥੀਓ,
ਆਦਿਸ਼ੰਕਰ ਦੇ ਅਦਵੈਤ ਦੇ ਸਿਧਾਂਤ ਨੂੰ ਅਸੀਂ ਲੋਕ ਸੁਣਨ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕਦੇ-ਕਦੇ ਉਲਝਣ ਵਿੱਚ ਵੀ ਪੈ ਜਾਂਦੇ ਹਾਂ। ਲੇਕਿਨ ਮੈਂ ਜਦੋਂ ਆਦਿਸ਼ੰਕਰ ਦੇ ਅਦਵੈਤ ਦੇ ਸਿਧਾਂਤ ਵੱਲ ਸੋਚਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਜੇਕਰ ਉਸ ਨੂੰ ਸਰਲ ਸ਼ਬਦਾਂ ਵਿੱਚ ਮੈਨੂੰ ਕਹਿਣਾ ਹੈ, ਉਸ ਅਦਵੈਤ ਦੇ ਸਿਧਾਂਤ ਨੂੰ ਈਸ਼ਵਰ ਦਾ ਉਚਾਰਣ ਵੀ ਸਵਰ ਦੇ ਬਿਨਾਂ ਅਧੂਰਾ ਹੈ।
ਈਸ਼ਵਰ ਵਿੱਚ ਸਵਰ ਸਮਾਹਿਤ ਹੈ। ਜਦੋਂ ਸਵਰ ਹੈ, ਉਹੀ ਸੰਪੂਰਨਤਾ ਹੈ। ਸੰਗੀਤ ਸਾਡੇ ਦਿਲ ’ਤੇ, ਸਾਡੇ ਅੰਤਰ ਮਨ ’ਤੇ ਅਸਰ ਪਾਉਂਦਾ ਹੈ। ਜੇਕਰ ਉਸ ਦਾ ਮੂਲ ਲਤਾ ਜੀ ਵਰਗਾ ਪਵਿੱਤਰ ਹੋਵੇ, ਤਾਂ ਉਹ ਪਵਿੱਤਰਤਾ ਅਤੇ ਭਾਵ ਵੀ ਉਸ ਸੰਗੀਤ ਵਿੱਚ ਘੁਲ ਜਾਂਦੇ ਹਨ। ਉਨ੍ਹਾਂ ਦੀ ਸ਼ਖ਼ਸੀਅਤ ਦਾ ਇਹ ਹਿੱਸਾ ਸਾਡੇ ਸਾਰਿਆਂ ਲਈ ਅਤੇ ਖਾਸ ਕਰਕੇ ਨੌਜਵਾਨ ਪੀੜ੍ਹੀ ਲਈ ਇੱਕ ਪ੍ਰੇਰਣਾ ਹੈ।
ਸਾਥੀਓ,
ਲਤਾ ਜੀ ਦੀ ਸਰੀਰਕ ਯਾਤਰਾ ਇੱਕ ਅਜਿਹੇ ਸਮੇਂ ਵਿੱਚ ਪੂਰੀ ਹੋਈ, ਜਦੋਂ ਸਾਡਾ ਦੇਸ਼ ਆਪਣੀ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਉਨ੍ਹਾਂ ਨੇ ਆਜ਼ਾਦੀ ਦੇ ਪਹਿਲਾਂ ਤੋਂ ਭਾਰਤ ਨੂੰ ਅਵਾਜ਼ ਦਿੱਤੀ, ਅਤੇ ਇਨ੍ਹਾਂ 75 ਸਾਲਾਂ ਦੀ ਦੇਸ਼ ਦੀ ਯਾਤਰਾ ਉਨ੍ਹਾਂ ਦੇ ਸੁਰਾਂ ਨਾਲ ਜੁੜੀ ਰਹੀ।
ਇਸ ਪੁਰਸਕਾਰ ਨਾਲ ਲਤਾ ਜੀ ਦੇ ਪਿਤਾ ਜੀ ਦੀਨਾਨਾਥ ਮੰਗੇਸ਼ਕਰ ਜੀ ਦਾ ਨਾਮ ਵੀ ਜੁੜਿਆ ਹੈ। ਮੰਗੇਸ਼ਕਰ ਪਰਿਵਾਰ ਦਾ ਦੇਸ਼ ਲਈ ਜੋ ਯੋਗਦਾਨ ਰਿਹਾ ਹੈ, ਉਸ ਲਈ ਅਸੀਂ ਸਾਡੇ ਦੇਸ਼ ਵਾਸੀ ਉਨ੍ਹਾਂ ਦੇ ਰਿਣੀ ਹਾਂ। ਸੰਗੀਤ ਦੇ ਨਾਲ-ਨਾਲ ਰਾਸ਼ਟਰ ਭਗਤੀ ਦੀ ਜੋ ਚੇਤਨਾ ਲਤਾ ਦੀਦੀ ਦੇ ਅੰਦਰ ਸੀ, ਉਸ ਦਾ ਸਰੋਤ ਉਨ੍ਹਾਂ ਦੇ ਪਿਤਾ ਜੀ ਹੀ ਸਨ।
ਆਜ਼ਾਦੀ ਦੀ ਲੜਾਈ ਦੇ ਦੌਰਾਨ ਸ਼ਿਮਲਾ ਵਿੱਚ ਬ੍ਰਿਟਿਸ਼ ਵਾਇਸਰਾਏ ਦੇ ਪ੍ਰੋਗਰਾਮ ਵਿੱਚ ਦੀਨਾਨਾਥ ਜੀ ਨੇ ਵੀਰ ਸਾਵਰਕਰ ਦਾ ਲਿਖਿਆ ਗੀਤ ਗਾਇਆ ਸੀ। ਬ੍ਰਿਟਿਸ਼ ਵਾਇਸਰਾਏ ਦੇ ਸਾਹਮਣੇ, ਇਹ ਦੀਨਾਨਾਥ ਜੀ ਹੀ ਕਰ ਸਕਦੇ ਹਨ ਅਤੇ music ਵਿੱਚ ਹੀ ਕਰ ਸਕਦੇ ਹਨ। ਅਤੇ ਉਸ ਦੀ ਥੀਮ ’ਤੇ ਪ੍ਰਦਰਸ਼ਨ ਵੀ ਕੀਤਾ ਸੀ ਅਤੇ ਵੀਰ ਸਾਵਰਕਰ ਜੀ ਨੇ ਇਹ ਗੀਤ ਅੰਗਰੇਜ਼ੀ ਹਕੂਮਤ ਨੂੰ ਚੁਣੌਤੀ ਦਿੰਦੇ ਹੋਏ ਲਿਖਿਆ ਸੀ।
ਇਹ ਸਾਹਸ, ਇਹ ਦੇਸ਼ ਭਗਤੀ, ਦੀਨਾਨਾਥ ਜੀ ਨੇ ਆਪਣੇ ਪਰਿਵਾਰ ਨੂੰ ਵਿਰਾਸਤ ਵਿੱਚ ਦਿੱਤੀ ਸੀ। ਲਤਾ ਜੀ ਨੇ ਸੰਭਾਵਿਤ: ਕਿਧਰੇ ਇੱਕ ਵਾਰ ਦੱਸਿਆ ਸੀ ਕਿ ਪਹਿਲਾਂ ਉਹ ਸਮਾਜ ਸੇਵਾ ਦੇ ਹੀ ਖੇਤਰ ਵਿੱਚ ਜਾਣਾ ਚਾਹੁੰਦੇ ਸਨ, ਲਤਾ ਜੀ ਨੇ ਸੰਗੀਤ ਨੂੰ ਆਪਣੀ ਅਰਾਧਨਾ ਬਣਾਇਆ, ਲੇਕਿਨ ਰਾਸ਼ਟਰ ਪ੍ਰੇਮ ਅਤੇ ਰਾਸ਼ਟਰ ਸੇਵਾ ਉਨ੍ਹਾਂ ਦੇ ਗੀਤਾਂ ਜ਼ਰੀਏ ਵੀ ਪ੍ਰੇਰਣਾ ਪਾਉਂਦੀ ਗਈ।
ਛੱਤਰਪਤੀ ਸ਼ਿਵਾਜੀ ਮਹਾਰਾਜ ’ਤੇ ਵੀਰ ਸਾਵਰਕਰ ਜੀ ਦਾ ਲਿਖਿਆ ਗੀਤ- ‘ਹਿੰਦੂ ਨਰਸਿੰਹਾ’ ਹੋਵੇ, ਜਾਂ ਸਮਰੱਥਗੁਰੂ ਰਾਮਦਾਸ ਜੀ ਦੇ ਪਦ ਹੋਣ। ਲਤਾ ਜੀ ਨੇ ਸ਼ਿਵਕਲਿਆਣ ਰਾਜਾ ਦੀ ਰਿਕਾਰਡਿੰਗ ਜ਼ਰੀਏ ਉਨ੍ਹਾਂ ਨੂੰ ਅਮਰ ਕਰ ਦਿੱਤਾ ਹੈ। ‘‘ਐ ਮੇਰੇ ਵਤਨ ਕੇ ਲੋਗੋ’’ ਅਤੇ ‘‘ਜੈ ਹਿੰਦ ਕੀ ਸੈਨਾ’’ ਇਹ ਭਾਵ ਪੰਕਤੀਆਂ ਹਨ, ਜੋ ਦੇਸ਼ ਦੇ ਜਨ-ਜਨ ਦੀ ਜ਼ੁਬਾਨ ’ਤੇ ਅਮਰ ਕਰ ਗਈਆਂ ਹਨ।
ਉਨ੍ਹਾਂ ਦੇ ਜੀਵਨ ਨਾਲ ਜੁੜੇ ਅਜਿਹੇ ਕਿੰਨੇ ਹੀ ਪੱਖ ਹਨ। ਲਤਾ ਦੀਦੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਯੋਗਦਾਨ ਨੂੰ ਵੀ ਅੰਮ੍ਰਿਤ ਮਹੋਤਸਵ ਵਿੱਚ ਅਸੀਂ ਜਨ-ਜਨ ਤੱਕ ਲੈ ਕੇ ਜਾਈਏ, ਇਹ ਸਾਡਾ ਕਰਤੱਵ ਹੈ।
ਸਾਥੀਓ,
ਅੱਜ ਦੇਸ਼ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੇ ਆਤਮਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ। ਲਤਾ ਜੀ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਮਧੁਰ ਪ੍ਰਸਤੁਤੀ ਦੀ ਤਰ੍ਹਾਂ ਸਨ। ਤੁਸੀਂ ਦੇਖੋ, ਉਨ੍ਹਾਂ ਨੇ ਦੇਸ਼ ਦੀਆਂ 30 ਤੋਂ ਜ਼ਿਆਦਾ ਭਾਸ਼ਾਵਾਂ ਵਿੱਚ ਹਜ਼ਾਰਾਂ ਗੀਤ ਗਾਏ। ਹਿੰਦੀ ਹੋਵੇ, ਮਰਾਠੀ, ਸੰਸਕ੍ਰਿਤ ਹੋਵੇ ਜਾਂ ਦੂਜੀਆਂ ਭਾਸ਼ਾਵਾਂ, ਲਤਾ ਜੀ ਦਾ ਸਵਰ ਉਸ ਤਰ੍ਹਾਂ ਹੀ ਹਰ ਭਾਸ਼ਾ ਵਿੱਚ ਘੁਲਿਆ ਹੋਇਆ ਹੈ।
ਉਹ ਹਰ ਰਾਜ, ਹਰ ਖੇਤਰ ਵਿੱਚ ਲੋਕਾਂ ਦੇ ਮਨ ਵਿੱਚ ਸਮਾਈ ਹੋਈ ਹੈ। ਭਾਰਤੀਅਤਾ ਦੇ ਨਾਲ ਸੰਗੀਤ ਕਿਵੇਂ ਅਮਰ ਹੋ ਸਕਦਾ ਹੈ, ਇਹ ਉਨ੍ਹਾਂ ਨੇ ਜੀ ਕਰਕੇ ਦਿਖਾਇਆ ਹੈ। ਉਨ੍ਹਾਂ ਨੇ ਭਗਵਦਗੀਤਾ ਦਾ ਵੀ ਸਸਵਰ ਪਾਠ ਕੀਤਾ, ਅਤੇ ਤੁਲਸੀ, ਮੀਰਾ, ਸੰਤ ਗਿਆਨੇਸ਼ਵਰ ਅਤੇ ਨਰਸੀ ਮਹਿਤਾ ਦੇ ਗੀਤਾਂ ਨੂੰ ਵੀ ਸਮਾਜ ਦੇ ਦਿਲ-ਦਿਮਾਗ ਵਿੱਚ ਘੋਲਿਆ।
ਰਾਮਚਰਿਤ ਮਾਨਸ ਦੀਆਂ ਚੌਪਾਈਆਂ ਤੋਂ ਲੈ ਕੇ ਬਾਪੂ ਦੇ ਪ੍ਰਿਯ ਭਜਨ ‘ਵੈਸ਼ਣਵਜਨ ਤੋ ਤੇਰੇ ਕਹੀਏ’, ਤੱਕ ਸਭ ਕੁਝ ਲਤਾ ਜੀ ਦੀ ਅਵਾਜ਼ ਤੋਂ ਪੁਨਰਜੀਵਤ ਹੋ ਗਏ। ਉਨ੍ਹਾਂ ਨੇ ਤਿਰੂਪਤੀ ਦੇਵਸਥਾਨਮ ਲਈ ਗੀਤਾਂ ਅਤੇ ਮੰਤਰਾਂ ਦਾ ਇੱਕ ਸੈੱਟ ਰਿਕਾਰਡ ਕੀਤਾ ਸੀ, ਜੋ ਅੱਜ ਵੀ ਹਰ ਸਵੇਰੇ ਉੱਥੇ ਵੱਜਦਾ ਹੈ।
ਯਾਨੀ, ਸੰਸਕ੍ਰਿਤੀ ਤੋਂ ਲੈ ਕੇ ਆਸਥਾ ਤੱਕ, ਪੂਰਬ ਤੋਂ ਲੈ ਕੇ ਪੱਛਮ ਤੱਕ, ਉੱਤਰ ਤੋਂ ਦੱਖਣ ਤੱਕ, ਲਤਾ ਜੀ ਦੇ ਸੁਰਾਂ ਨੇ ਪੂਰੇ ਦੇਸ਼ ਨੂੰ ਇੱਕ ਸੂਤਰ ਵਿੱਚ ਪਿਰੋਣ ਦਾ ਕੰਮ ਕੀਤਾ ਹੈ। ਦੁਨੀਆ ਵਿੱਚ ਵੀ, ਉਹ ਸਾਡੇ ਭਾਰਤ ਦੀ ਸੰਸਕ੍ਰਿਤਕ ਰਾਜਦੂਤ ਸਨ। ਉਸ ਤਰ੍ਹਾਂ ਹੀ ਉਨ੍ਹਾਂ ਦਾ ਨਿੱਜੀ ਜੀਵਨ ਵੀ ਸੀ।
ਪੁਣੇ ਵਿੱਚ ਉਨ੍ਹਾਂ ਨੇ ਆਪਣੀ ਕਮਾਈ ਅਤੇ ਮਿੱਤਰਾਂ ਦੇ ਸਹਿਯੋਗ ਨਾਲ ਮਾਸਟਰ ਦੀਨਾਨਾਥ ਮੰਗੇਸ਼ਕਰ ਹੌਸਪੀਟਲ ਬਣਵਾਇਆ ਜੋ ਅੱਜ ਵੀ ਗਰੀਬਾਂ ਦੀ ਸੇਵਾ ਕਰ ਰਿਹਾ ਹੈ ਅਤੇ ਦੇਸ਼ ਵਿੱਚ ਸ਼ਾਇਦ ਬਹੁਤ ਘੱਟ ਹੀ ਲੋਕਾਂ ਤੱਕ ਇਹ ਚਰਚਾ ਪਹੁੰਚੀ ਹੋਵੇਗੀ, ਕਰੋਨਾ ਕਾਲਖੰਡ ਵਿੱਚ ਦੇਸ਼ ਦੀਆਂ ਜੋ ਇਨ੍ਹਾਂ ਚੁਣੇ ਹੋਏ ਹਸਪਤਾਲਾਂ, ਜਿਨ੍ਹਾਂ ਨੇ ਸਭ ਤੋਂ ਵੱਧ ਗਰੀਬਾਂ ਲਈ ਕੰਮ ਕੀਤਾ, ਉਨ੍ਹਾਂ ਵਿੱਚ ਪੁਣੇ ਦੇ ਮੰਗੇਸ਼ਕਰ ਹਸਪਤਾਲ ਦਾ ਨਾਮ ਹੈ।
