ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਜੀ-20 ਸਮਿਟ ਦੇ ਦੌਰਾਨ 19 ਨਵੰਬਰ ਨੂੰ ਰੀਓ ਡੀ ਜਨੇਰੀਓ ਵਿੱਚ ਸੈਕੰਡ ਇੰਡੀਆ-ਆਸਟ੍ਰੇਲੀਆ ਐਨੂਅਲ ਸਮਿਟ ਕੀਤਾ। ਫਸਟ ਐਨੂਅਲ ਸਮਿਟ 10 ਮਾਰਚ 2023 ਨੂੰ ਪ੍ਰਧਾਨ ਮੰਤਰੀ ਅਲਬਾਨੀਜ਼ ਦੀ ਭਾਰਤ ਦੀ ਸਰਕਾਰੀ ਯਾਤਰਾ ਦੇ ਦੌਰਾਨ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ ਸੀ।
ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਭਾਰਤ-ਆਸਟ੍ਰੇਲੀਆ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਲਈ ਸਮਰਥਨ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਰੱਖਿਆ ਅਤੇ ਸੁਰੱਖਿਆ, ਵਪਾਰ ਅਤੇ ਨਿਵੇਸ਼, ਸਿੱਖਿਆ, ਕੌਸ਼ਲ ਅਤੇ ਗਤੀਸ਼ੀਲਤਾ, ਅਖੁੱਟ ਊਰਜਾ, ਪੁਲਾੜ, ਖੇਡਾਂ ਅਤੇ ਲੋਕਾਂ ਦੇ ਦਰਮਿਆਨ ਸਬੰਧਾਂ ਦੇ ਖੇਤਰਾਂ ਵਿੱਚ ਸਹਿਯੋਗ ’ਤੇ ਚਰਚਾ ਕੀਤੀ। ਇਸ ਅਵਸਰ ’ਤੇ ਇੱਕ ਸੰਯੁਕਤ ਬਿਆਨ ਜਾਰੀ ਕੀਤਾ ਗਿਆ। ਪ੍ਰਧਾਨ ਮੰਤਰੀਆਂ ਨੇ ਅਖੁੱਟ ਊਰਜਾ ਸਾਂਝੇਦਾਰੀ (Renewable Energy Partnership) ਦੀ ਸ਼ੁਰੂਆਤ ਦਾ ਭੀ ਸੁਆਗਤ ਕੀਤਾ।
ਦੋਹਾਂ ਧਿਰਾਂ ਨੇ ਆਪਸੀ ਹਿਤਾਂ ਦੇ ਖੇਤਰੀ ਅਤੇ ਆਲਮੀ ਮੁੱਦਿਆਂ ’ਤੇ ਭੀ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਅੰਤਰਰਾਸ਼ਟਰੀ ਕਾਨੂੰਨ ਦੇ ਸਨਮਾਨ ਦੇ ਅਧਾਰ ’ਤੇ ਇੱਕ ਸ਼ਾਂਤੀਪੂਰਨ, ਸਥਿਰ ਅਤੇ ਸਮ੍ਰਿੱਧ ਹਿੰਦ-ਪ੍ਰਸ਼ਾਂਤ ਖੇਤਰ ਦੇ ਲਈ ਆਪਣੀ ਪ੍ਰਤੀਬੱਧਤਾ ਭੀ ਦੁਹਰਾਈ।