ਮੈਂ ਮਹਾਮਹਿਮ ਪ੍ਰਧਾਨ ਮੰਤਰੀ ਮਾਰੀਓ ਦ੍ਰਾਗੀ ਦੇ ਸੱਦੇ ’ਤੇ 29 ਅਕਤੂਬਰ ਤੋਂ 31 ਅਕਤੂਬਰ, 2021 ਤੱਕ ਰੋਮ, ਇਟਲੀ ਤੇ ਵੈਟਿਕਨ ਸਿਟੀ ਦੇ ਦੌਰੇ ’ਤੇ ਹੋਵਾਂਗਾ, ਉਸ ਤੋਂ ਬਾਅਦ 1 ਨਵੰਬਰ ਤੋਂ 2 ਨਵੰਬਰ, 2021 ਤੱਕ ਮਹਾਮਹਿਮ ਪ੍ਰਧਾਲ ਮੰਤਰੀ ਬੋਰਿਸ ਜੌਨਸਨ ਦੇ ਸੱਦੇ ’ਤੇ ਗਲਾਸਗੋ, ਇੰਗਲੈਂਡ ਦੀ ਯਾਤਰਾ ਕਰਾਂਗਾ।
ਰੋਮ ’ਚ, ਮੈਂ ਜੀ–20 ਦੇਸ਼ਾਂ ਦੇ ਆਗੂਆਂ ਦੇ 16ਵੇਂ ਸਿਖ਼ਰ–ਸੰਮੇਲਨ ’ਚ ਸ਼ਾਮਲ ਹੋਵਾਂਗਾ, ਜਿੱਥੇ ਮੈਂ ਮਹਾਮਾਰੀ ਤੋਂ ਬਾਅਦ ਵਿਸ਼ਵ ਅਰਥਵਿਵਸਥਾ ਤੇ ਸਿਹਤ ਦੀ ਪੁਨਰ–ਸੁਰਜੀਤੀ, ਟਿਕਾਊ ਵਿਕਾਸ ਤੇ ਜਲਵਾਯੂ ਪਰਿਵਰਤਨ ਬਾਰੇ ਹੋਰ ਜੀ–20 ਆਗੂਆਂ ਨਾਲ ਵਿਚਾਰ–ਵਟਾਂਦਰੇ ’ਚ ਸ਼ਾਮਲ ਹੋਵਾਂਗਾ। ਸਾਲ 2020 ’ਚ ਮਹਾਮਾਰੀ ਆਉਣ ਦੇ ਬਾਅਦ ਤੋਂ ਇਹ ਜੀ–20 ਦੇਸ਼ਾਂ ਦਾ ਪਹਿਲਾ ਰੂ–ਬ–ਰੂ ਸਿਖ਼ਰ–ਸੰਮੇਲਨ ਹੋਵੇਗਾ ਅਤੇ ਅਸੀਂ ਵਿਸ਼ਵ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਦੇ ਯੋਗ ਹੋਵਾਂਗੇ ਤੇ ਇਸ ਮੁੱਦੇ ’ਤੇ ਵਿਚਾਰਾਂ ਦਾ ਅਦਾਨ–ਪ੍ਰਦਾਨ ਕਰਾਂਗੇ ਕਿ ਜੀ–20 ਕਿਵੇਂ ਆਰਥਿਕ ਲਚਕਤਾ ਮਜ਼ਬੂਤ ਕਰਨ, ਮਹਾਮਾਰੀ ਤੋਂ ਬਾਅਦ ਸ਼ਮੂਲੀਅਤ ਰਾਹੀਂ ਟਿਕਾਊ ਤਰੀਕੇ ਨਾਲ ਮੁੜ–ਉਸਾਰੀ ਲਈ ਇੱਕ ਇੰਜਣ ਬਣ ਸਕਦਾ ਹੈ।
ਆਪਣੇ ਇਟਲੀ ਦੌਰੇ ਦੌਰਾਨ ਮੈਂ ਵੈਟਿਕਨ ਸਿਟੀ ਵੀ ਜਾਵਾਂਗਾ ਤੇ ਮਹਾਪਵਿੱਤਰ ਪੋਪ ਫ਼੍ਰਾਂਸਿਸ ਨੂੰ ਮਿਲਾਂਗਾ ਤੇ ਵਿਦੇਸ਼ ਮੰਤਰੀ ਮਹਾਪ੍ਰਤਿਸ਼ਿਠਤ ਕਾਰਡੀਨਲ ਪੀਟਰੋ ਪੈਰੋਲਿਨ ਨਾਲ ਮੁਲਾਕਾਤ ਕਰਾਂਗਾ।
ਜੀ–20 ਸਿਖ਼ਰ–ਸੰਮੇਲਨ ਦੇ ਚਲਦਿਆਂ ਮੈਂ ਹੋਰ ਭਾਈਵਾਲ ਦੇਸ਼ਾਂ ਦੇ ਆਗੂਆਂ ਨੂੰ ਵੀ ਮਿਲਾਂਗਾ ਤੇ ਉਨ੍ਹਾਂ ਨਾਲ ਭਾਰਤ ਦੇ ਦੁਵੱਲੇ ਸਬੰਧਾਂ ਵਿੱਚ ਪ੍ਰਗਤੀ ਦੀ ਸਮੀਖਿਆ ਕਰਾਂਗਾ।
31 ਅਕਤੂਬਰ ਨੂੰ ਜੀ–20 ਦੇਸ਼ਾਂ ਦੇ ਸਿਖ਼ਰ–ਸੰਮੇਲਨ ਦੀ ਸਮਾਪਤੀ ਮੌਕੇ, ਮੈਂ ‘ਜਲਵਾਯੂ ਪਰਿਵਰਤਨ ਬਾਰੇ ਸੰਯੁਕਤ ਰਾਸ਼ਟਰ ਦੀ ਢਾਂਚਾਗਤ ਕਨਵੈਸ਼ਨ’ (UNFCCC) ਦੀ ‘26ਵੀਂ ਕਾਨਫ਼ਰੰਸ ਆਵ੍ ਪਾਰਟੀਜ਼’ (COP-26) ਵਿੱਚ ਸ਼ਾਮਲ ਹੋਣ ਲਈ ਗਲਾਸਗੋ ਰਵਾਨਾ ਹੋਵਾਂਗਾ। ਮੈਂ 1–2 ਨਵੰਬਰ, 2021 ਨੂੰ ‘ਵਿਸ਼ਵ ਆਗੂਆਂ ਦਾ ਸਿਖ਼ਰ–ਸੰਮੇਲਨ’ (WLS) ਸਿਰਲੇਖ ਹੇਠਲੇ ‘COP-26’ ਦੇ ਉੱਚ–ਪੱਧਰੀ ਭਾਗ ਵਿੱਚ ਸ਼ਾਮਲ ਹੋਵਾਂਗਾ, ਜਿੱਥੇ ਵਿਸ਼ਵ ਦੇ ਲਗਭਗ 120 ਦੇਸ਼ਾਂ/ਸਰਕਾਰਾਂ ਦੇ ਮੁਖੀ ਮੌਜੂਦ ਹੋਣਗੇ।
ਪ੍ਰਕਿਰਤੀ ਨਾਲ ਇੱਕਸੁਰਤਾ ’ਚ ਰਹਿਣ ਅਤੇ ਇਸ ਧਰਤੀ ਲਈ ਡੂੰਘੇ ਸਤਿਕਾਰ ਦੇ ਸੱਭਿਆਚਾਰ ਦੀ ਸਾਡੀ ਰਵਾਇਤ ਦੀ ਤਰਜ਼ ’ਤੇ ਅਸੀਂ ਸਵੱਛ ਤੇ ਅਖੁੱਟ ਊਰਜਾ, ਊਰਜਾ ਕਾਰਜਕੁਸ਼ਲਤਾ, ਵਣ ਲਾਉਣ ਤੇ ਜੈਵਿਕ ਵਿਵਿਧਤਾ ਦਾ ਪਸਾਰ ਕਰਨ ਬਾਰੇ ਉਦੇਸ਼ਮੁਖੀ ਕਾਰਵਾਈ ਕਰ ਰਹੇ ਹਾਂ। ਅੱਜ, ਭਾਰਤ ਜਲਵਾਯੂ ਅਨੁਕੂਲਣ, ਉਸ ਦਾ ਅਸਰ ਘਟਾਉਣ ਤੇ ਲਚਕਤਾ ਬਹੁ–ਪੱਖੀ ਗੱਠਜੋੜ ਬਣਾਉਣ ਲਈ ਸਮੂਹਿਕ ਕੋਸ਼ਿਸ਼ ਵਿੱਚ ਨਵੇਂ ਰਿਕਾਰਡ ਬਣਾ ਰਿਹਾ ਹੈ। ਸਥਾਪਿਤ ਅਖੁੱਟ ਊਰਜਾ, ਪੌਣ ਤੇ ਸੂਰਜੀ ਊਰਜਾ ਦੀ ਸਮਰੱਥਾ ਦੇ ਮਾਮਲੇ ਵਿੱਚ ਭਾਰਤ ਦੁਨੀਆ ਦੇ ਚੋਟੀ ਦੇ ਦੇਸ਼ਾਂ ’ਚ ਸ਼ਾਮਲ ਹੈ। WLS ’ਚ, ਮੈਂ ਜਲਵਾਯੂ ਕਾਰਵਾਈ ਤੇ ਸਾਡੀਆਂ ਪ੍ਰਾਪਤੀਆਂ ਬਾਰੇ ਭਾਰਤ ਦਾ ਸ਼ਾਨਦਾਰ ਟ੍ਰੈਕ ਰਿਕਾਰਡ ਸਾਂਝਾ ਕਰਾਂਗਾ।
ਮੈਂ ਕਾਰਬਨ ਸਪੇਸ ਦੀ ਇੱਕਸਮਾਨ ਵੰਡ,, ਜਲਵਾਯੂ ਦੇ ਅਸਰ ਘਟਾਉਣ ਅਨੁਕੂਲਣ ਤੇ ਲਚਕਤਾ ਉਸਾਰੀ ਦੇ ਕਦਮਾਂ ਵਿੱਚ ਮਦਦ, ਵਿੱਤ ਦੀ ਗਤੀਸ਼ੀਲਤਾ, ਟੈਕਨੋਲੋਜੀ ਟ੍ਰਾਂਸਫ਼ਰ ਅਤੇ ਗ੍ਰੀਨ ਤੇ ਸਮਾਵੇਸ਼ੀ ਵਿਕਾਸ ਲਈ ਟਿਕਾਊ ਜੀਵਨ–ਸ਼ੈਲੀਆਂ ਦੇ ਮਹੱਤਵ ਦੇ ਵਿਆਪਕ ਹੱਲ ਨੂੰ ਵੀ ਉਜਾਗਰ ਕਰਾਂਗਾ।
COP26 ਸਿਖ਼ਰ–ਸੰਮੇਲਨ ਭਾਈਵਾਲ ਦੇਸ਼ਾਂ ਦੇ ਆਗੂਆਂ, ਇਨੋਵੇਟਰਾਂ ਤੇ ਅੰਤਰ–ਸਰਕਾਰੀ ਸੰਗਠਨਾਂ ਸਮੇਤ ਸਾਰੀਆਂ ਸਬੰਧਿਤ ਧਿਰਾਂ ਨਾਲ ਮਿਲਣ ਦਾ ਮੌਕਾ ਵੀ ਪ੍ਰਦਾਨ ਕਰੇਗਾ ਤੇ ਉੱਥੇ ਸਾਡੇ ਸਵੱਛ ਵਿਕਾਸ ਵਿੱਚ ਹੋਰ ਵਾਧਾ ਕਰਨ ਦੀਆਂ ਸੰਭਾਵਨਾਵਾਂ ਲੱਭੀਆਂ ਜਾਣਗੀਆਂ।