ਨਮਸਕਾਰ,
ਅਸਾਮ ਦੇ ਗਵਰਨਰ ਸ਼੍ਰੀਮਾਨ ਗੁਲਾਬ ਚੰਦ ਕਟਾਰੀਆ ਜੀ, ਮੁੱਖ ਮੰਤਰੀ ਭਾਈ ਹੇਮੰਤ ਬਿਸਵਾ ਸਰਮਾ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਮੈਂਬਰ ਅਸ਼ਵਿਨੀ ਵੈਸ਼ਣਵ ਜੀ, ਸਰਬਾਨੰਦ ਸੋਨੋਵਾਲ ਜੀ, ਰਾਮੇਸ਼ਵਰ ਤੇਲੀ ਜੀ, ਨਿਸ਼ੀਥ ਪ੍ਰਮਾਣਿਕ ਜੀ, ਜੌਨ ਬਾਰਲਾ ਜੀ, ਹੋਰ ਸਾਰੇ ਮੰਤਰੀਗਣ, ਸਾਂਸਦਗਣ, ਵਿਧਾਇਕ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋ,
ਅੱਜ ਅਸਾਮ ਸਹਿਤ ਪੂਰੇ ਨੌਰਥ ਈਸਟ ਦੀ ਰੇਲ ਕਨੈਕਟੀਵਿਟੀ ਦੇ ਲਈ ਬਹੁਤ ਬੜਾ ਦਿਨ ਹੈ। ਅੱਜ ਨੌਰਥ ਈਸਟ ਦੀ ਕਨੈਕਟੀਵਿਟੀ ਨਾਲ ਜੁੜੇ ਤਿੰਨ ਕੰਮ ਇੱਕ ਸਾਥ ਹੋ ਰਹੇ ਹਨ। ਪਹਿਲਾ, ਅੱਜ ਨੌਰਥ ਈਸਟ ਨੂੰ ਆਪਣੀ ਪਹਿਲੀ ਮੇਡ ਇਨ ਇੰਡੀਆ, ਵੰਦੇ ਭਾਰਤ ਐਕਸਪ੍ਰੈੱਸ ਮਿਲ ਰਹੀ ਹੈ। ਇਹ ਪੱਛਮ ਬੰਗਾਲ ਨੂੰ ਜੋੜਨ ਵਾਲੀ ਤੀਸਰੀ ਵੰਦੇ ਭਾਰਤ ਐਕਸਪ੍ਰੈੱਸ ਹੈ। ਦੂਸਰਾ, ਅਸਾਮ ਅਤੇ ਮੇਘਾਲਿਆ ਦੇ ਲਗਭਗ ਸਵਾ ਚਾਰ ਸੌ ਕਿਲੋਮੀਟਰ ਟ੍ਰੈਕ ‘ਤੇ ਬਿਜਲੀਕਰਣ ਦਾ ਕੰਮ ਪੂਰਾ ਹੋ ਗਿਆ ਹੈ। ਤੀਸਰਾ, ਲਾਮਡਿੰਗ ਵਿੱਚ ਨਵਨਿਰਮਿਤ (ਨਵੇਂ ਤਿਆਰ) ਡੇਮੂ-ਮੇਮੂ ਸ਼ੈੱਡ ਦਾ ਵੀ ਅੱਜ ਲੋਕਅਰਪਣ ਹੋਇਆ ਹੈ। ਮੈਂ ਇਨ੍ਹਾਂ ਸਾਰੇ ਪ੍ਰੋਜੈਕਟਸ ਲਈ ਅਸਾਮ, ਮੇਘਾਲਿਆ ਸਹਿਤ ਪੂਰੇ ਨੌਰਥ ਈਸਟ ਅਤੇ ਪੱਛਮ ਬੰਗਾਲ ਦੇ ਸਾਥੀਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ।
