ਕੈਬਨਿਟ ‘ਚ ਮੇਰੇ ਸਹਿਯੋਗੀ ਸ਼੍ਰੀ ਮਨਸੁਖ ਭਾਈ, ‘ਇੰਡੀਅਨ ਫਾਰਮਾਸਿਊਟੀਕਲ ਅਲਾਇੰਸ’ ਦੇ ਪ੍ਰਧਾਨ ਸ਼੍ਰੀ ਸਮੀਰ ਮਹਿਤਾ, ਕੈਡਿਲਾ ਹੈਲਥਕੇਅਰ ਲਿਮਿਟਿਡ ਦੇ ਚੇਅਰਮੈਨ ਸ਼੍ਰੀ ਪੰਕਜ ਪਟੇਲ, ਮੌਜੂਦ ਵਿਲੱਖਣ ਹਸਤੀਆਂ,
ਨਮਸਤੇ!
ਅਰੰਭ ‘ਚ ਮੈਂ ‘ਗਲੋਬਲ ਇਨੋਵੇਸ਼ਨ ਸਮਿਟ’ ਦੇ ਇਸ ਆਯੋਜਨ ਲਈ ਇੰਡੀਅਨ ਫਾਰਮਾਸਿਊਟੀਕਲ ਐਸੋਸੀਏਸ਼ਨ ਨੂੰ ਮੁਬਾਰਕਬਾਦ ਦਿੰਦਾ ਹਾਂ।
ਕੋਵਿਡ–19 ਮਹਾਮਾਰੀ ਨੇ ਹੈਲਥਕੇਅਰ ਖੇਤਰ ਦੇ ਮਹੱਤਵ ਨੂੰ ਤਿੱਖੇ ਫ਼ੋਕਸ ਵਿੱਚ ਲੈ ਆਂਦਾ ਹੈ। ਭਾਵੇਂ ਇਹ ਜੀਵਨ–ਸ਼ੈਲੀ ਹੋਵੇ, ਚਾਹੇ ਦਵਾਈਆਂ ਤੇ ਚਾਹੇ ਮੈਡੀਕਲ ਟੈਕਨੋਲੋਜੀ ਜਾਂ ਵੈਕਸੀਨਾਂ, ਹੈਲਥਕੇਅਰ ਦੇ ਹਰ ਪੱਖ ‘ਤੇ ਪਿਛਲੇ ਦੋ ਸਾਲਾਂ ਤੋਂ ਪੂਰੀ ਦੁਨੀਆ ‘ਚ ਹੀ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਇਸ ਸੰਦਰਭ ‘ਚ ਇੰਡੀਅਨ ਫਾਰਮਾਸਿਊਟੀਕਲ ਉਦਯੋਗ ਨੇ ਵੀ ਇਸ ਚੁਣੌਤੀ ਦਾ ਟਾਕਰਾ ਕੀਤਾ ਹੈ।
ਭਾਰਤੀ ਹੈਲਥਕੇਅਰ ਸੈਕਟਰ ਵੱਲੋਂ ਖੱਟੇ ਪੂਰੀ ਦੁਨੀਆ ਦੇ ਭਰੋਸੇ ਸਦਕਾ ਅਜੋਕੇ ਸਮੇਂ ਵਿੱਚ ਭਾਰਤ ਨੂੰ ''ਦੁਨੀਆ ਦੀ ਫਾਰਮੇਸੀ'' ਕਿਹਾ ਜਾ ਰਿਹਾ ਹੈ। ਲਗਭਗ 30 ਲੱਖ ਲੋਕਾਂ ਨੂੰ ਰੋਜ਼ਗਾਰ ਦਿੰਦਿਆਂ, ਅਤੇ ਲਗਭਗ 13 ਅਰਬ ਡਾਲਰ ਦਾ ਵਪਾਰ ਸਰਪਲੱਸ ਪੈਦਾ ਕਰਦਿਆਂ ਭਾਰਤੀ ਫਾਰਮਾ ਉਦਯੋਗ ਸਾਡੇ ਆਰਥਿਕ ਵਿਕਾਸ ਦਾ ਮੁੱਖ ਚਾਲਕ ਰਿਹਾ ਹੈ।
