ਮਹਾਮਹਿਮ, ਮਾਣਯੋਗ ਪਤਵੰਤੇ ਅਤੇ ਡੈਲੀਗੇਟ, ਨਮਸਕਾਰ !
ਜਿਨੇਵਾ ਵਿੱਚ ਵਿਸ਼ਵ ਸਿਹਤ ਅਸੈਂਬਲੀ ਦੇ 76ਵੇਂ ਸੈਸ਼ਨ ਵਿੱਚ ਸਾਰਿਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ। ਮੈਂ ਦੁਨੀਆ ਦੀ ਸੇਵਾ ਕਰਨ ਦੇ 75 ਵਰ੍ਹੇ ਪੂਰੇ ਕਰਨ ਦੀ ਇਤਿਹਾਸਿਕ ਉਪਲਬਧੀ ਹਾਸਲ ਕਰਨ ’ਤੇ ਡਬਲਿਊਐੱਚਓ ਨੂੰ ਵਧਾਈ ਦਿੰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਡਬਲਿਊਐੱਚਓ ਅਗਲੇ 25 ਵਰ੍ਹਿਆਂ ਦੇ ਲਈ ਆਪਣੇ ਲਕਸ਼ ਨਿਰਧਾਰਿਤ ਕਰੇਗਾ, ਜਦੋਂ ਉਹ ਸੇਵਾ ਦੇ 100 ਵਰ੍ਹੇ ਪੂਰੇ ਕਰੇਗਾ।
ਮਿੱਤਰੋਂ,
ਕੋਵਿਡ-19 ਮਹਾਮਾਰੀ ਨੇ ਸਾਨੂੰ ਦੱਸਿਆ ਕਿ ਸਿਹਤ ਸੇਵਾ ਵਿੱਚ ਅਧਿਕ ਸਹਿਯੋਗ ਦੀ ਜ਼ਰੂਰਤ ਹੈ। ਮਹਾਮਾਰੀ ਨੇ ਗਲੋਬਲ ਹੈਲਥ ਆਰਕੀਟੈਕਚਰ ਵਿੱਚ ਕਈ ਕਮੀਆਂ ਨੂੰ ਉਜਾਗਰ ਕੀਤਾ। ਗਲੋਬਲ ਪ੍ਰਣਾਲੀਆਂ ਵਿੱਚ ਸਹਿਣਸ਼ੀਲਤਾ ਦੇ ਨਿਰਮਾਣ ਲਈ ਸਮੂਹਿਕ ਪ੍ਰਯਾਸ ਦੀ ਜ਼ਰੂਰਤ ਹੈ।
ਮਿੱਤਰੋਂ,
ਮਹਾਮਾਰੀ ਨੇ ਵਿਸ਼ਵਵਿਆਪੀ ਸਿਹਤ ਇਕੁਇਟੀ ਨੂੰ ਹੁਲਾਰਾ ਦੇਣ ਦੀ ਜ਼ਰੂਰਤ ਨੂੰ ਉਜਾਗਰ ਕੀਤਾ। ਇਸ ਸੰਕਟ ਦੌਰਾਨ, ਭਾਰਤ ਨੇ ਅੰਤਰਰਾਸ਼ਟਰੀ ਸਹਿਯੋਗ ਦੇ ਲਈ ਆਪਣੀ ਪ੍ਰਤੀਬੱਧਤਾ ਦਿਖਾਈ। ਅਸੀਂ 100 ਤੋਂ ਅਧਿਕ ਦੇਸ਼ਾਂ ਨੂੰ ਲਗਭਗ 300 ਮਿਲੀਅਨ ਖੁਰਾਕਾਂ ਭੇਜੀਆਂ। ਇਨ੍ਹਾਂ ਵਿੱਚੋਂ ਕਈ ਦੇਸ਼ ਗਲੋਬਲ ਸਾਊਥ ਦੇ ਹਨ। ਮੈਨੂੰ ਭਰੋਸਾ ਹੈ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਸਰੋਤਾਂ ਤੱਕ ਸਮਾਨ ਪਹੁੰਚ ਦਾ ਸਮਰਥਨ ਕਰਨਾ ਡਬਲਿਊਐੱਚਓ ਦੇ ਲਈ ਪ੍ਰਮੁੱਖ ਪ੍ਰਾਥਮਿਕਤਾ ਹੋਵੇਗੀ।