ਗੁਵਾਹਾਟੀ-ਜਲਪਾਈਗੁੜੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ, ਅਸਾਮ ਅਤੇ ਪੱਛਮ ਬੰਗਾਲ ਦੇ ਦਰਮਿਆਨ ਸਦੀਆਂ ਪੁਰਾਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ। ਇਸ ਨਾਲ, ਇਸ ਪੂਰੇ ਖੇਤਰ ਵਿੱਚ ਆਉਣਾ-ਜਾਣਾ ਹੋਰ ਤੇਜ਼ ਹੋ ਜਾਵੇਗਾ। ਇਸ ਨਾਲ, ਕਾਲਜ-ਯੂਨੀਵਰਸਿਟੀ ਵਿੱਚ ਪੜ੍ਹਨ ਵਾਲੇ ਯੁਵਾ ਸਾਥੀਆਂ ਨੂੰ ਸੁਵਿਧਾ ਹੋਵੇਗੀ ਅਤੇ ਸਭ ਤੋਂ ਅਹਿਮ ਬਾਤ, ਇਸ ਨਾਲ ਟੂਰਿਜ਼ਮ ਅਤੇ ਵਪਾਰ ਨਾਲ ਬਣਨ ਵਾਲੇ ਰੋਜ਼ਗਾਰ ਵਧਣਗੇ।
ਇਹ ਵੰਦੇ ਭਾਰਤ ਐਕਸਪ੍ਰੈੱਸ ਮਾਂ ਕਮਾਖਿਆ ਮੰਦਿਰ, ਕਾਜੀਰੰਗਾ, ਮਾਨਸ ਰਾਸ਼ਟਰੀ ਪਾਰਕ, ਪੋਬਿਤੋਰਾ ਵਾਈਲਡ ਲਾਈਫ ਸੈਂਚੁਰੀ ਨੂੰ ਕਨੈਕਟ ਕਰੇਗੀ। ਇਸ ਦੇ ਨਾਲ-ਨਾਲ ਮੇਘਾਲਿਆ ਦੇ ਸ਼ਿਲੌਂਗ, ਚਿਰਾਪੁੰਜੀ ਅਤੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਅਤੇ ਪਾਸੀਘਾਟ ਤੱਕ ਵੀ ਸੈਲਾਨੀਆਂ ਦੀ ਸੁਵਿਧਾ ਵਧ ਜਾਵੇਗੀ।
ਭਾਈਓ ਅਤੇ ਭੈਣੋਂ,
ਇਸੇ ਹਫ਼ਤੇ, ਕੇਂਦਰ ਵਿੱਚ ਐੱਨਡੀਏ ਦੀ ਸਰਕਾਰ ਦੇ 9 ਵਰ੍ਹੇ ਪੂਰੇ ਹੋਏ ਹਨ। ਬੀਤੇ 9 ਵਰ੍ਹੇ, ਭਾਰਤ ਲਈ ਅਭੂਤਪੂਰਵ ਉਪਲਬਧੀਆਂ ਦੇ ਰਹੇ ਹਨ, ਨਵੇਂ ਭਾਰਤ ਦੇ ਨਿਰਮਾਣ ਦੇ ਰਹੇ ਹਨ। ਕੱਲ੍ਹ ਹੀ ਦੇਸ਼ ਨੂੰ ਆਜ਼ਾਦ ਭਾਰਤ ਦੀ ਭਵਯ-ਦਿਵਯ ਆਧੁਨਿਕ ਸੰਸਦ ਮਿਲੀ ਹੈ। ਇਹ ਭਾਰਤ ਦੇ ਹਜ਼ਾਰਾਂ ਵਰ੍ਹੇ ਪੁਰਾਣੇ ਲੋਕਤਾਂਤ੍ਰਿਕ ਇਤਿਹਾਸ ਨੂੰ ਸਾਡੇ ਸਮ੍ਰਿੱਧ ਲੋਕਤਾਂਤ੍ਰਿਕ ਭਵਿੱਖ ਨਾਲ ਜੋੜਨ ਵਾਲੀ ਸੰਸਦ ਹੈ।
ਬੀਤੇ 9 ਵਰ੍ਹਿਆਂ ਦੀਆਂ ਅਜਿਹੀਆਂ ਅਨੇਕ ਉਪਲਬਧੀਆਂ ਹਨ, ਜਿਨ੍ਹਾਂ ਦੇ ਬਾਰੇ ਪਹਿਲਾਂ ਕਲਪਨਾ ਕਰਨਾ ਵੀ ਮੁਸ਼ਕਿਲ ਸੀ। 2014 ਤੋਂ ਪਹਿਲਾਂ ਦੇ ਦਹਾਕੇ ਵਿੱਚ ਇਤਿਹਾਸ ਦੇ ਘੋਟਾਲਿਆਂ ਦੇ ਹਰ ਰਿਕਾਰਡ ਟੁੱਟ ਗਏ ਸਨ। ਇਨ੍ਹਾਂ ਘੋਟਾਲਿਆਂ ਨੇ ਸਭ ਤੋਂ ਜ਼ਿਆਦਾ ਨੁਕਸਾਨ ਦੇਸ਼ ਦੇ ਗ਼ਰੀਬ ਦਾ ਕੀਤਾ ਸੀ, ਦੇਸ਼ ਦੇ ਐਸੇ ਖੇਤਰਾਂ ਦਾ ਕੀਤਾ ਸੀ, ਜੋ ਵਿਕਾਸ ਵਿੱਚ ਪਿੱਛੇ ਰਹਿ ਗਏ ਸਨ।
ਸਾਡੀ ਸਰਕਾਰ ਨੇ ਸਭ ਤੋਂ ਜ਼ਿਆਦਾ ਗ਼ਰੀਬ ਕਲਿਆਣ ਨੂੰ ਪ੍ਰਾਥਮਿਕਤਾ ਦਿੱਤੀ। ਗ਼ਰੀਬਾਂ ਦੇ ਘਰ ਤੋਂ ਲੈ ਕੇ ਮਹਿਲਾਵਾਂ ਲਈ ਪਖਾਨਿਆਂ ਤੱਕ ਪਾਣੀ ਦੀ ਪਾਈਪਲਾਈਨ ਤੋਂ ਲੈ ਕੇ ਬਿਜਲੀ ਕਨੈਕਸ਼ਨ ਤੱਕ, ਗੈਸ ਪਾਈਪਲਾਈਨ ਤੋਂ ਲੈ ਕੇ ਏਮਸ –ਮੈਡੀਕਲ ਕਾਲਜ ਤੱਕ, ਰੋਡ, ਰੇਲ, ਜਲਮਾਰਗ, ਏਅਰਪੋਰਟ, ਮੋਬਾਈਲ ਕਨੈਕਟੀਵਿਟੀ, ਅਸੀਂ ਹਰ ਖੇਤਰ ਵਿੱਚ ਪੂਰੀ ਤਾਕਤ (ਸ਼ਕਤੀ) ਨਾਲ ਕੰਮ ਕੀਤਾ ਹੈ।
ਅੱਜ ਭਾਰਤ ਵਿੱਚ ਹੋ ਰਹੇ ਇਨਫ੍ਰਾਸਟ੍ਰਕਚਰ ਦੇ ਕੰਮ ਦੀ ਪੂਰੀ ਦੁਨੀਆ ਵਿੱਚ ਬਹੁਤ ਚਰਚਾ ਹੋ ਰਹੀ ਹੈ। ਕਿਉਂਕਿ ਇਹੋ ਇਨਫ੍ਰਾਸਟ੍ਰਕਚਰ ਤਾਂ ਜੀਵਨ ਅਸਾਨ ਬਣਾਉਂਦਾ ਹੈ। ਇਹੋ ਇਨਫ੍ਰਾਸਟ੍ਰਕਚਰ ਤਾਂ ਰੋਜ਼ਗਾਰ ਦੇ ਅਵਸਰ ਬਣਾਉਂਦਾ ਹੈ। ਇਹੋ ਇਨਫ੍ਰਾਸਟ੍ਰਕਚਰ ਤੇਜ਼ ਵਿਕਾਸ ਦਾ ਅਧਾਰ ਹੈ। ਇਹੋ ਇਨਫ੍ਰਾਸਟ੍ਰਕਚਰ ਗ਼ਰੀਬ, ਦਲਿਤ, ਪਿਛੜੇ, ਆਦੀਵਾਸੀ, ਅਜਿਹੇ ਹਰ ਵੰਚਿਤ ਨੂੰ ਸਸ਼ਕਤ ਕਰਦਾ ਹੈ। ਇਨਫ੍ਰਾਸਟ੍ਰਕਚਰ ਸਭ ਦੇ ਲਈ ਹੈ, ਸਮਾਨ ਰੂਪ ਨਾਲ ਹੈ, ਬਿਨਾ ਭੇਦਭਾਵ ਦੇ ਹੈ। ਅਤੇ ਇਸ ਲਈ ਇਹ ਇਨਫ੍ਰਾਸਟ੍ਰਕਚਰ ਨਿਰਮਾਣ ਵੀ ਇੱਕ ਤਰ੍ਹਾਂ ਨਾਲ ਸੱਚਾ ਸਮਾਜਿਕ ਨਿਆਂ ਹੈ, ਸੱਚਾ ਸੈਕੁਲਰਿਜ਼ਮ ਹੈ।
ਭਾਈਓ ਅਤੇ ਭੈਣੋਂ,
ਇਨਫ੍ਰਾਸਟ੍ਰਕਚਰ ਨਿਰਮਾਣ ਦੇ ਇਸ ਕੰਮ ਦਾ ਸਭ ਤੋਂ ਅਧਿਕ ਲਾਭ ਜੇਕਰ ਕਿਸੇ ਨੂੰ ਹੋਇਆ ਹੈ ਤਾਂ ਉਹ ਪੂਰਬੀ ਅਤੇ ਉੱਤਰ- ਪੂਰਬੀ ਭਾਰਤ ਹੈ। ਆਪਣੇ ਅਤੀਤ ਦੀਆਂ ਨਾਕਾਮੀਆਂ ‘ਤੇ ਪਰਦਾ ਪਾਉਣ ਲਈ ਕੁਝ ਲੋਕ ਕਹਿੰਦੇ ਹਨ ਕਿ ਪਹਿਲਾਂ ਵੀ ਤਾਂ ਨੌਰਥ ਈਸਟ ਵਿੱਚ ਬਹੁਤ ਕੰਮ ਹੋਇਆ ਸੀ। ਅਜਿਹੇ ਲੋਕਾਂ ਦੀ ਸੱਚਾਈ, ਨੌਰਥ ਈਸਟ ਦੇ ਲੋਕ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ। ਇਸ ਅਕਸ਼ਮਯ ਅਪਰਾਧ ਦਾ ਬਹੁਤ ਬੜਾ ਨੁਕਸਾਨ ਨੌਰਥ ਈਸਟ ਨੇ ਉਠਾਇਆ ਹੈ। ਜੋ ਹਜ਼ਾਰਾਂ ਪਿੰਡ, ਕਰੋੜਾਂ ਪਰਿਵਾਰ 9 ਸਾਲ ਪਹਿਲਾਂ ਤੱਕ ਬਿਜਲੀ ਤੋਂ ਵੰਚਿਤ ਸਨ, ਉਨ੍ਹਾਂ ਵਿੱਚੋਂ ਬਹੁਤ ਬੜੀ ਸੰਖਿਆ ਨੌਰਥ ਈਸਟ ਦੇ ਪਰਿਵਾਰਾਂ ਦੀ ਸੀ। ਟੈਲੀਫੋਨ-ਮੋਬਾਈਲ ਕਨੈਕਟੀਵਿਟੀ ਤੋਂ ਵੰਚਿਤ ਹੋਈ ਬਹੁਤ ਬੜੀ ਆਬਾਦੀ ਨੌਰਥ ਈਸਟ ਦੀ ਹੀ ਸੀ। ਚੰਗੇ ਰੇਲ-ਰੋਡ-ਏਅਰਪੋਰਟ ਦੀ ਕਨੈਕਟੀਵਿਟੀ ਦੀ ਘਾਟ ਵੀ ਸਭ ਤੋਂ ਜ਼ਿਆਦਾ ਨੌਰਥ ਈਸਟ ਵਿੱਚ ਸੀ।
ਭਾਈਓ ਅਤੇ ਭੈਣੋਂ,
ਜਦੋਂ ਸੇਵਾਭਾਵ ਨਾਲ ਕੰਮ ਹੁੰਦਾ ਹੈ ਤਾਂ ਕਿਵੇਂ ਬਦਲਾਅ ਆਉਂਦਾ ਹੈ, ਇਸ ਦਾ ਸਾਕਸ਼ੀ ਨੌਰਥ ਈਸਟ ਦੀ ਰੇਲ ਕਨੈਕਟੀਵਿਟੀ ਹੈ। ਮੈਂ ਜਿਸ ਸਪੀਡ, ਸਕੇਲ ਅਤੇ ਨੀਅਤ ਦੀ ਗੱਲ ਕਰਦਾ ਹਾਂ, ਇਹ ਉਸ ਦਾ ਪ੍ਰਮਾਣ ਹੈ। ਤੁਸੀਂ ਕਲਪਨਾ ਕਰੋ, ਦੇਸ਼ ਵਿੱਚ ਡੇਢ ਸੌ ਵਰ੍ਹਿਆਂ ਤੋਂ ਪਹਿਲਾਂ ਪਹਿਲੀ ਰੇਲ ਮੁੰਬਈ ਮਹਾਨਗਰ ਤੋਂ ਚਲੀ ਸੀ। ਉਸ ਤੋਂ 3 ਦਹਾਕੇ ਬਾਅਦ ਹੀ ਅਸਾਮ ਵਿੱਚ ਵੀ ਪਹਿਲੀ ਰੇਲ ਚਲ ਚੁੱਕੀ ਸੀ।
ਗੁਲਾਮੀ ਦੇ ਉਸ ਕਾਲਖੰਡ ਵਿੱਚ ਵੀ ਅਸਾਮ ਹੋਵੇ, ਤ੍ਰਿਪੁਰਾ ਹੋਵੇ, ਪੱਛਮ ਬੰਗਾਲ ਹੋਵੇ, ਹਰ ਖੇਤਰ ਨੂੰ ਰੇਲ ਨਾਲ ਜੋੜਿਆ ਗਿਆ ਸੀ। ਹਾਲਾਂਕਿ ਉਦੋਂ ਜੋ ਨੀਅਤ ਸੀ, ਉਹ ਜਨਹਿਤ ਲਈ ਨਹੀਂ ਸੀ। ਉਸ ਸਮੇਂ ਅੰਗ੍ਰੇਜ਼ਾਂ ਦਾ ਇਰਾਦਾ ਕੀ ਸੀ, ਇਸ ਪੂਰੇ ਭੂ-ਭਾਗ ਦੇ ਸੰਸਾਧਨਾਂ ਨੂੰ ਲੁੱਟਣਾ। ਇੱਥੋਂ ਦੀ ਕੁਦਰਤੀ ਸੰਪਦਾ ਨੂੰ ਲੁੱਟਣਾ। ਆਜ਼ਾਦੀ ਦੇ ਬਾਅਦ ਨੌਰਥ ਈਸਟ ਵਿੱਚ ਸਥਿਤੀਆਂ ਬਦਲਣੀਆਂ ਚਾਹੀਦੀਆਂ ਸਨ, ਰੇਲਵੇ ਦਾ ਵਿਸਤਾਰ ਹੋਣਾ ਚਾਹੀਦਾ ਸੀ। ਲੇਕਿਨ ਨੌਰਥ ਈਸਟ ਦੇ ਅਧਿਕਤਰ ਰਾਜਾਂ ਨੂੰ ਰੇਲ ਨਾਲ ਜੋੜਨ ਦਾ ਕੰਮ 2014 ਦੇ ਬਾਅਦ ਸਾਨੂੰ ਕਰਨਾ ਪਿਆ।
