‘‘ਭਾਰਤ ਵਿੱਚ ਕੁਦਰਤ ਅਤੇ ਉਸ ਦੇ ਤਰੀਕੇ ਸਿੱਖਣ ਦੇ ਨਿਯਮਿਤ ਸਰੋਤ ਰਹੇ ਹਨ’’
‘‘ਜਲਵਾਯੂ ਐਕਸ਼ਨ ਨੂੰ ‘ਅੰਤਯੋਦਯ' ਦਾ ਪਾਲਨ ਕਰਨਾ ਚਾਹੀਦਾ ਹੈ ਜਿਸ ਦਾ ਅਰਥ ਹੈ ਸਮਾਜ ਦੇ ਅੰਤਿਮ ਵਿਅਕਤੀ ਦੇ ਉਥਾਨ ਅਤੇ ਵਿਕਾਸ ਨੂੰ ਯਕੀਨੀ ਬਣਾਉਣਾ’’
‘‘ਭਾਰਤ ਨੇ 2070 ਤੱਕ ‘ਨੈੱਟ ਜ਼ੀਰੋ’ ਹਾਸਲ ਕਰਨ ਦਾ ਲਕਸ਼ ਰੱਖਿਆ ਹੈ’’
‘‘ਪ੍ਰੋਜੈਕਟ ਟਾਈਗਰ ਦੇ ਨਤੀਜੇ ਵਜੋਂ ਅੱਜ ਦੁਨੀਆ ਦੇ 70 ਪ੍ਰਤੀਸ਼ਤ ਬਾਘ ਭਾਰਤ ਵਿੱਚ ਹਨ’’
‘‘ਭਾਰਤ ਦੀਆਂ ਪਹਿਲਾਂ ਲੋਕਾਂ ਦੀ ਭਾਗੀਦਾਰੀ ਦੁਆਰਾ ਸੰਚਾਲਿਤ ਹੁੰਦੀਆਂ ਹਨ’’
‘‘ਇੱਕ ਆਲਮੀ ਜਨ ਅੰਦੋਲਨ ਦੇ ਰੂਪ ਵਿੱਚ ਮਿਸ਼ਨ ਲਾਈਫ (Mission LiFE) ਵਾਤਾਵਰਣ ਦੀ ਰੱਖਿਆ ਅਤੇ ਸੰਭਾਲ਼ ਲਈ ਵਿਅਕਤੀਗਤ ਅਤੇ ਸਮੂਹਿਕ ਕਾਰਵਾਈ ਨੂੰ ਪ੍ਰੋਤਸਾਹਿਤ ਕਰੇਗਾ’’
‘‘ਕੁਦਰਤ ਮਾਤਾ ‘ਵਸੁਧੈਵ ਕੁਟੁੰਬਕਮ’ ਨੂੰ ਪ੍ਰਾਥਮਿਕਤਾ ਦਿੰਦੀ ਹੈ - ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ’’

ਐਕਸੀਲੈਂਸੀਜ਼,

ਦੇਵੀਓ, ਅਤੇ ਸੱਜਣੋ,

ਨਮਸਕਾਰ!

ਵਣਕੱਮ! 

ਮੈਂ ਇਤਿਹਾਸ ਅਤੇ ਸੱਭਿਆਚਾਰ ਨਾਲ ਭਰਪੂਰ ਸ਼ਹਿਰ ਚੇਨਈ ਵਿੱਚ ਤੁਹਾਡਾ ਸਾਰਿਆਂ ਦਾ ਸੁਆਗਤ ਕਰਦਾ ਹਾਂ! ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਾਈਟ ਮਮੱਲਾਪੁਰਮ ਦਾ ਦੌਰਾ ਕਰਨ ਲਈ ਕੁਝ ਸਮਾਂ ਮਿਲੇਗਾ। ਇਸ ਦੀ ਪ੍ਰੇਰਣਾਦਾਇਕ ਪੱਥਰ ਦੀ ਨੱਕਾਸ਼ੀ ਅਤੇ ਸ਼ਾਨਦਾਰ ਸੁੰਦਰਤਾ ਦੇ ਨਾਲ, ਇਹ ਇੱਕ "ਲਾਜ਼ਮੀ ਯਾਤਰਾ" ਡੈਸਟੀਨੇਸ਼ਨ ਹੈ।

ਮਿੱਤਰੋ,

ਮੈਂ ਦੋ ਹਜ਼ਾਰ ਸਾਲ ਪਹਿਲਾਂ ਲਿਖੇ ਤਿਰੂਕੁਰਲ ਦੇ ਹਵਾਲੇ ਨਾਲ ਸ਼ੁਰੂਆਤ ਕਰਦਾ ਹਾਂ। ਮਹਾਨ ਸੰਤ ਤਿਰੂਵੱਲੂਵਰ ਨੇ ਕਿਹਾ ਹੈ: “नेडुंकडलुम तन्नीर मै कुंडृम तडिन्तेडिली तान नल्गा तागि विडिन”। ਇਸ ਦਾ ਅਰਥ ਹੈ,  "ਜੇ ਬੱਦਲ ਮੀਂਹ ਦੇ ਰੂਪ ਵਿੱਚ ਧਰਤੀ ਤੋਂ ਲਏ ਗਏ ਪਾਣੀ ਨੂੰ ਵਾਪਸ ਨਹੀਂ ਕਰਦੇ, ਤਾਂ ਸਮੁੰਦਰ ਵੀ ਸੁੱਕ ਜਾਣਗੇ।" ਭਾਰਤ ਵਿੱਚ, ਕੁਦਰਤ ਅਤੇ ਇਸ ਦੇ ਵਿਹਾਰ ਸਿੱਖਿਆ ਦੇ ਨਿਯਮਿਤ ਸਰੋਤ ਰਹੇ ਹਨ। ਇਹ ਬਹੁਤ ਸਾਰੇ ਗ੍ਰੰਥਾਂ ਦੇ ਨਾਲ-ਨਾਲ ਮੌਖਿਕ ਪਰੰਪਰਾਵਾਂ ਵਿੱਚ ਵੀ ਮਿਲਦੇ ਹਨ। ਅਸੀਂ ਸਿੱਖਿਆ ਹੈ, 

पिबन्ति नद्य: स्वमेव नाम्भ:, स्वयं न खादन्ति फलानि वृक्षा:। नादन्ति स्यं खलु वारिवाह:, परोपकाराय सतां विभूतय:। 

ਯਾਨੀ ਕਿ "ਨਾ ਤਾਂ ਨਦੀਆਂ ਆਪਣਾ ਪਾਣੀ ਪੀਂਦੀਆਂ ਹਨ ਅਤੇ ਨਾ ਹੀ ਦਰੱਖਤ ਆਪਣਾ ਫਲ ਖਾਂਦੇ ਹਨ। ਇੱਥੋਂ ਤੱਕ ਕਿ ਬੱਦਲ ਵੀ ਆਪਣੇ ਪਾਣੀ ਨਾਲ ਪੈਦਾ ਹੋਏ ਅਨਾਜ ਨੂੰ ਨਹੀਂ ਖਾਂਦੇ। ਕੁਦਰਤ ਸਾਨੂੰ ਪ੍ਰਦਾਨ ਕਰਦੀ ਹੈ। ਸਾਨੂੰ ਵੀ ਕੁਦਰਤ ਲਈ ਪ੍ਰਬੰਧ ਕਰਨਾ ਚਾਹੀਦਾ ਹੈ। ਧਰਤੀ ਮਾਤਾ ਦੀ ਰੱਖਿਆ ਅਤੇ ਸੰਭਾਲ਼ ਕਰਨੀ ਚਾਹੀਦੀ ਹੈ। ਇਹ ਸਾਡੀ ਬੁਨਿਆਦੀ ਜ਼ਿੰਮੇਵਾਰੀ ਹੈ। ਅੱਜ, ਇਸ ਨੇ "ਜਲਵਾਯੂ ਕਾਰਵਾਈ" ਦਾ ਰੂਪ ਲੈ ਲਿਆ ਹੈ ਕਿਉਂਕਿ ਇਹ ਕਰਤੱਵ ਬਹੁਤ ਲੰਬੇ ਸਮੇਂ ਤੋਂ ਬਹੁਤ ਸਾਰੇ ਲੋਕਾਂ ਦੁਆਰਾ ਨਜ਼ਰਅੰਦਾਜ਼ ਕੀਤਾ ਗਿਆ ਸੀ। ਭਾਰਤ ਦੇ ਪਰੰਪਰਾਗਤ ਗਿਆਨ ਦੇ ਅਧਾਰ 'ਤੇ, ਮੈਂ ਇਸ ਗੱਲ 'ਤੇ ਜ਼ੋਰ ਦੇਵਾਂਗਾ ਕਿ ਜਲਵਾਯੂ ਕਾਰਵਾਈ ਨੂੰ "ਅੰਤਯੋਦਯ" ਦਾ ਪਾਲਣ ਕਰਨਾ ਚਾਹੀਦਾ ਹੈ। ਯਾਨੀ, ਸਾਨੂੰ ਸਮਾਜ ਦੇ ਆਖਰੀ ਵਿਅਕਤੀ ਦੇ ਉਭਾਰ ਅਤੇ ਵਿਕਾਸ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਗਲੋਬਲ ਸਾਊਥ ਦੇ ਦੇਸ਼ ਖਾਸ ਤੌਰ 'ਤੇ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਸਬੰਧੀ ਮੁੱਦਿਆਂ ਤੋਂ ਪ੍ਰਭਾਵਿਤ ਹਨ। ਸਾਨੂੰ "ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ" ਅਤੇ "ਪੈਰਿਸ ਸਮਝੌਤੇ" ਦੇ ਤਹਿਤ ਪ੍ਰਤੀਬੱਧਤਾਵਾਂ 'ਤੇ ਵਿਸਤ੍ਰਿਤ ਕਾਰਵਾਈ ਕਰਨ ਦੀ ਜ਼ਰੂਰਤ ਹੈ। ਇਹ ਗਲੋਬਲ ਸਾਊਥ ਨੂੰ ਜਲਵਾਯੂ ਅਨੁਕੂਲ ਤਰੀਕੇ ਨਾਲ ਵਿਕਾਸ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਵਿੱਚ ਮਹੱਤਵਪੂਰਨ ਹੋਵੇਗਾ।

ਮਿੱਤਰੋ,

ਮੈਨੂੰ ਇਹ ਕਹਿੰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਭਾਰਤ ਨੇ ਆਪਣੇ ਖਾਹਿਸ਼ੀ "ਰਾਸ਼ਟਰੀ ਨਿਰਧਾਰਿਤ ਯੋਗਦਾਨ" ਰਾਹੀਂ ਅਗਵਾਈ ਕੀਤੀ ਹੈ। ਭਾਰਤ ਨੇ 2030 ਦੇ ਲਕਸ਼ ਤੋਂ ਨੌਂ ਸਾਲ ਪਹਿਲਾਂ, ਗ਼ੈਰ-ਜੀਵਾਸ਼ਮ ਈਂਧਣ ਸਰੋਤਾਂ ਤੋਂ ਆਪਣੀ ਸਥਾਪਿਤ ਇਲੈਕਟ੍ਰਿਕ ਸਮਰੱਥਾ ਹਾਸਲ ਕਰ ਲਈ ਹੈ। ਅਤੇ, ਅਸੀਂ ਆਪਣੇ ਅੱਪਡੇਟ ਕੀਤੇ ਲਕਸ਼ਾਂ ਦੇ ਨਾਲ-ਨਾਲ ਆਪਣੇ ਲਕਸ਼ ਨੂੰ ਹੋਰ ਵੀ ਉੱਚਾ ਰੱਖਿਆ ਹੈ। ਮੌਜੂਦਾ ਸਮੇਂ ਵਿੱਚ ਸਥਾਪਿਤ ਅਖੁੱਟ ਊਰਜਾ ਸਮਰੱਥਾ ਦੇ ਮਾਮਲੇ ਵਿੱਚ ਭਾਰਤ ਦੁਨੀਆ ਦੇ ਚੋਟੀ ਦੇ 5 ਦੇਸ਼ਾਂ ਵਿੱਚੋਂ ਇੱਕ ਹੈ। ਅਸੀਂ 2070 ਤੱਕ "ਨੈੱਟ ਜ਼ੀਰੋ" ਨੂੰ ਪ੍ਰਾਪਤ ਕਰਨ ਦਾ ਲਕਸ਼ ਵੀ ਰੱਖਿਆ ਹੈ। ਅਸੀਂ ਅੰਤਰਰਾਸ਼ਟਰੀ ਸੋਲਰ ਅਲਾਇੰਸ, ਸੀਡੀਆਰਆਈ ਅਤੇ "ਇੰਡਸਟ੍ਰੀ ਟ੍ਰਾਂਸਫਾਰਮੇਸ਼ਨ ਲਈ ਲੀਡਰਸ਼ਿਪ ਗਰੁੱਪ" ਸਮੇਤ ਗਠਜੋੜਾਂ ਜ਼ਰੀਏ ਆਪਣੇ ਭਾਈਵਾਲਾਂ ਨਾਲ ਸਹਿਯੋਗ ਕਰਨਾ ਜਾਰੀ ਰੱਖ ਰਹੇ ਹਾਂ।

ਮਿੱਤਰੋ,

ਭਾਰਤ ਇੱਕ ਵਿਸ਼ਾਲ ਵਿਵਿਧਤਾ ਵਾਲਾ ਦੇਸ਼ ਹੈ। ਅਸੀਂ ਜੈਵ ਵਿਵਿਧਤਾ ਦੀ ਸੰਭਾਲ਼, ਸੁਰੱਖਿਆ, ਬਹਾਲੀ ਅਤੇ ਸਮ੍ਰਿੱਧੀ 'ਤੇ ਕਾਰਵਾਈ ਕਰਨ ਵਿੱਚ ਲਗਾਤਾਰ ਸਭ ਤੋਂ ਅੱਗੇ ਰਹੇ ਹਾਂ। ਮੈਨੂੰ ਖੁਸ਼ੀ ਹੈ ਕਿ "ਗਾਂਧੀਨਗਰ ਇਮਪਲੀਮੈਂਟੇਸ਼ਨ ਰੋਡਮੈਪ ਅਤੇ ਪਲੇਟਫਾਰਮ" ਜ਼ਰੀਏ, ਤੁਸੀਂ ਜੰਗਲ ਦੀ ਅੱਗ ਅਤੇ ਮਾਈਨਿੰਗ ਦੁਆਰਾ ਪ੍ਰਭਾਵਿਤ ਤਰਜੀਹੀ ਲੈਂਡਸਕੇਪਾਂ ਵਿੱਚ ਬਹਾਲੀ ਨੂੰ ਮਾਨਤਾ ਦੇ ਰਹੇ ਹੋ। ਭਾਰਤ ਨੇ ਹਾਲ ਹੀ ਵਿੱਚ ਸਾਡੇ ਗ੍ਰਹਿ ਦੀਆਂ ਸੱਤ ਬਿਗ ਕੈਟਸ ਦੀ ਸੰਭਾਲ਼ ਲਈ "ਅੰਤਰਰਾਸ਼ਟਰੀ ਬਿਗ ਕੈਟ ਅਲਾਇੰਸ" ਦੀ ਸ਼ੁਰੂਆਤ ਕੀਤੀ ਹੈ। ਇਹ ਪ੍ਰੋਜੈਕਟ ਟਾਈਗਰ ਤੋਂ ਸਾਡੀਆਂ ਸਿੱਖਿਆਵਾਂ 'ਤੇ ਅਧਾਰਿਤ ਹੈ, ਜੋ ਕਿ ਇੱਕ ਪ੍ਰਮੁੱਖ ਸੰਭਾਲ਼ ਪਹਿਲ ਹੈ। ਪ੍ਰੋਜੈਕਟ ਟਾਈਗਰ ਦੇ ਨਤੀਜੇ ਵਜੋਂ, ਅੱਜ ਦੁਨੀਆ ਦੇ 70% ਟਾਈਗਰ ਭਾਰਤ ਵਿੱਚ ਪਾਏ ਜਾਂਦੇ ਹਨ। ਅਸੀਂ ਪ੍ਰੋਜੈਕਟ ਸ਼ੇਰ ਅਤੇ ਪ੍ਰੋਜੈਕਟ ਡੌਲਫਿਨ 'ਤੇ ਵੀ ਕੰਮ ਕਰ ਰਹੇ ਹਾਂ।

