ਨਮਸਕਾਰ!
ਆਪ ਸਭ ਨੂੰ ਗੰਗਾ-ਪੁਸ਼ਕਰਾਲੁ ਉਤਸਵ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਆਪ ਸਭ ਕਾਸ਼ੀ ਵਿੱਚ ਆਏ ਹੋ, ਇਸ ਲਈ ਇਸ ਯਾਤਰਾ ਵਿੱਚ ਆਪ ਵਿਅਕਤੀਗਤ ਰੂਪ ਨਾਲ ਮੇਰੇ ਵੀ ਅਤਿਥੀ (ਮਹਿਮਾਨ) ਹੋ, ਅਤੇ ਜਿਵੇਂ ਸਾਡੇ ਇੱਥੇ ਕਹਿੰਦੇ ਹਨ ਅਤਿਥੀ ਤਾਂ ਦੇਵ ਸਮਾਨ ਹੈ। ਮੈਂ ਜ਼ਿੰਮੇਦਾਰੀਆਂ ਦੇ ਕਾਰਨ ਭਲੇ ਹੀ ਤੁਹਾਡੇ ਸੁਆਗਤ ਦੇ ਲਈ ਉੱਥੇ ਉਪਸਥਿਤ ਨਹੀਂ ਹੋ ਸਕਿਆ ਹਾਂ, ਲੇਕਿਨ ਮੇਰਾ ਮਨ ਆਪ ਸਭ ਦੇ ਵਿੱਚ ਰਹਿਣ ਦਾ ਅਹਿਸਾਸ ਹੋ ਰਿਹਾ ਹੈ। ਮੈਂ ਇਸ ਆਯੋਜਨ ਦੇ ਲਈ ਕਾਸ਼ੀ-ਤੇਲੁਗੂ ਕਮੇਟੀ ਅਤੇ ਸੰਸਦ ਵਿੱਚ ਮੇਰੇ ਸਾਥੀ ਜੀ ਵੀ ਏ ਐੱਲ ਨਰਸਿਮਹਾ ਰਾਓ ਜੀ ਨੂੰ ਵਧਾਈ ਦਿੰਦਾ ਹਾਂ। ਕਾਸ਼ੀ ਦੇ ਘਾਟ ‘ਤੇ ਇਹ ਗੰਗਾ-ਪੁਸ਼ਕਰਾਲੁ ਉਤਸਵ, ਗੰਗਾ ਅਤੇ ਗੋਦਾਵਰੀ ਦੇ ਸੰਗਮ ਦੀ ਤਰ੍ਹਾਂ ਹੈ। ਇਹ ਭਾਰਤ ਦੀਆਂ ਪ੍ਰਾਚੀਨ ਸੱਭਿਅਤਾਵਾਂ, ਸੰਸਕ੍ਰਿਤੀਆਂ ਅਤੇ ਪਰੰਪਰਾਵਾਂ ਦੇ ਸੰਗਮ ਦਾ ਉਤਸਵ ਹੈ।
ਤੁਹਾਨੂੰ ਯਾਦ ਹੋਵੇਗਾ, ਕੁਝ ਮਹੀਨੇ ਪਹਿਲਾਂ ਇੱਥੇ ਕਾਸ਼ੀ ਦੀ ਧਰਤੀ ‘ਤੇ ਕਾਸ਼ੀ-ਤਮਿਲ ਸੰਗਮ ਦਾ ਆਯੋਜਨ ਵੀ ਹੋਇਆ ਸੀ। ਹੁਣ ਕੁਝ ਹੀ ਦਿਨ ਪਹਿਲਾਂ ਮੈਨੂੰ ਸੌਰਾਸ਼ਟਰ-ਤਮਿਲ ਸੰਗਮ ਵਿੱਚ ਵੀ ਸ਼ਾਮਲ ਹੋਣ ਦਾ ਸੁਭਾਗ ਮਿਲਿਆ ਹੈ। ਤਦ ਮੈਂ ਕਿਹਾ ਸੀ, ਆਜ਼ਾਦੀ ਦਾ ਇਹ ਅੰਮ੍ਰਿਤਕਾਲ ਦੇਸ਼ ਦੀਆਂ ਵਿਵਿਧਤਾਵਾਂ ਦਾ, ਵਿਵਿਧ ਧਾਰਾਵਾਂ ਦਾ ਸੰਗਮਕਲਾ ਹੈ। ਵਿਵਿਧਤਾਵਾਂ ਦੇ ਇਨ੍ਹਾਂ ਸੰਗਮਾਂ ਨਾਲ ਰਾਸ਼ਟ੍ਰੀਅਤਾ ਦਾ ਅੰਮ੍ਰਿਤ ਨਿਕਲ ਰਿਹਾ ਹੈ, ਜੋ ਭਾਰਤ ਨੂੰ ਅਨੰਤ ਭਵਿੱਖ ਤੱਕ ਊਰਜਾਵਾਨ ਰੱਖੇਗਾ।
ਸਾਥੀਓ,
ਕਾਸ਼ੀ ਨਾਲ ਜੁੜਿਆ ਹਰ ਵਿਅਕਤੀ ਜਾਣਦਾ ਹੈ ਕਿ ਕਾਸ਼ੀ ਅਤੇ ਕਾਸ਼ੀਵਾਸੀਆਂ ਦਾ ਤੇਲੁਗੂ ਲੋਕਾਂ ਨਾਲ ਕਿੰਨਾ ਗਹਿਰਾ ਰਿਸ਼ਤਾ ਹੈ। ਜਿਵੇਂ ਹੀ ਕਾਸ਼ੀ ਵਿੱਚ ਕੋਈ ਤੇਲੁਗੂ ਵਿਅਕਤੀ ਆਉਂਦਾ ਹੈ, ਕਈ ਕਾਸ਼ੀਵਾਸੀਆਂ ਨੂੰ ਲਗਦਾ ਹੈ ਕਿ ਉਨ੍ਹਾਂ ਦੇ ਪਰਿਵਾਰ ਦਾ ਹੀ ਕੋਈ ਮੈਂਬਰ ਆ ਗਿਆ ਹੈ। ਕਾਸ਼ੀ ਦੇ ਲੋਕ ਪੀੜ੍ਹੀਆਂ ਤੋਂ ਆਪ ਸਭ ਦਾ ਸੁਆਗਤ ਕਰਦੇ ਆਏ ਹਨ। ਕਾਸ਼ੀ ਜਿੰਨੀ ਪ੍ਰਾਚੀਨ ਹੈ, ਓਨਾ ਹੀ ਪ੍ਰਾਚੀਨ ਇਹ ਰਿਸ਼ਤਾ ਹੈ। ਕਾਸ਼ੀ ਜਿੰਨੀ ਪਵਿੱਤਰ ਹੈ, ਓਨੀ ਹੀ ਪਵਿੱਤਰ ਤੇਲੁਗੂ ਲੋਕਾਂ ਦੀ ਕਾਸ਼ੀ ਵਿੱਚ ਆਸਥਾ ਹੈ। ਅੱਜ ਵੀ, ਜਿੰਨੇ ਤੀਰਥਯਾਤਰੀ ਕਾਸ਼ੀ ਆਉਂਦੇ ਹਨ, ਉਨ੍ਹਾਂ ਵਿੱਚ ਇੱਕ ਬਹੁਤ ਵੱਡੀ ਸੰਖਿਆ ਇਕੱਲੇ ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਦੇ ਲੋਕਾਂ ਦੀ ਹੀ ਹੁੰਦੀ ਹੈ। ਤੇਲੁਗੂ ਰਾਜਾਂ ਨੇ ਕਾਸ਼ੀ ਨੂੰ ਕਿੰਨੇ ਹੀ ਮਹਾਨ ਸੰਤ ਦਿੱਤੇ ਹਨ, ਕਿੰਨੇ ਆਚਾਰੀਆ ਅਤੇ ਮਨੀਸ਼ੀ ਦਿੱਤੇ ਹਨ। ਕਾਸ਼ੀ ਦੇ ਲੋਕ ਅਤੇ ਤੀਰਥਯਾਤਰੀ ਜਦੋਂ ਬਾਬਾ ਵਿਸ਼ਵਨਾਥ ਦੇ ਦਰਸ਼ਨ ਕਰਨ ਜਾਂਦੇ ਹਨ, ਤਾਂ ਤੈਲੰਗ ਸੁਆਮੀ ਦੇ ਅਸ਼ੀਰਵਾਦ ਲੈਣ ਉਨ੍ਹਾਂ ਦੇ ਆਸ਼ਰਮ ਵੀ ਜਾਂਦੇ ਹਨ। ਸੁਆਮੀ ਰਾਮਕ੍ਰਿਸ਼ਨ ਪਰਮਹੰਸ ਤਾਂ ਤੈਲੰਗ ਸੁਆਮੀ ਨੂੰ ਸਾਖਿਆਤ ਕਾਸ਼ੀ ਦਾ ਜੀਵੰਤ ਸ਼ਿਵ ਕਹਿੰਦੇ ਸਨ। ਤੁਸੀਂ ਵੀ ਜਾਣਦੇ ਹੋ ਕਿ ਤੈਲੰਗ ਸੁਆਮੀ ਦਾ ਜਨਮ ਵਿਜੈਨਗਰਮ ਵਿੱਚ ਹੋਇਆ ਸੀ। ਜਿਦਦੂ ਕ੍ਰਿਸ਼ਨਮੂਰਤੀ ਜਿਹੀਆਂ ਅਜਿਹੀਆਂ ਕਿੰਨੀਆਂ ਹੀ ਆਤਮਾਵਾਂ ਹੋਈਆਂ ਹਨ, ਜਿਨ੍ਹਾਂ ਨੂੰ ਅੱਜ ਵੀ ਕਾਸ਼ੀ ਵਿੱਚ ਯਾਦ ਕੀਤਾ ਜਾਂਦਾ ਹੈ।
ਭਾਈਓ ਭੈਣੋਂ,
ਜਿਵੇਂ ਕਾਸ਼ੀ ਨੇ ਤੇਲੁਗੂ ਲੋਕਾਂ ਨੂੰ ਅਪਣਾਇਆ, ਆਤਮਸਾਤ ਕੀਤਾ, ਓਵੇਂ ਹੀ ਤੇਲੁਗੂ ਲੋਕਾਂ ਨੇ ਵੀ ਕਾਸ਼ੀ ਨੂੰ ਆਪਣੀ ਆਤਮਾ ਨਾਲ ਜੋੜ ਕੇ ਰੱਖਿਆ ਹੈ। ਇੱਥੇ ਤੱਕ ਕਿ, ਪਵਿੱਤਰ ਤੀਰਥ ਵੇਮੁਲਾ-ਵਾੜਾ ਨੂੰ ਵੀ ਦੱਖਣ ਕਾਸ਼ੀ ਕਹਿ ਕੇ ਬੁਲਾਇਆ ਜਾਂਦਾ ਹੈ। ਆਂਧਰ ਅਤੇ ਤੇਲੰਗਾਨਾ ਦੇ ਮੰਦਿਰਾਂ ਵਿੱਚ ਜੋ ਕਾਲਾ ਸੂਤਰ ਹੱਥ ਵਿੱਚ ਬੰਨ੍ਹਿਆ ਜਾਂਦਾ ਹੈ, ਉਸ ਨੂੰ ਅੱਜ ਵੀ ਕਾਸ਼ੀ ਦਾਰਮ੍ ਕਹਿੰਦੇ ਹਨ। ਇਸੇ ਤਰ੍ਹਾਂ, ਸ਼੍ਰੀਨਾਥ ਮਹਾਕਵੀ ਦਾ ਕਾਸ਼ੀ ਖੰਡਮੁ ਗ੍ਰੰਥ ਹੋਵੇ, ਏਨੁਗੁਲ ਵੀਰਸਵਾਮੱਯਾ ਦਾ ਕਾਸ਼ੀ ਯਾਤਰਾ ਚਰਿੱਤਰ ਹੋਵੇ, ਜਾਂ ਫਿਰ ਲੋਕਪ੍ਰਿਯ (ਮਕਬੂਲ) ਕਾਸ਼ੀ ਮਜਿਲੀ ਕਥਲੁ ਹੋਵੇ, ਕਾਸ਼ੀ ਅਤੇ ਕਾਸ਼ੀ ਦੀ ਮਹਿਮਾ ਤੇਲੁਗੂ ਭਾਸ਼ਾ ਅਤੇ ਤੇਲੁਗੂ ਸਾਹਿਤ ਵਿੱਚ ਵੀ ਉਤਨੀ ਹੀ ਗਹਿਰਾਈ ਨਾਲ ਰਚੀ ਬਸੀ ਹੈ। ਅਗਰ ਕੋਈ ਬਾਹਰੀ ਵਿਅਕਤੀ ਇਹ ਸਭ ਦੇਖੇ, ਤਾਂ ਉਸ ਦੇ ਲਈ ਵਿਸ਼ਵਾਸ ਕਰਨਾ ਵੀ ਕਠਿਨ ਹੋਵੇਗਾ ਕਿ ਕੋਈ ਸ਼ਹਿਰ ਇੰਨਾ ਦੂਰ ਹੋ ਕੇ ਵੀ ਦਿਲਾਂ ਦੇ ਇੰਨੇ ਕਰੀਬ ਕਿਵੇਂ ਹੋ ਸਕਦਾ ਹੈ! ਲੇਕਿਨ, ਇਹੀ ਭਾਰਤ ਦੀ ਉਹ ਵਿਰਾਸਤ ਹੈ, ਜਿਸ ਨੇ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੇ ਵਿਸ਼ਵਾਸ ਨੂੰ ਸਦੀਆਂ ਤੋਂ ਜੀਵੰਤ ਰੱਖਿਆ ਹੈ।
ਸਾਥੀਓ,
ਕਾਸ਼ੀ ਮੁਕਤੀ ਅਤੇ ਮੋਕਸ਼ ਦੀ ਨਗਰੀ ਵੀ ਹੈ। ਇੱਕ ਸਮਾਂ ਸੀ ਜਦੋਂ ਤੇਲੁਗੂ ਲੋਕ ਹਜ਼ਾਰਾਂ ਕਿਲੋਮੀਟਰ ਚਲ ਕੇ ਕਾਸ਼ੀ ਆਉਂਦੇ ਸਨ। ਆਪਣੀ ਯਾਤਰਾ ਵਿੱਚ ਤਮਾਮ ਪਰੇਸ਼ਾਨੀ ਉਠਾਉਂਦੇ ਸਨ। ਆਧੁਨਿਕ ਸਮੇਂ ਵਿੱਚ ਹੁਣ ਉਹ ਸਥਿਤੀਆਂ ਤੇਜ਼ੀ ਨਾਲ ਬਦਲ ਰਹੀਆਂ ਹਨ। ਅੱਜ ਇੱਕ ਤਰਫ਼ ਵਿਸ਼ਵਾਸ ਧਾਮ ਦਾ ਦਿਵਯ ਵੈਭਵ ਹੈ, ਤਾਂ ਦੂਸਰੀ ਤਰਫ਼ ਗੰਗਾ ਦੇ ਘਾਟਾਂ ਦੀ ਭਵਯਤਾ (ਸ਼ਾਨ) ਵੀ ਹੈ। ਅੱਜ ਇੱਕ ਤਰਫ਼ ਕਾਸ਼ੀ ਦੀਆਂ ਗਲੀਆਂ ਹਨ, ਤਾਂ ਦੂਸਰੀ ਤਰਫ਼ ਨਵੀਆਂ ਸੜਕਾਂ ਅਤੇ ਹਾਈਵੇਅ ਦਾ ਨੈੱਟਵਰਕ ਵੀ ਹੈ। ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਤੋਂ ਜੋ ਲੋਕ ਪਹਿਲਾਂ ਕਾਸ਼ੀ ਆ ਚੁੱਕੇ ਹਨ, ਉਹ ਹੁਣ ਕਾਸ਼ੀ ਵਿੱਚ ਹੋ ਰਹੇ ਇਸ ਬਦਲਾਅ ਨੂੰ ਮਹਿਸੂਸ ਕਰ ਰਹੇ ਹੋਣਗੇ। ਇੱਕ ਸਮਾਂ ਸੀ ਜਦੋਂ ਏਅਰਪੋਰਟ ਤੋਂ ਦਸ਼ਾਸ਼ਵਮੇਧ ਘਾਟ ਤੱਕ ਪਹੁੰਚਣ ਵਿੱਚ ਘੰਟੇ ਲਗ ਜਾਇਆ ਕਰਦੇ ਸਨ। ਅੱਜ ਨਵਾਂ ਹਾਈਵੇਅ ਬਣਨ ਨਾਲ ਹੁਣ ਲੋਕਾਂ ਦਾ ਬਹੁਤ ਸਮਾਂ ਬਚ ਰਿਹਾ ਹੈ। ਇੱਕ ਸਮਾਂ ਸੀ, ਜਦੋਂ ਕਾਸ਼ੀ ਦੀਆਂ ਸੜਕਾਂ ਬਿਜਲੀ ਦੀਆਂ ਤਾਰਾਂ ਨਾਲ ਭਰੀਆਂ ਰਹਿੰਦੀਆਂ ਸਨ।
ਹੁਣ ਕਾਸ਼ੀ ਵਿੱਚ ਜ਼ਿਆਦਾਤਰ ਜਗ੍ਹਾਂ ‘ਤੇ ਬਿਜਲੀ ਦੀਆਂ ਤਾਰਾਂ ਵੀ ਅੰਡਰਗ੍ਰਾਉਂਡ ਹੋ ਚੁੱਕੀਆਂ ਹਨ। ਅੱਜ ਕਾਸ਼ੀ ਦੇ ਅਨੇਕਾਂ ਕੁੰਡ ਹੋਣ, ਮੰਦਿਰਾਂ ਤੱਕ ਆਉਣ-ਜਾਣ ਦਾ ਰਸਤਾ ਹੋਵੇ, ਕਾਸ਼ੀ ਦੇ ਸੱਭਿਆਚਾਰਕ ਸਥਲ ਹੋਣ, ਸਾਰਿਆਂ ਦਾ ਕਾਇਆਕਲਪ ਹੋ ਰਿਹਾ ਹੈ। ਹੁਣ ਤਾਂ ਗੰਗਾ ਜੀ ਵਿੱਚ ਸੀਐੱਨਜੀ ਵਾਲੀਆਂ ਨਾਵਾਂ (ਕਿਸ਼ਤੀਆਂ) ਵੀ ਚਲਣ ਲਗੀਆਂ ਹਨ। ਅਤੇ ਉਹ ਦਿਨ ਵੀ ਦੂਰ ਨਹੀਂ ਜਦੋਂ ਬਨਾਰਸ ਆਉਣ-ਜਾਣ ਵਾਲਿਆਂ ਨੂੰ ਰੋਪ-ਵੇਅ ਦੀ ਸੁਵਿਧਾ ਵੀ ਮਿਲ ਜਾਵੇਗੀ। ਚਾਹੇ ਸਵੱਛਤਾ ਦਾ ਅਭਿਯਾਨ ਹੋਵੇ, ਕਾਸ਼ੀ ਦੇ ਘਾਟਾਂ ਦੀ ਸਾਫ-ਸਫਾਈ ਹੋਵੇ, ਬਨਾਰਸ ਦੇ ਲੋਕਾਂ ਨੇ, ਇੱਥੇ ਦੇ ਨੌਜਵਾਨਾਂ ਨੇ ਇਸ ਨੂੰ ਜਨ ਅੰਦੋਲਨ ਬਣਾ ਦਿੱਤਾ ਹੈ। ਇਹ ਕਾਸ਼ੀਵਾਸੀਆਂ ਨੇ ਆਪਣੀ ਮਿਹਨਤ ਨਾਲ ਕੀਤਾ ਹੈ, ਬਹੁਤ ਮਿਹਨਤ ਨਾਲ ਕੀਤਾ ਹੈ। ਇਸ ਦੇ ਲਈ ਮੈਂ ਇਸ ਪ੍ਰੋਗਰਾਮ ਦੇ ਮਾਧਿਅਮ ਨਾਲ ਵੀ ਕਾਸ਼ੀਵਾਸੀਆਂ ਦਾ ਜਿੰਨਾ ਗੁਣ ਗਾਨ ਕਰਾਂ ਜਿੰਨਾ ਮਾਣ ਕਰਾਂ, ਉਤਨਾ ਘੱਟ ਹੈ।
ਅਤੇ ਸਾਥੀਓ,
