ਨਮਸਕਾਰ!
ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਾਨ ਮੰਗੂ ਭਾਈ ਪਟੇਲ ਜੀ, ਮੁੱਖ ਮੰਤਰੀ ਸ਼੍ਰੀਮਾਨ ਸ਼ਿਵਰਾਜ ਸਿੰਘ ਚੌਹਾਨ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਹਰਦੀਪ ਸਿੰਘ ਪੁਰੀ ਜੀ, ਡਾ. ਵੀਰੇਂਦਰ ਕੁਮਾਰ ਜੀ, ਕੌਸ਼ਲ ਕਿਸ਼ੋਰ ਜੀ, ਮੱਧ ਪ੍ਰਦੇਸ਼ ਸਰਕਾਰ ਦੇ ਮੰਤਰੀਗਣ, ਸਾਂਸਦ-ਵਿਧਾਇਕਗਣ, ਇੰਦੌਰ ਸਮੇਤ ਮੱਧ ਪ੍ਰਦੇਸ਼ ਦੇ ਅਨੇਕ ਸ਼ਹਿਰਾਂ ਨਾਲ ਜੁੜੇ ਪਿਆਰੇ ਭਾਈਓ ਅਤੇ ਭੈਣੋਂ, ਹੋਰ ਮਹਾਨੁਭਾਵ ਵੀ ਅੱਜ ਇੱਥੇ ਮੌਜੂਦ ਹਨ।
ਅਸੀਂ ਜਦੋਂ ਛੋਟੇ ਸਾਂ, ਜਦੋਂ ਪੜ੍ਹਦੇ ਸਾਂ ਤਾਂ ਇੰਦੌਰ ਦਾ ਨਾਮ ਆਉਂਦੇ ਹੀ ਸਭ ਤੋਂ ਪਹਿਲਾਂ ਦੇਵੀ ਅਹਿੱਲਿਆਬਾਈ ਹੋਲਕਰ, ਮਾਹੇਸ਼ਵਰ, ਅਤੇ ਉਨ੍ਹਾਂ ਦੇ ਸੇਵਾਭਾਵ ਦਾ ਧਿਆਨ ਜ਼ਰੂਰ ਆਉਂਦਾ ਸੀ। ਸਮੇਂ ਦੇ ਨਾਲ ਇੰਦੌਰ ਬਦਲਿਆ, ਜ਼ਿਆਦਾ ਅੱਛੇ ਦੇ ਲਈ ਬਦਲਿਆ, ਲੇਕਿਨ ਦੇਵੀ ਅਹਿੱਲਿਆ ਜੀ ਦੀ ਪ੍ਰੇਰਣਾ ਨੂੰ ਇੰਦੌਰ ਨੇ ਕਦੇ ਵੀ ਖੋਣ (ਗੁਆਚਣ) ਨਹੀਂ ਦਿੱਤਾ। ਦੇਵੀ ਅਹਿੱਲਿਆ ਜੀ ਦੇ ਨਾਲ ਹੀ ਅੱਜ ਇੰਦੌਰ ਦਾ ਨਾਮ ਆਉਂਦੇ ਹੀ ਮਨ ਵਿੱਚ ਆਉਂਦਾ ਹੈ-ਸਵੱਛਤਾ। ਇੰਦੌਰ ਦਾ ਨਾਮ ਆਉਂਦੇ ਹੀ ਮਨ ਵਿੱਚ ਆਉਂਦਾ ਹੈ- ਨਾਗਰਿਕ ਕਰਤੱਵ, ਜਿਤਨੇ ਅੱਛੇ ਇੰਦੌਰ ਦੇ ਲੋਕ ਹੁੰਦੇ ਹਨ, ਉਤਨਾ ਹੀ ਅੱਛਾ ਉਨ੍ਹਾਂ ਨੇ ਆਪਣੇ ਸ਼ਹਿਰ ਨੂੰ ਬਣਾ ਦਿੱਤਾ ਹੈ। ਅਤੇ ਤੁਸੀਂ ਸਿਰਫ਼ ਸੇਬ ਦੇ ਹੀ ਸ਼ੌਕੀਨ ਨਹੀਂ ਹੋ, ਇੰਦੌਰ ਦੇ ਲੋਕਾਂ ਨੂੰ ਆਪਣੇ ਸ਼ਹਿਰ ਦੀ ਸੇਵਾ ਕਰਨੀ ਵੀ ਆਉਂਦੀ ਹੈ।
ਅੱਜ ਦਾ ਦਿਨ ਸਵੱਛਤਾ ਦੇ ਲਈ ਇੰਦੌਰ ਦੇ ਅਭਿਯਾਨ ਨੂੰ ਇੱਕ ਨਵੀਂ ਤਾਕਤ ਦੇਣ ਵਾਲਾ ਹੈ। ਇੰਦੌਰ ਨੂੰ ਅੱਜ ਗਿੱਲੇ ਕਚਰੇ ਤੋਂ ਬਾਇਓ-ਸੀਐੱਨਜੀ ਬਣਾਉਣ ਦਾ ਜੋ ਗੋਬਰਧਨ ਪਲਾਂਟ ਮਿਲਿਆ ਹੈ, ਉਸ ਦੇ ਲਈ ਆਪ ਸਭ ਨੂੰ ਬਹੁਤ-ਬਹੁਤ ਵਧਾਈ। ਮੈਂ ਸ਼ਿਵਰਾਜ ਜੀ ਅਤੇ ਉਨ੍ਹਾਂ ਦੀ ਟੀਮ ਦੀ ਵਿਸ਼ੇਸ਼ ਪ੍ਰਸ਼ੰਸਾ ਕਰਾਂਗਾ ਜਿਸ ਨੇ ਇਸ ਕਾਰਜ ਨੂੰ ਇਤਨੇ ਘੱਟ ਸਮੇਂ ਵਿੱਚ ਸੰਭਵ ਬਣਾਇਆ ਹੈ। ਮੈਂ ਅੱਜ ਸੁਮਿਤ੍ਰਾ ਤਾਈ ਦਾ ਵੀ ਆਭਾਰ ਵਿਅਕਤ ਕਰਾਂਗਾ ਜਿਨ੍ਹਾਂ ਨੇ ਸਾਂਸਦ ਦੇ ਤੌਰ ’ਤੇ ਇੰਦੌਰ ਦੀ ਪਹਿਚਾਣ ਨੂੰ ਨਵੀਂ ਉਚਾਈ ’ਤੇ ਪਹੁੰਚਾਇਆ। ਇੰਦੌਰ ਦੇ ਵਰਤਮਾਨ ਸਾਂਸਦ ਮੇਰੇ ਸਾਥੀ ਭਾਈ ਸ਼ੰਕਰ ਲਾਲਵਾਨੀ ਜੀ ਵੀ ਉਨ੍ਹਾਂ ਦੇ ਨਕਸ਼ੇ-ਕਦਮ ’ਤੇ ਉਨ੍ਹਾਂ ਨੇ ਜਿਸ ਰਾਹ ਨੂੰ ਤੈਅ ਕੀਤਾ ਉਸ ਰਾਹ ’ਤੇ ਇੰਦੌਰ ਨੂੰ ਅੱਗੇ ਵਧਾਉਣ ਦੇ ਲਈ ਉਸ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਨਿਰੰਤਰ ਕੰਮ ਕਰ ਰਹੇ ਹਨ।
