ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਯੂਨਾਇਟਿਡ ਕਿੰਗਡਮ ਦੇ ਮਹਾਮਹਿਮ ਕਿੰਗ ਚਾਰਲਸ III ਦੇ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ।
ਯੂਨਾਇਟਿਡ ਕਿੰਗਡਮ ਦੇ ਕਿੰਗ (ਰਾਜੇ) ਦਾ ਅਹੁਦਾ ਸੰਭਾਲਣ ਤੋਂ ਬਾਅਦ ਮਹਾਮਹਿਮ ਦੇ ਨਾਲ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਗੱਲਬਾਤ ਸੀ। ਪ੍ਰਧਾਨ ਮੰਤਰੀ ਨੇ ਚਾਰਲਸ III ਨੂੰ ਉਨ੍ਹਾਂ ਦੇ ਇੱਕ ਬੇਹੱਦ ਸਫ਼ਲ ਸ਼ਾਸਨਕਾਲ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਗੱਲਬਾਤ ਦੇ ਦੌਰਾਨ ਪਰਸਪਰ ਹਿਤ ਦੇ ਕਈ ਵਿਸ਼ਿਆਂ 'ਤੇ ਚਰਚਾ ਕੀਤੀ ਗਈ, ਜਿਨ੍ਹਾਂ ਵਿੱਚ ਜਲਵਾਯੂ ਕਾਰਵਾਈ, ਜੈਵ ਵਿਵਿਧਤਾ ਦੀ ਸੰਭਾਲ਼, ਊਰਜਾ ਦੇ ਖੇਤਰ ਵਿੱਚ ਬਦਲਾਵਾਂ ਦੇ ਵਿੱਤ-ਪੋਸ਼ਣ ਦੇ ਲਈ ਰਚਨਾਤਮਕ ਉਪਾਅ ਆਦਿ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਇਨ੍ਹਾਂ ਮੁੱਦਿਆਂ 'ਤੇ ਮਹਾਮਹਿਮ ਦੀ ਨਿਰੰਤਰ ਰੁਚੀ ਅਤੇ ਹਿਮਾਇਤ ਦੇ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।
ਪ੍ਰਧਾਨ ਮੰਤਰੀ ਨੇ ਮਹਾਮਹਿਮ ਨੂੰ ਡਿਜੀਟਲ ਜਨਤਕ ਉਤਪਾਦਾਂ ਨੂੰ ਹੁਲਾਰਾ ਦੇਣ ਸਹਿਤ ਜੀ20 ਦੀ ਪ੍ਰੈਜ਼ੀਡੈਂਸੀ ਦੇ ਦੌਰਾਨ ਭਾਰਤ ਦੀਆਂ ਪ੍ਰਾਥਮਿਕਤਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮਿਸ਼ਨ ਲਾਈਫ (LiFE) - ਲਾਈਫਸਟਾਈਲ ਫੌਰ ਦ ਐਨਵਾਇਰਮੈਂਟ ਦੀ ਪ੍ਰਾਸੰਗਿਕਤਾ ਬਾਰੇ ਵੀ ਦੱਸਿਆ, ਜਿਸ ਦੇ ਜ਼ਰੀਏ ਭਾਰਤ ਵਾਤਾਵਰਣ ਦੇ ਅਨੁਕੂਲ ਨਿਯਮਿਤ ਜੀਵਨ ਸ਼ੈਲੀ ਨੂੰ ਹੁਲਾਰਾ ਦੇਣਾ ਚਾਹੁੰਦਾ ਹੈ।
ਦੋਹਾਂ ਨੇਤਾਵਾਂ ਨੇ ਰਾਸ਼ਟਰਮੰਡਲ ਅਤੇ ਇਸ ਦੇ ਕੰਮਕਾਜ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ "ਲਿਵਿੰਗ ਬ੍ਰਿਜ" (ਜੀਵੰਤ ਸੇਤੂ) ਦੇ ਰੂਪ ਵਿੱਚ ਕਾਰਜ ਕਰਨ ਅਤੇ ਦੁਵੱਲੇ ਸਬੰਧਾਂ ਨੂੰ ਸਮ੍ਰਿੱਧ ਬਣਾਉਣ ਵਿੱਚ ਯੂਨਾਇਟਿਡ ਕਿੰਗਡਮ ਵਿੱਚ ਰਹਿਣ ਵਾਲੇ ਭਾਰਤੀ ਸਮੁਦਾਇ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ।