ਕੁਝ ਦਿਨ ਪਹਿਲਾਂ ਅਸੀਂ ਪ੍ਰੋਫੈਸਰ ਐੱਮ. ਐੱਸ. ਸਵਾਮੀਨਾਥਨ ਨੂੰ ਗੁਆ ਦਿੱਤਾ। ਸਾਡੇ ਦੇਸ਼ ਨੇ ਇੱਕ ਦੂਰਦਰਸ਼ੀ ਨੂੰ ਗੁਆ ਦਿੱਤਾ ਜਿਸ ਨੇ ਖੇਤੀਬਾੜੀ ਵਿਗਿਆਨ ਵਿੱਚ ਕ੍ਰਾਂਤੀ ਲਿਆ ਦਿੱਤੀ, ਇੱਕ ਮਹਾਨ ਵਿਅਕਤੀ ਜਿਸ ਦਾ ਭਾਰਤ ਲਈ ਯੋਗਦਾਨ ਹਮੇਸ਼ਾ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਪ੍ਰੋ. ਐੱਮ. ਐੱਸ. ਸਵਾਮੀਨਾਥਨ ਭਾਰਤ ਨੂੰ ਪਿਆਰ ਕਰਦੇ ਸਨ ਅਤੇ ਚਾਹੁੰਦੇ ਸਨ ਕਿ ਸਾਡਾ ਦੇਸ਼ ਅਤੇ ਖਾਸ ਤੌਰ 'ਤੇ ਸਾਡੇ ਕਿਸਾਨ ਖੁਸ਼ਹਾਲ ਜੀਵਨ ਜੀਣ। ਅਕਾਦਮਿਕ ਤੌਰ 'ਤੇ ਪ੍ਰਤਿਭਾਵਾਨ, ਉਹ ਕੋਈ ਵੀ ਕਰੀਅਰ ਚੁਣ ਸਕਦੇ ਸਨ ਪਰ ਉਹ 1943 ਦੇ ਬੰਗਾਲ ਦੇ ਅਕਾਲ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਉਹ ਸਪਸ਼ਟ ਸਨ ਕਿ ਜੇਕਰ ਉਹ ਇੱਕ ਕੰਮ ਕਰਨਗੇ, ਤਾਂ ਉਹ ਖੇਤੀਬਾੜੀ ਦਾ ਅਧਿਐਨ ਕਰਨਾ ਹੋਵੇਗਾ।
ਇੱਕ ਮੁਕਾਬਲਤਨ ਛੋਟੀ ਉਮਰ ਵਿੱਚ, ਉਹ ਡਾ. ਨੌਰਮਨ ਬੋਰਲੌਗ (Dr. Norman Borlaug) ਦੇ ਸੰਪਰਕ ਵਿੱਚ ਆਏ ਅਤੇ ਉਨ੍ਹਾਂ ਦੇ ਕੰਮ ਨੂੰ ਬਹੁਤ ਵਿਸਤਾਰ ਨਾਲ ਦੇਖਿਆ। 1950 ਦੇ ਦਹਾਕੇ ਵਿੱਚ, ਉਨ੍ਹਾਂ ਨੂੰ ਅਮਰੀਕਾ ਵਿੱਚ ਫੈਕਲਟੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਨ੍ਹਾਂ ਨੇ ਇਸ ਨੂੰ ਠੁਕਰਾ ਦਿੱਤਾ ਕਿਉਂਕਿ ਉਹ ਭਾਰਤ ਵਿੱਚ ਅਤੇ ਭਾਰਤ ਲਈ ਕੰਮ ਕਰਨਾ ਚਾਹੁੰਦੇ ਸਨ।
ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਉਨ੍ਹਾਂ ਚੁਣੌਤੀਪੂਰਨ ਹਾਲਾਤ ਬਾਰੇ ਸੋਚੋ ਜਿਨ੍ਹਾਂ ਵਿੱਚ ਉਹ ਇੱਕ ਮਹਾਨ ਵਿਅਕਤੀ ਦੇ ਰੂਪ ਵਿੱਚ ਖੜੇ ਹੋਏ ਅਤੇ ਸਾਡੇ ਦੇਸ਼ ਨੂੰ ਆਤਮ-ਨਿਰਭਰਤਾ ਅਤੇ ਆਤਮ-ਵਿਸ਼ਵਾਸ ਦੇ ਰਾਹ 'ਤੇ ਲੈ ਗਏ। ਆਜ਼ਾਦੀ ਤੋਂ ਬਾਅਦ ਦੇ ਪਹਿਲੇ ਦੋ ਦਹਾਕਿਆਂ ਵਿੱਚ, ਅਸੀਂ ਬਹੁਤ ਸਾਰੀਆਂ ਚੁਣੌਤੀਆਂ ਨਾਲ ਨਜਿੱਠ ਰਹੇ ਸੀ ਅਤੇ ਉਨ੍ਹਾਂ ਵਿੱਚੋਂ ਇੱਕ ਭੋਜਨ ਦੀ ਕਮੀ ਸੀ। 1960 ਦੇ ਦਹਾਕੇ ਦੇ ਸ਼ੁਰੂ ਵਿੱਚ, ਭਾਰਤ ਅਕਾਲ ਦੇ ਅਸ਼ੁਭ ਪ੍ਰਛਾਵੇਂ ਨਾਲ ਜੂਝ ਰਿਹਾ ਸੀ ਅਤੇ ਇਹ ਉਦੋਂ ਹੀ ਸੀ ਜਦੋਂ ਪ੍ਰੋ. ਸਵਾਮੀਨਾਥਨ ਦੀ ਦ੍ਰਿੜ੍ਹ ਪ੍ਰਤੀਬੱਧਤਾ ਅਤੇ ਦੂਰਅੰਦੇਸ਼ੀ ਨੇ ਖੇਤੀਬਾੜੀ ਸਮ੍ਰਿੱਧੀ ਦੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਕੀਤੀ। ਖੇਤੀਬਾੜੀ ਅਤੇ ਕਣਕ ਦੇ ਪ੍ਰਜਨਨ ਜਿਹੇ ਖਾਸ ਖੇਤਰਾਂ ਵਿੱਚ ਉਨ੍ਹਾਂ ਦੇ ਮੋਹਰੀ ਕੰਮ ਨਾਲ ਕਣਕ ਦੇ ਉਤਪਾਦਨ ਵਿੱਚ ਮਹੱਤਵਪੂਰਨ ਵਾਧਾ ਹੋਇਆ, ਇਸ ਤਰ੍ਹਾਂ ਭਾਰਤ ਨੂੰ ਇੱਕ ਖੁਰਾਕ ਦੀ ਘਾਟ ਵਾਲੇ ਦੇਸ਼ ਤੋਂ ਇੱਕ ਆਤਮ-ਨਿਰਭਰ ਦੇਸ਼ ਵਿੱਚ ਬਦਲ ਗਿਆ। ਇਸ ਸ਼ਾਨਦਾਰ ਪ੍ਰਾਪਤੀ ਨੇ ਉਨ੍ਹਾਂ ਨੂੰ "ਭਾਰਤੀ ਹਰਿਤ ਕ੍ਰਾਂਤੀ ਦੇ ਪਿਤਾਮਾ" ("Father of the Indian Green Revolution") ਦੀ ਉਚਿਤ ਉਪਾਧੀ ਦਿਵਾਈ।
ਹਰਿਤ ਕ੍ਰਾਂਤੀ ਨੇ ਭਾਰਤ ਦੇ "ਕੈਨ ਡੂ ਸਪਿਰਿਟ" ਦੀ ਝਲਕ ਪੇਸ਼ ਕੀਤੀ - ਕਿ ਜੇਕਰ ਸਾਡੇ ਕੋਲ ਇੱਕ ਅਰਬ ਚੁਣੌਤੀਆਂ ਹਨ, ਤਾਂ ਸਾਡੇ ਕੋਲ ਉਨ੍ਹਾਂ ਚੁਣੌਤੀਆਂ ਨੂੰ ਪਾਰ ਕਰਨ ਲਈ ਇਨੋਵੇਸ਼ਨ ਦੀ ਲਾਟ ਨਾਲ ਇੱਕ ਅਰਬ ਦਿਮਾਗ਼ ਵੀ ਹਨ। ਹਰਿਤ ਕ੍ਰਾਂਤੀ ਸ਼ੁਰੂ ਹੋਣ ਤੋਂ ਪੰਜ ਦਹਾਕਿਆਂ ਬਾਅਦ, ਭਾਰਤੀ ਖੇਤੀ ਬਹੁਤ ਜ਼ਿਆਦਾ ਆਧੁਨਿਕ ਅਤੇ ਪ੍ਰਗਤੀਸ਼ੀਲ ਹੋ ਗਈ ਹੈ। ਪਰ, ਪ੍ਰੋ. ਸਵਾਮੀਨਾਥਨ ਦੁਆਰਾ ਰੱਖੀ ਗਈ ਨੀਂਹ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਇਨ੍ਹਾਂ ਵਰ੍ਹਿਆਂ ਦੌਰਾਨ, ਉਨ੍ਹਾਂ ਨੇ ਆਲੂਆਂ ਦੀ ਫਸਲ ਨੂੰ ਪ੍ਰਭਾਵਿਤ ਕਰਨ ਵਾਲੇ ਪਰਜੀਵੀਆਂ ਨਾਲ ਨਜਿੱਠਣ ਵਿੱਚ ਮੋਹਰੀ ਖੋਜ ਕੀਤੀ। ਉਨ੍ਹਾਂ ਦੀ ਖੋਜ ਨੇ ਆਲੂ ਦੀ ਫਸਲ ਨੂੰ ਠੰਢੇ ਮੌਸਮ ਦਾ ਸਾਹਮਣਾ ਕਰਨ ਦੇ ਸਮਰੱਥ ਬਣਾਇਆ। ਅੱਜ, ਦੁਨੀਆ ਸੁਪਰ ਫੂਡ ਦੇ ਤੌਰ 'ਤੇ ਮਿਲਟਸ ਜਾਂ ਸ਼੍ਰੀ ਅੰਨ (Shree Anna) ਬਾਰੇ ਗੱਲ ਕਰ ਰਹੀ ਹੈ ਪਰ ਪ੍ਰੋ. ਸਵਾਮੀਨਾਥਨ ਨੇ 1990 ਦੇ ਦਹਾਕੇ ਤੋਂ ਹੀ ਮਿਲਟਸ ਬਾਰੇ ਚਰਚਾ ਨੂੰ ਉਤਸ਼ਾਹਿਤ ਕੀਤਾ ਸੀ।
ਪ੍ਰੋ. ਸਵਾਮੀਨਾਥਨ ਨਾਲ ਮੇਰੀ ਵਿਅਕਤੀਗਤ ਗੱਲਬਾਤ ਬਹੁਤ ਵਿਆਪਕ ਸੀ। ਇਨ੍ਹਾਂ ਦੀ ਸ਼ੁਰੂਆਤ ਮੇਰੇ 2001 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਹੋਈ ਸੀ। ਉਨ੍ਹਾਂ ਦਿਨਾਂ ਵਿੱਚ, ਗੁਜਰਾਤ ਆਪਣੀ ਖੇਤੀ ਸ਼ਕਤੀ ਲਈ ਨਹੀਂ ਜਾਣਿਆ ਜਾਂਦਾ ਸੀ। ਲਗਾਤਾਰ ਸੋਕੇ ਅਤੇ ਇੱਕ ਸੁਪਰ ਚੱਕਰਵਾਤ ਅਤੇ ਇੱਕ ਭੁਚਾਲ ਨੇ ਰਾਜ ਦੇ ਵਿਕਾਸ ਦੀ ਚਾਲ ਨੂੰ ਪ੍ਰਭਾਵਿਤ ਕੀਤਾ ਸੀ। ਅਸੀਂ ਸ਼ੁਰੂ ਕੀਤੀਆਂ ਬਹੁਤ ਸਾਰੀਆਂ ਪਹਿਲਾਂ ਵਿੱਚੋਂ, ਮਿੱਟੀ ਸਿਹਤ ਕਾਰਡ ਸੀ, ਜਿਸ ਨੇ ਸਾਨੂੰ ਮਿੱਟੀ ਨੂੰ ਬਿਹਤਰ ਤਰੀਕੇ ਨਾਲ ਸਮਝਣ ਅਤੇ ਸਮੱਸਿਆਵਾਂ ਪੈਦਾ ਹੋਣ 'ਤੇ ਉਨ੍ਹਾਂ ਦਾ ਸਮਾਧਾਨ ਕਰਨ ਦੇ ਸਮਰੱਥ ਬਣਾਇਆ। ਇਸੇ ਸਕੀਮ ਦੇ ਸੰਦਰਭ ਵਿੱਚ ਮੇਰੀ ਮੁਲਾਕਾਤ ਪ੍ਰੋ. ਸਵਾਮੀਨਾਥਨ ਨਾਲ ਹੋਈ। ਉਨ੍ਹਾਂ ਨੇ ਇਸ ਸਕੀਮ ਦੀ ਸ਼ਲਾਘਾ ਕੀਤੀ ਅਤੇ ਇਸ ਦੇ ਲਈ ਆਪਣੇ ਕੀਮਤੀ ਵਿਚਾਰ ਵੀ ਸਾਂਝੇ ਕੀਤੇ। ਉਨ੍ਹਾਂ ਦਾ ਸਮਰਥਨ ਉਨ੍ਹਾਂ ਲੋਕਾਂ ਨੂੰ ਯਕੀਨ ਦਿਵਾਉਣ ਲਈ ਕਾਫੀ ਸੀ ਜੋ ਇਸ ਯੋਜਨਾ ਬਾਰੇ ਸ਼ੰਕਾਵਾਦੀ ਸਨ ਜੋ ਆਖਰਕਾਰ ਗੁਜਰਾਤ ਦੀ ਖੇਤੀਬਾੜੀ ਸਫ਼ਲਤਾ ਲਈ ਪੜਾਅ ਤੈਅ ਕਰੇਗੀ।
ਮੁੱਖ ਮੰਤਰੀ ਵਜੋਂ ਮੇਰੇ ਕਾਰਜਕਾਲ ਦੌਰਾਨ ਅਤੇ ਜਦੋਂ ਮੈਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ਼ਿਆ ਸੀ, ਉਦੋਂ ਵੀ ਸਾਡੀ ਗੱਲਬਾਤ ਜਾਰੀ ਰਹੀ। ਮੈਂ ਉਨ੍ਹਾਂ ਨੂੰ 2016 ਵਿੱਚ ਇੰਟਰਨੈਸ਼ਨਲ ਐਗਰੋ-ਬਾਇਓਡਾਇਵਰਸਿਟੀ ਕਾਂਗਰਸ ਵਿੱਚ ਮਿਲਿਆ ਸੀ ਅਤੇ ਅਗਲੇ ਸਾਲ 2017 ਵਿੱਚ, ਮੈਂ ਉਨ੍ਹਾਂ ਦੁਆਰਾ ਲਿਖੀ ਦੋ ਭਾਗਾਂ ਵਾਲੀ ਇੱਕ ਪੁਸਤਕ ਸੀਰੀਜ਼ ਲਾਂਚ ਕੀਤੀ।
ਕੁਰਲ ਕਿਸਾਨਾਂ ਨੂੰ ਇੱਕ ਅਜਿਹੀ ਪਿੰਨ ਵਜੋਂ ਦਰਸਾਉਂਦਾ ਹੈ ਜੋ ਦੁਨੀਆ ਨੂੰ ਇੱਕਠੇ ਰੱਖਦੀ ਹੈ ਕਿਉਂਕਿ ਇਹ ਕਿਸਾਨ ਹੀ ਹਨ ਜੋ ਹਰ ਇੱਕ ਨੂੰ ਕਾਇਮ ਰੱਖਦੇ ਹਨ। ਪ੍ਰੋ. ਸਵਾਮੀਨਾਥਨ ਇਸ ਸਿਧਾਂਤ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਬਹੁਤ ਸਾਰੇ ਲੋਕ ਉਨ੍ਹਾਂ ਨੂੰ "ਕ੍ਰਿਸ਼ੀ ਵੈਗਯਾਨਿਕ" (“Krishi Vaigyanik”) - ਇੱਕ ਖੇਤੀਬਾੜੀ ਵਿਗਿਆਨੀ ਕਹਿੰਦੇ ਹਨ। ਪਰ, ਮੈਂ ਹਮੇਸ਼ਾ ਵਿਸ਼ਵਾਸ ਕੀਤਾ ਹੈ ਕਿ ਉਹ ਹੋਰ ਵੀ ਜ਼ਿਆਦਾ ਸਨ। ਉਹ ਇੱਕ ਸੱਚੇ "ਕਿਸਾਨ ਵੈਗਯਾਨਿਕ" (“Kisan Vaigyanik”) - ਇੱਕ ਕਿਸਾਨ ਵਿਗਿਆਨੀ ਸਨ। ਉਨ੍ਹਾਂ ਦੇ ਦਿਲ ਵਿੱਚ ਇੱਕ ਕਿਸਾਨ ਸੀ। ਉਨ੍ਹਾਂ ਦੀਆਂ ਰਚਨਾਵਾਂ ਦੀ ਸਫ਼ਲਤਾ ਉਨ੍ਹਾਂ ਦੀ ਅਕਾਦਮਿਕ ਉਤਕ੍ਰਿਸ਼ਟਤਾ ਤੱਕ ਸੀਮਿਤ ਨਹੀਂ ਹੈ; ਇਹ ਪ੍ਰਯੋਗਸ਼ਾਲਾਵਾਂ ਦੇ ਬਾਹਰ, ਫਾਰਮਾਂ ਅਤੇ ਖੇਤਾਂ ਵਿੱਚ ਉਨ੍ਹਾਂ ਦੇ ਪ੍ਰਭਾਵ ਵਿੱਚ ਨਿਹਿਤ ਹੈ। ਉਨ੍ਹਾਂ ਦੇ ਕੰਮ ਨੇ ਵਿਗਿਆਨਕ ਗਿਆਨ ਅਤੇ ਇਸ ਦੇ ਵਿਹਾਰਕ ਉਪਯੋਗ ਦੇ ਦਰਮਿਆਨ ਪਾੜੇ ਨੂੰ ਘਟਾ ਦਿੱਤਾ। ਉਨ੍ਹਾਂ ਨੇ ਮਾਨਵ ਉੱਨਤੀ ਅਤੇ ਵਾਤਾਵਰਣਿਕ ਸਥਿਰਤਾ ਦੇ ਦਰਮਿਆਨ ਨਾਜ਼ੁਕ ਸੰਤੁਲਨ 'ਤੇ ਜ਼ੋਰ ਦਿੰਦੇ ਹੋਏ, ਟਿਕਾਊ ਖੇਤੀਬਾੜੀ ਲਈ ਲਗਾਤਾਰ ਵਕਾਲਤ ਕੀਤੀ। ਇੱਥੇ, ਮੈਨੂੰ ਛੋਟੇ ਕਿਸਾਨਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਅਤੇ ਇਹ ਯਕੀਨੀ ਬਣਾਉਣ 'ਤੇ ਪ੍ਰੋ. ਸਵਾਮੀਨਾਥਨ ਦੇ ਵਿਸ਼ੇਸ਼ ਜ਼ੋਰ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਵੀ ਇਨੋਵੇਸ਼ਨ ਦਾ ਲਾਭ ਲੈਣ। ਉਹ ਖਾਸ ਤੌਰ 'ਤੇ ਮਹਿਲਾ ਕਿਸਾਨਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਪ੍ਰਤੀ ਸਮਰਪਿਤ ਸਨ।
ਪ੍ਰੋਫੈਸਰ ਐੱਮ. ਐੱਸ. ਸਵਾਮੀਨਾਥਨ ਬਾਰੇ ਇੱਕ ਹੋਰ ਪਹਿਲੂ ਹੈ ਜੋ ਕਿ ਕਮਾਲ ਦਾ ਹੈ - ਉਹ ਇਨੋਵੇਸ਼ਨ ਅਤੇ ਮਾਰਗਦਰਸ਼ਕ ਦੇ ਰੂਪ ਵਿੱਚ ਇੱਕ ਮਹਾਨ ਪ੍ਰਤਿਮਾ ਹਨ। ਜਦੋਂ ਉਨ੍ਹਾਂ ਨੇ 1987 ਵਿੱਚ ਵਰਲਡ ਫੂਡ ਪ੍ਰਾਈਜ਼ ਜਿੱਤਿਆ, ਉਹ ਇਸ ਵੱਕਾਰੀ ਸਨਮਾਨ ਦੇ ਪਹਿਲੇ ਪ੍ਰਾਪਤਕਰਤਾ ਸਨ, ਉਨ੍ਹਾਂ ਨੇ ਇਨਾਮੀ ਰਕਮ ਦੀ ਵਰਤੋਂ ਇੱਕ ਗ਼ੈਰ-ਮੁਨਾਫ਼ਾ (not-for-profit) ਰਿਸਰਚ ਫਾਊਂਡੇਸ਼ਨ ਸਥਾਪਿਤ ਕਰਨ ਲਈ ਕੀਤੀ। ਅੱਜ ਤੱਕ, ਇਹ ਵਿਭਿੰਨ ਖੇਤਰਾਂ ਵਿੱਚ ਵਿਆਪਕ ਕੰਮ ਕਰ ਰਹੀ ਹੈ। ਉਨ੍ਹਾਂ ਨੇ ਅਣਗਿਣਤ ਦਿਮਾਗ਼ਾਂ ਦਾ ਪੋਸ਼ਣ ਕੀਤਾ ਹੈ, ਉਨ੍ਹਾਂ ਵਿੱਚ ਸਿੱਖਣ ਅਤੇ ਇਨੋਵੇਸ਼ਨ ਦਾ ਜਨੂਨ ਪੈਦਾ ਕੀਤਾ ਹੈ। ਤੇਜ਼ੀ ਨਾਲ ਬਦਲ ਰਹੀ ਦੁਨੀਆਂ ਵਿੱਚ, ਉਨ੍ਹਾਂ ਦਾ ਜੀਵਨ ਸਾਨੂੰ ਗਿਆਨ, ਮਾਰਗਦਰਸ਼ਨ ਅਤੇ ਇਨੋਵੇਸ਼ਨ ਦੀ ਸਥਾਈ ਸ਼ਕਤੀ ਦੀ ਯਾਦ ਦਿਵਾਉਂਦਾ ਹੈ। ਉਹ ਇੱਕ ਸੰਸਥਾਨ ਨਿਰਮਾਤਾ ਵੀ ਸਨ, ਉਨ੍ਹਾਂ ਦੇ ਨਾਮ ‘ਤੇ ਕਈ ਕੇਂਦਰ ਹਨ ਜਿੱਥੇ ਜੀਵੰਤ ਖੋਜ ਹੁੰਦੀ ਹੈ। ਉਨ੍ਹਾਂ ਦਾ ਇੱਕ ਕਾਰਜਕਾਲ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਟਿਊਟ, ਮਨੀਲਾ ਦੇ ਡਾਇਰੈਕਟਰ ਵਜੋਂ ਸੀ। ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਟਿਊਟ ਦਾ ਦੱਖਣੀ ਏਸ਼ੀਆ ਖੇਤਰੀ ਕੇਂਦਰ 2018 ਵਿੱਚ ਵਾਰਾਣਸੀ ਵਿੱਚ ਖੋਲ੍ਹਿਆ ਗਿਆ ਸੀ।
