ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ, ਸ਼੍ਰੀ ਪ੍ਰਮੋਦ ਕੁਮਾਰ ਮਿਸ਼ਰਾ ਨੇ ਅੱਜ ਚੇਨਈ ਵਿੱਚ ਆਪਦਾ ਜੋਖਮ ਘਟਾਉਣ ਜੀ20 ਵਰਕਿੰਗ ਗਰੁੱਪ ਦੀ ਤੀਸਰੀ ਬੈਠਕ ਨੂੰ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨੇ ਇਸ ਸਾਲ ਮਾਰਚ ਵਿੱਚ ਗਾਂਧੀਨਗਰ ਵਿੱਚ ਪਹਿਲੀ ਵਾਰ ਹੋਈ ਬੈਠਕ ਨੂੰ ਯਾਦ ਕੀਤਾ ਅਤੇ ਉਦੋਂ ਤੋਂ ਆਈਆਂ ਬੇਮਿਸਾਲ ਜਲਵਾਯੂ ਪਰਿਵਰਤਨ ਨਾਲ ਸਬੰਧਿਤ ਆਫ਼ਤਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਪੂਰੇ ਉੱਤਰੀ ਹੈਮੀਸਫੀਅਰ ਵਿੱਚ ਭਾਰੀ ਗਰਮੀ ਦੀਆਂ ਲਹਿਰਾਂ, ਕੈਨੇਡਾ ਵਿੱਚ ਜੰਗਲਾਂ ਦੀ ਅੱਗ ਅਤੇ ਉਸ ਤੋਂ ਬਾਅਦ ਉੱਤਰੀ ਅਮਰੀਕਾ ਦੇ ਵਿਭਿੰਨ ਹਿੱਸਿਆਂ ਵਿੱਚ ਸ਼ਹਿਰਾਂ ਨੂੰ ਪ੍ਰਭਾਵਿਤ ਕਰਨ ਵਾਲੀ ਧੁੰਦ ਅਤੇ ਭਾਰਤ ਦੇ ਪੂਰਬੀ ਅਤੇ ਪੱਛਮੀ ਤਟਾਂ ਦੇ ਨਾਲ ਪ੍ਰਮੁੱਖ ਚੱਕਰਵਾਤੀ ਗਤੀਵਿਧੀਆਂ ਦੀਆਂ ਉਦਾਹਰਣਾਂ ਦਿੱਤੀਆਂ। ਪ੍ਰਿੰਸੀਪਲ ਸਕੱਤਰ ਨੇ 45 ਵਰ੍ਹਿਆਂ ਵਿੱਚ ਸਭ ਤੋਂ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਹੀ ਦਿੱਲੀ ਬਾਰੇ ਵੀ ਗੱਲ ਕੀਤੀ।
ਪ੍ਰਿੰਸੀਪਲ ਸਕੱਤਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਲਵਾਯੂ ਪਰਿਵਰਤਨ ਨਾਲ ਸਬੰਧਿਤ ਆਪਦਾਵਾਂ ਦੇ ਪ੍ਰਭਾਵ ਬਹੁਤ ਵਿਸ਼ਾਲ ਹਨ ਅਤੇ ਕੁਦਰਤ ਵਿੱਚ ਆਪਸ ਵਿੱਚ ਜੁੜੇ ਹੋਏ ਹਨ ਅਤੇ ਪਹਿਲਾਂ ਹੀ ਸਾਡੇ ਦਰਵਾਜ਼ੇ 'ਤੇ ਦਸਤਕ ਦੇ ਰਹੇ ਹਨ। ਦੁਨੀਆ ਨੂੰ ਦਰਪੇਸ਼ ਚੁਣੌਤੀਆਂ ਅਤੇ ਗ੍ਰਹਿ ਦੇ ਹਰ ਕਿਸੇ ਨੂੰ ਪ੍ਰਭਾਵਿਤ ਕਰਨ ਵਾਲੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਿੰਸੀਪਲ ਸਕੱਤਰ ਨੇ ਆਪਦਾ ਜੋਖਮ ਘਟਾਉਣ ਬਾਰੇ ਜੀ20 