ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜੇਐੱਲਐੱਨ ਇਨਡੋਰ ਸਟੇਡੀਅਮ, ਚੇਨਈ ਵਿਖੇ 44ਵੇਂ ਸ਼ਤਰੰਜ ਓਲੰਪਿਆਡ ਦੀ ਸ਼ੁਰੂਆਤ ਦਾ ਐਲਾਨ ਕੀਤਾ। ਇਸ ਮੌਕੇ ਤਮਿਲ ਨਾਡੂ ਦੇ ਰਾਜਪਾਲ ਸ਼੍ਰੀ ਆਰ ਐੱਨ ਰਵੀ, ਤਮਿਲ ਨਾਡੂ ਦੇ ਮੁੱਖ ਮੰਤਰੀ ਸ਼੍ਰੀ ਐੱਮ ਕੇ ਸਟਾਲਿਨ, ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਅਤੇ ਸ਼੍ਰੀ ਐੱਲ ਮੁਰੂਗਨ, ਅੰਤਰਰਾਸ਼ਟਰੀ ਸ਼ਤਰੰਜ ਫੈਡਰੇਸ਼ਨ (FIDE) ਦੇ ਪ੍ਰਧਾਨ ਸ਼੍ਰੀ ਅਰਕਾਡੀ ਡਵੋਰਕੋਵਿਚ ਵੀ ਮੌਜੂਦ ਸਨ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੁਨੀਆ ਭਰ ਦੇ ਸਾਰੇ ਖਿਡਾਰੀਆਂ ਅਤੇ ਸ਼ਤਰੰਜ ਪ੍ਰੇਮੀਆਂ ਦਾ ਭਾਰਤ ਵਿੱਚ ਸੁਆਗਤ ਕੀਤਾ। ਉਨ੍ਹਾਂ ਨੇ ਸਮਾਗਮ ਦੇ ਸਮੇਂ ਦੀ ਮਹੱਤਤਾ ਨੂੰ ਨੋਟ ਕੀਤਾ ਕਿਉਂਕਿ ਇਹ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੌਰਾਨ ਪੈਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼ਤਰੰਜ ਦਾ ਸਭ ਤੋਂ ਵੱਕਾਰੀ ਟੂਰਨਾਮੈਂਟ, ਸ਼ਤਰੰਜ ਦੇ ਘਰ ਭਾਰਤ ’ਚ ਆਇਆ ਹੈ।
ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ 44ਵੇਂ ਸ਼ਤਰੰਜ ਓਲੰਪਿਆਡ ’ਚ ਬਹੁਤ ਸਾਰੀਆਂ ਗੱਲਾਂ ਪਹਿਲੀ ਵਾਰ ਹੋ ਰਹੀਆਂ ਹਨ ਤੇ ਇਹ ਰਿਕਾਰਡਾਂ ਵਾਲਾ ਟੂਰਨਾਮੈਂਟ ਰਿਹਾ ਹੈ। ਇਹ ਪਹਿਲੀ ਵਾਰ ਹੈ ਜਦੋਂ ਸ਼ਤਰੰਜ ਓਲੰਪਿਆਡ ਭਾਰਤ ਵਿੱਚ ਸ਼ਤਰੰਜ ਦੇ ਮੂਲ ਸਥਾਨ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਇਹ 3 ਦਹਾਕਿਆਂ ਵਿੱਚ ਪਹਿਲੀ ਵਾਰ ਏਸ਼ੀਆ ਵਿੱਚ ਆਇਆ ਹੈ। ਇਸ ਵਿੱਚ ਹਿੱਸਾ ਲੈਣ ਵਾਲੇ ਦੇਸ਼ਾਂ ਦੀ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ ਹੈ। ਇਸ ਵਿੱਚ ਮਹਿਲਾਵਾਂ ਦੇ ਵਰਗ ਵਿੱਚ ਸਭ ਤੋਂ ਵੱਧ ਐਂਟਰੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਸ਼ਤਰੰਜ ਓਲੰਪਿਆਡ ਦੀ ਪਹਿਲੀ ਟਾਰਚ ਰਿਲੇਅ ਸ਼ੁਰੂ ਹੋਈ।
ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਤਮਿਲ ਨਾਡੂ ਦਾ ਸ਼ਤਰੰਜ ਨਾਲ ਇੱਕ ਮਜ਼ਬੂਤ ਇਤਿਹਾਸਿਕ ਸਬੰਧ ਹੈ। ਇਹੀ ਕਾਰਨ ਹੈ ਕਿ ਇਹ ਭਾਰਤ ਦੇ ਲਈ ਸ਼ਤਰੰਜ ਦਾ ਪਾਵਰਹਾਊਸ ਹੈ। ਇਸ ਨੇ ਭਾਰਤ ਦੇ ਬਹੁਤ ਸਾਰੇ ਸ਼ਤਰੰਜ ਗ੍ਰੈਂਡਮਾਸਟਰ ਪੈਦਾ ਕੀਤੇ ਹਨ। ਇਹ ਸਭ ਤੋਂ ਵਧੀਆ ਦਿਮਾਗ਼, ਜੀਵੰਤ ਸੱਭਿਆਚਾਰ ਅਤੇ ਦੁਨੀਆ ਦੀ ਸਭ ਤੋਂ ਪੁਰਾਣੀ ਭਾਸ਼ਾ ਤਾਮਿਲ ਦਾ ਘਰ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਡਾਂ ਖੂਬਸੂਰਤ ਹਨ ਕਿਉਂਕਿ ਇਨ੍ਹਾਂ ਵਿੱਚ ਇਕਜੁੱਟ ਹੋਣ ਦੀ ਅੰਦਰੂਨੀ ਸ਼ਕਤੀ ਹੁੰਦੀ ਹੈ। ਖੇਡਾਂ ਲੋਕਾਂ ਅਤੇ ਸਮਾਜ ਨੂੰ ਨੇੜੇ ਲਿਆਉਂਦੀਆਂ ਹਨ। ਖੇਡਾਂ ਟੀਮ ਵਰਕ ਦੀ ਭਾਵਨਾ ਪੈਦਾ ਕਰਦੀਆਂ ਹਨ। ਪ੍ਰਧਾਨ ਮੰਤਰੀ ਨੇ ਇਸ਼ਾਰਾ ਕੀਤਾ ਕਿ ਭਾਰਤ ਵਿੱਚ ਖੇਡਾਂ ਲਈ ਮੌਜੂਦਾ ਸਮੇਂ ਨਾਲੋਂ ਬਿਹਤਰ ਸਮਾਂ ਕਦੇ ਨਹੀਂ ਆਇਆ। ਉਨ੍ਹਾਂ ਕਿਹਾ, “ਭਾਰਤ ਨੇ ਓਲੰਪਿਕ, ਪੈਰਾਲੰਪਿਕਸ ਅਤੇ ਡੈਫਲੰਪਿਕਸ ਵਿੱਚ ਆਪਣਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਅਸੀਂ ਖੇਡਾਂ ਵਿੱਚ ਵੀ ਮਾਣ ਪ੍ਰਾਪਤ ਕੀਤਾ ਜਿੱਥੇ ਅਸੀਂ ਪਹਿਲਾਂ ਨਹੀਂ ਜਿੱਤੇ ਸਨ।” ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਦਾ ਖੇਡ ਸੱਭਿਆਚਾਰ ਦੋ ਅਹਿਮ ਕਾਰਕਾਂ ਦੇ ਸੰਪੂਰਨ ਮਿਸ਼ਰਣ ਕਾਰਨ ਨੌਜਵਾਨਾਂ ਦੀ ਊਰਜਾ ਅਤੇ ਯੋਗ ਵਾਤਾਵਰਣ ਮਜ਼ਬੂਤ ਹੋ ਰਹੇ ਹਨ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਖੇਡਾਂ ਵਿੱਚ ਕੋਈ ਹਾਰ ਨਹੀਂ ਹੁੰਦੀ। ਇੱਥੇ ਜੇਤੂ ਹਨ ਤੇ ਭਵਿੱਖ ਦੇ ਜੇਤੂ ਹਨ। ਉਨ੍ਹਾਂ 44ਵੇਂ ਸ਼ਤਰੰਜ ਓਲੰਪਿਆਡ ’ਚ ਸਾਰੀਆਂ ਟੀਮਾਂ ਤੇ ਖਿਡਾਰੀਆਂ ਦੀ ਸਫ਼ਲਤਾ ਦੀ ਕਾਮਨਾ ਕੀਤੀ।
ਪਿਛੋਕੜ
ਪ੍ਰਧਾਨ ਮੰਤਰੀ ਨੇ 19 ਜੂਨ, 2022 ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਨੈਸ਼ਨਲ ਸਟੇਡੀਅਮ ਵਿੱਚ ਪਹਿਲੀ ਵਾਰ ਸ਼ਤਰੰਜ ਓਲੰਪਿਆਡ ਮਸ਼ਾਲ ਰਿਲੇਅ ਵੀ ਲਾਂਚ ਕੀਤੀ ਸੀ। ਮਸ਼ਾਲ ਨੇ 40 ਦਿਨਾਂ ਤੋਂ ਵੱਧ ਸਮੇਂ ਵਿੱਚ ਦੇਸ਼ ਦੇ 75 ਪ੍ਰਸਿੱਧ ਸਥਾਨਾਂ ਦੀ ਯਾਤਰਾ ਕੀਤੀ, ਲਗਭਗ 20,000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਅਤੇ ਮਹਾਬਲੀਪੁਰਮ ਵਿੱਚ, FIDE ਹੈੱਡਕੁਆਰਟਰ, ਸਵਿਟਜ਼ਰਲੈਂਡ ਜਾਣ ਤੋਂ ਪਹਿਲਾਂ ਸਮਾਪਤੀ ਕੀਤੀ। ।
44ਵਾਂ ਸ਼ਤਰੰਜ ਓਲੰਪਿਆਡ 28 ਜੁਲਾਈ ਤੋਂ 9 ਅਗਸਤ, 2022 ਤੱਕ ਚੇਨਈ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। 1927 ਤੋਂ ਆਯੋਜਿਤ ਹੋਣ ਵਾਲੇ ਇਸ ਵੱਕਾਰੀ ਮੁਕਾਬਲੇ ਦਾ ਆਯੋਜਨ 30 ਸਾਲਾਂ ਬਾਅਦ ਪਹਿਲੀ ਵਾਰ ਭਾਰਤ ਅਤੇ ਏਸ਼ੀਆ ਵਿੱਚ ਕੀਤਾ ਜਾ ਰਿਹਾ ਹੈ। 187 ਦੇਸ਼ਾਂ ਦੇ ਭਾਗ ਲੈਣ ਦੇ ਨਾਲ, ਇਹ ਕਿਸੇ ਵੀ ਸ਼ਤਰੰਜ ਓਲੰਪਿਆਡ ਵਿੱਚ ਸਭ ਤੋਂ ਵੱਡੀ ਭਾਗੀਦਾਰੀ ਹੋਵੇਗੀ। ਭਾਰਤ 6 ਟੀਮਾਂ ਦੇ 30 ਖਿਡਾਰੀਆਂ ਵਾਲੇ ਮੁਕਾਬਲੇ ਵਿੱਚ ਆਪਣਾ ਸਭ ਤੋਂ ਵੱਡਾ ਦਲ ਵੀ ਉਤਾਰ ਰਿਹਾ ਹੈ।