ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫ਼ਤਿਹ॥
ਮੰਚਸਥ ਸਭ ਮਹਾਨੁਭਾਵ, ਇਸ ਕਾਰਯਕ੍ਰਮ ਵਿੱਚ ਉਪਸਥਿਤ ਸਭ ਦੇਵੀਓ ਅਤੇ ਸੱਜਣੋਂ ਅਤੇ ਵਰਚੁਅਲੀ ਦੁਨੀਆ ਭਰ ਤੋਂ ਜੁੜੇ ਸਭ ਮਹਾਨੁਭਾਵ!
ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਸ਼ਾਨਦਾਰ ਆਯੋਜਨ ਵਿੱਚ, ਮੈਂ ਆਪ ਸਭ ਦਾ ਹਿਰਦੈ ਤੋਂ ਸੁਆਗਤ ਕਰਦਾ ਹਾਂ। ਹੁਣੇ ਸ਼ਬਦ ਕੀਰਤਨ ਸੁਣ ਕੇ ਜੋ ਸ਼ਾਂਤੀ ਮਿਲੀ, ਉਹ ਸ਼ਬਦਾਂ ਵਿੱਚ ਅਭਿਵਿਅਕਤ ਕਰਨਾ ਮੁਸ਼ਕਿਲ ਹੈ।
ਅੱਜ ਮੈਨੂੰ ਗੁਰੂ ਨੂੰ ਸਮਰਪਿਤ ਸਮਾਰਕ ਡਾਕ ਟਿਕਟ ਅਤੇ ਸਿੱਕੇ ਦੇ ਜਾਰੀ ਕਰਨ ਦਾ ਵੀ ਸੁਭਾਗ ਮਿਲਿਆ ਹੈ। ਮੈਂ ਇਸ ਨੂੰ ਸਾਡੇ ਗੁਰੂਆਂ ਦੀ ਵਿਸ਼ੇਸ਼ ਕ੍ਰਿਪਾ ਮੰਨਦਾ ਹਾਂ। ਇਸ ਦੇ ਪਹਿਲਾਂ 2019 ਵਿੱਚ ਸਾਨੂੰ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਅਤੇ 2017 ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਵੀ ਸੁਭਾਗ ਮਿਲਿਆ ਸੀ ।
ਮੈਨੂੰ ਖੁਸ਼ੀ ਹੈ ਕਿ ਅੱਜ ਸਾਡਾ ਦੇਸ਼ ਪੂਰੀ ਨਿਸ਼ਠਾ ਦੇ ਨਾਲ ਸਾਡੇ ਗੁਰੂਆਂ ਦੇ ਆਦਰਸ਼ਾਂ ਉੱਤੇ ਅੱਗੇ ਵਧ ਰਿਹਾ ਹੈ । ਮੈਂ ਇਸ ਪੁਣਯ (ਨੇਕ) ਅਵਸਰ ਉੱਤੇ ਸਾਰੇ ਦਸ ਗੁਰੂਆਂ ਦੇ ਚਰਨਾਂ ਵਿੱਚ ਆਦਰਪੂਰਵਕ ਨਮਨ ਕਰਦਾ ਹਾਂ। ਆਪ ਸਭ ਨੂੰ ਸਾਰੇ ਦੇਸ਼ਵਾਸੀਆਂ ਨੂੰ ਅਤੇ ਪੂਰੀ ਦੁਨੀਆ ਵਿੱਚ ਗੁਰਬਾਣੀ ਵਿੱਚ ਸ਼ਰਧਾ ਰੱਖਣ ਵਾਲੇ ਸਾਰੇ ਲੋਕਾਂ ਨੂੰ ਮੈਂ ਪ੍ਰਕਾਸ਼ ਪੁਰਬ ਦੀ ਹਾਰਦਿਕ ਵਧਾਈ ਦਿੰਦਾ ਹਾਂ।
ਸਾਥੀਓ,