ਵਰਕਿੰਗ ਗਰੁੱਪ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਹਾਲਾਂਕਿ ਸਮੂਹ ਨੇ ਬਹੁਤ ਤਰੱਕੀ ਕੀਤੀ ਹੈ ਅਤੇ ਚੰਗੀ ਗਤੀ ਪੈਦਾ ਕੀਤੀ ਹੈ, ਪ੍ਰਿੰਸੀਪਲ ਸਕੱਤਰ ਨੇ ਦੁਨੀਆ ਨੂੰ ਦਰਪੇਸ਼ ਸਮੱਸਿਆਵਾਂ ਦੇ ਪੈਮਾਨੇ ਨਾਲ ਆਕਾਂਖਿਆਵਾਂ ਦਾ ਮੇਲ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਰੇਖਾਂਕਿਤ ਕੀਤਾ ਕਿ ਵਾਧੇ ਵਾਲੀ ਤਬਦੀਲੀ ਦਾ ਸਮਾਂ ਹੁਣ ਲੰਘ ਗਿਆ ਹੈ ਅਤੇ ਨਵੇਂ ਆਪਦਾ ਜੋਖਮਾਂ ਦੀ ਸਿਰਜਣਾ ਨੂੰ ਰੋਕਣ ਅਤੇ ਮੌਜੂਦਾ ਜੋਖਮਾਂ ਦੇ ਪ੍ਰਭਾਵੀ ਢੰਗ ਨਾਲ ਪ੍ਰਬੰਧਨ ਲਈ ਸਥਾਨਕ, ਰਾਸ਼ਟਰੀ ਅਤੇ ਗਲੋਬਲ ਪ੍ਰਣਾਲੀਆਂ ਦੇ ਪਰਿਵਰਤਨ ਲਈ ਪੂਰੀ ਤਿਆਰੀ ਹੈ। ਉਨ੍ਹਾਂ ਦੇ ਸਮੂਹਿਕ ਪ੍ਰਭਾਵ ਨੂੰ ਵੱਧ ਤੋਂ ਵੱਧ ਕਰਨ ਲਈ ਵਿਭਿੰਨ ਰਾਸ਼ਟਰੀ ਅਤੇ ਗਲੋਬਲ ਯਤਨਾਂ ਦੀ ਇਕਸਾਰਤਾ ਦੀ ਜ਼ਰੂਰਤ ਨੂੰ ਉਜਾਗਰ ਕਰਦੇ ਹੋਏ, ਪ੍ਰਿੰਸੀਪਲ ਸਕੱਤਰ ਨੇ ਤੰਗ ਸੰਸਥਾਗਤ ਦ੍ਰਿਸ਼ਟੀਕੋਣਾਂ ਦੁਆਰਾ ਚਲਾਏ ਗਏ ਖੰਡਿਤ ਯਤਨਾਂ ਦੀ ਬਜਾਏ ਸਮੱਸਿਆ ਨੂੰ ਹੱਲ ਕਰਨ ਵਾਲੀ ਪਹੁੰਚ ਅਪਣਾਉਣ 'ਤੇ ਜ਼ੋਰ ਦਿੱਤਾ। ਉਨ੍ਹਾਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੀ "ਸਾਰਿਆਂ ਲਈ ਸ਼ੁਰੂਆਤੀ ਚੇਤਾਵਨੀ" ਪਹਿਲ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਜੀ20 ਨੇ "ਸ਼ੁਰੂਆਤੀ ਚੇਤਾਵਨੀ ਅਤੇ ਸ਼ੁਰੂਆਤੀ ਕਾਰਵਾਈ" ਨੂੰ ਪੰਜ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਵਜੋਂ ਪਛਾਣਿਆ ਹੈ ਅਤੇ ਇਸ ‘ਤੇ ਆਪਣਾ ਪੂਰਾ ਜ਼ੋਰ ਦਿੱਤਾ ਹੈ।