ਮਿੱਤਰੋਂ,
ਭਾਰਤ ਦਾ ਪਰੰਪਰਾਗਤ ਗਿਆਨ ਕਹਿੰਦਾ ਹੈ ਕਿ ਬਿਮਾਰੀ ਦੀ ਅਣਹੋਂਦ ਨੂੰ ਹੀ ਚੰਗੀ ਸਿਹਤ ਨਹੀਂ ਮੰਨਿਆ ਜਾ ਸਕਦਾ। ਸਾਨੂੰ ਨਾ ਸਿਰਫ਼ ਬਿਮਾਰੀ ਤੋਂ ਮੁਕਤ ਹੋਣਾ ਚਾਹੀਦਾ ਹੈ, ਬਲਕਿ ਤੰਦਰੁਸਤੀ ਵੱਲ ਵੀ ਇੱਕ ਕਦਮ ਅੱਗੇ ਵਧਣਾ ਚਾਹੀਦਾ ਹੈ। ਯੋਗ, ਆਯੁਰਵੇਦ ਅਤੇ ਧਿਆਨ ਜਿਹੀਆਂ ਪਰੰਪਰਾਗਤ ਪ੍ਰਣਾਲੀਆਂ ਸਿਹਤ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਪਹਿਲੂਆਂ ਦਾ ਸਮਾਧਾਨ ਕਰਦੀਆਂ ਹਨ। ਮੈਨੂੰ ਖੁਸ਼ੀ ਹੈ ਕਿ ਡਬਲਿਊਐੱਚਓ ਦਾ ਪਹਿਲਾ ਗਲੋਬਲ ਸੈਂਟਰ ਫਾਰ ਟ੍ਰੈਡੀਸ਼ਨਲ ਮੈਡੀਸਨ ਭਾਰਤ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ। ਮੈਨੂੰ ਇਸ ਬਾਤ ਦੀ ਵੀ ਪ੍ਰਸੰਨਤਾ ਹੈ ਕਿ ਅੰਤਰਰਾਸ਼ਟਰੀ ਬਾਜਰਾ ਸਾਲ ਰਾਹੀਂ ਦੁਨੀਆ ਬਾਜਰੇ ਦੇ ਮਹੱਤਵ ਨੂੰ ਪਹਿਚਾਣ ਰਹੀ ਹੈ।
ਮਿੱਤਰੋਂ,
ਭਾਰਤ ਦੇ ਪ੍ਰਾਚੀਨ ਗ੍ਰੰਥ ਸਾਨੂੰ ਦੁਨੀਆ ਨੂੰ ਇੱਕ ਪਰਿਵਾਰ ਦੇ ਰੂਪ ਵਿੱਚ ਦੇਖਣ ਦੀ ਸਿੱਖਿਆ ਦਿੰਦੇ ਹਨ-ਵਸੁਧੈਵ ਕੁਟੁੰਬਕਮ। ਇਸ ਸਾਲ ਸਾਡੀ ਜੀ20 ਪ੍ਰਧਾਨਗੀ ਦੇ ਦੌਰਾਨ, ਅਸੀਂ “ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ” ਦੀ ਥੀਮ ਦੇ ਨਾਲ ਕੰਮ ਕਰ ਰਹੇ ਹਾਂ। ਚੰਗੀ ਸਿਹਤ ਦੇ ਲਈ ਸਾਡਾ ਵਿਜ਼ਨ ਹੈ, “ਇੱਕ ਪ੍ਰਿਥਵੀ, ਇੱਕ ਸਿਹਤ”। ਅਸੀਂ ਉਦੋਂ ਹੀ ਸਿਹਤਮੰਦ ਰਹਿ ਸਕਦੇ ਹਾਂ, ਜਦੋਂ ਸਾਡਾ ਪੂਰਾ ਈਕੋਸਿਸਟਮ ਸਵਸਥ ਹੋਵੇ। ਇਸ ਲਈ, ਸਾਡੀ ਦ੍ਰਿਸ਼ਟੀ ਸਿਰਫ਼ ਮਨੁੱਖਾਂ ਤੱਕ ਹੀ ਸੀਮਿਤ ਨਹੀਂ ਹੈ। ਇਹ ਜਾਨਵਰਾਂ, ਪੌਦਿਆਂ ਅਤੇ ਵਾਤਾਵਰਣ ਸਮੇਤ ਪੂਰੇ ਈਕੋਸਿਸਟਮ ਤੱਕ ਫੈਲੀ ਹੋਈ ਹੈ।
