ਐਕਸੀਲੈਂਸੀਜ਼,
ਮਾਣਯੋਗ ਸਾਥੀਓ,
ਟੈਕ ਅਤੇ ਵਿੱਤ ਦੀ ਦੁਨੀਆ ਦੇ ਮੇਰੇ ਸਾਥੀ ਨਾਗਰਿਕ, 70 ਤੋਂ ਵੱਧ ਦੇਸ਼ਾਂ ਦੇ ਹਜ਼ਾਰਾਂ ਭਾਗੀਦਾਰ,
ਨਮਸਕਾਰ!
ਦੋਸਤੋ,
ਮੈਨੂੰ ਪਹਿਲੇ 'ਇਨਫਿਨਿਟੀ ਫੋਰਮ' ਦਾ ਉਦਘਾਟਨ ਕਰਨ ਅਤੇ ਤੁਹਾਡੇ ਸਾਰਿਆਂ ਦਾ ਸੁਆਗਤ ਕਰਦਿਆਂ ਖੁਸ਼ੀ ਹੋ ਰਹੀ ਹੈ। 'ਇਨਫਿਨਿਟੀ ਫੋਰਮ' ਭਾਰਤ ਵਿੱਚ ਫਿਨ-ਟੈਕ ਦੀਆਂ ਬੇਅੰਤ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ। ਇਹ ਭਾਰਤ ਦੇ ਫਿਨਟੈੱਕ ਲਈ ਪੂਰੀ ਦੁਨੀਆ ਨੂੰ ਲਾਭ ਪ੍ਰਦਾਨ ਕਰਨ ਦੀ ਵਿਸ਼ਾਲ ਸੰਭਾਵਨਾ ਨੂੰ ਵੀ ਦਰਸਾਉਂਦਾ ਹੈ।
ਦੋਸਤੋ,
ਮੁਦਰਾ ਦਾ ਇਤਿਹਾਸ ਅਥਾਹ ਵਿਕਾਸ ਦਰਸਾਉਂਦਾ ਹੈ। ਜਿਵੇਂ-ਜਿਵੇਂ ਮਾਨਵ ਦਾ ਵਿਕਾਸ ਹੋਇਆ, ਉਸੇ ਤਰ੍ਹਾਂ ਸਾਡੇ ਲੈਣ-ਦੇਣ ਦਾ ਰੂਪ ਵੀ ਵਿਕਸਿਤ ਹੋਇਆ। ਬਾਰਟਰ ਸਿਸਟਮ ਤੋਂ ਲੈ ਕੇ ਧਾਤੂਆਂ ਤੱਕ, ਸਿੱਕਿਆਂ ਤੋਂ ਨੋਟਾਂ ਤੱਕ, ਚੈਕ ਤੋਂ ਕਾਰਡਾਂ ਤੱਕ, ਅੱਜ ਅਸੀਂ ਇੱਥੇ ਪਹੁੰਚ ਗਏ ਹਾਂ। ਪਹਿਲਾਂ ਵਿਕਾਸ ਨੂੰ ਦੁਨੀਆ ਭਰ ਵਿੱਚ ਫੈਲਣ ਵਿੱਚ ਦਹਾਕਿਆਂ ਦਾ ਸਮਾਂ ਲਗ ਜਾਂਦਾ ਸੀ ਪਰ ਵਿਸ਼ਵੀਕਰਣ ਦੇ ਇਸ ਯੁੱਗ ਵਿੱਚ ਅਜਿਹਾ ਨਹੀਂ ਹੁੰਦਾ। ਟੈਕਨੋਲੋਜੀ ਵਿੱਤ ਦੀ ਦੁਨੀਆ ਵਿੱਚ ਇੱਕ ਵੱਡੀ ਤਬਦੀਲੀ ਲਿਆ ਰਹੀ ਹੈ। ਪਿਛਲੇ ਵਰ੍ਹੇ, ਭਾਰਤ ਵਿੱਚ, ਪਹਿਲੀ ਵਾਰ ਏਟੀਐੱਮ (ATM) ਜ਼ਰੀਏ ਨਕਦੀ ਦੀ ਨਿਕਾਸੀ ਤੋਂ ਵੱਧ ਸੰਖਿਆ ਵਿੱਚ ਮੋਬਾਈਲ ਭੁਗਤਾਨ ਹੋਏ। ਪੂਰੀ ਤਰ੍ਹਾਂ ਡਿਜੀਟਲ ਬੈਂਕ, ਬਿਨਾ ਕਿਸੇ ਭੌਤਿਕ ਸ਼ਾਖਾ ਦਫ਼ਤਰਾਂ ਦੇ, ਪਹਿਲਾਂ ਹੀ ਇੱਕ ਹਕੀਕਤ ਹਨ ਅਤੇ ਇੱਕ ਦਹਾਕੇ ਤੋਂ ਵੀ ਘੱਟ ਸਮੇਂ ਵਿੱਚ ਇਹ ਆਮ ਗੱਲ ਹੋ ਸਕਦੇ ਹਨ।