ਸਾਥੀਓ,
ਅੱਜ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਆਪਣੇ ਅਤੀਤ ਨੂੰ ਯਾਦ ਕਰ ਰਿਹਾ ਹੈ ਅਤੇ ਦੇਸ਼ ਭਵਿੱਖ ਲਈ ਨਵੇਂ ਸੰਕਲਪ ਲੈ ਰਿਹਾ ਹੈ। ਅਸੀਂ ਦੁਨੀਆ ਦੇ ਸਭ ਤੋਂ ਵੱਡੇ ਸਟਾਰਟਅਪ ecosystem ਵਿੱਚੋਂ ਇੱਕ ਹਾਂ। ਅੱਜ ਭਾਰਤ ਹਰ ਖੇਤਰ ਵਿੱਚ ਆਤਮਨਿਰਭਰ ਬਣਨ ਵਲ ਅੱਗੇ ਵਧ ਰਿਹਾ ਹੈ, ਵਿਕਾਸ ਦੀ ਇਹ ਯਾਤਰਾ ਸਾਡੇ ਸੰਕਲਪਾਂ ਦਾ ਹਿੱਸਾ ਹੈ।
ਲੇਕਿਨ, ਵਿਕਾਸ ਨੂੰ ਲੈ ਕੇ ਭਾਰਤ ਦੀ ਮੌਲਿਕ ਦ੍ਰਿਸ਼ਟੀ ਹਮੇਸ਼ਾ ਅਲੱਗ ਰਹੀ ਹੈ। ਸਾਡੇ ਲਈ ਵਿਕਾਸ ਦਾ ਅਰਥ ਹੈ- ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ’। ਸਭ ਦੇ ਨਾਲ ਸਭ ਦੇ ਵਿਕਾਸ ਦੇ ਇਸ ਭਾਵ ਵਿੱਚ ‘ਵਸੂਧੈਵ ਕੁਟੁੰਬਕੁਮ’ ਦੀ ਭਾਵਨਾ ਵੀ ਸ਼ਾਮਲ ਹੈ।
ਪੂਰੇ ਵਿਸ਼ਵ ਦਾ ਵਿਕਾਸ, ਪੂਰੀ ਮਾਨਵਤਾ ਦਾ ਕਲਿਆਣ, ਇਹ ਕੇਵਲ ਭੌਤਿਕ ਸਮਰੱਥਾ ਨਾਲ ਹਾਸਲ ਨਹੀਂ ਕੀਤਾ ਜਾ ਸਕਦਾ। ਇਸ ਲਈ ਜ਼ਰੂਰੀ ਹੁੰਦੀਆਂ ਹਨ- ਮਨੁੱਖੀ ਕਦਰਾਂ ਕੀਮਤਾਂ। ਇਸ ਲਈ ਜ਼ਰੂਰੀ ਹੁੰਦੀ ਹੈ- ਅਧਿਆਤਮਕ ਚੇਤਨਾ। ਇਸ ਲਈ, ਅੱਜ ਭਾਰਤ ਦੁਨੀਆ ਨੂੰ ਯੋਗ ਅਤੇ ਆਯੁਰਵੈਦ ਤੋਂ ਲੈ ਕੇ ਵਾਤਾਵਰਣ ਰੱਖਿਆ ਵਰਗੇ ਵਿਸ਼ਿਆਂ ’ਤੇ ਦਿਸ਼ਾ ਦੇ ਰਿਹਾ ਹੈ।