ਮੈਂ ਪੂਰੇ ਵਿਸ਼ਵਾਸ ਦੇ ਨਾਲ ਇਹ ਵੀ ਕਹਾਂਗਾ ਕਿ ਮੇਰੇ ਕਾਸ਼ੀ ਦੇ ਲੋਕ, ਤੁਹਾਡੀ ਸੇਵਾ ਵਿੱਚ, ਤੁਹਾਡੇ ਸੁਆਗਤ ਵਿੱਚ ਕੋਈ ਕਮੀ ਨਹੀਂ ਛੱਡਣਗੇ। ਕਿਉਂਕਿ ਮੈਨੂੰ ਮੇਰੇ ਕਾਸ਼ੀਵਾਸੀਆਂ ‘ਤੇ ਪੂਰਾ ਭਰੋਸਾ ਹੈ। ਬਾਬਾ ਦਾ ਅਸ਼ੀਰਵਾਦ, ਕਾਲਭੈਰਵ ਅਤੇ ਮਾਂ ਅੰਨਪੂਰਣਾ ਦੇ ਦਰਸ਼ਨ ਆਪਣੇ ਆਪ ਵਿੱਚ ਅਦਭੁਤ ਹੁੰਦਾ ਹੈ। ਗੰਗਾ ਜੀ ਵਿੱਚ ਡੁਬਕੀ, ਤੁਹਾਡੀ ਆਤਮਾ ਪ੍ਰਸੰਨ ਕਰ ਦੇਵੇਗੀ। ਇਨ੍ਹਾਂ ਸਭ ਦੇ ਨਾਲ ਹੀ ਤੁਹਾਡੇ ਲਈ ਇਸ ਗਰਮੀ ਵਿੱਚ ਕਾਸ਼ੀ ਦੀ ਲੱਸੀ ਅਤੇ ਠੰਡਈ ਵੀ ਹੈ। ਬਨਾਰਸ ਦੀ ਚਾਟ, ਲਿੱਟੀ-ਚੋਖਾ, ਅਤੇ ਬਨਾਰਸੀ ਪਾਨ, ਇਨ੍ਹਾਂ ਦਾ ਸੁਆਦ ਤੁਹਾਡੀ ਯਾਤਰਾ ਨੂੰ ਹੋਰ ਵੀ ਯਾਦਗਾਰ ਬਣਾ ਦੇਣਗੇ। ਅਤੇ ਮੈਂ ਤੁਹਾਨੂੰ ਇੱਕ ਹੋਰ ਆਗ੍ਰਹ (ਤਾਕੀਦ) ਕਰਾਂਗਾ। ਜਿਵੇਂ ਏਟਿਕੋਪੱਪਾਕਾ ਦੇ ਲਕੜੀ ਦੇ ਖਿਡੌਣੇ ਮਸ਼ਹੂਰ ਹਨ, ਉਸੇ ਤਰ੍ਹਾਂ ਹੀ ਬਨਾਰਸ ਵੀ ਲਕੜੀ ਦੇ ਖਿਡੌਣੇ ਦੇ ਲਈ ਪ੍ਰਸਿੱਧ ਹੈ। ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਤੋਂ ਆਏ ਸਾਡੇ ਸਾਥੀ, ਆਪਣੇ ਨਾਲ ਲਕੜੀ ਦੇ ਬਨਾਰਸੀ ਖਿਡੌਣੇ, ਬਨਾਰਸੀ ਸਾੜੀ, ਬਨਾਰਸੀ ਮਿਠਾਈ, ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਲੈ ਜਾ ਸਕਦੇ ਹਨ। ਦੇਖਿਓ, ਇਹ ਤੁਹਾਡੇ ਆਨੰਦ ਨੂੰ ਕਈ ਗੁਣਾ ਹੋਰ ਵਧਾ ਦੇਣਗੇ।
ਸਾਥੀਓ,