ਭਾਈਓ ਅਤੇ ਭੈਣੋਂ,
ਤੁਹਾਡੇ ਇਸ ਸੇਵਕ ਨੇ ਨੌਰਥ ਈਸਟ ਦੇ ਜਨ-ਜੀਵਨ ਦੀ ਸੰਵੇਦਨਾ ਅਤੇ ਸੁਵਿਧਾ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ ਹੈ। ਦੇਸ਼ ਵਿੱਚ ਆਇਆ ਇਹੀ ਬਦਲਾਅ ਬੀਤੇ 9 ਵਰ੍ਹਿਆਂ ਵਿੱਚ ਸਭ ਤੋਂ ਬੜਾ ਅਤੇ ਸਭ ਤੋਂ ਪ੍ਰਖਰ ਹੈ, ਜਿਸ ਨੂੰ ਨੌਰਥ ਈਸਟ ਨੇ ਵਿਸ਼ੇਸ਼ ਰੂਪ ਨਾਲ ਮਹਿਸੂਸ (ਅਨੁਭਵ) ਕੀਤਾ ਹੈ। ਪਿਛਲੇ 9 ਵਰ੍ਹਿਆਂ ਵਿੱਚ ਪਹਿਲਾਂ ਦੀ ਤੁਲਨਾ ਵਿੱਚ ਨੌਰਥ ਈਸਟ ਵਿੱਚ ਰੇਲਵੇ ਦੇ ਵਿਕਾਸ ਲਈ ਬਜਟ ਵੀ ਕਈ ਗੁਣਾ ਵਧਾਇਆ ਗਿਆ ਹੈ। 2014 ਤੋਂ ਪਹਿਲਾਂ ਨੌਰਥ ਈਸਟ ਲਈ ਰੇਲਵੇ ਦਾ ਬਜਟ ਔਸਤ ਬਜਟ ਕਰੀਬ-ਕਰੀਬ ਢਾਈ ਹਜ਼ਾਰ ਕਰੋੜ ਰੁਪਏ ਦਾ ਹੁੰਦਾ ਸੀ। ਇਸ ਵਾਰ ਨੌਰਥ ਈਸਟ ਦਾ ਰੇਲ ਬਜਟ 10 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਹੈ। ਯਾਨੀ ਲਗਭਗ 4 ਗੁਣਾ ਵਾਧਾ ਕੀਤਾ ਗਿਆ ਹੈ। ਇਸ ਸਮੇਂ ਮਣੀਪੁਰ, ਮਿਜ਼ੋਰਮ, ਨਾਗਾਲੈਂਡ, ਮੇਘਾਲਿਆ ਅਤੇ ਸਿਕਿੱਮ ਦੀਆਂ ਰਾਜਧਾਨੀਆਂ ਨੂੰ ਬਾਕੀ ਦੇਸ਼ ਨਾਲ ਜੋੜਨ ਦਾ ਕੰਮ ਵੀ ਤੇਜ਼ ਗਤੀ ਨਾਲ ਚਲ ਰਿਹਾ ਹੈ। ਬਹੁਤ ਜਲਦੀ ਨੌਰਥ ਈਸਟ ਦੀਆਂ ਸਾਰੀਆਂ ਰਾਜਧਾਨੀਆਂ ਬ੍ਰੌਡਗੇਜ਼ ਨੈੱਟਵਰਕ ਨਾਲ ਜੁੜਨ ਵਾਲੀਆਂ ਹਨ। ਇਨ੍ਹਾਂ ਪ੍ਰੋਜੈਕਟਾਂ ‘ਤੇ ਇੱਕ ਲੱਖ ਕਰੋੜ ਰੁਪਏ ਦਾ ਖਰਚ ਕੀਤਾ ਜਾ ਰਿਹਾ ਹੈ। ਇਹ ਦਿਖਾਉਂਦਾ ਹੈ ਕਿ ਨੌਰਥ ਈਸਟ ਦੀ ਕਨੈਕਟੀਵਿਟੀ ਲਈ ਬੀਜੇਪੀ ਦੀ ਸਰਕਾਰ ਕਿੰਨੀ ਪ੍ਰਤੀਬੱਧ ਹੈ।