ਇਹ ਲਾਲ ਕਿਲਾ ਕਿਤਨੇ ਹੀ ਅਹਿਮ ਕਾਲਖੰਡਾਂ ਦਾ ਸਾਖੀ ਰਿਹਾ ਹੈ। ਇਸ ਕਿਲੇ ਨੇ ਗੁਰੂ ਤੇਗ਼ ਬਹਾਦਰ ਸਾਹਬ ਜੀ ਦੀ ਸ਼ਹਾਦਤ ਨੂੰ ਵੀ ਦੇਖਿਆ ਹੈ ਅਤੇ ਦੇਸ਼ ਦੇ ਲਈ ਮਰ - ਮਿਟਣ ਵਾਲੇ ਲੋਕਾਂ ਦੇ ਹੌਸਲੇ ਨੂੰ ਵੀ ਪਰਖਿਆ ਹੈ । ਆਜ਼ਾਦੀ ਦੇ ਬਾਅਦ ਦੇ 75 ਵਰ੍ਹਿਆਂ ਵਿੱਚ ਭਾਰਤ ਦੇ ਕਿਤਨੇ ਹੀ ਸੁਪਨਿਆਂ ਦੀ ਗੂੰਜ ਇੱਥੋਂ ਪ੍ਰਤੀਧਵਨਿਤ ਹੋਈ ਹੈ। ਇਸ ਲਈ , ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਦੌਰਾਨ ਲਾਲ ਕਿਲੇ ਉੱਤੇ ਹੋ ਰਿਹਾ ਇਹ ਆਯੋਜਨ , ਬਹੁਤ ਵਿਸ਼ੇਸ਼ ਹੋ ਗਿਆ ਹੈ।
ਸਾਥੀਓ ,
ਅਸੀਂ ਅੱਜ ਜਿੱਥੇ ਹਾਂ , ਆਪਣੇ ਲੱਖਾਂ - ਕਰੋੜਾਂ ਸਵਾਧੀਨਤਾ ਸੈਨਾਨੀਆਂ ਦੇ ਤਿਆਗ ਅਤੇ ਬਲੀਦਾਨ ਦੇ ਕਾਰਨ ਹਾਂ। ਆਜ਼ਾਦ ਹਿੰਦੁਸਤਾਨ, ਆਪਣੇ ਫ਼ੈਸਲੇ ਖ਼ੁਦ ਕਰਨ ਵਾਲਾ ਹਿੰਦੁਸਤਾਨ, ਲੋਕੰਤਾਂਤ੍ਰਿਕ ਹਿੰਦੁਸਤਾਨ, ਦੁਨੀਆ ਵਿੱਚ ਪਰਉਪਕਾਰ ਦਾ ਸੰਦੇਸ਼ ਫੈਲਾਉਣ ਵਾਲਾ ਹਿੰਦੁਸਤਾਨ, ਅਜਿਹੇ ਹਿੰਦੁਸਤਾਨ ਦੇ ਸੁਪਨੇ ਨੂੰ ਪੂਰਾ ਹੁੰਦੇ ਦੇਖਣ ਲਈ ਕੋਟਿ-ਕੋਟਿ ਲੋਕਾਂ ਨੇ ਖੁਦ ਨੂੰ ਖਪਾ ਦਿੱਤਾ।
ਇਹ ਭਾਰਤਭੂਮੀ, ਸਿਰਫ਼ ਇੱਕ ਦੇਸ਼ ਹੀ ਨਹੀਂ ਹੈ, ਬਲਕਿ ਸਾਡੀ ਮਹਾਨ ਵਿਰਾਸਤ ਹੈ, ਮਹਾਨ ਪਰੰਪਰਾ ਹੈ। ਇਸ ਨੂੰ ਸਾਡੇ ਰਿਸ਼ੀਆਂ, ਮੁਨੀਆਂ ਅਤੇ ਗੁਰੂਆਂ ਨੇ ਸੈਂਕੜੇ-ਹਜ਼ਾਰਾਂ ਸਾਲਾਂ ਦੀ ਤਪੱਸਿਆ ਨਾਲ ਸਿੰਚਿਆ ਹੈ, ਉਸ ਦੇ ਵਿਚਾਰਾਂ ਨੂੰ ਸਮ੍ਰਿੱਧ ਕੀਤਾ ਹੈ। ਇਸੇ ਪਰੰਪਰਾ ਦੇ ਸਨਮਾਨ ਦੇ ਲਈ, ਉਸ ਦੀ ਪਹਿਚਾਣ ਦੀ ਰੱਖਿਆ ਦੇ ਲਈ ਦਸ ਗੁਰੂਆਂ ਨੇ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਸੀ।
ਇਸ ਲਈ ਸਾਥੀਓ,
ਸੈਂਕੜੇ ਕਾਲ ਦੀ ਗੁਲਾਮੀ ਤੋਂ ਮੁਕਤੀ ਨੂੰ, ਭਾਰਤ ਦੀ ਆਜ਼ਾਦੀ ਨੂੰ, ਭਾਰਤ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਯਾਤਰਾ ਤੋਂ ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ। ਇਸ ਲਈ , ਅੱਜ ਦੇਸ਼ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਨੂੰ ਅਤੇ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਇਕੱਠੇ ਮਨਾ ਰਿਹਾ ਹੈ , ਇੱਕ ਜਿਵੇਂ ਸੰਕਲਪਾਂ ਦੇ ਨਾਲ ਮਨਾ ਰਿਹਾ ਹੈ ।
ਸਾਥੀਓ ,
ਸਾਡੇ ਗੁਰੂਆਂ ਨੇ ਹਮੇਸ਼ਾ ਗਿਆਨ ਅਤੇ ਅਧਿਆਤਮ ਦੇ ਨਾਲ ਹੀ ਸਮਾਜ ਅਤੇ ਸੱਭਿਆਚਾਰ ਦੀ ਜ਼ਿੰਮੇਦਾਰੀ ਉਠਾਈ । ਉਨ੍ਹਾਂ ਨੇ ਸ਼ਕਤੀ ਨੂੰ ਸੇਵਾ ਦਾ ਮਾਧਿਅਮ ਬਣਾਇਆ । ਜਦੋਂ ਗੁਰੂ ਤੇਗ਼ ਬਹਾਦਰ ਜੀ ਦਾ ਜਨਮ ਹੋਇਆ ਸੀ ਤਾਂ ਗੁਰੂ ਪਿਤਾ ਨੇ ਕਿਹਾ ਸੀ-
‘‘ਦੀਨ ਰੱਛ ਸੰਕਟ ਹਰਨ” (‘‘दीन रच्छ संकट हरन”)।
ਯਾਨੀ , ਇਹ ਬਾਲਕ ਇੱਕ ਮਹਾਨ ਆਤਮਾ ਹੈ । ਇਹ ਦੀਨ - ਦੁਖੀਆਂ ਦੀ ਰੱਖਿਆ ਕਰਨ ਵਾਲਾ, ਸੰਕਟ ਨੂੰ ਹਰਨ ਵਾਲਾ ਹੈ। ਇਸੇ ਲਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਉਨ੍ਹਾਂ ਦਾ ਨਾਮ ਤਿਆਗਮੱਲ ਰੱਖਿਆ । ਇਹੀ ਤਿਆਗ , ਗੁਰੂ ਤੇਗ਼ ਬਹਾਦਰ ਜੀ ਨੇ ਆਪਣੇ ਜੀਵਨ ਵਿੱਚ ਚਰਿਤਾਰਥ ਵੀ ਕਰਕੇ ਦਿਖਾਇਆ । ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਉਨ੍ਹਾਂ ਬਾਰੇ ਲਿਖਿਆ ਹੈ -
“ਤੇਗ ਬਹਾਦੁਰ ਸਿਮਰੀਐ, ਘਰਿ ਨੌ ਨਿਧ ਆਵੈ ਧਾਇ ।।
ਸਭ ਥਾਈ ਹੋਇ ਸਹਾਇ”॥
ਅਰਥਾਤ , ਗੁਰੂ ਤੇਗ਼ ਬਹਾਦਰ ਜੀ ਦੇ ਸਿਮਰਨ ਨਾਲ ਹੀ ਸਾਰੀਆਂ ਸਿੱਧੀਆਂ ਆਪਣੇ ਆਪ ਪ੍ਰਗਟ ਹੋਣ ਲਗਦੀਆਂ ਹਨ । ਗੁਰੂ ਤੇਗ਼ ਬਹਾਦਰ ਜੀ ਦਾ ਐਸੀ ਅਦਭੁਤ ਅਧਿਆਤਮਿਕ ਸ਼ਖ਼ਸੀਅਤ ਸੀ, ਉਹ ਐਸੀ ਵਿਲੱਖਣ ਪ੍ਰਤਿਭਾ ਦੇ ਧਨੀ ਸਨ ।
ਸਾਥੀਓ ,