ਆਪਦਾ ਜੋਖਮ ਘਟਾਉਣ ਲਈ ਵਿੱਤ ਪ੍ਰਦਾਨ ਕਰਨ ਦੇ ਖੇਤਰ ਵਿੱਚ, ਪ੍ਰਿੰਸੀਪਲ ਸਕੱਤਰ ਨੇ ਆਪਦਾ ਜੋਖਮ ਘਟਾਉਣ ਦੇ ਸਾਰੇ ਪਹਿਲੂਆਂ ਲਈ ਵਿੱਤੀ ਸਹਾਇਤਾ ਲਈ ਸਾਰੇ ਪੱਧਰਾਂ 'ਤੇ ਢਾਂਚਾਗਤ ਵਿਧੀਆਂ ਨੂੰ ਅਪਣਾਉਣ 'ਤੇ ਜ਼ੋਰ ਦਿੱਤਾ। ਪ੍ਰਿੰਸੀਪਲ ਸਕੱਤਰ ਨੇ ਕਿਹਾ ਕਿ ਭਾਰਤ ਵਿੱਚ ਪਿਛਲੇ ਕੁਝ ਵਰ੍ਹਿਆਂ ਵਿੱਚ, ਆਪਦਾ ਜੋਖਮ ਘਟਾਉਣ ਲਈ ਵਿੱਤ ਪੂਰੀ ਤਰ੍ਹਾਂ ਬਦਲ ਗਿਆ ਹੈ ਅਤੇ ਨਾ ਸਿਰਫ਼ ਆਪਦਾ ਪ੍ਰਤੀਕਿਰਿਆ ਲਈ, ਬਲਕਿ ਆਪਦਾ ਨੂੰ ਘਟਾਉਣ, ਤਿਆਰੀ ਅਤੇ ਰਿਕਵਰੀ ਲਈ ਵੀ ਵਿੱਤੀ ਸਹਾਇਤਾ ਲਈ ਇੱਕ ਪੂਰਵ-ਅਨੁਮਾਨਿਤ ਵਿਧੀ ਮੌਜੂਦ ਹੈ। ਪ੍ਰਿੰਸੀਪਲ ਸਕੱਤਰ ਨੇ ਪੁੱਛਿਆ "ਕੀ ਅਸੀਂ ਆਲਮੀ ਪੱਧਰ 'ਤੇ ਵੀ ਇਹੋ ਜਿਹਾ ਪ੍ਰਬੰਧ ਕਰ ਸਕਦੇ ਹਾਂ?" ਉਨ੍ਹਾਂ ਨੇ ਆਪਦਾ ਦੇ ਜੋਖਮ ਨੂੰ ਘਟਾਉਣ ਲਈ ਉਪਲਬਧ ਵਿੱਤ ਦੀਆਂ ਵਿਭਿੰਨ ਧਾਰਾਵਾਂ ਦਰਮਿਆਨ ਵਧੇਰੇ ਕਨਵਰਜੇਸ਼ਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਲਾਇਮੇਟ ਫਾਇਨੈਂਸ ਨੂੰ ਆਪਦਾ ਜੋਖਮ ਘਟਾਉਣ ਲਈ ਵਿੱਤ ਦਾ ਅਭਿੰਨ ਅੰਗ ਹੋਣਾ ਚਾਹੀਦਾ ਹੈ। ਪ੍ਰਿੰਸੀਪਲ ਸਕੱਤਰ ਨੇ ਆਪਦਾ ਜੋਖਮ ਘਟਾਉਣ ਦੀਆਂ ਜ਼ਰੂਰਤਾਂ ਲਈ ਪ੍ਰਾਈਵੇਟ ਫਾਇਨੈਂਸ ਨੂੰ ਜੁਟਾਉਣ ਦੀ ਚੁਣੌਤੀ ਨੂੰ ਹੱਲ ਕਰਨ 'ਤੇ ਜ਼ੋਰ ਦਿੱਤਾ। ਇੱਕ ਸਵਾਲ ਦਾ ਜਵਾਬ ਦਿੰਦੇ ਹੋਏ, ਸ਼੍ਰੀ ਮਿਸ਼ਰਾ ਨੇ ਕਿਹਾ, “ਸਰਕਾਰਾਂ ਨੂੰ ਪ੍ਰਾਈਵੇਟ ਫਾਇਨੈਂਸ ਨੂੰ ਆਪਦਾ ਜੋਖਮ ਘਟਾਉਣ ਲਈ ਆਕਰਸ਼ਿਤ ਕਰਨ ਲਈ ਕਿਸ ਤਰ੍ਹਾਂ ਦਾ ਸਮਰੱਥ ਮਾਹੌਲ ਬਣਾਉਣਾ ਚਾਹੀਦਾ ਹੈ? ਜੀ20 ਇਸ ਖੇਤਰ ਦੇ ਆਸ-ਪਾਸ ਗਤੀ ਕਿਵੇਂ ਪੈਦਾ ਕਰ ਸਕਦਾ ਹੈ ਅਤੇ ਇਹ ਸੁਨਿਸ਼ਚਿਤ ਕਰ ਸਕਦਾ ਹੈ ਕਿ ਆਪਦਾ ਜੋਖਮ ਨੂੰ ਘਟਾਉਣ ਵਿੱਚ ਪ੍ਰਾਈਵੇਟ ਨਿਵੇਸ਼ ਨਾ ਸਿਰਫ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦਾ ਪ੍ਰਗਟਾਵਾ ਹੈ ਬਲਕਿ ਫਰਮਾਂ ਦੇ ਮੁੱਖ ਕਾਰੋਬਾਰ ਦਾ ਹਿੱਸਾ ਹੈ?
ਪ੍ਰਿੰਸੀਪਲ ਸਕੱਤਰ ਨੇ ਜੀ20 ਦੇਸ਼ਾਂ, ਸੰਯੁਕਤ ਰਾਸ਼ਟਰ ਅਤੇ ਹੋਰਨਾਂ ਦੇ ਨਾਲ ਸਾਂਝੇਦਾਰੀ ਵਿੱਚ ਕੁਝ ਸਾਲ ਪਹਿਲਾਂ ਸਥਾਪਿਤ ਕੀਤੇ ਗਏ ਆਪਦਾ ਲਚੀਲੇ ਬੁਨਿਆਦੀ ਢਾਂਚੇ ਲਈ ਗੱਠਜੋੜ ਦੇ ਲਾਭਾਂ ਨੂੰ ਉਜਾਗਰ ਕੀਤਾ। ਗੱਠਜੋੜ ਦੇ ਕੰਮ ਬਾਰੇ ਬੋਲਦਿਆਂ, ਪ੍ਰਿੰਸੀਪਲ ਸਕੱਤਰ ਨੇ ਕਿਹਾ ਕਿ ਇਹ ਛੋਟੇ ਟਾਪੂ ਵਿਕਾਸਸ਼ੀਲ ਰਾਜਾਂ ਸਮੇਤ ਦੇਸ਼ਾਂ ਨੂੰ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਵਧੇਰੇ ਜੋਖਮ-ਸੂਚਿਤ ਨਿਵੇਸ਼ ਕਰਦੇ ਹੋਏ ਆਪਣੇ ਮਿਆਰਾਂ ਨੂੰ ਅੱਪਗ੍ਰੇਡ ਕਰਨ ਲਈ ਬਿਹਤਰ ਜੋਖਮ ਮੁੱਲਾਂਕਣ ਅਤੇ ਮੈਟ੍ਰਿਕਸ ਕਰਨ ਬਾਰੇ ਸੂਚਿਤ ਕਰਦਾ ਹੈ। ਉਨ੍ਹਾਂ ਪਹਿਲਾਂ ਨੂੰ ਡਿਜ਼ਾਈਨ ਕਰਦੇ ਸਮੇਂ ਇਨ੍ਹਾਂ ਵਿਚਾਰਾਂ ਨੂੰ ਵਧਾਉਣ ਅਤੇ ਪਾਇਲਟਾਂ ਤੋਂ ਪਰੇ ਸੋਚਣ ਵੱਲ ਕੰਮ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਆਪਦਾਵਾਂ ਤੋਂ ਬਾਅਦ 'ਬਿਲਡਿੰਗ ਬੈਕ ਬੈਟਰ' ਦੇ ਕੁਝ ਚੰਗੇ ਵਿਵਹਾਰਾਂ ਨੂੰ ਸੰਸਥਾਗਤ ਰੂਪ ਦੇਣ ਅਤੇ ਵਿੱਤੀ ਪ੍ਰਬੰਧਾਂ, ਸੰਸਥਾਗਤ ਵਿਧੀਆਂ ਅਤੇ ਸਮਰੱਥਾਵਾਂ ਜਿਵੇਂ 'ਰਿਸਪਾਂਸ ਲਈ ਤਿਆਰੀ' ਦੇ ਅਧਾਰ 'ਤੇ 'ਰਿਕਵਰੀ ਲਈ ਤਿਆਰੀ' ਨੂੰ ਅਪਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਪ੍ਰਿੰਸੀਪਲ ਸਕੱਤਰ ਨੇ ਵਰਕਿੰਗ ਗਰੁੱਪ ਦੁਆਰਾ ਅਪਣਾਈਆਂ ਗਈਆਂ ਸਾਰੀਆਂ ਪੰਜ ਪ੍ਰਾਥਮਿਕਤਾਵਾਂ ਵਿੱਚ ਡਿਲਿਵਰੇਬਲਸ 'ਤੇ ਮਹੱਤਵਪੂਰਨ ਪ੍ਰਗਤੀ 'ਤੇ ਤਸੱਲੀ ਪ੍ਰਗਟ ਕੀਤੀ। ਕਮਿਊਨੀਕ ਦੇ ਜ਼ੀਰੋ ਡਰਾਫਟ ਬਾਰੇ ਬੋਲਦਿਆਂ, ਜਿਸ 'ਤੇ ਅਗਲੇ ਕੁਝ ਦਿਨਾਂ ਵਿੱਚ ਚਰਚਾ ਕੀਤੀ ਜਾਵੇਗੀ, ਸ਼੍ਰੀ ਮਿਸ਼ਰਾ ਨੇ ਦੱਸਿਆ ਕਿ ਇਹ ਜੀ20 ਦੇਸ਼ਾਂ ਲਈ ਆਪਦਾ ਜੋਖਮ ਨੂੰ ਘਟਾਉਣ 'ਤੇ ਇੱਕ ਬਹੁਤ ਸਪਸ਼ਟ ਅਤੇ ਰਣਨੀਤਕ ਏਜੰਡਾ ਪੇਸ਼ ਕਰਦਾ ਹੈ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਪਿਛਲੇ ਚਾਰ ਮਹੀਨਿਆਂ ਤੋਂ ਇਸ ਵਰਕਿੰਗ ਗਰੁੱਪ ਦੇ ਵਿਚਾਰ-ਵਟਾਂਦਰੇ ਵਿੱਚ ਮੇਲ-ਮਿਲਾਪ, ਸਹਿਮਤੀ ਅਤੇ ਸਹਿ-ਰਚਨਾ ਦੀ ਭਾਵਨਾ ਅਗਲੇ ਤਿੰਨ ਦਿਨਾਂ ਵਿੱਚ ਅਤੇ ਇਸ ਤੋਂ ਬਾਅਦ ਵੀ ਕਾਇਮ ਰਹੇਗੀ।
ਪ੍ਰਿੰਸੀਪਲ ਸਕੱਤਰ ਨੇ ਇਸ ਪ੍ਰਯਤਨ ਵਿੱਚ ਗਿਆਨ ਭਾਗੀਦਾਰਾਂ (ਨੌਲੇਜ ਪਾਰਟਨਰਸ) ਤੋਂ ਮਿਲੇ ਨਿਰੰਤਰ ਸਮਰਥਨ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਵਿਸ਼ੇਸ਼ ਤੌਰ 'ਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੇ ਵਿਸ਼ੇਸ਼ ਪ੍ਰਤੀਨਿਧੀ, ਸੁਸ਼੍ਰੀ ਮਾਮੀ ਮਿਜ਼ੂਟੋਰੀ (Ms Mami Mizutori) ਦੇ ਇਸ ਸਮੂਹ ਦੇ ਕੰਮ ਵਿੱਚ ਸਹਾਇਤਾ ਕਰਨ ਲਈ ਵਿਅਕਤੀਗਤ ਸ਼ਮੂਲੀਅਤ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਵਰਕਿੰਗ ਗਰੁੱਪ ਦੇ ਏਜੰਡਾ ਨੂੰ ਰੂਪ ਦੇਣ ਵਿੱਚ ਟ੍ਰੌਇਕਾ (TROIKA) ਦੀ ਸ਼ਮੂਲੀਅਤ 'ਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਰੇਖਾਂਕਿਤ ਕੀਤਾ ਕਿ ਭਾਰਤ ਨੇ ਏਜੰਡਾ ਨੂੰ ਇੰਡੋਨੇਸ਼ੀਆ, ਜਪਾਨ ਅਤੇ ਮੈਕਸੀਕੋ ਸਮੇਤ ਪਿਛਲੀਆਂ ਪ੍ਰੈਜ਼ੀਡੈਂਸੀਆਂ ਦੁਆਰਾ ਰੱਖੀ ਗਈ ਨੀਂਹ 'ਤੇ ਅੱਗੇ ਵਧਾਇਆ ਹੈ ਅਤੇ ਬ੍ਰਾਜ਼ੀਲ ਵਿੱਚ ਇਸ ਨੂੰ ਅੱਗੇ ਵਧਾਉਣ ਲਈ ਵੀ ਉਮੀਦ ਪ੍ਰਗਟ ਕੀਤੀ ਹੈ। ਪ੍ਰਿੰਸੀਪਲ ਸਕੱਤਰ ਨੇ ਬ੍ਰਾਜ਼ੀਲ ਤੋਂ ਸਕੱਤਰ ਵੋਲਨੇਈ ਦਾ ਬੈਠਕ ਵਿੱਚ ਸੁਆਗਤ ਕੀਤਾ ਅਤੇ ਅੱਗੇ ਵਧਣ ਲਈ ਭਾਰਤ ਦੇ ਪੂਰਨ ਸਮਰਥਨ ਅਤੇ ਸ਼ਮੂਲੀਅਤ ਦਾ ਭਰੋਸਾ ਵੀ ਦਿੱਤਾ।