ਅਤੇ ਸਾਥੀਓ,
ਅੱਜ ਜਦੋਂ ਮੈਂ ਇੰਦੌਰ ਦੀ ਇਤਨੀ ਪ੍ਰਸ਼ੰਸਾ ਕਰ ਰਿਹਾ ਹਾਂ, ਤਾਂ ਆਪਣੇ ਸੰਸਦੀ ਖੇਤਰ ਵਾਰਾਣਸੀ ਦਾ ਵੀ ਜ਼ਿਕਰ ਕਰਾਂਗਾ। ਮੈਨੂੰ ਖੁਸ਼ੀ ਹੈ ਕਿ ਕਾਸ਼ੀ ਵਿਸ਼ਵਨਾਥ ਧਾਮ ਵਿੱਚ ਦੇਵੀ ਅਹਿੱਲਿਆਬਾਈ ਹੋਲਕਰ ਜੀ ਦੀ ਬਹੁਤ ਹੀ ਸੁੰਦਰ ਪ੍ਰਤਿਮਾ ਰੱਖੀ ਗਈ ਹੈ। ਇੰਦੌਰ ਦੇ ਲੋਕ ਜਦੋਂ ਬਾਬਾ ਵਿਸ਼ਵਨਾਥ ਦੇ ਦਰਸ਼ਨ ਕਰਨ ਜਾਣਗੇ, ਤਾਂ ਉਨ੍ਹਾਂ ਨੂੰ ਉੱਥੇ ਦੇਵੀ ਅਹਿੱਲਿਆਬਾਈ ਜੀ ਦੀ ਮੂਰਤੀ ਵੀ ਦਰਸ਼ਨ ਕਰਨ ਦੇ ਲਈ ਮਿਲੇਗੀ। ਤੁਹਾਨੂੰ ਆਪਣੇ ਸ਼ਹਿਰ ’ਤੇ ਹੋਰ ਮਾਣ ਹੋਵੇਗਾ।
ਸਾਥੀਓ,
ਆਪਣੇ ਸ਼ਹਿਰਾਂ ਨੂੰ ਪ੍ਰਦੂਸ਼ਣ ਮੁਕਤ ਰੱਖਣ, ਅਤੇ ਗਿੱਲੇ ਕਚਰੇ ਦੇ ਨਿਸਤਾਰਣ ਦੇ ਲਈ ਅੱਜ ਇਹ ਪ੍ਰਯਾਸ ਬਹੁਤ ਅਹਿਮ ਹੈ। ਸ਼ਹਿਰ ਵਿੱਚ ਘਰਾਂ ਤੋਂ ਨਿਕਲਿਆ ਗਿੱਲਾ ਕਚਰਾ ਹੋਵੇ, ਪਿੰਡਾਂ ਵਿੱਚ ਪਸ਼ੂਆਂ- ਖੇਤਾਂ ਤੋਂ ਮਿਲਿਆ ਕਚਰਾ ਹੋਵੇ, ਇਹ ਸਭ ਇੱਕ ਤਰ੍ਹਾਂ ਨਾਲ ਗੋਬਰਧਨ ਹੀ ਹੈ। ਸ਼ਹਿਰ ਦੇ ਕਚਰੇ ਅਤੇ ਪਸ਼ੂਧਨ ਤੋਂ ਗੋਬਰਧਨ, ਫਿਰ ਗੋਬਰਧਨ ਤੋਂ ਸਵੱਛ ਈਂਧਣ, ਫਿਰ ਸਵੱਛ ਈਂਧਣ ਤੋਂ ਊਰਜਾਧਨ, ਇਹ ਲੜੀ ਜੀਵਨਧਨ ਦਾ ਨਿਰਮਾਣ ਕਰਦੀ ਹੈ। ਇਸ ਲੜੀ ਦੀ ਹਰ ਕੜੀ ਕਿਵੇਂ ਇੱਕ ਦੂਸਰੇ ਨਾਲ ਜੁੜੀ ਹੋਈ ਹੈ, ਉਸ ਦੇ ਪ੍ਰਤੱਖ ਪ੍ਰਮਾਣ ਦੇ ਤੌਰ ’ਤੇ ਇੰਦੌਰ ਦਾ ਇਹ ਗੋਬਰਧਨ ਪਲਾਂਟ ਹੁਣ ਦੂਸਰੇ ਸ਼ਹਿਰਾਂ ਨੂੰ ਵੀ ਪ੍ਰੇਰਣਾ ਦੇਵੇਗਾ।
ਮੈਨੂੰ ਖੁਸ਼ੀ ਹੈ ਕਿ ਆਉਣ ਵਾਲੇ ਦੋ ਵਰ੍ਹਿਆਂ ਵਿੱਚ ਦੇਸ਼ ਦੇ 75 ਬੜੀਆਂ ਨਗਰ ਸੰਸਥਾਵਾਂ ਵਿੱਚ ਇਸ ਪ੍ਰਕਾਰ ਦੇ ਗੋਬਰਧਨ ਬਾਇਓ ਸੀਐੱਨਜੀ ਪਲਾਂਟ ਬਣਾਉਣ ’ਤੇ ਕੰਮ ਕੀਤਾ ਜਾ ਰਿਹਾ ਹੈ। ਇਹ ਅਭਿਯਾਨ ਭਾਰਤ ਦੇ ਸ਼ਹਿਰਾਂ ਨੂੰ ਸਵੱਛ ਬਣਾਉਣ, ਪ੍ਰਦੂਸ਼ਣ ਰਹਿਤ ਬਣਾਉਣ, ਕਲੀਨ ਐਨਰਜੀ ਦੀ ਦਿਸ਼ਾ ਵਿੱਚ ਬਹੁਤ ਮਦਦ ਕਰੇਗਾ। ਅਤੇ ਹੁਣ ਤਾਂ ਸ਼ਹਿਰਾਂ ਵਿੱਚ ਹੀ ਨਹੀਂ, ਬਲਕਿ ਦੇਸ਼ ਦੇ ਪਿੰਡਾਂ ਵਿੱਚ ਵੀ ਹਜ਼ਾਰਾਂ ਦੀ ਸੰਖਿਆ ਵਿੱਚ ਗੋਬਰਧਨ ਬਾਇਓਗੈਸ ਪਲਾਂਟ ਲਗਾਏ ਜਾ ਰਹੇ ਹਨ। ਇਨ੍ਹਾਂ ਨਾਲ ਸਾਡੇ ਪਸ਼ੂਪਾਲਕਾਂ ਨੂੰ ਗੋਬਰ ਤੋਂ ਵੀ ਅਤਿਰਿਕਤ ਆਮਦਨ ਮਿਲਣੀ ਸ਼ੁਰੂ ਹੋਈ ਹੈ। ਸਾਡੇ ਪਿੰਡ-ਦੇਹਾਤ ਵਿੱਚ ਕਿਸਾਨਾਂ ਨੂੰ ਬੇਸਹਾਰਾ ਜਾਨਵਰਾਂ ਤੋਂ ਜੋ ਦਿੱਕਤ ਹੁੰਦੀ ਹੈ, ਉਹ ਵੀ ਇਸ ਤਰ੍ਹਾਂ ਦੇ ਗੋਬਰਧਨ ਪਲਾਂਟਸ ਨਾਲ ਘੱਟ ਹੋਵੇਗੀ। ਇਹ ਸਾਰੇ ਪ੍ਰਯਾਸ, ਭਾਰਤ ਦੇ ਕਲਾਇਮੇਟ ਕਮਿਟਮੈਂਟ ਨੂੰ ਵੀ ਪੂਰਾ ਕਰਨ ਵਿੱਚ ਮਦਦ ਕਰਨਗੇ।