ਮਿੱਤਰੋ,

ਭਾਰਤ ਦੀਆਂ ਪਹਿਲਾਂ ਲੋਕਾਂ ਦੀ ਭਾਗੀਦਾਰੀ ਦੁਆਰਾ ਪ੍ਰੇਰਿਤ ਹਨ। "ਮਿਸ਼ਨ ਅੰਮ੍ਰਿਤ ਸਰੋਵਰ" ਪਾਣੀ ਦੀ ਸੰਭਾਲ਼ ਲਈ ਇੱਕ ਵਿਲੱਖਣ ਪਹਿਲ ਹੈ। ਇਸ ਮਿਸ਼ਨ ਤਹਿਤ ਸਿਰਫ਼ ਇੱਕ ਸਾਲ ਵਿੱਚ 63 ਹਜ਼ਾਰ ਤੋਂ ਵੱਧ ਜਲਘਰ ਵਿਕਸਿਤ ਕੀਤੇ ਗਏ ਹਨ। ਇਹ ਮਿਸ਼ਨ ਪੂਰੀ ਤਰ੍ਹਾਂ ਕਮਿਊਨਿਟੀ ਭਾਗੀਦਾਰੀ ਦੁਆਰਾ ਚਲਾਇਆ ਗਿਆ ਹੈ, ਅਤੇ ਟੈਕਨੋਲੋਜੀ ਦੁਆਰਾ ਸਮਰਥਿਤ ਹੈ। ਸਾਡੀ “ਕੈਚ ਦ ਰੇਨ” ਮੁਹਿੰਮ ਨੇ ਵੀ ਸ਼ਾਨਦਾਰ ਨਤੀਜੇ ਦਿਖਾਏ ਹਨ। ਪਾਣੀ ਦੀ ਸੰਭਾਲ਼ ਲਈ ਇਸ ਮੁਹਿੰਮ ਰਾਹੀਂ ਦੋ ਲੱਖ ਅੱਸੀ ਹਜ਼ਾਰ ਤੋਂ ਵੱਧ ਵਾਟਰ ਹਾਰਵੈਸਟਿੰਗ ਸਟਰਕਚਰ ਬਣਾਏ ਗਏ ਹਨ। ਇਸ ਤੋਂ ਇਲਾਵਾ ਢਾਈ ਲੱਖ ਦੇ ਕਰੀਬ ਰੀ-ਯੂਜ਼ ਅਤੇ ਰੀਚਾਰਜ ਸਟਰਕਚਰ ਵੀ ਬਣਾਏ ਗਏ ਹਨ। ਇਹ ਸਭ ਲੋਕਾਂ ਦੀ ਭਾਗੀਦਾਰੀ ਅਤੇ ਸਥਾਨਕ ਮਿੱਟੀ ਅਤੇ ਪਾਣੀ ਦੀਆਂ ਸਥਿਤੀਆਂ 'ਤੇ ਫੋਕਸ ਕਰਕੇ ਪ੍ਰਾਪਤ ਕੀਤਾ ਗਿਆ ਹੈ। ਅਸੀਂ ਗੰਗਾ ਨਦੀ ਦੀ ਸਫਾਈ ਲਈ "ਨਮਾਮਿ ਗੰਗੇ ਮਿਸ਼ਨ" ਵਿੱਚ ਭਾਈਚਾਰਕ ਭਾਗੀਦਾਰੀ ਦੀ ਵੀ ਪ੍ਰਭਾਵਸ਼ਾਲੀ ਵਰਤੋਂ ਕੀਤੀ ਹੈ। ਇਸ ਨਾਲ ਨਦੀ ਦੇ ਕਈ ਹਿੱਸਿਆਂ ਵਿੱਚ ਗੰਗਾ ਡੌਲਫਿਨ ਦੇ ਦੁਬਾਰਾ ਪ੍ਰਗਟ ਹੋਣ ਵਿੱਚ ਇੱਕ ਵੱਡੀ ਪ੍ਰਾਪਤੀ ਹੋਈ ਹੈ। ਵੈਟਲੈਂਡ ਦੀ ਸੰਭਾਲ਼ ਵਿੱਚ ਸਾਡੇ ਪ੍ਰਯਾਸਾਂ ਦਾ ਵੀ ਫਲ ਮਿਲਿਆ ਹੈ। ਰਾਮਸਰ ਸਾਈਟਾਂ ਵਜੋਂ ਮਨੋਨੀਤ 75 ਵੈਟਲੈਂਡ ਦੇ ਨਾਲ, ਭਾਰਤ ਵਿੱਚ ਏਸ਼ੀਆ ਵਿੱਚ ਰਾਮਸਰ ਸਾਈਟਾਂ ਦਾ ਸਭ ਤੋਂ ਬੜਾ ਨੈੱਟਵਰਕ ਹੈ। 

ਮਿੱਤਰੋ,

ਸਾਡੇ ਸਮੁੰਦਰ ਦੁਨੀਆ ਭਰ ਦੇ ਤਿੰਨ ਅਰਬ ਤੋਂ ਵੱਧ ਲੋਕਾਂ ਦੀ ਆਜੀਵਕਾ ਦਾ ਸਮਰਥਨ ਕਰਦੇ ਹਨ। ਉਹ ਇੱਕ ਮਹੱਤਵਪੂਰਨ ਆਰਥਿਕ ਸੰਸਾਧਨ ਹਨ, ਖਾਸ ਕਰਕੇ "ਛੋਟੇ ਟਾਪੂ ਰਾਜਾਂ" ਲਈ, ਜਿਨ੍ਹਾਂ ਨੂੰ ਮੈਂ "ਵੱਡੇ ਸਮੁੰਦਰੀ ਦੇਸ਼" ਕਹਿਣਾ ਪਸੰਦ ਕਰਦਾ ਹਾਂ। ਉਹ ਵਿਆਪਕ ਜੈਵ ਵਿਵਿਧਤਾ ਦਾ ਘਰ ਵੀ ਹਨ। ਇਸ ਲਈ, ਸਮੁੰਦਰੀ ਸੰਸਾਧਨਾਂ ਦੀ ਜ਼ਿੰਮੇਵਾਰ ਵਰਤੋਂ ਅਤੇ ਪ੍ਰਬੰਧਨ ਬਹੁਤ ਮਹੱਤਵਪੂਰਨ ਹੈ। ਮੈਂ “ਟਿਕਾਊ ਅਤੇ ਲਚੀਲੀ ਨੀਲੀ ਅਤੇ ਸਮੁੰਦਰ-ਅਧਾਰਿਤ ਅਰਥਵਿਵਸਥਾ ਲਈ ਜੀ20 ਉੱਚ ਪੱਧਰੀ ਸਿਧਾਂਤ” ਨੂੰ ਅਪਣਾਉਣ ਦੀ ਉਮੀਦ ਕਰਦਾ ਹਾਂ। ਇਸ ਸੰਦਰਭ ਵਿੱਚ, ਮੈਂ ਜੀ20 ਨੂੰ ਪਲਾਸਟਿਕ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ ਇੱਕ ਪ੍ਰਭਾਵੀ ਅੰਤਰਰਾਸ਼ਟਰੀ ਕਾਨੂੰਨੀ ਤੌਰ 'ਤੇ ਬਾਈਡਿੰਗ ਸਾਧਨ ਲਈ ਰਚਨਾਤਮਕ ਤੌਰ 'ਤੇ ਕੰਮ ਕਰਨ ਦਾ ਸੱਦਾ ਦਿੰਦਾ ਹਾਂ।

ਮਿੱਤਰੋ,

ਪਿਛਲੇ ਸਾਲ, ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਦੇ ਨਾਲ, ਮੈਂ ਮਿਸ਼ਨ LIFE - ਲਾਈਫ ਫੌਰ ਦ ਇਨਵਾਇਰਮੈਂਟ ਲਾਂਚ ਕੀਤਾ ਸੀ। ਮਿਸ਼ਨ ਲਾਈਫ, ਇੱਕ ਗਲੋਬਲ ਜਨ ਅੰਦੋਲਨ ਦੇ ਰੂਪ ਵਿੱਚ, ਵਾਤਾਵਰਣ ਦੀ ਰੱਖਿਆ ਅਤੇ ਸੰਭਾਲ਼ ਲਈ ਵਿਅਕਤੀਗਤ ਅਤੇ ਸਮੂਹਿਕ ਕਾਰਵਾਈ ਨੂੰ ਉਤਸ਼ਾਹਿਤ ਕਰੇਗਾ। ਭਾਰਤ ਵਿੱਚ, ਕਿਸੇ ਵੀ ਵਿਅਕਤੀ, ਕੰਪਨੀ ਜਾਂ ਇੱਕ ਸਥਾਨਕ ਸੰਸਥਾ ਦੁਆਰਾ ਵਾਤਾਵਰਣ-ਅਨੁਕੂਲ ਕਾਰਵਾਈਆਂ ਨੂੰ ਅਣਗੋਲਿਆ ਨਹੀਂ ਜਾਵੇਗਾ। ਇਹ ਹੁਣ ਉਨ੍ਹਾਂ ਨੂੰ ਹਾਲ ਹੀ ਵਿੱਚ ਐਲਾਨੇ ਗਏ "ਗ੍ਰੀਨ ਕ੍ਰੈਡਿਟ ਪ੍ਰੋਗਰਾਮ" ਦੇ ਤਹਿਤ ਗ੍ਰੀਨ ਕ੍ਰੈਡਿਟ ਹਾਸਲ ਕਰਵਾ ਸਕਦਾ ਹੈ। ਇਸਦਾ ਮਤਲਬ ਇਹ ਹੋਵੇਗਾ ਕਿ ਰੁੱਖ ਲਗਾਉਣ, ਪਾਣੀ ਦੀ ਸੰਭਾਲ਼ ਅਤੇ ਟਿਕਾਊ ਖੇਤੀ ਜਿਹੀਆਂ ਗਤੀਵਿਧੀਆਂ ਹੁਣ ਵਿਅਕਤੀਆਂ, ਸਥਾਨਕ ਸੰਸਥਾਵਾਂ ਅਤੇ ਹੋਰਨਾਂ ਲਈ ਆਮਦਨ ਪੈਦਾ ਕਰ ਸਕਦੀਆਂ ਹਨ।

ਮਿੱਤਰੋ,

ਜਿਵੇਂ ਕਿ ਮੈਂ ਸਮਾਪਤੀ ਕਰਦਾ ਹਾਂ, ਮੈਂ ਦੁਹਰਾਉਂਦਾ ਹਾਂ ਕਿ ਸਾਨੂੰ ਕੁਦਰਤ ਦੇ ਪ੍ਰਤੀ ਆਪਣੇ ਕਰਤੱਵਾਂ ਨੂੰ ਨਹੀਂ ਭੁੱਲਣਾ ਚਾਹੀਦਾ। ਮਾਂ ਕੁਦਰਤ ਇੱਕ ਖੰਡਿਤ ਪਹੁੰਚ ਦਾ ਸਮਰਥਨ ਨਹੀਂ ਕਰਦੀ। ਉਹ "ਵਸੁਧੈਵ ਕੁਟੁੰਬਕਮ" ਨੂੰ ਪ੍ਰਾਥਮਿਕਤਾ ਦਿੰਦੀ ਹੈ - ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ। ਮੈਂ ਤੁਹਾਡੇ ਸਭਨਾਂ ਦੀ ਇੱਕ ਫਲਦਾਇਕ ਅਤੇ ਸਫਲ ਬੈਠਕ ਦੀ ਕਾਮਨਾ ਕਰਦਾ ਹਾਂ। ਤੁਹਾਡਾ ਧੰਨਵਾਦ।

ਨਮਸਕਾਰ! 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Indian economy ends 2024 with strong growth as PMI hits 60.7 in December

Media Coverage

Indian economy ends 2024 with strong growth as PMI hits 60.7 in December
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 17 ਦਸੰਬਰ 2024
December 17, 2024

Unstoppable Progress: India Continues to Grow Across Diverse Sectors with the Modi Government