ਪ੍ਰਿੰਸੀਪਲ ਸਕੱਤਰ ਨੇ ਕਿਹਾ ਕਿ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਦੇ ਪਿਛਲੇ ਅੱਠ ਮਹੀਨਿਆਂ ਦੌਰਾਨ, ਪੂਰੇ ਦੇਸ਼ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਹੈ ਅਤੇ ਦੇਸ਼ ਭਰ ਵਿੱਚ ਹੁਣ ਤੱਕ 56 ਥਾਵਾਂ 'ਤੇ 177 ਬੈਠਕਾਂ ਹੋ ਚੁੱਕੀਆਂ ਹਨ। ਉਨ੍ਹਾਂ ਭਾਰਤ ਦੀ ਸਮਾਜਿਕ, ਸੱਭਿਆਚਾਰਕ ਅਤੇ ਕੁਦਰਤੀ ਵਿਵਿਧਤਾ ਦੀ ਝਲਕ ਪ੍ਰਾਪਤ ਕਰਨ ਦੇ ਨਾਲ-ਨਾਲ ਵਿਚਾਰ-ਵਟਾਂਦਰੇ ਵਿੱਚ ਪ੍ਰਤੀਨਿਧੀਆਂ ਦੀ ਸਰਗਰਮ ਭਾਗੀਦਾਰੀ ਨੂੰ ਉਜਾਗਰ ਕੀਤਾ। ਪ੍ਰਿੰਸੀਪਲ ਸਕੱਤਰ ਨੇ ਸਮਾਪਤੀ ਕਰਦਿਆਂ ਕਿਹਾ “ਜੀ20 ਏਜੰਡਾ ਦੇ ਸਾਰਥਕ ਪਹਿਲੂਆਂ ਵਿੱਚ ਬਹੁਤ ਤਰੱਕੀ ਕੀਤੀ ਗਈ ਹੈ। ਮੈਨੂੰ ਯਕੀਨ ਹੈ ਕਿ ਡੇਢ ਮਹੀਨੇ ਦੇ ਸਮੇਂ ਵਿੱਚ ਹੋਣ ਵਾਲੀ ਸਿਖਰ ਬੈਠਕ ਇੱਕ ਮਹੱਤਵਪੂਰਨ ਘਟਨਾ ਹੋਵੇਗੀ। ਇਸ ਨਤੀਜੇ ਵਿੱਚ ਤੁਹਾਡੇ ਸਾਰਿਆਂ ਦਾ ਯੋਗਦਾਨ ਮਹੱਤਵਪੂਰਨ ਹੋਵੇਗਾ।”
ਇਸ ਮੌਕੇ 'ਤੇ ਸੁਸ਼੍ਰੀ ਮਾਮੀ ਮਿਜ਼ੂਟੋਰੀ, ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੇ ਵਿਸ਼ੇਸ਼ ਪ੍ਰਤੀਨਿਧੀ; ਸ਼੍ਰੀ ਅਮਿਤਾਭ ਕਾਂਤ, ਭਾਰਤ ਦੇ ਜੀ20 ਸ਼ੇਰਪਾ; ਮਹਿਮਾਨ ਦੇਸ਼ਾਂ ਸਮੇਤ ਜੀ20 ਦੇ ਮੈਂਬਰ; ਅੰਤਰਰਾਸ਼ਟਰੀ ਸੰਸਥਾਵਾਂ ਦੇ ਅਧਿਕਾਰੀ; ਸ਼੍ਰੀ ਕਮਲ ਕਿਸ਼ੋਰ, ਵਰਕਿੰਗ ਗਰੁੱਪ ਦੇ ਚੇਅਰਮੈਨ; ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਟੀ, ਰਾਸ਼ਟਰੀ ਆਪਦਾ ਪ੍ਰਬੰਧਨ ਸੰਸਥਾਨ ਅਤੇ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਮੌਜੂਦ ਸਨ।