ਸਾਥੀਓ,
ਗੋਬਰਧਨ ਯੋਜਨਾ ਯਾਨੀ ਕਚਰੇ ਤੋਂ ਕੰਚਨ ਬਣਾਉਣ ਦੇ ਸਾਡੇ ਅਭਿਯਾਨ ਦਾ ਜੋ ਅਸਰ ਹੋ ਰਿਹਾ ਹੈ, ਉਸ ਦੀ ਜਾਣਕਾਰੀ ਜਿਤਨੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮਿਲੇ, ਉਹ ਉਤਨਾ ਹੀ ਅੱਛਾ ਹੈ। ਗੋਬਰਧਨ ਬਾਇਓ-ਸੀਐੱਨਜੀ ਪਲਾਂਟ ਤੋਂ ਇੰਦੌਰ ਨੂੰ ਪ੍ਰਤੀਦਿਨ 17 ਤੋਂ 18 ਹਜ਼ਾਰ ਕਿਲੋ ਬਾਇਓ- ਸੀਐੱਨਜੀ ਤਾਂ ਮਿਲੇਗੀ ਹੀ, ਇਸ ਦੇ ਇਲਾਵਾ 100 ਟਨ ਜੈਵਿਕ ਖਾਦ ਵੀ ਇੱਥੋਂ ਰੋਜ਼ਾਨਾ ਨਿਕਲੇਗੀ। ਸੀਐੱਨਜੀ ਦੇ ਕਾਰਨ, ਪ੍ਰਦੂਸ਼ਣ ਘੱਟ ਹੋਵੇਗਾ ਅਤੇ ਇਸ ਲਈ ਹਰੇਕ ਵਿਅਕਤੀ ਨੂੰ ਜੀਵਨ ਜੀਣ ਵਿੱਚ ਸੁਵਿਧਾ ਵਧੇਗੀ। ਇਸੇ ਪ੍ਰਕਾਰ ਨਾਲ, ਇੱਥੇ ਜੋ ਜੈਵਿਕ ਖਾਦ ਬਣੇਗੀ, ਉਸ ਨਾਲ ਸਾਡੀ ਧਰਤੀ ਮਾਂ ਨੂੰ ਵੀ ਨਵਾਂ ਜੀਵਨ ਮਿਲੇਗਾ, ਸਾਡੀ ਧਰਤੀ ਦਾ ਕਾਇਆਕਲਪ ਹੋਵੇਗਾ।
ਇੱਕ ਅਨੁਮਾਨ ਹੈ ਕਿ ਇਸ ਪਲਾਂਟ ਵਿੱਚ ਜੋ ਸੀਐੱਨਜੀ ਬਣੇਗੀ ਉਸ ਨਾਲ ਇੰਦੌਰ ਸ਼ਹਿਰ ਵਿੱਚ ਹਰ ਰੋਜ਼ ਕਰੀਬ-ਕਰੀਬ 400 ਬੱਸਾਂ ਚਲਾਈਆਂ ਜਾ ਸਕਣਗੀਆਂ। ਇਸ ਪਲਾਂਟ ਤੋਂ ਸੈਂਕੜੇ ਨੌਜਵਾਨਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਰੋਜ਼ਗਾਰ ਵੀ ਮਿਲਣ ਵਾਲਾ ਹੈ, ਯਾਨੀ ਇਹ ਗ੍ਰੀਨ ਜੌਬਸ ਨੂੰ ਵਧਾਉਣ ਵਿੱਚ ਵੀ ਮਦਦਗਾਰ ਹੋਵੇਗਾ।
ਭਾਈਓ ਅਤੇ ਭੈਣੋਂ,
ਕਿਸੇ ਵੀ ਚੁਣੌਤੀ ਨਾਲ ਨਿਪਟਣ ਦੇ ਦੋ ਤਰੀਕੇ ਹੁੰਦੇ ਹਨ। ਪਹਿਲਾ ਤਰੀਕਾ ਇਹ ਕਿ ਉਸ ਚੁਣੌਤੀ ਦਾ ਤਤਕਾਲੀ ਸਮਾਧਾਨ ਕਰ ਦਿੱਤਾ ਜਾਵੇ। ਦੂਸਰਾ ਇਹ ਹੁੰਦਾ ਹੈ ਕਿ ਉਸ ਚੁਣੌਤੀ ਨਾਲ ਐਸੇ ਨਿਪਟਿਆ ਜਾਵੇ ਕਿ ਸਭ ਨੂੰ ਸਥਾਈ ਸਮਾਧਾਨ ਮਿਲੇ। ਬੀਤੇ ਸਤ ਵਰ੍ਹਿਆਂ ਵਿੱਚ ਸਾਡੀ ਸਰਕਾਰ ਨੇ ਜੋ ਯੋਜਨਾਵਾਂ ਬਣਾਈਆਂ ਹਨ, ਉਹ ਯੋਜਨਾਵਾਂ ਸਥਾਈ ਸਮਾਧਾਨ ਦੇਣ ਵਾਲੀਆਂ ਹੁੰਦੀਆਂ ਹਨ, ਇਕੱਠੇ ਕਈ ਲਕਸ਼ਾਂ ਨੂੰ ਸਾਧਣ ਵਾਲੀਆਂ ਹੁੰਦੀਆਂ ਹਨ।
ਸਵੱਛ ਭਾਰਤ ਅਭਿਯਾਨ ਨੂੰ ਹੀ ਲਓ। ਇਸ ਨਾਲ ਸਵੱਛਤਾ ਦੇ ਨਾਲ-ਨਾਲ ਭੈਣਾਂ ਦੀ ਗਰਿਮਾ, ਬਿਮਾਰੀਆਂ ਤੋਂ ਬਚਾਅ, ਪਿੰਡਾਂ-ਸ਼ਹਿਰਾਂ ਨੂੰ ਸੁੰਦਰ ਬਣਾਉਣ, ਅਤੇ ਰੋਜ਼ਗਾਰ ਦੇ ਅਵਸਰ ਤਿਆਰ ਕਰਨ ਜਿਹੇ ਅਨੇਕ ਕੰਮ ਇਕੱਠੇ ਹੋਏ ਹਨ। ਹੁਣ ਸਾਡਾ ਫੋਕਸ ਘਰ ਤੋਂ, ਗਲੀ ਤੋਂ ਨਿਕਲੇ ਕਚਰੇ ਦੇ ਨਿਸਤਾਰਣ ਦਾ ਹੈ, ਸ਼ਹਿਰਾਂ ਨੂੰ ਕੂੜੇ ਦੇ ਪਹਾੜਾਂ ਤੋਂ ਮੁਕਤ ਕਰਨ ਦਾ ਹੈ। ਇਨ੍ਹਾਂ ਵਿੱਚ ਵੀ ਇੰਦੌਰ ਇੱਕ ਬਿਹਤਰੀਨ ਮਾਡਲ ਬਣ ਕੇ ਉੱਭਰਿਆ ਹੈ। ਤੁਸੀਂ ਵੀ ਜਾਣਦੇ ਹੋ ਕਿ ਇਹ ਨਵਾਂ ਪਲਾਂਟ ਜਿੱਥੇ ਲਗਿਆ ਹੈ, ਉੱਥੇ ਪਾਸ ਹੀ ਦੇਵਗੁਡਰਿਯਾ ਵਿੱਚ ਕੂੜੇ ਦਾ ਪਹਾੜ ਹੁੰਦਾ ਸੀ। ਹਰ ਇੰਦੌਰਵਾਸੀ ਨੂੰ ਇਸ ਤੋਂ ਦਿੱਕਤ ਸੀ। ਲੇਕਿਨ ਹੁਣ ਇੰਦੌਰ ਨਗਰ ਨਿਗਮ ਨੇ 100 ਏਕੜ ਦੀ ਇਸ ਡੰਪ ਸਾਈਟ ਨੂੰ ਗ੍ਰੀਨ ਜ਼ੋਨ ਵਿੱਚ ਬਦਲ ਦਿੱਤਾ ਹੈ।
ਸਾਥੀਓ,
ਅੱਜ ਦੇਸ਼ ਭਰ ਦੇ ਸ਼ਹਿਰਾਂ ਵਿੱਚ ਲੱਖਾਂ ਟਨ ਕੂੜੇ ਨੇ, ਦਹਾਕਿਆਂ ਤੋਂ ਐਸੀ ਹੀ ਹਜ਼ਾਰਾਂ ਏਕੜ ਜ਼ਮੀਨ ਘੇਰੀ ਹੋਈ ਹੈ। ਇਹ ਸ਼ਹਿਰਾਂ ਦੇ ਲਈ ਵਾਯੂ ਪ੍ਰਦੂਸ਼ਣ ਅਤੇ ਜਲ ਪ੍ਰਦੂਸ਼ਣ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਵੀ ਬੜੀ ਵਜ੍ਹਾ ਹੈ। ਇਸ ਲਈ ਸਵੱਛ ਭਾਰਤ ਮਿਸ਼ਨ ਦੇ ਦੂਸਰੇ ਪੜਾਅ ਵਿੱਚ ਇਸ ਸਮੱਸਿਆ ਨਾਲ ਨਿਪਟਣ ਦੇ ਲਈ ਕੰਮ ਕੀਤਾ ਜਾ ਰਿਹਾ ਹੈ। ਲਕਸ਼ ਇਹ ਹੈ ਕਿ ਆਉਣ ਵਾਲੇ 2-3 ਵਰ੍ਹਿਆਂ ਵਿੱਚ ਕੂੜੇ ਦੇ ਇਨ੍ਹਾਂ ਪਹਾੜਾਂ ਤੋਂ ਸਾਡੇ ਸ਼ਹਿਰਾਂ ਨੂੰ ਮੁਕਤੀ ਮਿਲ ਸਕੇ, ਉਨ੍ਹਾਂ ਨੂੰ ਗ੍ਰੀਨ ਜ਼ੋਨਸ ਵਿੱਚ ਬਦਲਿਆ ਜਾ ਸਕੇ।
ਇਸ ਦੇ ਲਈ ਰਾਜ ਸਰਕਾਰਾਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ। ਇਹ ਵੀ ਅੱਛੀ ਬਾਤ ਹੈ ਕਿ ਸਾਲ 2014 ਦੀ ਤੁਲਨਾ ਵਿੱਚ ਹੁਣ ਦੇਸ਼ ਵਿੱਚ ਸ਼ਹਿਰੀ ਕੂੜੇ ਦੇ ਨਿਸਤਾਰਣ ਦੀ ਸਮਰੱਥਾ 4 ਗੁਣਾ ਤੱਕ ਵਧ ਚੁੱਕੀ ਹੈ। ਦੇਸ਼ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤੀ ਦਿਵਾਉਣ ਦੇ ਲਈ 1600 ਤੋਂ ਅਧਿਕ ਸੰਸਥਾਵਾਂ ਵਿੱਚ Material Recovery Facility ਵੀ ਤਿਆਰ ਕੀਤੀ ਜਾ ਰਹੀ ਹੈ। ਸਾਡਾ ਪ੍ਰਯਾਸ ਹੈ ਕਿ ਅਗਲੇ ਕੁਝ ਵਰ੍ਹਿਆਂ ਵਿੱਚ ਦੇਸ਼ ਦੇ ਹਰ ਸ਼ਹਿਰ ਵਿੱਚ ਇਸ ਤਰ੍ਹਾਂ ਦੀ ਵਿਵਸਥਾ ਦਾ ਨਿਰਮਾਣ ਹੋਵੇ। ਇਸ ਤਰ੍ਹਾਂ ਦੀਆਂ ਆਧੁਨਿਕ ਵਿਵਸਥਾਵਾਂ ਭਾਰਤ ਦੇ ਸ਼ਹਿਰਾਂ ਵਿੱਚ ਸਰਕੁਲਰ ਇਕੌਨੋਮੀ ਨੂੰ ਵੀ ਇੱਕ ਨਵੀਂ ਸ਼ਕਤੀ ਦੇ ਰਹੀਆਂ ਹਨ।
ਸਾਥੀਓ,
ਸਵੱਛ ਹੁੰਦੇ ਸ਼ਹਿਰ ਤੋਂ ਇੱਕ ਹੋਰ ਨਵੀਂ ਸੰਭਾਵਨਾ ਜਨਮ ਲੈਂਦੀ ਹੈ। ਇਹ ਨਵੀਂ ਸੰਭਾਵਨਾ ਹੈ ਟੂਰਿਜ਼ਮ ਦੀ। ਸਾਡੇ ਦੇਸ਼ ਵਿੱਚ ਐਸਾ ਕੋਈ ਸ਼ਹਿਰ ਨਹੀਂ ਜਿੱਥੇ ਇਤਿਹਾਸਿਕ ਸਥਲ ਨਾ ਹੋਣ, ਪਵਿੱਤਰ ਸਥਲ ਨਾ ਹੋਣ। ਕਮੀ ਜੋ ਰਹੀ ਹੈ, ਉਹ ਹੈ ਸਵੱਛਤਾ ਦੀ। ਜਦੋਂ ਸ਼ਹਿਰ ਸਵੱਛ ਹੋਣਗੇ ਤਾਂ ਦੂਸਰੀ ਜਗ੍ਹਾਂ (ਥਾਂਵਾਂ)ਤੋਂ ਲੋਕਾਂ ਨੂੰ ਵੀ ਉੱਥੇ ਆਉਣ ਦਾ ਮਨ ਕਰੇਗਾ, ਲੋਕ ਜ਼ਿਆਦਾ ਆਉਣਗੇ। ਹੁਣ ਜਿਵੇਂ ਕਿਤਨੇ ਹੀ ਲੋਕ ਤਾਂ ਕੇਵਲ ਇਹ ਦੇਖਣ ਇੰਦੌਰ ਆਉਂਦੇ ਹਨ ਕਿ ਦੇਖੋ, ਸਫ਼ਾਈ ਦੇ ਲਈ ਤੁਹਾਡੇ ਇੱਥੇ ਕੰਮ ਹੋਇਆ ਹੈ, ਜਰਾ ਜਾ ਕੇ ਦੇਖੀਏ ਤਾਂ ਸਹੀ। ਜਿੱਥੇ ਸਵੱਛਤਾ ਹੁੰਦੀ ਹੈ, ਟੂਰਿਜ਼ਮ ਹੁੰਦਾ ਹੈ, ਉੱਥੇ ਪੂਰੀ ਇੱਕ ਨਵੀਂ ਅਰਥਵਿਵਸਥਾ ਚਲ ਪੈਂਦੀ ਹੈ।
ਸਾਥੀਓ,
ਹਾਲ ਹੀ ਵਿੱਚ ਇੰਦੌਰ ਨੇ Water Plus ਹੋਣ ਦੀ ਉਪਲਬਧੀ ਵੀ ਹਾਸਲ ਕੀਤੀ ਹੈ। ਇਹ ਵੀ ਹੋਰ ਸ਼ਹਿਰਾਂ ਨੂੰ ਦਿਸ਼ਾ ਦਿਖਾਉਣ ਵਾਲਾ ਕੰਮ ਹੋਇਆ ਹੈ। ਜਦੋਂ ਕਿਸੇ ਸ਼ਹਿਰ ਦੇ ਜਲਸਰੋਤ ਸਾਫ਼ ਹੁੰਦੇ ਹਨ, ਨਾਲੇ ਦਾ ਗੰਦਾ ਪਾਣੀ ਉਨ੍ਹਾਂ ਵਿੱਚ ਨਹੀਂ ਗਿਰਦਾ, ਤਾਂ ਇੱਕ ਅਲੱਗ ਹੀ ਜੀਵੰਤ ਊਰਜਾ ਉਸ ਸ਼ਹਿਰ ਵਿੱਚ ਆ ਜਾਂਦੀ ਹੈ। ਸਰਕਾਰ ਦਾ ਪ੍ਰਯਾਸ ਹੈ ਕਿ ਭਾਰਤ ਦੇ ਜ਼ਿਆਦਾ ਤੋਂ ਜ਼ਿਆਦਾ ਸ਼ਹਿਰ Water Plusਬਣਨ। ਇਸ ਦੇ ਲਈ ਸਵੱਛ ਭਾਰਤ ਮਿਸ਼ਨ ਦੇ ਦੂਸਰੇ ਪੜਾਅ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇੱਕ ਲੱਖ ਤੋਂ ਘੱਟ ਆਬਾਦੀ ਵਾਲੇ ਜੋ ਨਗਰ ਸੰਸਥਾਵਾਂ ਹਨ, ਉੱਥੇ ਗੰਦੇ ਪਾਣੀ ਦੇ ਟ੍ਰੀਟਮੈਂਟ ਦੀਆਂ ਸੁਵਿਧਾਵਾਂ ਵਧਾਈਆਂ ਜਾ ਰਹੀਆਂ ਹਨ।
ਭਾਈਓ ਅਤੇ ਭੈਣੋਂ,
ਸਮੱਸਿਆਵਾਂ ਨੂੰ ਪਹਿਚਾਣ ਕੇ ਅਗਰ ਇਮਾਨਦਾਰ ਪ੍ਰਯਾਸ ਕੀਤੇ ਜਾਣ ਤਾਂ ਬਦਲਾਅ ਸੰਭਵ ਹੁੰਦਾ ਹੈ। ਸਾਡੇ ਪਾਸ ਤੇਲ ਦੇ ਖੂਹ ਨਹੀਂ ਹਨ, ਪੈਟਰੋਲੀਅਮ ਦੇ ਲਈ ਸਾਨੂੰ ਬਾਹਰ depended ਰਹਿਣਾ ਪੈਂਦਾ ਹੈ, ਲੇਕਿਨ ਸਾਡੇ ਪਾਸ ਬਾਇਓਫਿਊਲ ਦੇ, ਈਥੇਨੌਲ ਬਣਾਉਣ ਦੇ ਸੰਸਾਧਨ ਸਦੀਆਂ ਤੋਂ ਮੌਜੂਦ ਰਹੇ ਹਨ। ਇਹ ਟੈਕਨੋਲੋਜੀ ਵੀ ਕਾਫੀ ਪਹਿਲਾਂ ਆ ਚੁੱਕੀ ਸਕੀ। ਇਹ ਸਾਡੀ ਹੀ ਸਰਕਾਰ ਹੈ ਜਿਸ ਨੇ ਇਸ ਟੈਕਨੋਲੋਜੀ ਦੇ ਇਸਤੇਮਾਲ ‘ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ। 7-8 ਸਾਲ ਪਹਿਲਾਂ ਭਾਰਤ ਵਿੱਚ ਈਥੇਨੌਲ ਬਲੈਂਡਿੰਗ ਮੁਸ਼ਕਿਲ ਨਾਲ 1 ਪਰਸੈਂਟ, ਡੇਢ ਪਰਸੈਂਟ, 2 ਪਰਸੈਂਟ, ਇਸ ਤੋਂ ਅੱਗੇ ਨਹੀਂ ਵਧ ਰਿਹਾ ਸੀ। ਅੱਜ ਪੈਟ੍ਰੋਲ ਵਿੱਚ ਈਥੇਨੌਲ ਬਲੈਂਡਿੰਗ ਦਾ ਪ੍ਰਤੀਸ਼ਤ, 8 ਪਰਸੈਂਟ ਦੇ ਆਸ-ਪਾਸ ਪਹੁੰਚ ਰਿਹਾ ਹੈ। ਬੀਤੇ ਸੱਤ ਵਰ੍ਹਿਆਂ ਵਿੱਚ ਬਲੈਂਡਿੰਗ ਦੇ ਲਈ ਈਥੇਨੌਲ ਦੀ ਸਪਲਾਈ ਨੂੰ ਵੀ ਬਹੁਤ ਜ਼ਿਆਦਾ ਵਧਾਇਆ ਗਿਆ ਹੈ।