ਉੱਚ ਮਿਆਰ ਅਤੇ ਮਾਤਰਾ, ਕਿਫਾਇਤੀ ਕੀਮਤਾਂ ਦੇ ਸੁਮੇਲ ਨੇ ਦੁਨੀਆ ਭਰ ਵਿੱਚ ਭਾਰਤੀ ਫਾਰਮਾ ਸੈਕਟਰ ਵਿੱਚ ਬਹੁਤ ਦਿਲਚਸਪੀ ਪੈਦਾ ਕੀਤੀ ਹੈ। 2014 ਤੋਂ, ਭਾਰਤੀ ਸਿਹਤ ਸੰਭਾਲ਼ ਖੇਤਰ ਨੇ 12 ਅਰਬ ਡਾਲਰ ਤੋਂ ਵੱਧ ਵਿਦੇਸ਼ੀ ਸਿੱਧੇ ਨਿਵੇਸ਼ ਨੂੰ ਆਕਰਸ਼ਿਤ ਕੀਤਾ ਹੈ। ਅਤੇ, ਹਾਲੇ ਵੀ ਬਹੁਤ ਕੁਝ ਦੀ ਸੰਭਾਵਨਾ ਹੈ.
ਮਿੱਤਰੋ,
ਤੰਦਰੁਸਤੀ ਦੀ ਸਾਡੀ ਪਰਿਭਾਸ਼ਾ ਸਰੀਰਕ ਸੀਮਾਵਾਂ ਦੁਆਰਾ ਸੀਮਿਤ ਨਹੀਂ ਹੈ। ਅਸੀਂ ਸਮੁੱਚੀ ਮਨੁੱਖਤਾ ਦੀ ਭਲਾਈ ਵਿੱਚ ਵਿਸ਼ਵਾਸ ਰੱਖਦੇ ਹਾਂ।
सर्वे भवन्तु सुखिनः सर्वे सन्तु निरामयाः।
ਅਤੇ, ਅਸੀਂ ਕੋਵਿਡ-19 ਗਲੋਬਲ ਮਹਾਮਾਰੀ ਦੌਰਾਨ ਪੂਰੀ ਦੁਨੀਆ ਨੂੰ ਇਹ ਭਾਵਨਾ ਵਿਖਾਈ ਹੈ। ਅਸੀਂ ਮਹਾਮਾਰੀ ਦੇ ਸ਼ੁਰੂਆਤੀ ਪੜਾਅ ਦੌਰਾਨ 150 ਤੋਂ ਵੱਧ ਦੇਸ਼ਾਂ ਨੂੰ ਜੀਵਨ ਬਚਾਉਣ ਵਾਲੀਆਂ ਦਵਾਈਆਂ ਅਤੇ ਡਾਕਟਰੀ ਉਪਕਰਣਾਂ ਦੀ ਬਰਾਮਦ ਕੀਤੀ। ਅਸੀਂ ਇਸ ਸਾਲ ਲਗਭਗ 100 ਦੇਸ਼ਾਂ ਨੂੰ ਕੋਵਿਡ ਵੈਕਸੀਨ ਦੀਆਂ 6 ਕਰੋੜ 50 ਲੱਖ ਤੋਂ ਵੱਧ ਖੁਰਾਕਾਂ ਦੀ ਬਰਾਮਦ ਵੀ ਕੀਤੀ ਹੈ। ਆਉਣ ਵਾਲੇ ਮਹੀਨਿਆਂ ਵਿੱਚ, ਜਿਵੇਂ ਕਿ ਅਸੀਂ ਆਪਣੀ ਵੈਕਸੀਨ ਉਤਪਾਦਨ ਸਮਰੱਥਾ ਨੂੰ ਵਧਾ ਰਹੇ ਹਾਂ, ਅਸੀਂ ਹੋਰ ਵੀ ਬਹੁਤ ਕੁਝ ਕਰਾਂਗੇ।
ਮਿੱਤਰੋ,
ਕੋਵਿਡ-19 ਯੁੱਗ ਵਿੱਚ ਜੀਵਨ ਦੇ ਸਾਰੇ ਖੇਤਰਾਂ ਵਿੱਚ ਨਵੀਨਤਾ ਦੀ ਮਹੱਤਤਾ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਰੁਕਾਵਟਾਂ ਨੇ ਸਾਨੂੰ ਆਪਣੀ ਜੀਵਨ–ਸ਼ੈਲੀ, ਸਾਡੇ ਸੋਚਣ ਤੇ ਕੰਮ ਕਰਨ ਦੇ ਤਰੀਕੇ ਦੀ ਦੁਬਾਰਾ ਕਲਪਨਾ ਕਰਨ ਲਈ ਮਜਬੂਰ ਕੀਤਾ। ਭਾਰਤੀ ਫਾਰਮਾ ਸੈਕਟਰ ਦੇ ਸੰਦਰਭ ਵਿੱਚ ਵੀ, ਗਤੀ, ਪੈਮਾਨਾ ਅਤੇ ਨਵੀਨਤਾ ਕਰਨ ਦੀ ਇੱਛਾ ਸੱਚਮੁੱਚ ਪ੍ਰਭਾਵਸ਼ਾਲੀ ਰਹੀ ਹੈ। ਉਦਾਹਰਨ ਵਜੋਂ ਇਹ ਨਵੀਨਤਾ ਦੀ ਭਾਵਨਾ ਹੈ, ਜਿਸ ਕਾਰਨ ਭਾਰਤ PPEs ਦਾ ਇੱਕ ਪ੍ਰਮੁੱਖ ਉਤਪਾਦਕ ਅਤੇ ਬਰਾਮਦਕਾਰ ਬਣ ਗਿਆ ਹੈ। ਅਤੇ, ਇਹ ਨਵੀਨਤਾ ਦੀ ਉਹੀ ਭਾਵਨਾ ਹੈ ਜਿਸ ਕਾਰਨ ਭਾਰਤ ਕੋਵਿਡ-19 ਟੀਕਿਆਂ ਨੂੰ ਨਵੀਨਤਾ, ਉਤਪਾਦਨ, ਪ੍ਰਬੰਧਨ ਅਤੇ ਬਰਾਮਦ ਕਰਨ ਵਿੱਚ ਸਭ ਤੋਂ ਅੱਗੇ ਹੈ।
ਮਿੱਤਰੋ,
ਭਾਰਤ ਸਰਕਾਰ ਦੁਆਰਾ ਫਾਰਮਾ ਸੈਕਟਰ ਵਿੱਚ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਵਿੱਚ ਨਵੀਨਤਾ ਦੀ ਇਹੋ ਭਾਵਨਾ ਝਲਕਦੀ ਹੈ। ਪਿਛਲੇ ਮਹੀਨੇ, ਸਰਕਾਰ ਨੇ "ਭਾਰਤ ਵਿੱਚ ਫਾਰਮਾ-ਮੈਡਟੈਕ ਸੈਕਟਰ ਵਿੱਚ ਖੋਜ ਅਤੇ ਵਿਕਾਸ ਤੇ ਨਵੀਨਤਾ ਨੂੰ ਉਤਪ੍ਰੇਰਿਤ ਕਰਨ ਦੀ ਨੀਤੀ" ਦੀ ਰੂਪ–ਰੇਖਾ ਵਿੱਚ ਇੱਕ ਖਰੜਾ ਦਸਤਾਵੇਜ਼ ਜਾਰੀ ਕੀਤਾ ਹੈ। ਇਹ ਨੀਤੀ ਫਾਰਮਾਸਿਊਟੀਕਲ ਅਤੇ ਮੈਡੀਕਲ ਉਪਕਰਣਾਂ ਵਿੱਚ R (ਖੋਜ) ਅਤੇ D (ਵਿਕਾਸ) ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਸਾਡਾ ਦ੍ਰਿਸ਼ਟੀਕੋਣ ਨਵੀਨਤਾ ਲਈ ਇੱਕ ਈਕੋਸਿਸਟਮ ਬਣਾਉਣਾ ਹੈ, ਜੋ ਭਾਰਤ ਨੂੰ ਨਸ਼ੀਲੇ ਪਦਾਰਥਾਂ ਦੀ ਖੋਜ ਅਤੇ ਇਨੋਵੇਟਿਵ ਮੈਡੀਕਲ ਉਪਕਰਣਾਂ ਵਿੱਚ ਇੱਕ ਮੋਹਰੀ ਬਣਾਵੇਗਾ। ਸਾਡੇ ਨੀਤੀਗਤ ਦਖਲ ਸਾਰੇ ਹਿੱਸੇਦਾਰਾਂ ਨਾਲ ਵਿਆਪਕ ਸਲਾਹ-ਮਸ਼ਵਰੇ ਦੇ ਆਧਾਰ 'ਤੇ ਕੀਤੇ ਜਾ ਰਹੇ ਹਨ। ਅਸੀਂ ਰੈਗੂਲੇਟਰੀ ਢਾਂਚੇ 'ਤੇ ਉਦਯੋਗ ਦੀਆਂ ਮੰਗਾਂ ਪ੍ਰਤੀ ਸੰਵੇਦਨਸ਼ੀਲ ਹਾਂ ਅਤੇ ਇਸ ਦਿਸ਼ਾ ਵਿੱਚ ਸਰਗਰਮੀ ਨਾਲ ਕੰਮ ਕਰ ਰਹੇ ਹਾਂ। ਉਦਯੋਗ ਨੂੰ ਫਾਰਮਾਸਿਊਟੀਕਲ ਅਤੇ ਮੈਡੀਕਲ ਉਪਕਰਣਾਂ ਲਈ ਤੀਹ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀਆਂ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਸਕੀਮਾਂ ਰਾਹੀਂ ਵੱਡਾ ਹੁਲਾਰਾ ਮਿਲਿਆ ਹੈ।
ਮਿੱਤਰੋ,
ਉਦਯੋਗ, ਅਕਾਦਮਿਕ ਜਗਤ ਅਤੇ ਵਿਸ਼ੇਸ਼ ਤੌਰ 'ਤੇ ਸਾਡੇ ਪ੍ਰਤਿਭਾਸ਼ਾਲੀ ਨੌਜਵਾਨਾਂ ਦਾ ਸਮਰਥਨ ਮਹੱਤਵਪੂਰਨ ਹੈ। ਇਸ ਲਈ ਅਸੀਂ ਅਕਾਦਮਿਕ ਅਤੇ ਉਦਯੋਗ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰ ਰਹੇ ਹਾਂ। ਭਾਰਤ ਵਿੱਚ ਵਿਗਿਆਨੀਆਂ ਅਤੇ ਟੈਕਨੋਲੋਜਿਸਟਾਂ ਦਾ ਇੱਕ ਵੱਡਾ ਸਮੂਹ ਹੈ, ਜਿਸ ਵਿੱਚ ਉਦਯੋਗ ਨੂੰ ਹੋਰ ਉਚਾਈਆਂ ਤੱਕ ਲਿਜਾਣ ਦੀ ਸਮਰੱਥਾ ਹੈ। ਇਸ ਤਾਕਤ ਨੂੰ ''ਡਿਸਕਵਰ ਐਂਡ ਮੇਕ ਇਨ ਇੰਡੀਆ'' ਲਈ ਵਰਤਣ ਦੀ ਲੋੜ ਹੈ।
ਮਿੱਤਰੋ,
ਮੈਂ ਦੋ ਖੇਤਰਾਂ ਨੂੰ ਵੀ ਉਜਾਗਰ ਕਰਨਾ ਚਾਹੁੰਦਾ ਹਾਂ, ਜੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਧਿਆਨ ਨਾਲ ਪੜਚੋਲ ਕਰੋ। ਪਹਿਲਾ ਕੱਚੇ ਮਾਲ ਦੀਆਂ ਲੋੜਾਂ ਨਾਲ ਸਬੰਧਿਤ ਹੈ। ਜਦੋਂ ਅਸੀਂ ਕੋਵਿਡ-19 ਨਾਲ ਲੜ ਰਹੇ ਹਾਂ, ਅਸੀਂ ਦੇਖਿਆ ਕਿ ਇਹ ਇੱਕ ਅਜਿਹਾ ਮੁੱਦਾ ਸੀ ਜਿਸ 'ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਅੱਜ, ਜਦੋਂ ਭਾਰਤ ਦੇ 1.3 ਅਰਬ ਲੋਕਾਂ ਨੇ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਆਪਣੇ–ਆਪ ਨੂੰ ਸੰਭਾਲ਼ ਲਿਆ ਹੈ, ਸਾਨੂੰ ਟੀਕਿਆਂ ਅਤੇ ਦਵਾਈਆਂ ਲਈ ਮੁੱਖ ਸਮੱਗਰੀ ਦੇ ਘਰੇਲੂ ਨਿਰਮਾਣ ਨੂੰ ਵਧਾਉਣ ਬਾਰੇ ਸੋਚਣਾ ਚਾਹੀਦਾ ਹੈ। ਇਹ ਇੱਕ ਅਜਿਹਾ ਮੋਰਚਾ ਹੈ, ਜਿਸ ਨੂੰ ਭਾਰਤ ਨੇ ਜਿੱਤਣਾ ਹੈ।
ਮੈਨੂੰ ਯਕੀਨ ਹੈ ਕਿ ਨਿਵੇਸ਼ਕ ਅਤੇ ਨਵੀਨਤਾਕਾਰ ਇਸ ਚੁਣੌਤੀ ਨੂੰ ਪਾਰ ਕਰਨ ਲਈ ਮਿਲ ਕੇ ਕੰਮ ਕਰਨ ਲਈ ਉਤਸੁਕ ਹਨ। ਦੂਜਾ ਖੇਤਰ ਭਾਰਤ ਦੀਆਂ ਰਵਾਇਤੀ ਦਵਾਈਆਂ ਨਾਲ ਸਬੰਧਿਤ ਹੈ। ਹੁਣ ਅੰਤਰਰਾਸ਼ਟਰੀ ਬਜ਼ਾਰ ਵਿੱਚ ਇਹਨਾਂ ਉਤਪਾਦਾਂ ਦੀ ਮਹੱਤਵਪੂਰਨ ਅਤੇ ਵਧਦੀ ਮੰਗ ਹੈ। ਇਸ ਨੂੰ ਹਾਲ ਹੀ ਦੇ ਸਾਲਾਂ ਵਿੱਚ ਇਹਨਾਂ ਉਤਪਾਦਾਂ ਦੀ ਬਰਾਮਦ ਵਿੱਚ ਤੇਜ਼ੀ ਨਾਲ ਦੇਖਿਆ ਜਾ ਸਕਦਾ ਹੈ। ਇਕੱਲੇ 2020-21 ਵਿੱਚ, ਭਾਰਤ ਨੇ 1.5 ਅਰਬ ਡਾਲਰ ਤੋਂ ਵੱਧ ਦੀਆਂ ਜੜੀਆਂ-ਬੂਟੀਆਂ ਵਾਲੀਆਂ ਦਵਾਈਆਂ ਦੀ ਬਰਾਮਦ ਕੀਤੀ। WHO ਭਾਰਤ ਵਿੱਚ ਰਵਾਇਤੀ ਦਵਾਈਆਂ ਲਈ ਆਪਣਾ ਗਲੋਬਲ ਸੈਂਟਰ ਸਥਾਪਤ ਕਰਨ ਲਈ ਵੀ ਕੰਮ ਕਰ ਰਿਹਾ ਹੈ। ਕੀ ਅਸੀਂ ਵਿਸ਼ਵ–ਪੱਧਰੀ ਲੋੜਾਂ, ਵਿਗਿਆਨਕ ਮਾਪਦੰਡਾਂ ਅਤੇ ਵਧੀਆ ਨਿਰਮਾਣ ਅਭਿਆਸਾਂ ਅਨੁਸਾਰ ਆਪਣੀਆਂ ਰਵਾਇਤੀ ਦਵਾਈਆਂ ਨੂੰ ਪ੍ਰਸਿੱਧ ਬਣਾਉਣ ਦੇ ਹੋਰ ਤਰੀਕਿਆਂ ਬਾਰੇ ਸੋਚ ਸਕਦੇ ਹਾਂ?
ਮਿੱਤਰੋ,
ਮੈਂ ਤੁਹਾਨੂੰ ਸਾਰਿਆਂ ਨੂੰ ਭਾਰਤ ਵਿੱਚ ਵਿਚਾਰ ਰੱਖਣ, ਭਾਰਤ ਵਿੱਚ ਨਵੀਨਤਾ, ਮੇਕ ਇਨ ਇੰਡੀਆ ਅਤੇ ਮੇਕ ਫਾਰ ਦਿ ਵਰਲਡ (ਭਾਰਤ ‘ਚ ਨਿਰਮਾਣ ਤੇ ਵਿਸ਼ਵ ਲਈ ਨਿਰਮਾਣ) ਦਾ ਸੱਦਾ ਦਿੰਦਾ ਹਾਂ। ਆਪਣੀ ਅਸਲੀ ਤਾਕਤ ਦੀ ਖੋਜ ਕਰੋ ਅਤੇ ਸੰਸਾਰ ਦੀ ਸੇਵਾ ਕਰੋ।
ਸਾਡੇ ਕੋਲ ਨਵੀਨਤਾ ਅਤੇ ਉੱਦਮ ਲਈ ਲੋੜੀਂਦੀ ਪ੍ਰਤਿਭਾ, ਸਰੋਤ ਅਤੇ ਈਕੋਸਿਸਟਮ ਹੈ। ਸਾਡੀਆਂ ਤੇਜ਼ ਤਰੱਕੀਆਂ, ਸਾਡੀ ਨਵੀਨਤਾ ਦੀ ਭਾਵਨਾ, ਅਤੇ ਫਾਰਮਾ ਸੈਕਟਰ ਵਿੱਚ ਸਾਡੀਆਂ ਪ੍ਰਾਪਤੀਆਂ ਦੇ ਪੈਮਾਨੇ ਨੂੰ ਦੁਨੀਆ ਨੇ ਦੇਖਿਆ ਹੈ। ਅੱਗੇ ਵਧਣ ਅਤੇ ਨਵੀਆਂ ਉਚਾਈਆਂ ਨੂੰ ਮਾਪਣ ਦਾ ਇਹ ਸਭ ਤੋਂ ਵਧੀਆ ਸਮਾਂ ਹੈ। ਮੈਂ ਗਲੋਬਲ ਅਤੇ ਘਰੇਲੂ ਉਦਯੋਗ ਦੇ ਮੋਹਰੀਆਂ ਅਤੇ ਹਿੱਸੇਦਾਰਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਭਾਰਤ ਨਵੀਨਤਾ ਲਈ ਈਕੋ-ਸਿਸਟਮ ਨੂੰ ਵਧਾਉਣ ਲਈ ਵਚਨਬੱਧ ਹੈ। ਇਹ ਸੰਮੇਲਨ R&D ਅਤੇ ਇਨੋਵੇਸ਼ਨ ਵਿੱਚ ਭਾਰਤੀ ਫਾਰਮਾਸਿਊਟੀਕਲ ਉਦਯੋਗ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਪ੍ਰਮੁੱਖ ਸਮਾਰੋਹ ਵਜੋਂ ਕੰਮ ਕਰੇ।
ਮੈਂ ਇੱਕ ਵਾਰ ਫਿਰ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਅਤੇ ਸ਼ੁਭਕਾਮਨਾ ਦਿੰਦਾ ਹਾਂ ਕਿ ਇਸ ਦੋ–ਦਿਨਾ ਸਿਖ਼ਰ–ਸੰਮੇਲਨ ਦੌਰਾਨ ਹੋਣ ਵਾਲੇ ਵਿਚਾਰ–ਵਟਾਂਦਰੇ ਫਲਦਾਇਕ ਹੋਣ।
ਤੁਹਾਡਾ ਧੰਨਵਾਦ।
ਤੁਹਾਡਾ ਬਹੁਤ ਧੰਨਵਾਦ।