ਮੈਂ ਮੰਨਦਾ ਹਾਂ, ਭਾਰਤ ਦੇ ਇਸ ਯੋਗਦਾਨ ਦਾ ਇੱਕ ਅਹਿਮ ਹਿੱਸਾ ਸਾਡਾ ਭਾਰਤੀ ਸੰਗੀਤ ਵੀ ਹੈ। ਇਹ ਜ਼ਿੰਮੇਵਾਰੀ ਤੁਹਾਡੇ ਹੱਥਾਂ ਵਿੱਚ ਹੈ। ਅਸੀਂ ਆਪਣੀ ਇਸ ਵਿਰਾਸਤ ਨੂੰ ਉਨ੍ਹਾਂ ਕਦਰਾਂ ਕੀਮਤਾਂ ਨਾਲ ਜੀਵੰਤ ਰੱਖਣ, ਅਤੇ ਅੱਗੇ ਵਧਾਉਣ, ਅਤੇ ਵਿਸ਼ਵ ਸ਼ਾਂਤੀ ਦਾ ਇੱਕ ਮਾਧਿਅਮ ਬਣਾਉਣ, ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।
ਮੈਨੂੰ ਪੂਰਾ ਵਿਸ਼ਵਾਸ ਹੈ, ਸੰਗੀਤ ਜਗਤ ਨਾਲ ਜੁੜੇ ਤੁਸੀਂ ਸਾਰੇ ਲੋਕ ਇਸ ਜ਼ਿੰਮੇਵਾਰੀ ਦਾ ਨਿਰਵਾਹ ਕਰੋਗੇ ਅਤੇ ਇੱਕ ਨਵੇਂ ਭਾਰਤ ਨੂੰ ਦਿਸ਼ਾ ਦਿਓਗੇ। ਇਸੀ ਵਿਸ਼ਵਾਸ ਨਾਲ, ਮੈਂ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਦੀਦੀ ਦੇ ਨਾਮ ਨਾਲ ਇਸ ਪਹਿਲੇ ਪੁਰਸਕਾਰ ਲਈ ਮੈਨੂੰ ਚੁਣਿਆ।
ਲੇਕਿਨ ਹਰੀਸ਼ ਜੀ ਜਦੋਂ ਸਨਮਾਨ ਪੱਤਰ ਪੜ੍ਹ ਰਹੇ ਸਨ ਤਾਂ ਮੈਂ ਸੋਚ ਰਿਹਾ ਸੀ ਕਿ ਮੈਨੂੰ ਕਈ ਵਾਰ ਪੜ੍ਹਨਾ ਪਵੇਗਾ ਅਤੇ ਪੜ੍ਹਕੇ ਮੈਨੂੰ note ਬਣਾਉਣੇ ਪੈਣਗੇ ਕਿ ਅਜੇ ਮੈਨੂੰ ਇਸ ਵਿੱਚ ਕਿੰਨਾ ਕਿੰਨਾ ਹਾਸਲ ਕਰਨਾ ਬਾਕੀ ਹੈ, ਅਜੇ ਮੇਰੇ ਵਿੱਚ ਕਿਹੜੀਆਂ-ਕਿਹੜੀਆਂ ਕਮੀਆਂ ਹਨ, ਉਸ ਨੂੰ ਪੂਰਾ ਮੈਂ ਕਿਵੇਂ ਕਰਾਂ।
ਦੀਦੀ ਦੇ ਅਸ਼ੀਰਵਾਦ ਨਾਲ ਅਤੇ ਮੰਗੇਸ਼ਕਰ ਪਰਿਵਾਰ ਦੇ ਪਿਆਰ ਨਾਲ ਮੇਰੇ ਵਿੱਚ ਜੋ ਕਮੀਆਂ ਹਨ, ਉਨ੍ਹਾਂ ਕਮੀਆਂ ਨੂੰ ਅੱਜ ਮੇਰੇ ਸਨਮਾਨ ਪੱਤਰ ਦੁਆਰਾ ਪੇਸ਼ ਕੀਤਾ ਗਿਆ ਹੈ। ਮੈਂ ਉਨ੍ਹਾਂ ਕਮੀਆਂ ਨੂੰ ਪੂਰਾ ਕਰਨ ਦਾ ਯਤਨ ਕਰਾਂਗਾ।
ਬਹੁਤ-ਬਹੁਤ ਧੰਨਵਾਦ!
ਨਮਸਕਾਰ!