ਇੱਥੇ ਲਾਲ ਕਿਲੇ ਦੇ ਪਾਸ ਇੱਥੇ ਹੀ ਗੁਰੂ ਤੇਗ਼ ਬਹਾਦਰ ਜੀ ਦੇ ਅਮਰ ਬਲੀਦਾਨ ਦਾ ਪ੍ਰਤੀਕ ਗੁਰਦੁਆਰਾ ਸੀਸਗੰਜ ਸਾਹਿਬ ਵੀ ਹੈ! ਇਹ ਪਵਿੱਤਰ ਗੁਰਦੁਆਰਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਡੇ ਮਹਾਨ ਸੱਭਿਆਚਾਰ ਦੀ ਰੱਖਿਆ ਲਈ ਗੁਰੂ ਤੇਗ਼ ਬਹਾਦਰ ਜੀ ਦਾ ਬਲੀਦਾਨ ਕਿਤਨਾ ਬੜਾ ਸੀ । ਉਸ ਸਮੇਂ ਦੇਸ਼ ਵਿੱਚ ਮਜ਼ਹਬੀ ਕੱਟੜਤਾ ਦੀ ਹਨੇਰੀ ਆਈ ਸੀ । ਧਰਮ ਨੂੰ ਦਰਸ਼ਨ , ਵਿਗਿਆਨ ਅਤੇ ਆਤਮਸ਼ੋਧ ਦਾ ਵਿਸ਼ਾ ਮੰਨਣ ਵਾਲੇ ਸਾਡੇ ਹਿੰਦੁਸਤਾਨ ਦੇ ਸਾਹਮਣੇ ਅਜਿਹੇ ਲੋਕ ਸਨ ਜਿਨ੍ਹਾਂ ਨੇ ਧਰਮ ਦੇ ਨਾਮ ਉੱਤੇ ਹਿੰਸਾ ਅਤੇ ਜ਼ੁਲਮ ਦੀ ਪਰਾਕਾਸ਼ਠਾ ਕਰ ਦਿੱਤੀ ਸੀ । ਉਸ ਸਮੇਂ ਭਾਰਤ ਨੂੰ ਆਪਣੀ ਪਹਿਚਾਣ ਬਚਾਉਣ ਦੇ ਲਈ ਇੱਕ ਬੜੀ ਉਮੀਦ ਗੁਰੂ ਤੇਗ਼ ਬਹਾਦਰ ਜੀ ਦੇ ਰੂਪ ਵਿੱਚ ਦਿਖੀ ਸੀ। ਔਰੰਗਜੇਬ ਦੀ ਆਤਤਾਈ ਸੋਚ ਦੇ ਸਾਹਮਣੇ ਉਸ ਸਮੇਂ ਗੁਰੂ ਤੇਗ਼ ਬਹਾਦਰ ਜੀ, ‘ਹਿੰਦ ਦੀ ਚਾਦਰ’ ਬਣ ਕੇ , ਇੱਕ ਚੱਟਾਨ ਬਣਕੇ ਖੜ੍ਹੇ ਹੋ ਗਏ ਸਨ ।
ਇਤਿਹਾਸ ਗਵਾਹ ਹੈ , ਇਹ ਵਰਤਮਾਨ ਸਮਾਂ ਗਵਾਹ ਹੈ ਅਤੇ ਇਹ ਲਾਲ ਕਿਲਾ ਵੀ ਗਵਾਹ ਹੈ ਕਿ ਔਰੰਗਜ਼ੇਬ ਅਤੇ ਉਸ ਜਿਹੇ ਅੱਤਿਆਚਾਰੀਆਂ ਨੇ ਭਲੇ ਹੀ ਅਨੇਕਾਂ ਸਿਰਾਂ ਨੂੰ ਧੜ ਤੋਂ ਅਲੱਗ ਕਰ ਦਿੱਤਾ , ਲੇਕਿਨ ਸਾਡੀ ਆਸਥਾ ਨੂੰ ਉਹ ਸਾਡੇ ਤੋਂ ਅਲੱਗ ਨਹੀਂ ਕਰ ਸਕਿਆ । ਗੁਰੂ ਤੇਗ਼ ਬਹਾਦਰ ਜੀ ਦੇ ਬਲੀਦਾਨ ਨੇ , ਭਾਰਤ ਦੀਆਂ ਅਨੇਕਾਂ ਪੀੜ੍ਹੀਆਂ ਨੂੰ ਆਪਣੀ ਸੱਭਿਆਚਾਰ ਦੀ ਮਰਯਾਦਾ ਦੀ ਰੱਖਿਆ ਦੇ ਲਈ , ਉਸ ਦੇ ਮਾਨ - ਸਨਮਾਨ ਲਈ ਜੀਣ ਅਤੇ ਮਰ-ਮਿਟ ਜਾਣ ਦੀ ਪ੍ਰੇਰਣਾ ਦਿੱਤੀ ਹੈ। ਬੜੀਆਂ – ਬੜੀਆਂ ਸੱਤਾਵਾਂ ਮਿਟ ਗਈਆਂ , ਬੜੇ - ਬੜੇ ਤੁਫਾਨ ਸ਼ਾਂਤ ਹੋ ਗਏ , ਲੇਕਿਨ ਭਾਰਤ ਅੱਜ ਵੀ ਅਮਰ ਖੜ੍ਹਾ ਹੈ , ਭਾਰਤ ਅੱਗੇ ਵਧ ਰਿਹਾ ਹੈ । ਅੱਜ ਇੱਕ ਵਾਰ ਫਿਰ ਦੁਨੀਆ ਭਾਰਤ ਦੀ ਤਰਫ ਦੇਖ ਰਹੀ ਹੈ , ਮਾਨਵਤਾ ਦੇ ਮਾਰਗ ਉੱਤੇ ਪਥਪ੍ਰਦਰਸ਼ਨ ਦੀ ਉਮੀਦ ਕਰ ਰਹੀ ਹੈ । ਗੁਰੂ ਤੇਗ਼ ਬਹਾਦਰ ਜੀ ਦਾ ਅਸ਼ੀਰਵਾਦ ਅਸੀਂ ‘ਨਵੇਂ ਭਾਰਤ’ ਦੇ ਆਭਾ-ਮੰਡਲ ਵਿੱਚ ਹਰ ਪਾਸੇ ਮਹਿਸੂਸ ਕਰ ਸਕਦੇ ਹਨ।
ਭਾਈਓ ਅਤੇ ਭੈਣੋਂ ,
ਸਾਡੇ ਇੱਥੇ ਹਰ ਕਾਲਖੰਡ ਵਿੱਚ ਜਦੋਂ - ਜਦੋਂ ਨਵੀਆਂ ਚੁਣੌਤੀਆਂ ਖੜ੍ਹੀਆਂ ਹੁੰਦੀਆਂ ਹਨ , ਤਾਂ ਕੋਈ ਨਾ ਕੋਈ ਮਹਾਨ ਆਤਮਾ ਇਸ ਪੁਰਾਤਨ ਦੇਸ਼ ਨੂੰ ਨਵੇਂ ਰਸਤੇ ਦਿਖਾ ਕੇ ਦਿਸ਼ਾ ਦਿੰਦੀ ਹੈ । ਭਾਰਤ ਦਾ ਹਰ ਖੇਤਰ , ਹਰ ਕੋਨਾ , ਸਾਡੇ ਗੁਰੂਆਂ ਦੇ ਪ੍ਰਭਾਵ ਅਤੇ ਗਿਆਨ ਨਾਲ ਰੋਸ਼ਨ ਰਿਹਾ ਹੈ। ਗੁਰੂ ਨਾਨਕ ਦੇਵ ਜੀ ਨੇ ਪੂਰੇ ਦੇਸ਼ ਨੂੰ ਇੱਕ ਸੂਤਰ ਵਿੱਚ ਪਰੋਇਆ । ਗੁਰੂ ਤੇਗ਼ ਬਹਾਦਰ ਜੀ ਦੇ ਸਾਥੀ ਹਰ ਤਰਫ ਹੋਏ। ਪਟਨਾ ਵਿੱਚ ਪਟਨਾ ਸਾਹਿਬ ਅਤੇ ਦਿੱਲੀ ਵਿੱਚ ਰਕਾਬਗੰਜ ਸਾਹਿਬ , ਸਾਨੂੰ ਹਰ ਜਗ੍ਹਾ ਗੁਰੂਆਂ ਦੇ ਗਿਆਨ ਅਤੇ ਅਸ਼ੀਰਵਾਦ ਦੇ ਰੂਪ ਵਿੱਚ ‘ਏਕ ਭਾਰਤ’ ਦੇ ਦਰਸ਼ਨ ਹੁੰਦੇ ਹਨ।
ਭਾਈਓ ਅਤੇ ਭੈਣੋਂ ,
ਮੈਂ ਆਪਣੀ ਸਰਕਾਰ ਦਾ ਸੁਭਾਗ ਮੰਨਦਾ ਹਾਂ ਕਿ ਉਸ ਨੂੰ ਗੁਰੂਆਂ ਦੀ ਸੇਵਾ ਦੇ ਲਈ ਇਤਨਾ ਕੁਝ ਕਰਨ ਦਾ ਅਵਸਰ ਮਿਲ ਰਿਹਾ ਹੈ। ਪਿਛਲੇ ਸਾਲ ਹੀ ਸਾਡੀ ਸਰਕਾਰ ਨੇ, ਸਾਹਿਬਜ਼ਾਦਿਆਂ ਦੇ ਮਹਾਨ ਬਲੀਦਾਨ ਦੀ ਯਾਦ ਵਿੱਚ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਉਣ ਦਾ ਨਿਰਣਾ ਲਿਆ ਹੈ । ਸਿੱਖ ਪਰੰਪਰਾ ਦੇ ਤੀਰਥਾਂ ਨੂੰ ਜੋੜਨ ਲਈ ਵੀ ਸਾਡੀ ਸਰਕਾਰ ਨਿਰੰਤਰ ਪ੍ਰਯਾਸ ਕਰ ਰਹੀ ਹੈ । ਜਿਸ ਕਰਤਾਰਪੁਰ ਸਾਹਿਬ ਕੌਰੀਡੋਰ ਦੀਆਂ ਦਹਾਕਿਆਂ ਤੋਂ ਉਡੀਕ ਕੀਤੀ ਜਾ ਰਹੀ ਸੀ , ਉਸ ਦਾ ਨਿਰਮਾਣ ਕਰਕੇ ਸਾਡੀ ਸਰਕਾਰ ਨੇ , ਗੁਰੂ ਸੇਵਾ ਦੇ ਲਈ ਆਪਣੀ ਪ੍ਰਤੀਬੱਧਤਾ ਦਿਖਾਈ ਹੈ । ਸਾਡੀ ਸਰਕਾਰ ਨੇ ਪਟਨਾ ਸਾਹਿਬ ਸਮੇਤ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੇ ਸਥਾਨਾਂ ਉੱਤੇ ਰੇਲ ਸੁਵਿਧਾਵਾਂ ਦਾ ਆਧੁਨਿਕੀਕਰਣ ਵੀ ਕੀਤਾ ਹੈ। ਅਸੀਂ ‘ਸਵਦੇਸ਼ ਦਰਸ਼ਨ ਯੋਜਨਾ’ ਦੇ ਜ਼ਰੀਏ ਪੰਜਾਬ ਵਿੱਚ ਆਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਵਿੱਚ ਅੰਮ੍ਰਿਤਸਰ ਸਾਹਿਬ ਸਮੇਤ ਸਾਰੇ ਪ੍ਰਮੁੱਖ ਸਥਾਨਾਂ ਨੂੰ ਜੋੜ ਕੇ ਇੱਕ ਤੀਰਥ ਸਰਕਟ ਵੀ ਬਣਾ ਰਹੇ ਹਾਂ । ਉੱਤਰਾਖੰਡ ਵਿੱਚ ਹੇਮਕੁੰਡ ਸਾਹਿਬ ਦੇ ਲਈ ਰੋਪਵੇਅ ਬਣਾਉਣ ਦਾ ਕੰਮ ਵੀ ਅੱਗੇ ਵਧ ਰਿਹਾ ਹੈ ।
ਸਾਥੀਓ ,
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਲਈ ਆਤਮਕਲਿਆਣ ਦੇ ਪਥ ਪ੍ਰਦਰਸ਼ਕ ਦੇ ਨਾਲ - ਨਾਲ ਭਾਰਤ ਦੀ ਵਿਵਿਧਤਾ ਅਤੇ ਏਕਤਾ ਦਾ ਜੀਵੰਤ ਸਰੂਪ ਵੀ ਹਨ । ਇਸ ਲਈ , ਜਦੋਂ ਅਫ਼ਗ਼ਾਨਿਸਤਾਨ ਵਿੱਚ ਸੰਕਟ ਪੈਦਾ ਹੁੰਦਾ ਹੈ , ਸਾਡੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਲਿਆਉਣ ਦਾ ਪ੍ਰਸ਼ਨ ਖੜ੍ਹਾ ਹੁੰਦਾ ਹੈ , ਤਾਂ ਭਾਰਤ ਸਰਕਾਰ ਪੂਰੀ ਤਾਕਤ ਲਗਾ ਦਿੰਦੀ ਹੈ । ਅਸੀਂ ਨਾ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਪੂਰੇ ਸਨਮਾਨ ਦੇ ਨਾਲ ਸੀਸ ਉੱਤੇ ਰੱਖ ਕੇ ਲਿਆਉਂਦੇ ਹਾਂ , ਬਲਕਿ ਸੰਕਟ ਵਿੱਚ ਫਸੇ ਆਪਣੇ ਸਿੱਖ ਭਾਈਆਂ ਨੂੰ ਵੀ ਬਚਾਉਂਦੇ ਹਾਂ । ਨਾਗਰਿਕਤਾ ਸੰਸ਼ੋਧਨ ਕਨੂੰਨ ਨੇ ਗੁਆਂਢੀ ਦੇਸ਼ਾਂ ਤੋਂ ਆਏ ਸਿੱਖ ਅਤੇ ਘੱਟਗਿਣਤੀ ਪਰਿਵਾਰਾਂ ਨੂੰ ਦੇਸ਼ ਦੀ ਨਾਗਰਿਕਤਾ ਮਿਲਣ ਦਾ ਰਸਤਾ ਸਾਫ਼ ਕੀਤਾ ਹੈ। ਇਹ ਸਭ ਇਸ ਲਈ ਸੰਭਵ ਹੋਇਆ ਹੈ , ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਮਾਨਵਤਾ ਨੂੰ ਸਰਬਉੱਚ ਰੱਖਣ ਦੀ ਸਿੱਖਿਆ ਦਿੱਤੀ ਹੈ । ਪ੍ਰੇਮ ਅਤੇ ਸਦਭਾਵ ਸਾਡੇ ਸੰਸਕਾਰਾਂ ਦਾ ਹਿੱਸਾ ਹੈ।