ਦੋਸਤੋ,
ਭਾਰਤ ਨੇ ਦੁਨੀਆ ਸਾਹਮਣੇ ਇਹ ਸਾਬਤ ਕਰ ਦਿੱਤਾ ਹੈ ਕਿ ਜਦੋਂ ਵੀ ਟੈਕਨੋਲੋਜੀ ਨੂੰ ਅਪਣਾਉਣ ਜਾਂ ਆਪਣੇ ਆਸ-ਪਾਸ ਨਵੀਆਂ ਖੋਜਾਂ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ ਕਿਸੇ ਤੋਂ ਪਿੱਛੇ ਨਹੀਂ ਹੈ। ਡਿਜੀਟਲ ਇੰਡੀਆ ਦੇ ਤਹਿਤ ਪਰਿਵਰਤਨਸ਼ੀਲ ਪਹਿਲਾਂ ਨੇ ਸ਼ਾਸਨ ਵਿੱਚ ਲਾਗੂ ਕੀਤੀਆਂ ਜਾਣ ਵਾਲੀਆਂ ਫਿਨ-ਟੈੱਕ ਇਨੋਵੇਸ਼ਨਾਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਟੈਕਨੋਲੋਜੀ ਨੇ ਵਿੱਤੀ ਸਮਾਵੇਸ਼ ਨੂੰ ਵੀ ਉਤਪ੍ਰੇਰਿਤ ਕੀਤਾ ਹੈ। 2014 ਵਿੱਚ 50 ਪ੍ਰਤੀਸ਼ਤ ਤੋਂ ਘੱਟ ਭਾਰਤੀਆਂ ਦੇ ਬੈਂਕ ਖਾਤੇ ਸਨ, ਅਸੀਂ ਪਿਛਲੇ 7 ਵਰ੍ਹਿਆਂ ਵਿੱਚ 430 ਮਿਲੀਅਨ ਜਨ ਧਨ ਖਾਤਿਆਂ ਦੇ ਨਾਲ ਇਸ ਨੂੰ ਤਕਰੀਬਨ ਸਰਬਵਿਆਪਕ ਕਰ ਦਿੱਤਾ ਹੈ। ਹੁਣ ਤੱਕ, 690 ਮਿਲੀਅਨ ਰੁ. (RuPay) ਕਾਰਡ ਜਾਰੀ ਕੀਤੇ ਜਾ ਚੁੱਕੇ ਹਨ। RuPay ਕਾਰਡਾਂ ਨੇ ਪਿਛਲੇ ਵਰ੍ਹੇ 1.3 ਬਿਲੀਅਨ ਲੈਣ-ਦੇਣ ਕੀਤੇ। ਯੂਪੀਆਈ (UPI) ਨੇ ਪਿਛਲੇ ਮਹੀਨੇ ਹੀ ਤਕਰੀਬਨ 4.2 ਬਿਲੀਅਨ ਲੈਣ-ਦੇਣ ਦੀ ਪ੍ਰੋਸੈੱਸਿੰਗ ਕੀਤੀ। ਜੀਐੱਸਟੀ (GST) ਪੋਰਟਲ 'ਤੇ ਹਰ ਮਹੀਨੇ ਤਕਰੀਬਨ 300 ਮਿਲੀਅਨ ਇਨਵੌਇਸ ਅੱਪਲੋਡ ਕੀਤੇ ਜਾਂਦੇ ਹਨ। ਹਰ ਮਹੀਨੇ ਸਿਰਫ਼ ਜੀਐੱਸਟੀ ਪੋਰਟਲ ਜ਼ਰੀਏ 12 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦਾ ਭੁਗਤਾਨ ਕੀਤਾ ਜਾਂਦਾ ਹੈ। ਮਹਾਮਾਰੀ ਦੇ ਬਾਵਜੂਦ, ਤਕਰੀਬਨ 1.5 ਮਿਲੀਅਨ ਰੇਲਵੇ ਟਿਕਟਾਂ ਰੋਜ਼ਾਨਾ ਔਨਲਾਈਨ ਬੁੱਕ ਹੁੰਦੀਆਂ ਹਨ। ਪਿਛਲੇ ਵਰ੍ਹੇ, ਫਾਸਟੈਗ (FASTag) ਨੇ 1.3 ਬਿਲੀਅਨ ਸੀਮਲੈੱਸ ਲੈਣ-ਦੇਣ ਦੀ ਪ੍ਰੋਸੈੱਸਿੰਗ ਕੀਤੀ। ਪੀਐੱਮ ਸਵਨਿਧੀ ਪੂਰੇ ਦੇਸ਼ ਵਿੱਚ ਛੋਟੇ ਵਿਕਰੇਤਾਵਾਂ ਲਈ ਕ੍ਰੈਡਿਟ ਤੱਕ ਪਹੁੰਚ ਨੂੰ ਸਮਰੱਥ ਬਣਾ ਰਿਹਾ ਹੈ। ਈ-ਰੂਪੀ (e-RUPI) ਨੇ ਬਿਨਾ ਲੀਕੇਜ ਦੇ ਨਿਰਧਾਰਿਤ ਸੇਵਾਵਾਂ ਦੀ ਟਾਰਗਿਟਿਡ ਡਿਲਿਵਰੀ ਨੂੰ ਸਮਰੱਥ ਬਣਾਇਆ; ਮੈਂ ਹੋਰ ਕੁਝ ਬਾਰੇ ਵੀ ਦੱਸ ਸਕਦਾ ਹਾਂ, ਪਰ ਇਹ ਭਾਰਤ ਵਿੱਚ ਫਿਨਟੈੱਕ ਦੇ ਪੈਮਾਨੇ ਅਤੇ ਦਾਇਰੇ ਦੀਆਂ ਕੁਝ ਉਦਾਹਰਣਾਂ ਹਨ।
ਦੋਸਤੋ,
ਵਿੱਤੀ ਸਮਾਵੇਸ਼ ਫਿਨਟੈੱਕ (Fintech) ਕ੍ਰਾਂਤੀ ਦਾ ਵਾਹਕ ਹੈ। ਫਿਨਟੈੱਕ ਚਾਰ ਥੰਮ੍ਹਾਂ 'ਤੇ ਆਧਾਰਿਤ ਹੈ; ਆਮਦਨ, ਨਿਵੇਸ਼, ਬੀਮਾ, ਅਤੇ ਸੰਸਥਾਗਤ ਕ੍ਰੈਡਿਟ। ਜਦੋਂ ਆਮਦਨ ਵਧਦੀ ਹੈ, ਨਿਵੇਸ਼ ਸੰਭਵ ਹੋ ਜਾਂਦਾ ਹੈ। ਬੀਮਾ ਕਵਰੇਜ ਵਧੇਰੇ ਜੋਖਮ ਲੈਣ ਦੀ ਸਮਰੱਥਾ ਅਤੇ ਨਿਵੇਸ਼ ਨੂੰ ਸਮਰੱਥ ਬਣਾਉਂਦੀ ਹੈ। ਸੰਸਥਾਗਤ ਕ੍ਰੈਡਿਟ ਵਿਸਤਾਰ ਲਈ ਖੰਭ ਦਿੰਦਾ ਹੈ। ਅਤੇ ਅਸੀਂ ਇਨ੍ਹਾਂ ਵਿੱਚੋਂ ਹਰੇਕ ਥੰਮ੍ਹ 'ਤੇ ਕੰਮ ਕੀਤਾ ਹੈ। ਜਦੋਂ ਇਹ ਸਾਰੇ ਕਾਰਕ ਇਕੱਠੇ ਹੋ ਜਾਂਦੇ ਹਨ, ਤੁਹਾਨੂੰ ਅਚਾਨਕ ਵਿੱਤੀ ਖੇਤਰ ਵਿੱਚ ਬਹੁਤ ਸਾਰੇ ਹੋਰ ਲੋਕ ਭਾਗ ਲੈਂਦੇ ਹੋਏ ਦਿਖਾਈ ਦਿੰਦੇ ਹਨ। ਵੱਡਾ ਅਧਾਰ ਫਿਨਟੈੱਕ ਇਨੋਵੇਸ਼ਨਾਂ ਲਈ ਸੰਪੂਰਨ ਸਪਰਿੰਗਬੋਰਡ ਬਣ ਜਾਂਦਾ ਹੈ। ਭਾਰਤ ਵਿੱਚ ਫਿਨਟੈੱਕ ਉਦਯੋਗ ਦੇਸ਼ ਦੇ ਹਰੇਕ ਵਿਅਕਤੀ ਲਈ ਵਿੱਤ ਅਤੇ ਰਸਮੀ ਕ੍ਰੈਡਿਟ ਪ੍ਰਣਾਲੀ ਤੱਕ ਪਹੁੰਚ ਨੂੰ ਵਧਾਉਣ ਲਈ ਇਨੋਵੇਸ਼ਨ ਲਿਆ ਰਿਹਾ ਹੈ। ਹੁਣ ਸਮਾਂ ਆ ਗਿਆ ਹੈ ਕਿ ਇਨ੍ਹਾਂ ਫਿਨਟੈੱਕ ਪਹਿਲਾਂ ਨੂੰ ਫਿਨਟੈੱਕ ਕ੍ਰਾਂਤੀ ਵਿੱਚ ਤਬਦੀਲ ਕੀਤਾ ਜਾਵੇ। ਇੱਕ ਕ੍ਰਾਂਤੀ ਜੋ ਦੇਸ਼ ਦੇ ਹਰ ਇੱਕ ਨਾਗਰਿਕ ਦੇ ਵਿੱਤੀ ਸਸ਼ਕਤੀਕਰਣ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ।
ਦੋਸਤੋ,
ਜਿਵੇਂ ਕਿ ਅਸੀਂ ਫਿਨਟੈੱਕ ਦੀ ਵਧਦੀ ਪਹੁੰਚ ਨੂੰ ਦੇਖਦੇ ਹਾਂ, ਅਜਿਹੀਆਂ ਗੱਲਾਂ ਹਨ ਜਿਨ੍ਹਾਂ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਫਿਨਟੈੱਕ ਉਦਯੋਗ ਨੇ ਬਹੁਤ ਵੱਡੇ ਪੈਮਾਨੇ ਨੂੰ ਹਾਸਲ ਕੀਤਾ ਹੈ, ਅਤੇ ਪੈਮਾਨੇ ਦਾ ਮਤਲਬ ਹੈ ਗਾਹਕਾਂ ਵਜੋਂ ਜੀਵਨ ਦੇ ਸਾਰੇ ਖੇਤਰਾਂ ਦੇ ਲੋਕ। ਲੋਕਾਂ ਵਿੱਚ ਇਸ ਫਿਨਟੈੱਕ ਸਵੀਕਾਰਯੋਗਤਾ ਦੀ ਇੱਕ ਵਿਲੱਖਣ ਵਿਸ਼ੇਸ਼ਤਾ ਹੈ। ਇਹ ਵਿਸ਼ੇਸ਼ਤਾ ਵਿਸ਼ਵਾਸ ਹੈ। ਆਮ ਭਾਰਤੀ ਨੇ ਡਿਜੀਟਲ ਭੁਗਤਾਨਾਂ ਅਤੇ ਅਜਿਹੀਆਂ ਟੈਕਨੋਲੋਜੀਆਂ ਨੂੰ ਅਪਣਾਅ ਕੇ ਸਾਡੇ ਫਿਨਟੈੱਕ ਈਕੋਸਿਸਟਮ ਵਿੱਚ ਬਹੁਤ ਵਿਸ਼ਵਾਸ ਦਿਖਾਇਆ ਹੈ! ਇਹ ਟਰੱਸਟ ਇੱਕ ਜ਼ਿੰਮੇਵਾਰੀ ਹੈ। ਟਰੱਸਟ ਦਾ ਮਤਲਬ ਹੈ ਕਿ ਤੁਹਾਨੂੰ ਇਹ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੈ ਕਿ ਲੋਕਾਂ ਦੇ ਹਿਤ ਸੁਰੱਖਿਅਤ ਹਨ। ਫਿਨਟੈੱਕ ਸੁਰੱਖਿਆ ਇਨੋਵੇਸ਼ਨ ਤੋਂ ਬਿਨਾ ਫਿਨਟੈੱਕ ਇਨੋਵੇਸ਼ਨ ਅਧੂਰੀ ਹੋਵੇਗੀ।
