ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ ਤੂਤੀਕੋਰਿਨ ਅੰਤਰਰਾਸ਼ਟਰੀ ਕੰਟੇਨਰ ਟਰਮੀਨਲ ਦੇ ਉਦਘਾਟਨ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ ਦੇ ਵਿਕਸਿਤ ਰਾਸ਼ਟਰ ਬਣਨ ਦੀ ਯਾਤਰਾ ਦਾ ਇੱਕ ਅਹਿਮ ਪੜਾਅ ਹੈ। ਉਨ੍ਹਾਂ ਨੇ ਨਵੇਂ ਤੂਤੀਕੋਰਿਨ ਅੰਤਰਰਾਸ਼ਟਰੀ ਕੰਟੇਨਰ ਟਰਮੀਨਲ ਨੂੰ ‘ਭਾਰਤ ਦੇ ਸਮੁੰਦਰੀ ਬੁਨਿਆਦੀ ਢਾਂਚੇ ਦੀ ਇੱਕ ਨਵੀਂ ਉਪਲਬਧੀ’ ਦੱਸਿਆ। ਵੀ. ਓ. ਚਿਦੰਬਰਨਾਰ ਬੰਦਰਗਾਹ ਦੇ ਵਿਸਤਾਰ ਵਿੱਚ ਤੂਤੀਕੋਰਿਨ ਅੰਤਰਰਾਸ਼ਟਰੀ ਕੰਟੇਨਰ ਟਰਮੀਨਲ ਦੀ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ 14 ਮੀਟਰ ਤੋਂ ਵੱਧ ਡੂੰਘੇ ਡ੍ਰਾਫਟ ਅਤੇ 300 ਮੀਟਰ ਤੋਂ ਅਧਿਕ ਲੰਬੇ ਬਰਥ ਦੇ ਨਾਲ, ਇਹ ਟਰਮੀਨਲ ਵੀ. ਓ. ਸੀ. ਬੰਦਰਗਾਹ ਦੀ ਸਮਰੱਥਾ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ।
ਉਨ੍ਹਾਂ ਨੇ ਕਿਹਾ ਕਿ ਇਸ ਨਵੇਂ ਟਰਮੀਨਲ ਨਾਲ ਵੀ. ਓ. ਚਿਦੰਬਰਨਾਰ ਬੰਦਰਗਾਹ ‘ਤੇ ਲੌਜਿਸਟਿਕ ਲਾਗਤ ਘੱਟ ਹੋਣ ਦੇ ਨਾਲ ਭਾਰਤ ਦੇ ਲਈ ਵਿਦੇਸ਼ੀ ਮੁਦ੍ਰਾ ਦੀ ਬਚਤ ਵੀ ਹੋਵੇਗੀ। ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਵੀ. ਓ. ਸੀ. ਬੰਦਰਗਾਹ ਨਾਲ ਸਬੰਧਿਤ ਕਈ ਪ੍ਰੋਜੈਕਟਾਂ ਨੂੰ ਯਾਦ ਕੀਤਾ ਜੋ ਦੋ ਸਾਲ ਪਹਿਲਾਂ ਉਨ੍ਹਾਂ ਦੀ ਤਮਿਲ ਨਾਡੂ ਯਾਤਰਾ ਦੇ ਦੌਰਾਨ ਸ਼ੁਰੂ ਕੀਤੇ ਗਏ ਸਨ। ਪ੍ਰਧਾਨ ਮੰਤਰੀ ਨੇ ਪ੍ਰੋਜੈਕਟਾਂ ਦਾ ਕਾਰਜ ਤੇਜ਼ੀ ਨਾਲ ਪੂਰਾ ਹੋਣ ‘ਤੇ ਸੰਤੋਸ਼ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਜੈਂਡਰ ਡਾਇਵਰਸਿਟੀ ਦੇ ਪ੍ਰਤੀ ਪ੍ਰਤੀਬੱਧਤਾ ਇਸ ਟਰਮੀਨਲ ਦੀਆਂ ਪ੍ਰਮੁੱਖ ਉਪਲਬਧੀਆਂ ਵਿੱਚੋਂ ਇੱਕ ਹੈ, ਜਿਸ ਵਿੱਚ 40 ਪ੍ਰਤੀਸ਼ਤ ਕਰਮਚਾਰੀ ਮਹਿਲਾਵਾਂ ਹਨ ਅਤੇ ਇਹ ਸਮੁੰਦਰੀ ਖੇਤਰ ਵਿੱਚ ਮਹਿਲਾਵਾਂ ਦੀ ਅਗਵਾਈ ਦੇ ਵਿਕਾਸ ਦਾ ਪ੍ਰਤੀਕ ਹੈ।
ਭਾਰਤ ਦੇ ਆਰਥਿਕ ਵਿਕਾਸ ਨੂੰ ਗਤੀ ਦੇਣ ਵਿੱਚ ਤਮਿਲ ਨਾਡੂ ਦੇ ਸਮੁੰਦਰ ਤਟ ਦੀ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਤਿੰਨ ਪ੍ਰਮੁੱਖ ਬੰਦਰਗਾਹਾਂ ਅਤੇ 17 ਗੈਰ-ਪ੍ਰਮੁੱਖ ਬੰਦਰਗਾਹਾਂ ਦੇ ਨਾਲ, ਤਮਿਲ ਨਾਡੂ ਸਮੁੰਦਰੀ ਵਪਾਰ ਦਾ ਇੱਕ ਪ੍ਰਮੁੱਖ ਕੇਂਦਰ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬੰਦਰਗਾਹ ਅਧਾਰਿਤ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ, ਭਾਰਤ ਬਾਹਰੀ ਬੰਦਰਗਾਹ ਕੰਟੇਨਰ ਟਰਮੀਨਲ ਦੇ ਵਿਕਾਸ ਵਿੱਚ 7,000 ਕਰੋੜ ਰੁਪਏ ਤੋਂ ਅਧਿਕ ਦਾ ਨਿਵੇਸ਼ ਕਰ ਰਿਹਾ ਹੈ ਅਤੇ ਵੀ. ਓ. ਸੀ. ਬੰਦਰਗਾਹ ਦੀ ਸਮਰੱਥਾ ਲਗਾਤਾਰ ਵਧ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਵੀ. ਓ. ਸੀ. ਬੰਦਰਗਾਹ ਭਾਰਤ ਦੇ ਸਮੁੰਦਰੀ ਵਿਕਾਸ ਦਾ ਇੱਕ ਨਵਾਂ ਅਧਿਆਏ ਲਿਖਣ ਦੇ ਲਈ ਤਿਆਰ ਹੈ।
ਸ਼੍ਰੀ ਮੋਦੀ ਨੇ ਭਾਰਤ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਤੋਂ ਪਰੇ, ਵਿਆਪਕ ਸਮੁੰਦਰੀ ਮਿਸ਼ਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿਸ਼ਵ ਨੂੰ ਟਿਕਾਊ ਵਿਕਾਸ ਅਤੇ ਦੂਰ-ਦਰਸ਼ੀ ਸੋਚ ਦਾ ਰਸਤਾ ਦਿਖਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਵੀ. ਓ. ਸੀ. ਬੰਦਰਗਾਹ ਨੂੰ ਹਰਿਤ ਹਾਈਡ੍ਰੋਜਨ ਕੇਂਦਰ ਅਤੇ ਔਫਸ਼ੋਰ ਵਿੰਡ ਐਨਰਜੀ ਦੇ ਲਈ ਨੋਡਲ ਬੰਦਰਗਾਹ ਦੇ ਰੂਪ ਵਿੱਚ ਮਾਣਤਾ ਦਿੱਤੀ ਜਾ ਰਹੀ ਹੈ। ਇਹ ਪਹਿਲ ਜਲਵਾਯੂ ਪਰਿਵਰਤਨ ਦੀਆਂ ਆਲਮੀ ਚੁਣੌਤੀਆਂ ਨਾਲ ਨਿਪਟਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨੋਵੇਸ਼ਨ ਅਤੇ ਸਹਿਯੋਗ ਭਾਰਤ ਦੀ ਵਿਕਾਸ ਯਾਤਰਾ ਵਿੱਚ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਨੇ ਕਿਹਾ ਕਿ ਟਰਮੀਨਲ ਦਾ ਉਦਘਾਟਨ ਸਮੂਹਿਕ ਸ਼ਕਤੀ ਦਾ ਪ੍ਰਮਾਣ ਹੈ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਹੁਣ ਸੜਕਾਂ, ਰਾਜਮਾਰਗਾਂ, ਜਲਮਾਰਗਾਂ ਅਤੇ ਵਾਯੂਮਾਰਗਾਂ ਦੇ ਵਿਸ਼ਾਲ ਨੈੱਟਵਰਕ ਤੋਂ ਬਿਹਤਰ ਢੰਗ ਨਾਲ ਜੁੜਿਆ ਹੋਇਆ ਹੈ ਅਤੇ ਇਸ ਜੁੜਾਅ ਨਾਲ ਗਲੋਬਲ ਟ੍ਰੇਡ ਵਿੱਚ ਦੇਸ਼ ਦੀ ਸਥਿਤੀ ਮਜ਼ਬੂਤ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਗਲੋਬਲ ਸਪਲਾਈ ਚੇਨ ਵਿੱਚ ਇੱਕ ਪ੍ਰਮੁੱਖ ਹਿਤਧਾਰਕ ਬਣ ਰਿਹਾ ਹੈ ਅਤੇ ਇਹ ਵਧਦੀ ਸਮਰੱਥਾ ਸਾਡੇ ਆਰਥਿਕ ਵਾਧੇ ਦੀ ਨੀਂਹ ਹੈ। ਸ਼੍ਰੀ ਮੋਦੀ ਨੇ ਆਪਣੇ ਸੰਬੋਧਨ ਦਾ ਸਮਾਪਨ ਇਸ ਵਿਸ਼ਵਾਸ ਦੇ ਨਾਲ ਕੀਤਾ ਕਿ ਵਿਕਾਸ ਦੀ ਇਹ ਗਤੀ ਭਾਰਤ ਨੂੰ ਜਲਦ ਹੀ ਵਿਸ਼ਵ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਲਈ ਪ੍ਰੇਰਿਤ ਕਰੇਗੀ ਅਤੇ ਤਮਿਲ ਨਾਡੂ ਇਸ ਦਿਸ਼ਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।