ਸਾਥੀਓ,
ਸਾਡੇ ਗੁਰੂ ਦੀ ਬਾਣੀ ਹੈ ,
ਭੈ ਕਾਹੂ ਕਉ ਦੇਤ ਨਹਿ
ਨਹਿ ਭੈ ਮਾਨਤ ਆਨ।
ਕਹੁ ਨਾਨਕ ਸੁਨਿ ਰੇ ਮਨਾ
ਗਿਆਨੀ ਤਾਹਿ ਬਖਾਨਿ॥
ਅਰਥਾਤ , ਗਿਆਨੀ ਉਹੀ ਹੈ ਜੋ ਨਾ ਕਿਸੇ ਨੂੰ ਡਰਾਏ , ਅਤੇ ਨਾ ਕਿਸੇ ਤੋਂ ਡਰੇ । ਭਾਰਤ ਨੇ ਕਦੇ ਕਿਸੇ ਦੇਸ਼ ਜਾਂ ਸਮਾਜ ਲਈ ਖ਼ਤਰਾ ਨਹੀਂ ਪੈਦਾ ਕੀਤਾ। ਅੱਜ ਵੀ ਅਸੀਂ ਪੂਰੇ ਵਿਸ਼ਵ ਦੇ ਕਲਿਆਣ ਲਈ ਸੋਚਦੇ ਹਾਂ । ਇੱਕ ਹੀ ਕਾਮਨਾ ਕਰਦੇ ਹਾਂ । ਅਸੀਂ ਆਤਮਨਿਰਭਰ ਭਾਰਤ ਦੀ ਗੱਲ ਕਰਦੇ ਹਾਂ , ਤਾਂ ਉਸ ਵਿੱਚ ਪੂਰੇ ਵਿਸ਼ਵ ਦੀ ਪ੍ਰਗਤੀ ਲਕਸ਼ ਨੂੰ ਸਾਹਮਣੇ ਰੱਖਦੇ ਹਾਂ । ਭਾਰਤ ਵਿਸ਼ਵ ਵਿੱਚ ਯੋਗ ਦਾ ਪ੍ਰਸਾਰ ਕਰਦਾ ਹੈ , ਤਾਂ ਪੂਰੇ ਵਿਸ਼ਵ ਦੀ ਸਿਹਤ ਅਤੇ ਸ਼ਾਂਤੀ ਦੀ ਕਾਮਨਾ ਨਾਲ ਕਰਦਾ ਹੈ । ਕੱਲ੍ਹ ਹੀ ਮੈਂ ਗੁਜਰਾਤ ਤੋਂ ਪਰਤਿਆ ਹਾਂ । ਉੱਥੇ ਵਿਸ਼ਵ ਸਿਹਤ ਸੰਗਠਨ ਦੇ ਪੰਰਪਰਾਗਤ ਚਿਕਿਤਸਾ ਦੇ ਗਲੋਬਲ ਸੈਂਟਰ ਦਾ ਉਦਘਾਟਨ ਹੋਇਆ ਹੈ । ਹੁਣ ਭਾਰਤ , ਵਿਸ਼ਵ ਦੇ ਕੋਨੇ-ਕੋਨੇ ਤੱਕ ਪੰਰਪਰਾਗਤ ਚਿਕਿਤਸਾ ਦਾ ਲਾਭ ਪਹੁੰਚਾਏਗਾ , ਲੋਕਾਂ ਦੀ ਸਿਹਤ ਨੂੰ ਸੁਧਾਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ ।
ਸਾਥੀਓ ,
ਅੱਜ ਦਾ ਭਾਰਤ ਆਲਮੀ ਦਵੰਦਾਂ ਦੇ ਦਰਮਿਆਨ ਵੀ ਪੂਰੀ ਸਥਿਰਤਾ ਦੇ ਨਾਲ ਸ਼ਾਂਤੀ ਦੇ ਲਈ ਪ੍ਰਯਾਸ ਕਰਦਾ ਹੈ , ਕੰਮ ਕਰਦਾ ਹੈ । ਅਤੇ ਭਾਰਤ ਆਪਣੀ ਦੇਸ਼ ਦੀ ਰੱਖਿਆ - ਸੁਰੱਖਿਆ ਦੇ ਲਈ ਵੀ ਅੱਜ ਉਤਨੀ ਹੀ ਮਜ਼ਬੂਤੀ ਨਾਲ ਅਟਲ ਹੈ । ਸਾਡੇ ਸਾਹਮਣੇ ਗੁਰੂਆਂ ਦੀ ਦਿੱਤੀ ਹੋਈ ਮਹਾਨ ਸਿੱਖ ਪਰੰਪਰਾ ਹੈ । ਪੁਰਾਣੀ ਸੋਚ , ਪੁਰਾਣੀਆਂ ਰੂੜੀਆਂ ਨੂੰ ਕਿਨਾਰੇ ਹਟਾ ਕੇ ਗੁਰੂਆਂ ਨੇ ਨਵੇਂ ਵਿਚਾਰ ਸਾਹਮਣੇ ਰੱਖੇ । ਉਨ੍ਹਾਂ ਦੇ ਸ਼ਿਸ਼ਾਂ ਨੇ ਉਨ੍ਹਾਂ ਨੂੰ ਅਪਣਾਇਆ , ਉਨ੍ਹਾਂ ਨੂੰ ਸਿੱਖਿਆ । ਨਵੀਂ ਸੋਚ ਦਾ ਇਹ ਸਮਾਜਿਕ ਅਭਿਯਾਨ ਇੱਕ ਵਿਚਾਰਕ innovation ਸੀ । ਇਸ ਲਈ , ਨਵੀਂ ਸੋਚ , ਨਿਰੰਤਰ ਮਿਹਨਤ ਅਤੇ ਸ਼ਤ - ਪ੍ਰਤੀਸ਼ਤ ਸਮਰਪਨ , ਇਹ ਅੱਜ ਵੀ ਸਾਡੇ ਸਿੱਖ ਸਮਾਜ ਦੀ ਪਹਿਚਾਣ ਹੈ । ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਅੱਜ ਦੇਸ਼ ਦਾ ਵੀ ਇਹੀ ਸੰਕਲਪ ਹੈ ।
ਸਾਨੂੰ ਆਪਣੀ ਪਹਿਚਾਣ ਉੱਤੇ ਗਰਵ (ਮਾਣ) ਕਰਨਾ ਹੈ । ਸਾਨੂੰ ਲੋਕਲ ਉੱਤੇ ਗਰਵ (ਮਾਣ) ਕਰਨਾ ਹੈ, ਆਤਮਨਿਰਭਰ ਭਾਰਤ ਦਾ ਨਿਰਮਾਣ ਕਰਨਾ ਹੈ । ਸਾਨੂੰ ਇੱਕ ਐਸਾ ਭਾਰਤ ਬਣਾਉਣਾ ਹੈ ਜਿਸ ਦੀ ਸਮਰੱਥਾ ਦੁਨੀਆ ਦੇਖੇ , ਜੋ ਦੁਨੀਆ ਨੂੰ ਨਵੀਂ ਉਚਾਈ ਉੱਤੇ ਲੈ ਜਾਵੇ । ਦੇਸ਼ ਦਾ ਵਿਕਾਸ , ਦੇਸ਼ ਦੀ ਤੇਜ਼ ਪ੍ਰਗਤੀ , ਇਹ ਸਾਡਾ ਸਭ ਦਾ ਕਰਤੱਵ ਹੈ । ਇਸ ਦੇ ਲਈ ‘ਸਬ ਕੇ ਪ੍ਰਯਾਸ ’ ਦੀ ਜ਼ਰੂਰਤ ਹੈ । ਮੈਨੂੰ ਪੂਰਾ ਭਰੋਸਾ ਹੈ ਕਿ ਗੁਰੂਆਂ ਦੇ ਅਸ਼ੀਰਵਾਦ ਨਾਲ , ਭਾਰਤ ਆਪਣੇ ਗੌਰਵ ਦੇ ਸਿਖਰ ਤੱਕ ਪਹੁੰਚੇਗਾ । ਜਦੋਂ ਅਸੀਂ ਅਜ਼ਾਦੀ ਦੇ ਸੌ ਸਾਲ ਮਨਾਵਾਂਗੇ ਤਾਂ ਇੱਕ ਨਵਾਂ ਭਾਰਤ ਸਾਡੇ ਸਾਹਮਣੇ ਹੋਵੇਗਾ।
ਗੁਰੂ ਤੇਗ਼ ਬਹਾਦਰ ਜੀ ਕਹਿੰਦੇ ਸਨ -
ਸਾਧੋ
ਗੋਬਿੰਦ ਕੇ ਗੁਨ ਗਾਵਉ।।
ਮਾਨਸ ਜਨਮੁ ਅਮੋਲਕੁ ਪਾਇਓ
ਬਿਰਥਾ ਕਾਹਿ ਗਵਾਵਉ।
ਇਸੇ ਭਾਵਨਾ ਦੇ ਨਾਲ ਅਸੀਂ ਆਪਣੇ ਜੀਵਨ ਦਾ ਹਰੇਕ ਪਲ , ਦੇਸ਼ ਲਈ ਲਗਾਉਣਾ ਹੈ , ਦੇਸ਼ ਲਈ ਸਮਰਪਿਤ ਕਰ ਦੇਣਾ ਹੈ । ਅਸੀਂ ਸਭ ਮਿਲ ਕੇ ਦੇਸ਼ ਨੂੰ ਵਿਕਾਸ ਦੀ ਨਵੀਂ ਉਚਾਈ ਉੱਤੇ ਲੈ ਜਾਵਾਂਗੇ , ਇਸੇ ਵਿਸ਼ਵਾਸ ਦੇ ਨਾਲ , ਆਪ ਸਭ ਨੂੰ ਇੱਕ ਵਾਰ ਫਿਰ ਹਾਰਦਿਕ ਸ਼ੁਭਕਾਮਨਾਵਾਂ।
ਵਾਹਿਗੁਰੂ ਜੀ ਕਾ ਖਾਲਸਾ ।
ਵਾਹਿਗੁਰੂ ਜੀ ਕੀ ਫ਼ਤਿਹ ॥