ਮੈਂ ਜਰਮਨੀ ਦੀ ਪ੍ਰਧਾਨਗੀ ਹੇਠ ਜੀ7 ਸਮਿਟ ਲਈ ਜਰਮਨੀ ਦੇ ਚਾਂਸਲਰ ਮਹਾਮਹਿਮ ਸ਼੍ਰੀ ਓਲਾਫ ਸਕੋਲਜ਼ ਦੇ ਸੱਦੇ 'ਤੇ ਸ਼ਲੌਸ ਐਲਮੌ (Schloss Elmau), ਜਰਮਨੀ ਦਾ ਦੌਰਾ ਕਰਾਂਗਾ। ਪਿਛਲੇ ਮਹੀਨੇ ਲਾਭਕਾਰੀ ਭਾਰਤ-ਜਰਮਨੀ ਅੰਤਰ-ਸਰਕਾਰੀ ਸਲਾਹ-ਮਸ਼ਵਰੇ (ਆਈਜੀਸੀ) ਤੋਂ ਬਾਅਦ ਚਾਂਸਲਰ ਸਕੋਲਜ਼ ਨੂੰ ਦੁਬਾਰਾ ਮਿਲਣਾ ਖੁਸ਼ੀ ਦੀ ਗੱਲ ਹੋਵੇਗੀ।
ਮਾਨਵਤਾ ਨੂੰ ਪ੍ਰਭਾਵਿਤ ਕਰਨ ਵਾਲੇ ਮਹੱਤਵਪੂਰਨ ਗਲੋਬਲ ਮੁੱਦਿਆਂ 'ਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਿੱਚ, ਜਰਮਨੀ ਨੇ ਅਰਜਨਟੀਨਾ, ਇੰਡੋਨੇਸ਼ੀਆ, ਸੇਨੇਗਲ ਅਤੇ ਦੱਖਣੀ ਅਫਰੀਕਾ ਜਿਹੇ ਹੋਰ ਲੋਕਤੰਤਰਾਂ ਨੂੰ ਵੀ ਜੀ7 ਸਮਿਟ ਲਈ ਸੱਦਾ ਦਿੱਤਾ ਹੈ। ਸਮਿਟ ਦੇ ਸੈਸ਼ਨਾਂ ਦੌਰਾਨ, ਮੈਂ ਵਾਤਾਵਰਣ, ਊਰਜਾ, ਜਲਵਾਯੂ, ਭੋਜਨ ਸੁਰੱਖਿਆ, ਸਿਹਤ, ਆਤੰਕਵਾਦ ਦਾ ਮੁਕਾਬਲਾ ਕਰਨ, ਲਿੰਗ ਸਮਾਨਤਾ ਅਤੇ ਲੋਕਤੰਤਰ ਜਿਹੇ ਪ੍ਰਮੁੱਖ ਮੁੱਦਿਆਂ 'ਤੇ ਜੀ7 ਦੇਸ਼ਾਂ, ਜੀ7 ਭਾਈਵਾਲ ਦੇਸ਼ਾਂ ਅਤੇ ਮਹਿਮਾਨ ਅੰਤਰਰਾਸ਼ਟਰੀ ਸੰਗਠਨਾਂ ਨਾਲ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਾਂਗਾ। ਮੈਂ ਸਮਿਟ ਦੌਰਾਨ ਕੁਝ ਜੀ-7 ਮੈਂਬਰ ਦੇਸ਼ਾਂ ਅਤੇ ਸੱਦੇ ਗਏ ਦੇਸ਼ਾਂ ਦੇ ਲੀਡਰਾਂ ਨੂੰ ਵੱਖਰੇ ਤੌਰ 'ਤੇ ਮਿਲਣ ਦੀ ਉਮੀਦ ਕਰਦਾ ਹਾਂ।
ਜਰਮਨੀ ਦੇ ਦੌਰੇ ਦੌਰਾਨ, ਮੈਂ ਪੂਰੇ ਯੂਰਪ ਤੋਂ ਭਾਰਤੀ ਡਾਇਸਪੋਰਾ ਦੇ ਮੈਂਬਰਾਂ ਨੂੰ ਮਿਲਣ ਦੀ ਵੀ ਉਮੀਦ ਕਰਦਾ ਹਾਂ, ਜੋ ਆਪਣੀਆਂ ਸਥਾਨਕ ਅਰਥਵਿਵਸਥਾਵਾਂ ਵਿੱਚ ਵੱਡਾ ਯੋਗਦਾਨ ਪਾਉਣ ਦੇ ਨਾਲ-ਨਾਲ, ਯੂਰਪੀਅਨ ਦੇਸ਼ਾਂ ਨਾਲ ਸਾਡੇ ਸਬੰਧਾਂ ਨੂੰ ਵੀ ਮਜ਼ਬੂਤ ਕਰ ਰਹੇ ਹਨ।
ਭਾਰਤ ਵਾਪਸ ਆਉਂਦੇ ਸਮੇਂ, ਮੈਂ 28 ਜੂਨ, 2022 ਨੂੰ ਅਬੂ ਧਾਬੀ, ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਥੋੜ੍ਹੇ ਸਮੇਂ ਲਈ ਰੁਕ ਕੇ ਸੰਯੁਕਤ ਅਰਬ ਅਮੀਰਾਤ ਦੇ ਸਾਬਕਾ ਰਾਸ਼ਟਰਪਤੀ ਅਤੇ ਅਬੂ ਧਾਬੀ ਦੇ ਸਾਬਕਾ ਸ਼ਾਸਕ ਸ਼ੇਖ ਖਲੀਫਾ ਬਿਨ ਜ਼ਾਯਦ ਅਲ ਨਾਹਯਾਨ ਦੇ ਅਕਾਲ ਚਲਾਣੇ 'ਤੇ ਆਪਣੀ ਵਿਅਕਤੀਗਤ ਸੰਵੇਦਨਾ ਪ੍ਰਗਟ ਕਰਨ ਲਈ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਅਤੇ ਅਬੂ ਧਾਬੀ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ ਨਾਲ ਮੁਲਾਕਾਤ ਕਰਾਂਗਾ।