ਸਾਲ 2014 ਤੋਂ ਪਹਿਲਾਂ ਦੇਸ਼ ਵਿੱਚ ਕਰੀਬ 40 ਕਰੋੜ ਲੀਟਰ ਈਥੇਨੌਲ, ਬਲੈਂਡਿੰਗ ਦੇ ਲਈ ਸਪਲਾਈ ਹੁੰਦਾ ਸੀ। ਅੱਜ ਭਾਰਤ ਵਿੱਚ 300 ਕਰੋੜ ਲੀਟਰ ਤੋਂ ਜ਼ਿਆਦਾ ਈਥੇਨੌਲ, ਬਲੈਂਡਿੰਗ ਦੇ ਲਈ ਸਪਲਾਈ ਹੋ ਰਿਹਾ ਹੈ। ਕਿੱਥੇ 40 ਕਰੋੜ ਲੀਟਰ ਅਤੇ ਕਿੱਥੇ 300 ਕਰੋੜ ਲੀਟਰ! ਇਸ ਨਾਲ ਸਾਡੀਆਂ ਚੀਨੀ ਮਿੱਲਾਂ ਦੀ ਸਿਹਤ ਸੁਧਰੀ ਹੈ ਅਤੇ ਗੰਨਾ ਕਿਸਾਨਾਂ ਨੂੰ ਵੀ ਬਹੁਤ ਜ਼ਿਆਦਾ ਮਦਦ ਮਿਲੀ ਹੈ।
ਸਾਥੀਓ
ਇੱਕ ਹੋਰ ਵਿਸ਼ਾ ਹੈ ਪਰਾਲੀ ਦਾ। ਪਰਾਲੀ ਤੋਂ ਸਾਡੇ ਕਿਸਾਨ ਵੀ ਪਰੇਸ਼ਾਨ ਰਹੇ ਹਨ ਅਤੇ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕ ਵੀ। ਅਸੀਂ ਇਸ ਬਜਟ ਵਿੱਚ ਪਰਾਲੀ ਨਾਲ ਜੁੜਿਆ ਇੱਕ ਅਹਿਮ ਫ਼ੈਸਲਾ ਕੀਤਾ ਹੈ। ਇਹ ਤੈਅ ਕੀਤਾ ਗਿਆ ਹੈ ਕਿ ਕੋਲੇ ਨਾਲ ਚਲਣ ਵਾਲੇ ਬਿਜਲੀ ਕਾਰਖਾਨਿਆਂ ਵਿੱਚ ਪਰਾਲੀ ਦਾ ਵੀ ਉਪਯੋਗ ਕੀਤਾ ਜਾਵੇਗਾ। ਇਸ ਨਾਲ ਕਿਸਾਨ ਦੀ ਪਰੇਸ਼ਾਨੀ ਤਾਂ ਦੂਰ ਹੋਵੇਗੀ ਹੀ, ਖੇਤੀ ਦੇ ਕਚਰੇ ਨਾਲ ਕਿਸਾਨ ਨੂੰ ਅਤਿਰਿਕਤ ਆਮਦਨ ਵੀ ਮਿਲੇਗੀ।
ਐਸੇ ਹੀ ਅਸੀਂ ਇਹ ਵੀ ਦੇਖਿਆ ਹੈ ਕਿ ਪਹਿਲੇ ਸੌਰ ਊਰਜਾ- ਸੋਲਰ ਪਾਵਰ ਨੂੰ ਲੈ ਕੇ ਕਿਤਨੀ ਉਦਾਸੀਨਤਾ ਸੀ। 2014 ਦੇ ਬਾਅਦ ਤੋਂ ਸਾਡੀ ਸਰਕਾਰ ਨੇ ਪੂਰੇ ਦੇਸ਼ ਵਿੱਚ ਸੋਲਰ ਪਾਵਰ ਦਾ ਉਤਪਾਦਨ ਵਧਾਉਣ ਦੇ ਲਈ ਅਭਿਯਾਨ ਚਲਾਇਆ ਹੋਇਆ ਹੈ। ਇਸ ਦਾ ਪਰਿਣਾਮ ਹੈ ਕਿ ਅੱਜ ਭਾਰਤ ਨੇ ਸੋਲਰ ਪਾਵਰ ਨਾਲ ਬਿਜਲੀ ਬਣਾਉਣ ਦੇ ਮਾਮਲੇ ਵਿੱਚ ਦੁਨੀਆ ਦੇ ਟੌਪ-5 ਦੇਸ਼ਾਂ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਇਸੇ ਸੋਲਰ ਪਾਵਰ ਦੀ ਸ਼ਕਤੀ ਨਾਲ ਸਾਡੀ ਸਰਕਾਰ ਕਿਸਾਨਾਂ ਨੂੰ ਅੰਨਦਾਤਾ ਦੇ ਨਾਲ ਹੀ ਊਰਜਾਦਾਤਾ ਵੀ ਬਣਾ ਰਹੀ ਹੈ, ਅੰਨਦਾਤਾ ਊਰਜਾਦਾਤਾ ਬਣੇ। ਦੇਸ਼ ਭਰ ਦੇ ਕਿਸਾਨਾਂ ਨੂੰ ਲੱਖਾਂ ਸੋਲਰ ਪੰਪ ਵੀ ਦਿੱਤੇ ਜਾ ਰਹੇ ਹਨ।
ਭਾਈਓ ਅਤੇ ਭੈਣੋਂ,
ਅੱਜ ਭਾਰਤ ਜੋ ਕੁਝ ਵੀ ਹਾਸਲ ਕਰ ਰਿਹਾ ਹੈ, ਉਸ ਵਿੱਚ ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਨਾਲ ਹੀ ਭਾਰਤੀਆਂ ਦੀ ਮਿਹਨਤ ਦਾ ਵੀ ਬਹੁਤ ਬੜਾ ਹੱਥ ਹੈ। ਇਸੇ ਵਜ੍ਹਾ ਨਾਲ ਅੱਜ ਭਾਰਤ, ਗ੍ਰੀਨ ਅਤੇ ਕਲੀਨ ਫਿਊਚਰ ਨੂੰ ਲੈ ਕੇ ਬੜੇ ਲਕਸ਼ ਰੱਖ ਪਾ ਰਿਹਾ ਹੈ। ਸਾਡੇ ਨੌਜਵਾਨਾਂ, ਸਾਡੀਆਂ ਭੈਣਾਂ, ਸਾਡੇ ਲੱਖਾਂ-ਲੱਖ ਸਫ਼ਾਈ ਕਰਮਚਾਰੀਆਂ ‘ਤੇ ਅਟੁੱਟ ਭਰੋਸਾ ਕਰਦੇ ਹੋਏ ਅਸੀਂ ਅੱਗੇ ਵਧ ਰਹੇ ਹਾਂ। ਭਾਰਤ ਦੇ ਯੁਵਾ ਨਵੀਂ ਟੈਕਨੋਲੋਜੀ, ਨਵੇਂ ਇਨੋਵੇਸ਼ਨ ਦੇ ਨਾਲ-ਨਾਲ ਜਨ-ਜਾਗਰਣ ਵਿੱਚ ਵੀ ਬਹੁਤ ਅਹਿਮ ਭੂਮਿਕਾ ਨਿਭਾ ਰਹੇ ਹਨ।
ਜਿਵੇਂ ਮੈਨੂੰ ਦੱਸਿਆ ਗਿਆ ਹੈ ਕਿ ਇੰਦੌਰ ਦੀਆਂ ਜਾਗਰੂਕ ਭੈਣਾਂ ਨੇ ਕੂੜੇ ਦੇ ਪ੍ਰਬੰਧਨ ਨੂੰ ਇੱਕ ਅਲੱਗ ਮੁਕਾਮ ‘ਤੇ ਪਹੁੰਚ ਦਿੱਤਾ ਹੈ। ਇੰਦੌਰ ਦੇ ਲੋਕ ਕੂੜੇ ਨੂੰ 6 ਹਿੱਸਿਆਂ ਵਿੱਚ ਅਲੱਗ-ਅਲੱਗ ਕਰਦੇ ਹਨ, ਜਿਸ ਨਾਲ ਕੂੜੇ ਦੀ Processing ਅਤੇ Recycling ਠੀਕ ਤਰ੍ਹਾਂ ਹੋ ਸਕਦੀ ਹੈ। ਕਿਸੇ ਵੀ ਸ਼ਹਿਰ ਦੇ ਲੋਕਾਂ ਦੀ ਇਹੀ ਭਾਵਨਾ, ਇਹੀ ਪ੍ਰਯਾਸ, ਸਵੱਛ ਭਾਰਤ ਅਭਿਯਾਨ ਨੂੰ ਸਫ਼ਲ ਬਣਾਉਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਸਵੱਛਤਾ ਦੇ ਨਾਲ-ਨਾਲ ਰਿਸਾਈਕਲਿੰਗ ਦੇ ਸੰਸਕਾਰਾਂ ਨੂੰ ਵੀ ਸਸ਼ਕਤ ਕਰਨਾ, ਆਪਣੇ ਆਪ ਵਿੱਚ ਦੇਸ਼ ਦੀ ਬੜੀ ਸੇਵਾ ਹੈ। ਇਹੀ ਤਾਂ LIFE ਯਾਨੀ life style for environment ਦਾ ਦਰਸ਼ਨ ਹੈ, ਜੀਵਨ ਜੀਣ ਦਾ ਤਰੀਕਾ ਹੈ।
ਸਾਥੀਓ,
ਅੱਜ ਦੇ ਇਸ ਪ੍ਰੋਗਰਾਮ ਵਿੱਚ, ਮੈਂ ਇੰਦੌਰ ਦੇ ਨਾਲ ਹੀ, ਦੇਸ਼ ਭਰ ਦੇ ਲੱਖਾਂ ਸਫ਼ਾਈ ਕਰਮੀਆਂ ਦਾ ਵੀ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ। ਸਰਦੀ ਹੋਵੇ, ਗਰਮੀ ਹੋਵੇ, ਤੁਸੀਂ ਸਵੇਰੇ-ਸਵੇਰੇ ਨਿਕਲ ਪੈਂਦੇ ਹੋ ਆਪਣੇ ਸ਼ਹਿਰ ਨੂੰ ਸਵੱਛ ਬਣਾਉਣ ਦੇ ਲਈ ਕੋਰੋਨਾ ਦੇ ਇਸ ਮੁਸ਼ਕਿਲ ਸਮੇਂ ਵਿੱਚ ਵੀ ਤੁਸੀਂ ਜੋ ਸੇਵਾਭਾਵ ਦਿਖਾਇਆ ਹੈ, ਉਸ ਨਾਲ ਕਿਤਨੇ ਹੀ ਲੋਕਾਂ ਦਾ ਜੀਵਨ ਬਚਾਉਣ ਵਿੱਚ ਮਦਦ ਕੀਤੀ ਹੈ। ਇਹ ਦੇਸ਼, ਆਪਣੇ ਹਰ ਸਫ਼ਾਈ ਕਰਮੀ ਭਾਈ-ਭੈਣ ਦਾ ਅਤਿਅੰਤ ਰਿਣੀ ਹੈ। ਆਪਣੇ ਸ਼ਹਿਰਾਂ ਨੂੰ ਸਵੱਛ ਰੱਖ ਕੇ, ਗੰਦਗੀ ਨਾ ਫੈਲਾ ਕੇ, ਨਿਯਮਾਂ ਦਾ ਪਾਲਣ ਕਰਕੇ, ਅਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ।
ਮੈਨੂੰ ਯਾਦ ਹੈ, ਪ੍ਰਯਾਗਰਾਜ ਵਿੱਚ ਕੁੰਭ ਦੇ ਦੌਰਾਨ, ਤੁਸੀਂ ਦੇਖਿਆ ਹੋਵੇਗਾ ਦੁਨੀਆ ਵਿੱਚ ਪਹਿਲੀ ਵਾਰ ਭਾਰਤ ਦੇ ਕੁੰਭ ਮੇਲੇ ਦੀ ਇੱਕ ਨਵੀਂ ਪਹਿਚਾਣ ਬਣੀ। ਪਹਿਲਾਂ ਤਾਂ ਭਾਰਤ ਦੇ ਕੁੰਭ ਮੇਲੇ ਦੀ ਪਹਿਚਾਣ ਸਾਡੇ ਸਾਧੂ-ਮਹਾਤਮਾ, ਉਨ੍ਹਾਂ ਹੀ ਦੇ ਆਸ-ਪਾਸ ਬਾਤਾਂ ਚਲਦੀਆਂ ਸਨ। ਲੇਕਿਨ ਪਹਿਲੀ ਵਾਰ ਉੱਤਰ ਪ੍ਰਦੇਸ਼ ਵਿੱਚ ਯੋਗੀਜੀ ਦੀ ਅਗਵਾਈ ਵਿੱਚ ਪ੍ਰਯਾਗਰਾਜ ਵਿੱਚ ਜੋ ਕੁੰਭ ਹੋਇਆ, ਉਸ ਦੀ ਪਹਿਚਾਣ ਸਵੱਛ ਕੁੰਭ ਦੇ ਰੂਪ ਵਿੱਚ ਹੋਈ। ਪੂਰੇ ਵਿਸ਼ਵ ਵਿੱਚ ਚਰਚਾ ਹੋਈ।
