21ਵੇਂ ਆਸਿਆਨ-ਭਾਰਤ ਅਤੇ 19ਵੇਂ ਪੂਰਬੀ ਏਸ਼ਿਆ ਸਮਿਟ ਵਿੱਚ ਹਿੱਸਾ ਲੈਣ ਲਈ ਲਾਓਸ ਦੇ ਪ੍ਰਧਾਨ ਮੰਤਰੀ ਸ਼੍ਰੀ ਸੋਨੇਕਸੇ ਸ਼ਿਫਾਨਡੋਨ ਦੇ ਸੱਦੇ ‘ਤੇ ਅੱਜ ਮੈਂ ਵਿਏਟਿਯਾਨ ਦੀ ਦੋ ਦਿਨਾਂ ਦੀ ਯਾਤਰਾ ‘ਤੇ ਜਾ ਰਿਹਾ ਹਾਂ।
ਇਸ ਵਰ੍ਹੇ ਅਸੀਂ ਆਪਣੀ ਐਕਟ ਈਸਟ ਪਾਲਿਸੀ ਦਾ ਇੱਕ ਦਹਾਕਾ ਪੂਰਾ ਕਰ ਰਹੇ ਹਾਂ। ਮੈਂ ਆਸਿਆਨ ਲੀਡਰਸ ਦੇ ਨਾਲ ਮਿਲ ਕੇ ਸਾਡੀ ਵਿਆਪਕ ਰਣਨੀਤਕ ਸਾਂਝੇਦਾਰੀ ਵਿੱਚ ਪ੍ਰਗਤੀ ਦੀ ਸਮੀਖਿਆ ਕਰਾਂਗਾ ਅਤੇ ਸਾਡੇ ਸਹਿਯੋਗ ਦੀ ਭਵਿੱਖ ਦੀ ਦਿਸ਼ਾ ਤੈਅ ਕਰਾਂਗਾ।
ਇਹ ਪੂਰਬੀ ਏਸ਼ੀਆ ਸਮਿਟ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ ਲਈ ਚੁਣੌਤੀਆਂ ‘ਤੇ ਵਿਚਾਰ-ਚਰਚਾ ਕਰਨ ਦਾ ਅਵਸਰ ਪ੍ਰਦਾਨ ਕਰੇਗਾ।
ਅਸੀਂ ਲਾਓ ਪੀਡੀਆਰ ਸਹਿਤ ਇਸ ਖੇਤਰ ਦੇ ਨਾਲ ਗਹਿਰੇ, ਸੱਭਿਆਚਾਰਕ ਅਤੇ ਸੱਭਿਅਤਾਗਤ ਸਬੰਧ ਸਾਂਝੇ ਕਰਦੇ ਹਾਂ, ਜੋ ਬੁੱਧ ਧਰਮ ਅਤੇ ਰਾਮਾਇਣ ਦੀ ਸਾਂਝੀ ਵਿਰਾਸਤ ਨਾਲ ਸਮ੍ਰਿੱਧ ਹਨ। ਮੈਂ ਆਪਣੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਲਾਓ ਪੀਡੀਆਰ ਲੀਡਰਸ਼ਿਪ ਦੇ ਨਾਲ ਆਪਣੀਆਂ ਬੈਠਕਾਂ ਦਾ ਇੰਤਜ਼ਾਰ ਕਰ ਰਿਹਾ ਹਾਂ।
ਮੈਨੂੰ ਵਿਸ਼ਵਾਸ ਹੈ ਕਿ ਇਸ ਯਾਤਰਾ ਨਾਲ ਆਸਿਆਨ ਦੇਸ਼ਾਂ ਦੇ ਨਾਲ ਸਾਡੇ ਸਬੰਧ ਹੋਰ ਮਜ਼ਬੂਤ ਹੋਣਗੇ।