ਦੋਸਤੋ,
ਅਸੀਂ ਆਪਣੇ ਤਜ਼ਰਬੇ ਅਤੇ ਮੁਹਾਰਤ ਨੂੰ ਦੁਨੀਆ ਨਾਲ ਸਾਂਝਾ ਕਰਨ ਅਤੇ ਉਨ੍ਹਾਂ ਤੋਂ ਸਿੱਖਣ ਵਿੱਚ ਵਿਸ਼ਵਾਸ ਰੱਖਦੇ ਹਾਂ। ਸਾਡੇ ਡਿਜੀਟਲ ਪਬਲਿਕ ਬੁਨਿਆਦੀ ਢਾਂਚੇ ਦੇ ਸਮਾਧਾਨ ਦੁਨੀਆ ਭਰ ਦੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾ ਸਕਦੇ ਹਨ। ਯੂਪੀਆਈ (UPI) ਅਤੇ ਰੁ. (RuPay) ਵਰਗੇ ਟੂਲ ਹਰ ਦੇਸ਼ ਲਈ ਇੱਕ ਬੇਮਿਸਾਲ ਮੌਕਾ ਪ੍ਰਦਾਨ ਕਰਦੇ ਹਨ। ਇੱਕ ਘੱਟ ਲਾਗਤ ਅਤੇ ਭਰੋਸੇਮੰਦ 'ਰੀਅਲ ਟਾਈਮ ਪੇਮੈਂਟ ਸਿਸਟਮ' ਦੇ ਨਾਲ-ਨਾਲ 'ਘਰੇਲੂ ਕਾਰਡ ਸਕੀਮ' ਅਤੇ 'ਫੰਡ ਰਿਮਿਟੈਂਸ ਸਿਸਟਮ' ਪ੍ਰਦਾਨ ਕਰਨ ਦਾ ਅਵਸਰ।
ਦੋਸਤੋ,
ਗਿਫਟ ਸਿਟੀ ਸਿਰਫ਼ ਇੱਕ ਅਧਾਰ ਨਹੀਂ ਹੈ, ਇਹ ਭਾਰਤ ਦੇ ਵਾਅਦੇ ਨੂੰ ਦਰਸਾਉਂਦਾ ਹੈ। ਇਹ ਭਾਰਤ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ, ਮੰਗ, ਜਨ ਅੰਕਣ ਅਤੇ ਵਿਵਿਧਤਾ ਨੂੰ ਦਰਸਾਉਂਦਾ ਹੈ। ਇਹ ਵਿਚਾਰਾਂ, ਇਨੋਵੇਸ਼ਨ ਅਤੇ ਨਿਵੇਸ਼ ਲਈ ਭਾਰਤ ਦੇ ਖੁੱਲ੍ਹੇਪਣ ਨੂੰ ਦਰਸਾਉਂਦਾ ਹੈ। ਗਿਫਟ ਸਿਟੀ ਗਲੋਬਲ ਫਿਨਟੈੱਕ ਵਰਲਡ ਦਾ ਇੱਕ ਗੇਟਵੇ ਹੈ। (ਆਈਐੱਫਐੱਸਸੀ-IFSC) ਦਾ ਜਨਮ ਗਿਫਟ ਸਿਟੀ ਵਿਖੇ ਇਸ ਵਿਜ਼ਨ ਨਾਲ ਹੋਇਆ ਸੀ ਕਿ ਟੈਕਨੋਲੋਜੀ ਨਾਲ ਮਿਲ ਕੇ ਵਿੱਤ ਭਾਰਤ ਦੇ ਭਵਿੱਖ ਦੇ ਵਿਕਾਸ ਦਾ ਇੱਕ ਮਹੱਤਵਪੂਰਨ ਹਿੱਸਾ ਹੋਵੇਗਾ। ਸਾਡਾ ਉਦੇਸ਼ ਸਿਰਫ਼ ਭਾਰਤ ਲਈ ਹੀ ਨਹੀਂ ਬਲਕਿ ਦੁਨੀਆ ਲਈ ਸਭ ਤੋਂ ਵਧੀਆ ਅੰਤਰਰਾਸ਼ਟਰੀ ਵਿੱਤੀ ਸੇਵਾਵਾਂ ਪ੍ਰਦਾਨ ਕਰਨਾ ਹੈ।
ਦੋਸਤੋ,
ਵਿੱਤ ਇੱਕ ਅਰਥਵਿਵਸਥਾ ਦਾ ਜੀਵਨ ਪ੍ਰਵਾਹ ਹੈ ਅਤੇ ਟੈਕਨੋਲੋਜੀ ਇਸ ਦਾ ਵਾਹਕ ਹੈ। “ਅੰਤਯੋਦਯ ਅਤੇ ਸਰਵੋਦਯ” ਦੀ ਪ੍ਰਾਪਤੀ ਲਈ ਦੋਵੇਂ ਬਰਾਬਰ ਮਹੱਤਵਪੂਰਨ ਹਨ। ਸਾਡਾ ਫ਼ਲੈਗਸ਼ਿਪ ਇਨਫਿਨਿਟੀ ਫੋਰਮ ਉਦਯੋਗ ਦੇ ਬਿਨਾ ਕਿਸੇ ਅੰਤ ਵਾਲੇ ਭਵਿੱਖ ਦੀ ਪੜਚੋਲ ਕਰਨ ਲਈ ਗਲੋਬਲ ਫਿਨਟੈੱਕ ਉਦਯੋਗ ਦੇ ਸਾਰੇ ਪ੍ਰਮੁੱਖ ਹਿਤਧਾਰਕਾਂ ਨੂੰ ਇਕੱਠੇ ਕਰਨ ਦੇ ਸਾਡੇ ਪ੍ਰਯਤਨਾਂ ਦਾ ਹਿੱਸਾ ਹੈ। ਮੈਨੂੰ ਯਾਦ ਹੈ ਕਿ ਮਿਸਟਰ ਮਾਈਕ ਬਲੂਮਬਰਗ ਨਾਲ ਮੇਰੀ ਇਸ ਵਿਸ਼ੇ 'ਤੇ ਗੱਲਬਾਤ ਹੋਈ ਸੀ, ਜਦੋਂ ਅਸੀਂ ਪਿਛਲੀ ਵਾਰ ਮਿਲੇ ਸੀ। ਅਤੇ ਮੈਂ ਬਲੂਮਬਰਗ ਸਮੂਹ ਦਾ ਉਹਨਾਂ ਦੇ ਸਮਰਥਨ ਲਈ ਧੰਨਵਾਦ ਕਰਦਾ ਹਾਂ। ਇਨਫਿਨਿਟੀ ਫੋਰਮ ਵਿਸ਼ਵਾਸ ਦਾ ਇੱਕ ਮੰਚ ਹੈ, ਇਨੋਵੇਸ਼ਨ ਦੀ ਭਾਵਨਾ ਅਤੇ ਕਲਪਨਾ ਦੀ ਸ਼ਕਤੀ ਵਿੱਚ ਵਿਸ਼ਵਾਸ। ਨੌਜਵਾਨਾਂ ਦੀ ਊਰਜਾ ਅਤੇ ਤਬਦੀਲੀ ਲਈ ਉਨ੍ਹਾਂ ਦੇ ਜਨੂੰਨ ਵਿੱਚ ਵਿਸ਼ਵਾਸ। ਦੁਨੀਆ ਨੂੰ ਇੱਕ ਬਿਹਤਰ ਸਥਾਨ ਬਣਾਉਣ ਵਿੱਚ ਵਿਸ਼ਵਾਸ। ਆਓ ਅਸੀਂ ਸਾਰੇ ਮਿਲ ਕੇ, ਵਿਸ਼ਵ ਪੱਧਰ 'ਤੇ ਉਭਰ ਰਹੇ ਜ਼ਰੂਰੀ ਮੁੱਦਿਆਂ ਨੂੰ ਹੱਲ ਕਰਨ ਲਈ ਫਿਨਟੈੱਕ ਵਿੱਚ ਇਨੋਵੇਟਿਵ ਵਿਚਾਰਾਂ ਦੀ ਖੋਜ ਕਰੀਏ ਅਤੇ ਅੱਗੇ ਵਧੀਏ।
ਤੁਹਾਡਾ ਧੰਨਵਾਦ!