ਮਿੱਤਰੋਂ,
ਪਿਛਲੇ ਕੁਝ ਵਰ੍ਹਿਆਂ ਵਿੱਚ, ਭਾਰਤ ਨੇ ਸਿਹਤ ਦੇਖਭਾਲ ਸੇਵਾ ਦੀ ਉਪਲਬਧਤਾ, ਪਹੁੰਚ ਅਤੇ ਸਮਰੱਥਾ ’ਤੇ ਕੰਮ ਕੀਤਾ ਹੈ। ਚਾਹੇ ਉਹ ਦੁਨੀਆ ਦੀ ਸਭ ਤੋਂ ਬੜੀ ਸਿਹਤ ਬੀਮਾ ਯੋਜਨਾ ਹੋਵੇ- ਆਯੁਸ਼ਮਾਨ ਭਾਰਤ, ਜਾਂ ਸਿਹਤ ਦੇ ਬੁਨਿਆਦੀ ਢਾਂਚੇ ਵਿੱਚ ਬੜੇ ਪੈਮਾਨੇ ’ਤੇ ਸੁਧਾਰ ਹੋਵੇ, ਜਾਂ ਲੱਖਾਂ ਪਰਿਵਾਰਾਂ ਨੂੰ ਸਵੱਛਤਾ ਅਤੇ ਪੀਣ ਵਾਲਾ ਪਾਣੀ ਉਪਲਬਧ ਕਰਵਾਉਣ ਦਾ ਅਭਿਯਾਨ ਹੋਵੇ, ਸਾਡੇ ਕਈ ਪ੍ਰਯਾਸਾਂ ਦਾ ਉਦੇਸ਼ ਆਖਰੀ ਮੀਲ ਤੱਕ ਸਿਹਤ ਦੇਖਭਾਲ ਸੁਵਿਧਾ ਨੂੰ ਵਧਾਉਣਾ ਹੈ। ਭਾਰਤ ਦੀ ਵਿਭਿੰਨਤਾ ਦੇ ਬੜੇ ਪੈਮਾਨੇ ’ਤੇ ਕੰਮ ਕਰਨ ਵਾਲਾ ਦ੍ਰਿਸ਼ਟੀਕੋਣ, ਦੂਸਰਿਆਂ ਦੇ ਲਈ ਵੀ ਇੱਕ ਫ੍ਰੇਮਵਰਕ ਹੋ ਸਕਦਾ ਹੈ। ਅਸੀਂ ਨਿਮਨ ਅਤੇ ਮੱਧ ਆਮਦਨ ਵਾਲੇ ਦੇਸ਼ਾਂ ਵਿੱਚ ਇਸੇ ਤਰ੍ਹਾਂ ਦੇ ਪ੍ਰਯਾਸਾਂ ਦੇ ਲਈ ਡਬਲਿਊਐੱਚਓ ਦਾ ਸਮਰਥਨ ਕਰਨ ਦੇ ਪ੍ਰਤੀ ਇੱਛੁਕ ਹਾਂ।
ਮਿੱਤਰੋਂ,
ਮੈਂ ਸਾਰਿਆਂ ਲਈ ਸਿਹਤ ਨੂੰ ਅੱਗੇ ਵਧਾਉਣ ਵਿੱਚ 75 ਵਰ੍ਹਿਆਂ ਦੇ ਪ੍ਰਯਾਸਾਂ ਦੇ ਲਈ ਵਿਸ਼ਵ ਸਿਹਤ ਸੰਗਠਨ ਦੀ ਸ਼ਲਾਘਾ ਕਰਦਾ ਹਾਂ। ਅਤੀਤ ਵਿੱਚ ਵਿਸ਼ਵ ਸਿਹਤ ਸੰਗਠਨ ਵਰਗੇ ਗਲੋਬਲ ਸੰਸਥਾਵਾਂ ਦੀ ਭੂਮਿਕਾ ਨਿਸ਼ਚਿਤ ਤੌਰ ’ਤੇ ਮਹੱਤਵਪੂਰਨ ਸੀ। ਲੇਕਿਨ ਚੁਣੌਤੀਆਂ ਨਾਲ ਭਰੇ ਭਵਿੱਖ ਵਿੱਚ ਇਹ ਹੋਰ ਵੀ ਮਹੱਤਵਪੂਰਨ ਹੋਵੇਗੀ। ਇੱਕ ਸਵਸਥ ਦੁਨੀਆ ਦੇ ਨਿਰਮਾਣ ਦੇ ਹਰ ਪ੍ਰਯਾਸ ਵਿੱਚ ਮਦਦ ਕਰਨ ਲਈ ਪ੍ਰਤੀਬੱਧ ਹੈ। ਧੰਨਵਾਦ। ਤੁਹਾਡਾ ਬਹੁਤ-ਬਹੁਤ ਧੰਨਵਾਦ!