ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨੇਪਾਲ ਦੇ ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਸ਼ੇਰ ਬਹਾਦੁਰ ਦੇਉਬਾ ਦੇ ਨਾਲ ਲੁੰਬਿਨੀ ਮੱਠ ਖੇਤਰ, ਲੁੰਬਿਨੀ, ਨੇਪਾਲ ਵਿੱਚ ਇੰਡੀਆ ਇੰਟਰਨੈਸ਼ਨਲ ਸੈਂਟਰ ਫੌਰ ਬੁੱਧਿਸਟ ਕਲਚਰ ਐਂਡ ਹੈਰੀਟੇਜ ਦੇ ਨਿਰਮਾਣ ਦੇ ਲਈ ਸ਼ਿਲਾਨਯਾਸ ਸਮਾਰੋਹ ਕੀਤਾ (ਨੀਂਹ ਪੱਥਰ ਰੱਖਿਆ)।
2. ਇਸ ਸੈਂਟਰ ਦਾ ਨਿਰਮਾਣ ਇੰਟਰਨੈਸ਼ਨਲ ਬੁੱਧਿਸਟ ਕਨਫੈਡਰੇਸ਼ਨ (ਆਈਬੀਸੀ), ਨਵੀਂ ਦਿੱਲੀ ਦੁਆਰਾ ਲੁੰਬਿਨੀ ਡਿਵੈਲਪਮੈਂਟ ਟਰੱਸਟ (ਐੱਲਡੀਟੀ) ਦੇ ਇੱਕ ਪਲਾਟ ‘ਤੇ ਕੀਤਾ ਜਾਵੇਗਾ, ਜਿਸ ਦੀ ਐਲੋਕੇਸ਼ਨ ਆਈਬੀਸੀ ਅਤੇ ਐੱਲਡੀਟੀ ਦੇ ਦਰਮਿਆਨ ਮਾਰਚ, 2022 ਵਿੱਚ ਦਸਤਖਤ ਹੋਏ ਇੱਕ ਸਮਝੌਤੇ ਦੇ ਤਹਿਤ ਆਈਬੀਸੀ ਨੂੰ ਕੀਤੀ ਗਈ ਸੀ।
3. ਸ਼ਿਲਾਨਯਾਸ ਸਮਾਰੋਹ, ਜਿਸ ਨੂੰ ਤਿੰਨ ਪ੍ਰਮੁੱਖ ਬੋਧੀ ਪਰੰਪਰਾਵਾਂ, ਥੇਰਵਾਦ, ਮਹਾਯਾਨ ਅਤੇ ਵਜਰਯਾਨ ਦੇ ਭਿਕਸ਼ੂਆਂ ਦੁਆਰਾ ਕੀਤਾ ਗਿਆ, ਦੇ ਬਾਅਦ ਦੋਨੋਂ ਪ੍ਰਧਾਨ ਮੰਤਰੀਆਂ ਨੇ ਸੈਂਟਰ ਦੇ ਇੱਕ ਮਾਡਲ ਤੋਂ ਵੀ ਪਰਦਾ ਹਟਾਇਆ।
4. ਨਿਰਮਾਣ ਪੂਰਾ ਹੋ ਜਾਣ ਦੇ ਬਾਅਦ, ਇਹ ਦੁਨੀਆ ਭਰ ਦੇ ਤੀਰਥਯਾਤਰੀਆਂ ਅਤੇ ਸੈਲਾਨੀਆਂ ਦਾ ਸੁਆਗਤ ਕਰਨ ਵਾਲਾ ਇੱਕ ਵਿਸ਼ਵ-ਪੱਧਰੀ ਸੁਵਿਧਾ ਸੈਂਟਰ ਹੋਵੇਗਾ, ਜਿੱਥੇ ਸ਼ਰਧਾਲੂ ਬੁੱਧ ਧਰਮ ਦੇ ਅਧਿਆਤਮਿਕ ਸਰੂਪਾਂ ਦੇ ਸਾਰ ਦਾ ਆਨੰਦ ਪ੍ਰਾਪਤ ਕਰ ਸਕਣਗੇ। ਇਹ ਇੱਕ ਆਧੁਨਿਕ ਇਮਾਰਤ ਹੋਵੇਗੀ, ਜੋ ਊਰਜਾ, ਪਾਣੀ ਅਤੇ ਕਚਰਾ ਪ੍ਰਬੰਧਨ ਦੇ ਮਾਮਲੇ ਵਿੱਚ ਨੈੱਟਜ਼ੀਰੋ ਦੇ ਮਿਆਰਾਂ ਦੇ ਅਨੁਰੂਪ ਹੋਵੇਗੀ ਅਤੇ ਇਸ ਸੈਂਟਰ ਵਿੱਚ ਪ੍ਰਾਰਥਨਾ ਹਾਲ, ਧਿਆਨ ਕੇਂਦਰ, ਲਾਇਬ੍ਰੇਰੀ, ਪ੍ਰਦਰਸ਼ਨੀ ਹਾਲ, ਕੈਫੇਟੇਰੀਆ, ਦਫ਼ਤਰ ਅਤੇ ਹੋਰ ਸੁਵਿਧਾਵਾਂ ਵੀ ਹੋਣਗੀਆਂ।