ਸਾਡੇ ਪੂਰਵਜਾਂ ਨੇ ਭਾਰਤ ਦੀ ਚੇਤਨਾ ਨੂੰ ਅਲੱਗ-ਅਲੱਗ ਕੇਂਦਰਾਂ ਵਿੱਚ ਸਥਾਪਿਤ ਕੀਤਾ, ਜਿਨ੍ਹਾਂ ਨਾਲ ਮਿਲ ਕੇ ਭਾਰਤ ਮਾਤਾ ਦਾ ਸਰੂਪ ਪੂਰਾ ਹੁੰਦਾ ਹੈ। ਕਾਸ਼ੀ ਵਿੱਚ ਅਗਰ ਬਾਬਾ ਵਿਸ਼ਵਨਾਥ ਹਨ, ਤਾਂ ਆਂਧਰ ਵਿੱਚ ਮੱਲਿਕਾਰਜੁਨ ਹਨ ਅਤੇ ਤੇਲੰਗਾਨਾ ਵਿੱਚ ਭਗਵਾਨ ਰਾਜ-ਰਾਜੇਸ਼ਵਰ ਹਨ। ਕਾਸ਼ੀ ਵਿੱਚ ਅਗਰ ਵਿਸ਼ਾਲਾਕਸ਼ੀ ਸ਼ਕਤੀਪੀਠ ਹੈ, ਤਾਂ ਆਂਧਰ ਵਿੱਚ ਮਾਂ ਭ੍ਰਮਰਾਂਬਾ ਹਨ, ਤੇਲੰਗਾਨਾ ਵਿੱਚ ਰਾਜ-ਰਾਜੇਸ਼ਵਰੀ ਹਨ। ਅਜਿਹੇ ਸਾਰੇ ਪਵਿੱਤਰ ਸਥਾਨ ਭਾਰਤ ਅਤੇ ਭਾਰਤ ਦੀ ਸੱਭਿਆਚਾਰਕ ਪਹਿਚਾਣ ਦੇ ਮਹੱਤਵਪੂਰਨ ਕੇਂਦਰ ਹਨ। ਸਾਨੂੰ ਦੇਸ਼ ਦੀ ਇਸ ਵਿਵਿਧਤਾ ਨੂੰ ਇਸੇ ਸਮਗ੍ਰਤਾ (ਸਮੁੱਚਤਾ) ਨਾਲ ਦੇਖਣਾ ਹੈ। ਤਦ ਅਸੀਂ ਆਪਣੀ ਪੂਰਨਤਾ ਨੂੰ ਜਾਣ ਪਾਵਾਂਗੇ, ਤਦ ਅਸੀਂ ਆਪਣੀ ਪੂਰੀ ਸਮਰੱਥਾ ਨੂੰ ਜਾਗ੍ਰਿਤ ਕਰ ਪਾਵਾਂਗੇ। ਮੈਨੂੰ ਵਿਸ਼ਵਾਸ ਹੈ, ਗੰਗਾ-ਪੁਸ਼ਕਰਾਲੁ ਜਿਹੇ ਉਤਸਵ ਰਾਸ਼ਟਰਸੇਵਾ ਦੇ ਇਸ ਸੰਕਲਪ ਨੂੰ ਇਸੇ ਤਰ੍ਹਾਂ ਹੀ ਅੱਗੇ ਵਧਾਉਂਦੇ ਰਹਿਣਗੇ।
ਇਸੇ ਕਾਮਨਾ ਦੇ ਨਾਲ,
ਆਪ ਸਭ ਨੂੰ ਇੱਕ ਵਾਰ ਫਿਰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਤੁਹਾਡੀ ਇਹ ਯਾਤਰਾ ਫਲਦਾਈ ਹੋਵੇ, ਸੁਵਿਧਾਪੂਰਨ ਹੋਵੇ ਅਤੇ ਕਾਸ਼ੀ ਦੀਆਂ ਨਵੀਆਂ-ਨਵੀਆਂ ਯਾਦਾਂ ਲੈ ਕੇ ਤੁਹਾਡੇ ਮਨ ਮੰਦਿਰ ਨੂੰ ਦਿਵਯਤਾ ਨਾਲ ਭਰ ਦੇਵੇ। ਇਹੀ ਪ੍ਰਾਰਥਨਾ ਬਾਬਾ ਦੇ ਚਰਨਾਂ ਵਿੱਚ ਕਰਦਾ ਹਾਂ। ਫਿਰ ਇੱਕ ਵਾਰ ਆਪ ਸਭ ਦਾ ਬਹੁਤ-ਬਹੁਤ ਧੰਨਵਾਦ।