ਭਾਈਓ ਅਤੇ ਭੈਣੋਂ,
ਅੱਜ ਜਿਸ ਸਕੇਲ ਦੇ ਨਾਲ, ਜਿਸ ਸਪੀਡ ਦੇ ਨਾਲ ਅਸੀਂ ਕੰਮ ਕਰ ਰਹੇ ਹਾਂ, ਉਹ ਅਭੂਤਪੂਰਵ ਹੈ। ਹੁਣ ਨੌਰਥ ਈਸਟ ਵਿੱਚ ਪਹਿਲਾਂ ਦੇ ਮੁਕਾਬਲੇ, ਤਿੰਨ ਗੁਣਾ ਤੇਜ਼ੀ ਨਾਲ ਨਵੀਂਆਂ ਰੇਲਵੇ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ। ਹੁਣ ਨੌਰਥ ਈਸਟ ਵਿੱਚ ਪਹਿਲਾਂ ਦੇ ਮੁਕਾਬਲੇ, 9 ਗੁਣਾ ਤੇਜ਼ੀ ਨਾਲ ਰੇਲਵੇ ਲਾਈਨਾਂ ਦਾ ਦੋਹਰੀਕਰਣ ਹੋ ਰਿਹਾ ਹੈ। ਪਿਛਲੇ 9 ਵਰ੍ਹਿਆਂ ਵਿੱਚ ਹੀ ਨੌਰਥ ਈਸਟ ਦੇ ਰੇਲਵੇ ਨੈੱਟਵਰਕ ਦਾ ਬਿਜਲੀਕਰਣ ਸ਼ੁਰੂ ਹੋਇਆ ਅਤੇ ਹੁਣ ਸ਼ਤ-ਪ੍ਰਤੀਸ਼ਤ ਲਕਸ਼ ਵੱਲ ਤੇਜ਼ੀ ਨਾਲ ਵਧ ਰਿਹਾ ਹੈ।
ਸਾਥੀਓ,
ਅਜਿਹੀ ਹੀ ਸਪੀਡ ਅਤੇ ਸਕੇਲ ਦੇ ਕਾਰਨ, ਅੱਜ ਨੌਰਥ ਈਸਟ ਦੇ ਅਨੇਕ ਖੇਤਰ ਪਹਿਲੀ ਵਾਰ ਰੇਲ ਸੇਵਾ ਨਾਲ ਜੁੜ ਰਹੇ ਹਨ। ਨਾਗਾਲੈਂਡ ਨੂੰ 100 ਵਰ੍ਹਿਆਂ ਦੇ ਬਾਅਦ ਆਪਣਾ ਦੂਸਰਾ ਰੇਲਵੇ ਸਟੇਸ਼ਨ ਹੁਣ ਮਿਲਿਆ ਹੈ। ਜਿੱਥੇ ਕਦੇ ਨੈਰੋ ਗੇਜ਼ ‘ਤੇ ਧੀਮੀ ਰੇਲ ਚਲਦੀ ਸੀ, ਉੱਥੇ ਹੁਣ ਸੈਮੀ-ਹਾਈਸਪੀਡ ਵੰਦੇ-ਭਾਰਤ ਅਤੇ ਤੇਜਸ ਐਕਸਪ੍ਰੈੱਸ ਜਿਹੀਆਂ ਟ੍ਰੇਨਾਂ ਚਲਣ ਲੱਗੀਆਂ ਹਨ। ਅੱਜ ਨੌਰਥ ਈਸਟ ਦੇ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਰੇਲਵੇ ਦੇ ਵਿਸਟਾਡੋਮ ਕੋਚ ਵੀ ਨਵਾਂ ਆਕਰਸ਼ਣ ਬਣ ਰਹੇ ਹਨ।
