ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਪਰੇਸ਼ਨ ਗੰਗਾ ਵਿੱਚ ਸ਼ਾਮਲ ਹਿਤਧਾਰਕਾਂ ਦੇ ਨਾਲ ਗੱਲਬਾਤ ਕੀਤੀ। ਅਪਰੇਸ਼ਨ ਗੰਗਾ ਦੇ ਬਲ ’ਤੇ ਲਗਭਗ 23000 ਭਾਰਤੀ ਨਾਗਰਿਕਾਂ ਦੇ ਨਾਲ-ਨਾਲ 18 ਦੇਸ਼ਾਂ ਦੇ 147 ਵਿਦੇਸ਼ੀ ਨਾਗਰਿਕਾਂ ਨੂੰ ਵੀ ਯੂਕ੍ਰੇਨ ਤੋਂ ਸਫ਼ਲਤਾਪੂਰਵਕ ਸੁਰੱਖਿਅਤ ਕੱਢਿਆ ਗਿਆ।
ਗੱਲਬਾਤ ਦੇ ਦੌਰਾਨ, ਯੂਕ੍ਰੇਨ, ਪੋਲੈਂਡ, ਸਲੋਵਾਕੀਆ, ਰੋਮਾਨੀਆ ਅਤੇ ਹੰਗਰੀ ਵਿੱਚ ਭਾਰਤੀ ਸਮੁਦਾਇ ਅਤੇ ਨਿਜੀ ਖੇਤਰ ਦੇ ਪ੍ਰਤੀਨਿਧੀਆਂ ਦੇ ਅਪਰੇਸ਼ਨ ਗੰਗਾ ਦਾ ਹਿੱਸਾ ਬਣਨ ਦੇ ਅਪਣੇ ਅਨੁਭਵ, ਉਨ੍ਹਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਬਾਰੇ ਦੱਸਿਆ ਅਤੇ ਇਸ ਤਰ੍ਹਾਂ ਦੇ ਇੱਕ ਜਟਿਲ ਮਾਨਵੀ ਅਪਰੇਸ਼ਨ ਵਿੱਚ ਆਪਣੇ ਯੋਗਦਾਨ ’ਤੇ ਸੰਤੋਸ਼ ਅਤੇ ਸਨਮਾਨ ਦੀ ਭਾਵਨਾ ਵਿਅਕਤ ਕੀਤੀ।
ਪ੍ਰਧਾਨ ਮੰਤਰੀ ਨੇ ਭਾਰਤੀ ਸਮੁਦਾਇ ਦੇ ਨੇਤਾਵਾਂ, ਵਲੰਟੀਅਰ ਗਰੁੱਪਾਂ, ਕੰਪਨੀਆਂ, ਪ੍ਰਾਈਵੇਟ ਵਿਅਕਤੀਆਂ ਅਤੇ ਸਰਕਾਰੀ ਅਧਿਕਾਰੀਆਂ ਦੀ ਅਤਿਅਧਿਕ ਸਰਾਹਨਾ ਕੀਤੀ, ਜਿਨ੍ਹਾਂ ਨੇ ਅਪਰੇਸ਼ਨ ਦੀ ਸਫ਼ਲਤਾ ਦੇ ਲਈ ਅਣਥੱਕ ਪ੍ਰਯਾਸ ਕੀਤਾ। ਉਨ੍ਹਾਂ ਨੇ ਅਪਰੇਸ਼ਨ ਗੰਗਾ ਵਿੱਚ ਸ਼ਾਮਲ ਸਾਰੇ ਹਿਤਧਾਰਕਾਂ ਦੁਆਰਾ ਪ੍ਰਦਰਸ਼ਤ ਦੇਸ਼ ਭਗਤੀ ਦੇ ਉਤਸ਼ਾਹ, ਸਮੁਦਾਇਕ ਸੇਵਾ ਦੀ ਭਾਵਨਾ ਅਤੇ ਟੀਮ ਭਾਵਨਾ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੌਰ ’ਤੇ ਵਿਭਿੰਨ ਸਮੁਦਾਇਕ ਸੰਗਠਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਨਿਰਸੁਆਰਥ ਸੇਵਾ ਭਾਰਤੀ ਸੱਭਿਅਤਾ ਦੀਆਂ ਕਦਰਾਂ-ਕੀਮਤਾਂ ਦੀ ਉਦਹਾਰਣ ਹੈ ਜੋ ਉਹ ਵਿਦੇਸ਼ੀ ਧਰਤੀ ’ਤੇ ਵੀ ਅਪਣਾਉਂਦੇ ਹਨ।
ਸੰਕਟ ਦੇ ਦੌਰਾਨ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਸਰਕਾਰ ਦੁਆਰਾ ਕੀਤੇ ਗਏ ਪ੍ਰਯਾਸਾਂ ਬਾਰੇ ਪ੍ਰਧਾਨ ਮੰਤਰੀ ਨੇ ਯੂਕ੍ਰੇਨ ਅਤੇ ਉਸ ਦੇ ਗੁਆਂਢੀ ਦੇਸ਼ਾਂ ਦੇ ਨੇਤਾਵਾਂ ਦੇ ਨਾਲ ਆਪਣੀ ਵਿਅਕਤੀਗਤ ਗੱਲਬਾਤ ਨੂੰ ਯਾਦ ਕੀਤਾ ਅਤੇ ਸਾਰੀਆਂ ਵਿਦੇਸ਼ੀ ਸਰਕਾਰਾਂ ਤੋਂ ਪ੍ਰਾਪਤ ਸਮਰਥਨ ਲਈ ਆਭਾਰ ਵਿਅਕਤ ਕੀਤਾ।
ਵਿਦੇਸ਼ਾਂ ਵਿੱਚ ਭਾਰਤੀਆਂ ਦੀ ਸੁਰੱਖਿਆ ਨੂੰ ਸਰਕਾਰ ਦੁਆਰਾ ਦਿੱਤੀ ਜਾਣ ਵਾਲੀ ਉੱਚ ਪ੍ਰਾਥਮਿਕਤਾ ਨੂੰ ਦੁਹਰਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਕਿਸੇ ਵੀ ਅੰਤਰਰਾਸ਼ਟਰੀ ਸੰਕਟ ਦੇ ਦੌਰਾਨ ਆਪਣੇ ਨਾਗਰਿਕਾਂ ਦੀ ਸਹਾਇਤਾ ਦੇ ਲਈ ਹਮੇਸ਼ਾ ਤਤਪਰਤਾ ਨਾਲ ਕੰਮ ਕੀਤਾ ਹੈ। ਭਾਰਤ ਨੇ ਵਸੁਧੈਵ ਕੁਟੁੰਬਕਮ ਦੇ ਆਪਣੇ ਸਦੀਆਂ ਪੁਰਾਣੇ ਫ਼ਲਸਫ਼ੇ ਤੋਂ ਪ੍ਰੇਰਿਤ ਹੋ ਕੇ, ਐਮਰਜੈਂਸੀ ਸਥਿਤੀਆਂ ਦੇ ਦੌਰਾਨ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਮਾਨਵੀ ਸਹਾਇਤਾ ਪ੍ਰਦਾਨ ਕੀਤੀ ਹੈ।