ਦੁਨੀਆ ਦੇ ਅਖ਼ਬਾਰਾਂ ਨੇ ਕੁਝ ਨਾ ਕੁਝ ਉਸ ਦੇ ਲਈ ਲਿਖਿਆ। ਇਹ ਮੇਰੇ ਮਨ ‘ਤੇ ਇਸ ਦਾ ਬਹੁਤ ਬੜਾ ਸਕਾਰਾਤਮਕ ਪ੍ਰਭਾਵ ਹੈ। ਤਾਂ ਮੈਂ ਜਦੋਂ ਕੁੰਭ ਦੇ ਮੇਲੇ ਵਿੱਚ ਪਵਿੱਤਰ ਸਨਾਨ ਦੇ ਲਈ ਗਿਆ ਸੀ ਤਾਂ ਸਨਾਨ ਕਰਕੇ ਆਉਣ ਦੇ ਬਾਅਦ ਮੇਰੇ ਮਨ ਵਿੱਚ ਇਨ੍ਹਾਂ ਸਫ਼ਾਈ ਕਰਮੀਆਂ ਦੇ ਲਈ ਇੰਨਾ ਅਹੋਭਾਵ ਉੱਠਿਆ ਸੀ ਕਿ ਮੈਂ ਇਨ੍ਹਾਂ ਸਫ਼ਾਈ ਕਰਮੀਆਂ ਦੇ ਪੈਰ ਧੋਏ ਸਨ। ਉਨ੍ਹਾਂ ਦਾ ਸਨਮਾਨ ਕੀਤਾ ਸੀ। ਉਨ੍ਹਾਂ ਤੋਂ ਮੈਂ ਅਸ਼ੀਰਵਾਦ ਲਏ ਸਨ।
ਅੱਜ ਮੈਂ ਦਿੱਲੀ ਤੋਂ, ਇੰਦੌਰ ਦੇ ਆਪਣੇ ਹਰ ਸਫ਼ਾਈ ਕਰਮੀ ਭਾਈ-ਭੈਣ ਨੂੰ ਆਦਰਪੂਰਵਕ ਪ੍ਰਣਾਮ ਕਰਦਾ ਹਾਂ। ਉਨ੍ਹਾਂ ਦਾ ਨਮਨ ਕਰਦਾ ਹਾਂ। ਇਸ ਕੋਰੋਨਾ ਕਾਲ ਵਿੱਚ ਤੁਸੀਂ ਲੋਕਾਂ ਨੇ ਇਸ ਸਫ਼ਾਈ ਦੇ ਅਭਿਯਾਨ ਨੂੰ ਜਾਰੀ ਨਾ ਰੱਖਿਆ ਹੁੰਦਾ ਤਾਂ ਨਾ ਜਾਣੇ ਅਸੀਂ ਕਿੰਨੀਆਂ ਨਵੀਆਂ-ਨਵੀਆਂ ਮੁਸੀਬਤਾਂ ਨੂੰ ਝੱਲਦੇ। ਤੁਸੀਂ ਇਸ ਦੇਸ਼ ਦੇ ਸਾਧਾਰਣ ਮਾਨਵੀ ਨੂੰ ਬਚਾਉਣ ਵਿੱਚ, ਡਾਕਟਰ ਤੱਕ ਨਾ ਜਾਣਾ ਪਵੇ, ਇਸ ਦੇ ਲਈ ਜੋ ਚਿੰਤਾ ਕੀਤੀ ਹੈ ਨਾ, ਇਸ ਲਈ ਮੈਂ ਤੁਹਾਨੂੰ ਪ੍ਰਣਾਮ ਕਰਦਾ ਹਾਂ।
ਭਾਈਓ-ਭੈਣੋਂ,
ਇਸ ਦੇ ਨਾਲ ਹੀ ਮੈਂ ਆਪਣੀ ਵਾਣੀ ਨੂੰ ਵਿਰਾਮ ਦਿੰਦਾ ਹਾਂ। ਇੱਕ ਵਾਰ ਫਿਰ ਸਾਰੇ ਇੰਦੌਰਵਾਸੀਆਂ ਨੂੰ, ਖਾਸ ਕਰਕੇ ਇੰਦੌਰ ਦੀਆਂ ਮੇਰੀਆਂ ਮਾਤਾਵਾਂ-ਭੈਣਾਂ ਨੂੰ, ਕਿਉਂਕਿ ਉਨ੍ਹਾਂ ਨੇ ਇਸ ਕੰਮ ਵਿੱਚ ਜੋ initiative ਲਿਆ ਹੈ, ਕੂੜਾ-ਕਚਰਾ ਬਿਲਕੁਲ ਬਾਹਰ ਫੈਂਕਣਾ ਨਹੀਂ, ਉਸ ਦਾ segregation ਕਰਨਾ, ਇਹ ਮੇਰੀਆਂ ਮਾਤਾਵਾਂ-ਭੈਣਾਂ, ਅਨੇਕ-ਅਨੇਕ ਅਭਿਨੰਦਨ ਦੀਆਂ ਅਧਿਕਾਰੀ ਹਨ ਅਤੇ ਮੇਰੀ ਬਾਲ-ਸੈਨਾ ਜੋ ਘਰ ਵਿੱਚ ਕਿਸੇ ਨੂੰ ਕੂੜਾ-ਕਚਰਾ ਫੈਂਕਣ ਨਹੀਂ ਦਿੰਦੀ ਹੈ।
ਪੂਰੇ ਹਿੰਦੁਸਤਾਨ ਵਿੱਚ ਸਵੱਛਤਾ ਅਭਿਯਾਨ ਨੂੰ ਸਫ਼ਲ ਕਰਨ ਵਿੱਚ ਮੇਰੀ ਬਾਲ ਸੈਨਾ ਨੇ ਬਹੁਤ ਮੇਰੀ ਮਦਦ ਕੀਤੀ ਹੈ। ਤਿੰਨ-ਤਿੰਨ, ਚਾਰ-ਚਾਰ ਸਾਲ ਦੇ ਬੱਚੇ ਆਪਣੇ ਦਾਦਾ ਨੂੰ ਕਹਿੰਦੇ ਹਨ ਕੂੜਾ-ਕਚਰਾ ਯਹਾਂ ਮਤ ਫੈਂਕੋ। ਚੌਕਲੇਟ ਖਾਈ ਹੈ, ਇਹ ਇੱਥੇ ਨਹੀਂ ਫੈਂਕਣਾ ਹੈ, ਕਾਗਜ਼ ਇੱਥੇ ਨਹੀਂ ਫੈਂਕਣਾ ਹੈ। ਇਹ ਜੋ ਬਾਲ-ਸੈਨਾ ਨੇ ਕੰਮ ਕੀਤਾ ਹੈ, ਇਹ ਵੀ ਸਾਡੇ ਭਾਵੀ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰਨ ਵਾਲੀ ਬਾਤ ਹੈ। ਮੈਂ ਇਨ੍ਹਾਂ ਸਭ ਨੂੰ ਅੱਜ ਹਿਰਦੇ ਤੋਂ ਅਭਿਨੰਦਨ ਕਰਦੇ-ਕਰਦੇ ਤੁਹਾਨੂੰ ਸਭ ਨੂੰ ਬਾਇਓ-ਸੀਐੱਨਜੀ ਪਲਾਂਟ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ!
ਬਹੁਤ-ਬਹੁਤ ਧੰਨਵਾਦ! ਨਮਸਕਾਰ!