ਭਾਈਓ ਅਤੇ ਭੈਣੋਂ,
ਗਤੀ ਦੇ ਨਾਲ-ਨਾਲ ਭਾਰਤੀ ਰੇਲ ਅੱਜ ਦਿਲਾਂ ਨੂੰ ਜੋੜ, ਸਮਾਜ ਨੂੰ ਜੋੜਨ ਅਤੇ ਲੋਕਾਂ ਨੂੰ ਮੌਕਿਆਂ ਨਾਲ ਜੋੜਨ ਦਾ ਵੀ ਮਾਧਿਅਮ ਬਣ ਰਹੀ ਹੈ। ਤੁਸੀਂ ਦੇਖੋ, ਗੁਵਾਹਾਟੀ ਰੇਲਵੇ ਸਟੇਸ਼ਨ ‘ਤੇ ਭਾਰਤ ਦਾ ਪਹਿਲਾ ਟ੍ਰਾਂਸਜੈਂਡਰ ਟੀ-ਸਟਾਲ ਖੋਲ੍ਹਿਆ ਗਿਆ ਹੈ। ਇਹ ਉਨ੍ਹਾਂ ਸਾਥੀਆਂ ਨੂੰ ਸਨਮਾਨ ਦਾ ਜੀਵਨ ਦੇਣ ਦਾ ਪ੍ਰਯਾਸ ਹੈ ਜਿਨ੍ਹਾਂ ਦੀ ਸਮਾਜ ਤੋਂ ਬਿਹਤਰ ਬਰਤਾਵ ਦੀ ਅਪੇਖਿਆ ਹੈ। ਇਸੇ ਤਰ੍ਹਾਂ ‘ਵੰਨ ਸਟੇਸ਼ਨ, ਵੰਨ ਪ੍ਰੋਡਕਟ’ ਇਸ ਯੋਜਨਾ ਦੇ ਤਹਿਤ ਨੌਰਥ ਈਸਟ ਦੇ ਰੇਲਵੇ ਸਟੇਸ਼ਨਾਂ ‘ਤੇ ਸਟਾਲਸ ਬਣਾਏ ਗਏ ਹਨ। ਇਹ ਵੋਕਲ ਫੌਰ ਲੋਕਲ ਨੂੰ ਬਲ ਦੇ ਰਹੇ ਹਨ। ਇਸ ਨਾਲ ਸਾਡੇ ਸਥਾਨਕ ਕਾਰੀਗਰ, ਕਲਾਕਾਰ, ਸ਼ਿਲਪਕਾਰ, ਅਜਿਹੇ ਸਾਥੀਆਂ ਨੂੰ ਨਵਾਂ ਬਜ਼ਾਰ ਮਿਲਿਆ ਹੈ। ਨੌਰਥ ਈਸਟ ਦੇ ਸੈਂਕੜੇ ਸਟੇਸ਼ਨਾਂ ‘ਤੇ ਵਾਈ-ਫਾਈ ਦੀ ਸੁਵਿਧਾ ਦਿੱਤੀ ਗਈ ਹੈ। ਸੰਵੇਦਨਸ਼ੀਲਤਾ ਅਤੇ ਗਤੀ ਦੇ ਇਸੇ ਸੰਗਮ ਨਾਲ ਹੀ ਪ੍ਰਗਤੀ ਦੇ ਪਥ‘ਤੇ ਨੌਰਥ ਈਸਟ ਅੱਗੇ ਵਧੇਗਾ। ਵਿਕਸਿਤ ਭਾਰਤ ਦੇ ਨਿਰਮਾਣ ਦਾ ਰਸਤਾ ਸਸ਼ਕਤ ਹੋਵੇਗਾ।
ਇੱਕ ਵਾਰ ਫਿਰ, ਤੁਹਾਨੂੰ ਸਾਰਿਆਂ ਨੂੰ ਵੰਦੇ ਭਾਰਤ ਅਤੇ ਦੂਸਰੇ ਸਾਰੇ ਪ੍ਰੋਜੈਕਟਸ ਦੇ ਲਈ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ!