ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ, ਜੋ ਬੋਲੇ ਸੋ ਨਿਹਾਲ! ਸਤਿ ਸ੍ਰੀ ਅਕਾਲ! ਗੁਰਪੁਰਬ ਦੇ ਪਵਿੱਤਰ ਪੁਰਬ ਦੇ ਇਸ ਆਯੋਜਨ ’ਤੇ ਸਾਡੇ ਨਾਲ ਉਪਸਥਿਤ ਸਰਕਾਰ ਵਿੱਚ ਮੇਰੇ ਸਹਿਯੋਗੀ ਸ਼੍ਰੀ ਹਰਦੀਪ ਸਿੰਘ ਪੁਰੀ ਜੀ, ਸ਼੍ਰੀ ਜੌਨ ਬਰਲਾ ਜੀ, ਰਾਸ਼ਟਰੀ ਅਲਪਸੰਖਿਅਕ ਆਯੋਗ (ਘੱਟਗਿਣਤੀ ਕਮਿਸ਼ਨ) ਦੇ ਚੇਅਰਮੈਨ ਸ਼੍ਰੀ ਲਾਲਪੁਰਾ ਜੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ, ਸ਼੍ਰੀ ਹਰਮੀਤ ਸਿੰਘ ਕਾਲਕਾ ਜੀ, ਅਤੇ ਸਾਰੇ ਭਾਈਓ-ਭੈਣੋਂ!
ਮੈਂ ਆਪ ਸਭ ਨੂੰ, ਅਤੇ ਸਾਰੇ ਦੇਸ਼ਵਾਸੀਆਂ ਨੂੰ ਗੁਰਪੁਰਬ ਦੀਆਂ, ਪ੍ਰਕਾਸ਼ ਪੁਰਬ ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਅੱਜ ਹੀ ਦੇਸ਼ ਵਿੱਚ ਦੇਵ-ਦੀਪਾਵਲੀ ਵੀ ਮਨਾਈ ਜਾ ਰਹੀ ਹੈ। ਵਿਸ਼ੇਸ਼ ਕਰਕੇ ਕਾਸ਼ੀ ਵਿੱਚ ਬਹੁਤ ਸ਼ਾਨਦਾਰ ਆਯੋਜਨ ਹੋ ਰਿਹਾ ਹੈ, ਲੱਖਾਂ ਦੀਵਿਆਂ ਨਾਲ ਦੇਵੀ-ਦੇਵਤਿਆਂ ਦਾ ਸੁਆਗਤ ਕੀਤਾ ਜਾ ਰਿਹਾ ਹੈ। ਮੈਂ ਦੇਵ-ਦੀਪਾਵਲੀ ਦੀਆਂ ਵੀ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਆਪ ਸਭ ਨੂੰ ਪਤਾ ਹੈ ਕਿ ਕਾਰਜਕਰਤਾ ਦੇ ਤੌਰ ’ਤੇ ਮੈਂ ਕਾਫੀ ਲੰਬਾ ਸਮਾਂ ਪੰਜਾਬ ਦੀ ਧਰਤੀ 'ਤੇ ਬਿਤਾਇਆ ਹੈ ਅਤੇ ਉਸ ਦੌਰਾਨ ਮੈਨੂੰ ਕਈ ਵਾਰ ਗੁਰਪੁਰਬ ’ਤੇ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਦੇ ਸਾਹਮਣੇ ਮੱਥਾ ਟੇਕਣ ਦਾ ਸੁਭਾਗ ਮਿਲਿਆ ਹੈ। ਹੁਣ ਮੈਂ ਸਰਕਾਰ ਵਿੱਚ ਹਾਂ ਤਾਂ ਇਸ ਨੂੰ ਵੀ ਮੈਂ ਆਪਣਾ ਅਤੇ ਆਪਣੀ ਸਰਕਾਰ ਦਾ ਬਹੁਤ ਬੜਾ ਸੁਭਾਗ ਮੰਨਦਾ ਹਾਂ ਕਿ ਗੁਰੂਆਂ ਦੇ ਇਤਨੇ ਅਹਿਮ ਪ੍ਰਕਾਸ਼ ਪੁਰਬ ਸਾਡੀ ਹੀ ਸਰਕਾਰ ਦੇ ਦੌਰਾਨ ਆਏ।
ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮਨਾਉਣ ਦਾ ਸੁਭਾਗ ਮਿਲਿਆ। ਸਾਨੂੰ ਗੁਰੂ ਤੇਗ਼ ਬਹਾਦਰ ਜੀ ਦੇ 400ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸੁਭਾਗ ਮਿਲਿਆ ਅਤੇ ਜਿਵੇਂ ਹੁਣੇ ਦੱਸਿਆ ਗਿਆ ਲਾਲ ਕਿਲੇ ’ਤੇ ਤਦ ਬਹੁਤ ਇਤਿਹਾਸਿਕ ਅਤੇ ਪੂਰੇ ਵਿਸ਼ਵ ਨੂੰ ਇੱਕ ਸੰਦੇਸ਼ ਦੇਣ ਵਾਲਾ ਪ੍ਰੋਗਰਾਮ ਸੀ। ਤਿੰਨ ਸਾਲ ਪਹਿਲਾਂ ਅਸੀਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਵੀ ਪੂਰੇ ਉੱਲਾਸ ਨਾਲ ਦੇਸ਼ ਅਤੇ ਵਿਦੇਸ਼ ਵਿੱਚ ਮਨਾਇਆ ਹੈ।
ਸਾਥੀਓ,
ਇਨ੍ਹਾਂ ਵਿਸ਼ੇਸ਼ ਅਵਸਰਾਂ 'ਤੇ ਦੇਸ਼ ਨੂੰ ਆਪਣੇ ਗੁਰੂਆਂ ਦਾ ਜੋ ਅਸ਼ੀਰਵਾਦ ਮਿਲਿਆ, ਉਨ੍ਹਾਂ ਦੀ ਜੋ ਪ੍ਰੇਰਣਾ ਮਿਲੀ, ਉਹ ਨਵੇਂ ਭਾਰਤ ਦੇ ਨਿਰਮਾਣ ਦੀ ਊਰਜਾ ਵਧਾ ਰਹੀ ਹੈ। ਅੱਜ ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਦਾ ‘ਪੰਜ ਸੌ ਤਿਰਵੰਜਵਾਂ’ (553ਵਾਂ) ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਤਦ ਇਹ ਵੀ ਦੇਖ ਰਹੇ ਹਾਂ ਕਿ ਇਨ੍ਹਾਂ ਵਰ੍ਹਿਆਂ ਵਿੱਚ ਗੁਰੂ ਅਸ਼ੀਰਵਾਦ ਨਾਲ ਦੇਸ਼ ਨੇ ਕਿਤਨੀਆਂ ਇਤਿਹਾਸਿਕ ਉਪਲਬਧੀਆਂ ਹਾਸਲ ਕੀਤੀਆਂ ਹਨ।
ਸਾਥੀਓ,
ਪ੍ਰਕਾਸ਼ ਪੁਰਬ ਦਾ ਜੋ ਬੋਧ ਸਿੱਖ ਪਰੰਪਰਾ ਵਿੱਚ ਰਿਹਾ ਹੈ, ਜੋ ਮਹੱਤਵ ਰਿਹਾ ਹੈ, ਅੱਜ ਦੇਸ਼ ਵੀ ਉਸੇ ਤਨਮਯਤਾ (ਦ੍ਰਿੜ੍ਹਤਾ) ਨਾਲ ਕਰਤੱਵ ਅਤੇ ਸੇਵਾ ਪਰੰਪਰਾ ਨੂੰ ਅੱਗੇ ਵਧਾ ਰਿਹਾ ਹੈ। ਹਰ ਪ੍ਰਕਾਸ਼ ਪੁਰਬ ਦਾ ਪ੍ਰਕਾਸ਼ ਦੇਸ਼ ਦੇ ਲਈ ਪ੍ਰੇਰਣਾਪੁੰਜ ਦਾ ਕੰਮ ਕਰ ਰਿਹਾ ਹੈ। ਇਹ ਮੇਰਾ ਸੁਭਾਗ ਹੈ ਕਿ ਮੈਨੂੰ ਲਗਾਤਾਰ ਇਨ੍ਹਾਂ ਅਲੌਕਿਕ ਆਯੋਜਨਾਂ ਦਾ ਹਿੱਸਾ ਬਣਨ ਦਾ, ਸੇਵਾ ਵਿੱਚ ਸਹਿਭਾਗੀ ਹੋਣ ਦਾ ਅਵਸਰ ਮਿਲਦਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਨੂੰ ਸੀਸ ਨਿਵਾਉਣ ਦਾ ਇਹ ਸੁਖ ਮਿਲਦਾ ਰਹੇ, ਗੁਰਬਾਣੀ ਦਾ ਅੰਮ੍ਰਿਤ ਕੰਨਾਂ ਵਿੱਚ ਪੈਂਦਾ ਰਹੇ, ਅਤੇ ਲੰਗਰ ਦੇ ਪ੍ਰਸਾਦ ਦਾ ਆਨੰਦ ਆਉਂਦਾ ਰਹੇ, ਇਸ ਨਾਲ ਜੀਵਨ ਦੇ ਸੰਤੋਸ਼ ਦੀ ਅਨੁਭੂਤੀ ਵੀ ਮਿਲਦੀ ਰਹਿੰਦੀ ਹੈ, ਅਤੇ ਦੇਸ਼ ਦੇ ਲਈ, ਸਮਾਜ ਦੇ ਲਈ ਸਮਰਪਿਤ ਭਾਵ ਨਾਲ ਨਿਰੰਤਰ ਕੰਮ ਕਰਨ ਦੀ ਊਰਜਾ ਵੀ ਅਕਸ਼ੈ (ਅਖੁੱਟ)ਬਣੀ ਰਹਿੰਦੀ ਹੈ। ਇਸ ਕ੍ਰਿਪਾ ਦੇ ਲਈ ਗੁਰੂ ਨਾਨਕ ਦੇਵ ਜੀ ਅਤੇ ਸਾਡੇ ਸਾਰੇ ਗੁਰੂਆਂ ਦੇ ਚਰਨਾਂ ਵਿੱਚ ਜਿਤਨੀ ਵਾਰ ਵੀ ਨਮਨ ਕਰਾਂ, ਉਹ ਘੱਟ ਹੀ ਹੋਵੇਗਾ।
ਸਾਥੀਓ,
ਗੁਰੂ ਨਾਨਕ ਦੇਵ ਜੀ ਨੇ ਸਾਨੂੰ ਜੀਵਨ ਜੀਣ ਦਾ ਮਾਰਗ ਦਿਖਾਇਆ ਸੀ। ਉਨ੍ਹਾਂ ਨੇ ਕਿਹਾ ਸੀ- "ਨਾਮ ਜਪੋ, ਕਿਰਤ ਕਰੋ, ਵੰਡ ਛਕੋ"। ਯਾਨੀ, ਈਸ਼ਵਰ ਦੇ ਨਾਮ ਜਪ ਕਰੋ, ਆਪਣੇ ਕਰਤੱਵਪਥ ’ਤੇ ਚਲਦੇ ਹੋਏ ਮਿਹਨਤ ਕਰੋ ਅਤੇ ਆਪਸ ਵਿੱਚ ਮਿਲ ਵੰਡ ਕੇ ਖਾਓ। ਇਸ ਇੱਕ ਵਾਕ ਵਿੱਚ, ਅਧਿਆਤਮਿਕ ਚਿੰਤਨ ਵੀ ਹੈ, ਭੌਤਿਕ ਸਮ੍ਰਿੱਧੀ ਦਾ ਸੂਤਰ ਵੀ ਹੈ, ਅਤੇ ਸਮਾਜਿਕ ਸਮਰਸਤਾ ਦੀ ਪ੍ਰੇਰਣਾ ਵੀ ਹੈ। ਅੱਜ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਦੇਸ਼ ਇਸੇ ਗੁਰੂ ਮੰਤਰ 'ਤੇ ਚਲ ਕੇ 130 ਕਰੋੜ ਭਾਰਤਵਾਸੀਆਂ ਦੇ ਜੀਵਨ ਕਲਿਆਣ ਦੀ ਭਾਵਨਾ ਨਾਲ ਅੱਗੇ ਵਧ ਰਿਹਾ ਹੈ। ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਦੇਸ਼ ਨੇ ਆਪਣੀ ਸੰਸਕ੍ਰਿਤੀ, ਆਪਣੀ ਵਿਰਾਸਤ ਅਤੇ ਸਾਡੀ ਅਧਿਆਤਮਿਕ ਪਹਿਚਾਣ ’ਤੇ ਗਰਵ(ਮਾਣ) ਦਾ ਭਾਵ ਜਾਗ੍ਰਿਤ ਕੀਤਾ ਹੈ। ਆਜ਼ਾਦੀ ਕੇ ਅੰਮ੍ਰਿਤਕਾਲ ਨੂੰ ਦੇਸ਼ ਨੇ ਕਰਤੱਵ ਦੀ ਪਰਾਕਾਸ਼ਠਾ ਤੱਕ ਪਹੁੰਚਾਉਣ ਦੇ ਲਈ ਕਰਤੱਵਕਾਲ ਦੇ ਰੂਪ ਵਿੱਚ ਮੰਨਿਆ ਹੈ। ਅਤੇ, ਆਜ਼ਾਦੀ ਕੇ ਇਸ ਅੰਮ੍ਰਿਤਕਾਲ ਵਿੱਚ ਦੇਸ਼, ਸਮਤਾ,ਸਮਰਸਤਾ, ਸਮਾਜਿਕ ਨਿਆਂ ਅਤੇ ਏਕਤਾ ਦੇ ਲਈ 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਔਰ ਸਬਕਾ ਪ੍ਰਯਾਸ' ਦੇ ਮੰਤਰ ’ਤੇ ਚਲ ਰਿਹਾ ਹੈ। ਯਾਨੀ, ਜੋ ਮਾਰਗਦਰਸ਼ਨ ਦੇਸ਼ ਨੂੰ ਸਦੀਆਂ ਪਹਿਲਾਂ ਗੁਰਬਾਣੀ ਤੋਂ ਮਿਲਿਆ ਸੀ, ਉਹ ਅੱਜ ਸਾਡੇ ਲਈ ਪਰੰਪਰਾ ਵੀ ਹੈ, ਆਸਥਾ ਵੀ ਹੈ, ਅਤੇ ਵਿਕਸਿਤ ਭਾਰਤ ਦਾ ਵਿਜ਼ਨ ਵੀ ਹੈ।
ਸਾਥੀਓ,
ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੇ ਪਾਸ ਜੋ ਅੰਮ੍ਰਿਤਬਾਣੀ ਹੈ, ਉਸ ਦੀ ਮਹਿਮਾ, ਉਸ ਦੀ ਸਾਰਥਕਤਾ, ਸਮੇਂ ਅਤੇ ਭੂਗੋਲ ਦੀਆਂ ਸੀਮਾਵਾਂ ਤੋਂ ਪਰੇ ਹੈ। ਅਸੀਂ ਇਹ ਵੀ ਦੇਖਦੇ ਹਾਂ ਕਿ ਜਦੋਂ ਸੰਕਟ ਬੜਾ ਹੁੰਦਾ ਹੈ ਤਾਂ ਸਮਾਧਾਨ ਦੀ ਪ੍ਰਾਸੰਗਿਕਤਾ ਹੋਰ ਵੀ ਵਧ ਜਾਂਦੀ ਹੈ। ਅੱਜ ਵਿਸ਼ਵ ਵਿੱਚ ਜੋ ਅਸ਼ਾਂਤੀ ਹੈ, ਜੋ ਅਸਥਿਰਤਾ ਹੈ, ਅੱਜ ਦੁਨੀਆ ਜਿਸ ਮੁਸ਼ਕਿਲ ਦੌਰ ਤੋਂ ਗੁਜਰ ਰਹੀ ਹੈ, ਉਸ ਵਿੱਚ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਗੁਰੂ ਨਾਨਕ ਦੇਵ ਜੀ ਦਾ ਜੀਵਨ, ਇੱਕ ਮਸ਼ਾਲ ਦੀ ਤਰ੍ਹਾਂ ਵਿਸ਼ਵ ਨੂੰ ਦਿਸ਼ਾ ਦਿਖਾ ਰਹੇ ਹਨ। ਗੁਰੂ ਨਾਨਕ ਦੇਵ ਜੀ ਦਾ ਪ੍ਰੇਮ ਦਾ ਸੰਦੇਸ਼ ਬੜੀ ਤੋਂ ਬੜੀ ਖਾਈ ਨੂੰ ਭਰ ਸਕਦਾ ਹੈ, ਅਤੇ ਇਸ ਦਾ ਪ੍ਰਮਾਣ ਅਸੀਂ ਭਾਰਤ ਦੀ ਇਸ ਧਰਤੀ ਤੋਂ ਹੀ ਦੇ ਰਹੇ ਹਾਂ। ਇਤਨੀਆਂ ਭਾਸ਼ਾਵਾਂ, ਇਤਨੀਆਂ ਬੋਲੀਆਂ, ਇਤਨੇ ਖਾਨ-ਪਾਨ, ਰਹਿਣ-ਸਹਿਣ ਦੇ ਬਾਵਜੂਦ ਅਸੀਂ ਇੱਕ ਹਿੰਦੁਸਤਾਨੀ ਹੋ ਕੇ ਰਹਿੰਦੇ ਹਾਂ, ਦੇਸ਼ ਦੇ ਵਿਕਾਸ ਦੇ ਲਈ ਖ਼ੁਦ ਨੂੰ ਖਪਾਉਂਦੇ ਹਾਂ। ਇਸ ਲਈ ਅਸੀਂ ਜਿਤਨਾ ਆਪਣੇ ਗੁਰੂਆਂ ਦੇ ਆਦਰਸ਼ਾਂ ਨੂੰ ਜੀਵਾਂਗੇ, ਅਸੀਂ ਜਿਤਨਾ ਆਪਸੀ ਵਿਭੇਦਾਂ ਨੂੰ ਦੂਰ ਕਰਕੇ 'ਏਕ ਭਾਰਤ, ਸ਼੍ਰੇਸ਼ਠ ਭਾਰਤ' ਦੀ ਭਾਵਨਾ ਨੂੰ ਮਜ਼ਬੂਤ ਕਰਾਂਗੇ, ਅਸੀਂ ਜਿਤਨਾ ਮਾਨਵਤਾ ਦੀਆਂ ਕਦਰਾਂ-ਕੀਮਤਾਂ ਨੂੰ ਪ੍ਰਾਥਮਿਕਤਾ ਦੇਵਾਂਗੇ, ਸਾਡੇ ਗੁਰੂਆਂ ਦੀ ਬਾਣੀ ਉਤਨੀ ਹੀ ਜੀਵੰਤ ਅਤੇ ਪ੍ਰਖਰ ਸਵਰ (ਸੁਰ) ਨਾਲ ਵਿਸ਼ਵ ਦੇ ਜਨ-ਜਨ ਤੱਕ ਪਹੁੰਚੇਗੀ।
ਸਾਥੀਓ,
ਬੀਤੇ 8 ਵਰ੍ਹਿਆਂ ਵਿੱਚ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਅਸ਼ੀਰਵਾਦ ਨਾਲ ਸਿੱਖ ਪਰੰਪਰਾ ਦੇ ਗੌਰਵ ਦੇ ਲਈ ਨਿਰੰਤਰ ਕੰਮ ਕਰਨ ਦਾ ਅਵਸਰ ਮਿਲਿਆ ਹੈ। ਅਤੇ, ਇਹ ਨਿਰੰਤਰਤਾ ਲਗਾਤਾਰ ਬਣੀ ਹੋਈ ਹੈ। ਤੁਹਾਨੂੰ ਪਤਾ ਹੋਵੇਗਾ, ਹੁਣੇ ਕੁਝ ਦਿਨ ਪਹਿਲਾਂ ਹੀ ਮੈਂ ਉੱਤਰਾਖੰਡ ਦੇ ਮਾਣਾ ਪਿੰਡ ਵਿੱਚ ਗਿਆ ਸਾਂ। ਇਸ ਯਾਤਰਾ ਵਿੱਚ ਮੈਨੂੰ ਗੋਵਿੰਦਘਾਟ ਤੋਂ ਹੇਮਕੁੰਡ ਸਾਹਿਬ ਦੇ ਲਈ ਰੋਪਵੇਅ ਪ੍ਰੋਜੈਕਟ ਦੇ ਨੀਂਹ ਪੱਥਰ ਰੱਖਣ ਦਾ ਸੁਭਾਗ ਮਿਲਿਆ। ਇਸੇ ਤਰ੍ਹਾਂ, ਹੁਣੇ ਦਿੱਲੀ ਊਨਾ ਵੰਦੇਭਾਰਤ ਐਕਸਪ੍ਰੈੱਸ ਵੀ ਸ਼ੁਰੂਆਤ ਵੀ ਹੋਈ ਹੈ। ਇਸ ਨਾਲ ਆਨੰਦਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਇੱਕ ਨਵੀਂ ਆਧੁਨਿਕ ਸੁਵਿਧਾ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੇ ਸਥਾਨਾਂ 'ਤੇ ਰੇਲ ਸੁਵਿਧਾਵਾਂ ਦਾ ਆਧੁਨਿਕੀਕਰਣ ਵੀ ਕੀਤਾ ਗਿਆ ਹੈ। ਸਾਡੀ ਸਰਕਾਰ ਦਿੱਲੀ-ਕਟੜਾ-ਅੰਮ੍ਰਿਤਸਰ ਐਕਸਪ੍ਰੈੱਸਵੇਅ ਦੇ ਨਿਰਮਾਣ ਵਿੱਚ ਵੀ ਜੁਟੀ ਹੈ। ਇਸ ਨਾਲ ਦਿੱਲੀ ਅਤੇ ਅੰਮ੍ਰਿਤਸਰ ਦੇ ਦਰਮਿਆਨ ਦੂਰੀ 3-4 ਘੰਟੇ ਘੱਟ ਹੋ ਜਾਵੇਗੀ। ਇਸ ’ਤੇ ਸਾਡੀ ਸਰਕਾਰ 35 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਖਰਚ ਕਰਨ ਜਾ ਰਹੀ ਹੈ। ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਅਸਾਨ ਬਣਾਉਣ ਦੇ ਲਈ ਇਹ ਵੀ ਸਾਡੀ ਸਰਕਾਰ ਦਾ ਇੱਕ ਪੁਣਯ(ਨੇਕ) ਪ੍ਰਯਾਸ ਹੈ।
ਅਤੇ ਸਾਥੀਓ,
ਇਹ ਕਾਰਜ ਸਿਰਫ਼ ਸੁਵਿਧਾ ਅਤੇ ਟੂਰਿਜ਼ਮ ਦੀਆਂ ਸੰਭਾਵਨਾਵਾਂ ਦਾ ਵਿਸ਼ਾ ਨਹੀਂ ਹੈ। ਇਸ ਵਿੱਚ ਸਾਡੇ ਤੀਰਥਾਂ ਦੀ ਊਰਜਾ, ਸਿੱਖ ਪਰੰਪਰਾ ਦੀ ਵਿਰਾਸਤ ਅਤੇ ਇੱਕ ਵਿਆਪਕ ਬੋਧ ਵੀ ਜੁੜਿਆ ਹੈ। ਇਹ ਬੋਧ ਸੇਵਾ ਦਾ ਹੈ, ਇਹ ਬੋਧ ਸਨੇਹ ਦਾ ਹੈ, ਇਹ ਬੋਧ ਆਪਣੇਪਣ (ਅਪਣੱਤ)ਦਾ ਹੈ, ਇਹ ਬੋਧ ਸ਼ਰਧਾ ਦਾ ਹੈ। ਮੇਰੇ ਲਈ ਸ਼ਬਦਾਂ ਵਿੱਚ ਦੱਸਣਾ ਕਠਿਨ ਹੈ ਜਦੋਂ ਦਹਾਕਿਆਂ ਦੇ ਇੰਤਜ਼ਾਰ ਦੇ ਬਾਅਦ ਕਰਤਾਰਪੁਰ ਸਾਹਿਬ ਕੌਰੀਡੋਰ ਖੁੱਲ੍ਹਿਆ ਸੀ। ਸਾਡਾ ਪ੍ਰਯਾਸ ਰਿਹਾ ਹੈ ਕਿ ਸਿੱਖ ਪਰੰਪਰਾਵਾਂ ਨੂੰ ਸਸ਼ਕਤ ਕਰਦੇ ਰਹੀਏ, ਸਿੱਖ ਵਿਰਾਸਤ ਨੂੰ ਸਸ਼ਕਤ ਕਰਦੇ ਰਹੀਏ। ਤੁਸੀਂ ਭਲੀ-ਭਾਂਤੀ ਜਾਣਦੇ ਹੋ ਕਿ ਕੁਝ ਸਮਾਂ ਪਹਿਲਾਂ ਅਫ਼ਗ਼ਾਨਿਸਤਾਨ ਵਿੱਚ ਕਿਸ ਤਰ੍ਹਾਂ ਹਾਲਾਤ ਵਿਗੜੇ ਸਨ। ਉੱਥੇ ਹਿੰਦੂ-ਸਿੱਖ ਪਰਿਵਾਰਾਂ ਨੂੰ ਵਾਪਸ ਲਿਆਉਣ ਦੇ ਲਈ ਅਸੀਂ ਅਭਿਯਾਨ ਚਲਾਇਆ। ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਵੀ ਅਸੀਂ ਸੁਰੱਖਿਅਤ ਲੈ ਕੇ ਆਏ। 26 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਮਹਾਨ ਬਲੀਦਾਨ ਦੀ ਸਮ੍ਰਿਤੀ (ਯਾਦ) ਵਿੱਚ ‘ਵੀਰ ਬਾਲ ਦਿਵਸ’ ਮਨਾਉਣ ਦੀ ਸ਼ੁਰੂਆਤ ਵੀ ਦੇਸ਼ ਨੇ ਕੀਤੀ ਹੈ। ਦੇਸ਼ ਦੇ ਕੋਨੇ-ਕੋਨੇ ਵਿੱਚ, ਭਾਰਤ ਦੀ ਅੱਜ ਦੀ ਪੀੜ੍ਹੀ, ਭਾਰਤ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਇਹ ਜਾਣਨ ਤਾਂ ਸਹੀ ਕਿ ਇਸ ਮਹਾਨ ਧਰਤੀ ਦੀ ਕੀ ਪਰੰਪਰਾ ਰਹੀ ਹੈ। ਜਿਸ ਧਰਤੀ ’ਤੇ ਅਸੀਂ ਜਨਮ ਲਿਆ, ਜੋ ਸਾਡੀ ਮਾਤ੍ਰਭੂਮੀ ਹੈ, ਉਸ ਦੇ ਲਈ ਸਾਹਿਬਜ਼ਾਦਿਆਂ ਜਿਹਾ ਬਲੀਦਾਨ ਦੇਣਾ, ਕਰੱਤਵ ਦੀ ਉਹ ਪਰਾਕਾਸ਼ਠਾ ਹੈ, ਜੋ ਪੂਰੇ ਵਿਸ਼ਵ ਇਤਿਹਾਸ ਵਿੱਚ ਵੀ ਘੱਟ ਹੀ ਮਿਲੇਗੀ।
ਸਾਥੀਓ,
ਵਿਭਾਜਨ (ਵੰਡ) ਵਿੱਚ ਸਾਡੇ ਪੰਜਾਬ ਦੇ ਲੋਕਾਂ ਨੇ, ਦੇਸ਼ ਦੇ ਲੋਕਾਂ ਨੇ ਜੋ ਬਲੀਦਾਨ ਦਿੱਤਾ, ਉਸ ਦੀ ਸਮ੍ਰਿਤੀ (ਯਾਦ) ਵਿੱਚ ਦੇਸ਼ ਨੇ ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ ਦੀ ਸ਼ੁਰੂਆਤ ਵੀ ਕੀਤੀ ਹੈ। ਵਿਭਾਜਨ ਦੇ ਸ਼ਿਕਾਰ ਹਿੰਦੂ-ਸਿੱਖ ਪਰਿਵਾਰਾਂ ਦੇ ਲਈ ਅਸੀਂ ਸੀਏਏ ਕਾਨੂੰਨ ਲਿਆ ਕੇ ਉਨ੍ਹਾਂ ਨੂੰ ਨਾਗਰਿਕਤਾ ਦੇਣ ਦਾ ਵੀ ਇੱਕ ਮਾਰਗ ਬਣਾਉਣ ਦਾ ਪ੍ਰਯਾਸ ਕੀਤਾ ਹੈ। ਹੁਣੇ ਤੁਸੀਂ ਦੇਖਿਆ ਹੋਵੇਗਾ, ਗੁਜਰਾਤ ਨੇ ਵਿਦੇਸ਼ ਵਿੱਚ ਪੀੜਿਤ ਅਤੇ ਪ੍ਰਤਾੜਿਤ ਸਿੱਖ ਪਰਿਵਾਰਾਂ ਨੂੰ ਨਾਗਰਿਕਤਾ ਦੇ ਕੇ ਉਨ੍ਹਾਂ ਨੂੰ ਇਹ ਅਹਿਸਾਸ ਦਿਵਾਇਆ ਹੈ ਕਿ ਦੁਨੀਆ ਵਿੱਚ ਸਿੱਖ ਕਿਤੇ ਵੀ ਹੈ, ਭਾਰਤ ਉਸ ਦਾ ਆਪਣਾ ਘਰ ਹੈ। ਗੁਜਰਾਤ ਦਾ ਮੁੱਖ ਮੰਤਰੀ ਰਹਿੰਦੇ ਹੋਏ ਮੈਨੂੰ ਗੁਰਦੁਆਰਾ ਕੋਟ ਲਖਪਤ ਸਾਹਿਬ ਦੇ ਨਵੀਨੀਕਰਣ ਅਤੇ ਕਾਇਆਕਲਪ ਦਾ ਸੁਭਾਗ ਵੀ ਮਿਲਿਆ ਸੀ।
ਸਾਥੀਓ,
ਇਨ੍ਹਾਂ ਸਾਰੇ ਕਾਰਜਾਂ ਦੀ ਨਿਰੰਤਰਤਾ ਦੇ ਮੂਲ ਵਿੱਚ ਗੁਰੂ ਨਾਨਕ ਦੇਵ ਜੀ ਦੇ ਦਿਖਾਏ ਮਾਰਗ ਦੀ ਕ੍ਰਿਤੱਗਤਾ (ਸ਼ੁਕਰਗੁਜ਼ਾਰੀ) ਹੈ। ਇਸ ਨਿਰੰਤਰਤਾ ਦੇ ਮੂਲ ਵਿੱਚ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਅਸੀਮ ਬਲੀਦਾਨਾਂ ਦਾ ਰਿਣ ਹੈ, ਜਿਸ ਨੂੰ ਪਗ-ਪਗ (ਪੈਰ-ਪੈਰ)’ਤੇ ਚੁਕਾਉਣਾ ਦੇਸ਼ ਦਾ ਕਰੱਤਵ ਹੈ। ਮੈਨੂੰ ਵਿਸ਼ਵਾਸ ਹੈ, ਗੁਰੂਆਂ ਜੀ ਕ੍ਰਿਪਾ ਨਾਲ ਭਾਰਤ ਆਪਣੀ ਸਿੱਖ ਪਰੰਪਰਾ ਦੇ ਗੌਰਵ ਨੂੰ ਵਧਾਉਂਦਾ ਰਹੇਗਾ, ਅਤੇ ਪ੍ਰਗਤੀ ਦੇ ਪਥ 'ਤੇ ਅੱਗੇ ਵਧਦਾ ਰਹੇਗਾ। ਇਸੇ ਭਾਵਨਾ ਦੇ ਨਾਲ ਮੈਂ ਇੱਕ ਵਾਰ ਫਿਰ, ਗੁਰੂ ਚਰਨਾਂ ਵਿੱਚ ਨਮਨ ਕਰਦਾ ਹਾਂ। ਇੱਕ ਵਾਰ ਆਪ ਸਭ ਨੂੰ, ਸਾਰੇ ਦੇਸ਼ਵਾਸੀਆਂ ਨੂੰ ਗੁਰਪੁਰਬ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ! ਬਹੁਤ-ਬਹੁਤ ਧੰਨਵਾਦ!