ਮੈਂ ਡਾ. ਸਵਾਮੀਨਾਥਨ ਨੂੰ ਸ਼ਰਧਾਂਜਲੀ ਦੇਣ ਲਈ ਦੁਬਾਰਾ ਦ ਕੁਰਲ ਦਾ ਹਵਾਲਾ ਦੇਵਾਂਗਾ। ਉੱਥੇ ਲਿਖਿਆ ਹੈ, "ਜੇਕਰ ਯੋਜਨਾਵਾਂ ਬਣਾਉਣ ਵਾਲਿਆਂ ਵਿੱਚ ਦ੍ਰਿੜ੍ਹਤਾ ਹੋਵੇ, ਤਾਂ ਉਹ ਉਹੀ ਪ੍ਰਾਪਤ ਕਰ ਲੈਂਦੇ ਹਨ ਜਿਸ ਤਰ੍ਹਾਂ ਉਨ੍ਹਾਂ ਦੀ ਇੱਛਾ ਹੈ।" ਇੱਥੇ ਇੱਕ ਦਿੱਗਜ ਵਿਅਕਤੀ ਸੀ ਜਿਸ ਨੇ ਆਪਣੀ ਜ਼ਿੰਦਗੀ ਦੇ ਸ਼ੁਰੂ ਵਿੱਚ ਹੀ ਫ਼ੈਸਲਾ ਕਰ ਲਿਆ ਸੀ ਕਿ ਉਹ ਖੇਤੀਬਾੜੀ ਨੂੰ ਮਜ਼ਬੂਤ ਕਰਨਾ ਅਤੇ ਕਿਸਾਨਾਂ ਦੀ ਸੇਵਾ ਕਰਨਾ ਚਾਹੁੰਦਾ ਹੈ। ਅਤੇ, ਉਨ੍ਹਾਂ ਨੇ ਇਸਨੂੰ ਅਸਾਧਾਰਣ ਇਨੋਵੇਸ਼ਨ ਅਤੇ ਜਨੂਨ ਨਾਲ ਕੀਤਾ। ਜਿਵੇਂ ਜਿਵੇਂ ਅਸੀਂ ਖੇਤੀਬਾੜੀ ਇਨੋਵੇਸ਼ਨ ਅਤੇ ਸਥਿਰਤਾ ਦੇ ਮਾਰਗ 'ਤੇ ਅੱਗੇ ਵਧਦੇ ਹਾਂ, ਡਾ. ਸਵਾਮੀਨਾਥਨ ਦੇ ਯੋਗਦਾਨ ਸਾਨੂੰ ਪ੍ਰੇਰਿਤ ਅਤੇ ਮਾਰਗਦਰਸ਼ਨ ਕਰਦੇ ਰਹਿਣਗੇ। ਸਾਨੂੰ ਉਨ੍ਹਾਂ ਸਿਧਾਂਤਾਂ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਵੀ ਦੁਹਰਾਉਂਦੇ ਰਹਿਣਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਪਿਆਰੇ ਸਨ, ਕਿਸਾਨਾਂ ਦੇ ਹਿੱਤਾਂ ਦੀ ਵਕਾਲਤ ਕਰਨਾ ਅਤੇ ਇਹ ਯਕੀਨੀ ਬਣਾਉਣਾ ਕਿ ਵਿਗਿਆਨਕ ਕਾਢਾਂ ਦੇ ਫਲ ਸਾਡੇ ਖੇਤੀ ਵਿਸਤਾਰ ਦੀਆਂ ਜੜ੍ਹਾਂ ਤੱਕ ਪਹੁੰਚਦੇ ਹਨ, ਭਵਿੱਖ ਦੀਆਂ ਪੀੜ੍ਹੀਆਂ ਲਈ ਵਿਕਾਸ, ਸਥਿਰਤਾ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਦੇ ਹਨ।