ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਜ਼ਰੀਏ ਭਾਰਤ ਦੀ ਜੀ20 ਦੀ ਪ੍ਰਧਾਨਗੀ ਦੇ ਤਹਿਤ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੀ ਪਹਿਲੀ ਮੀਟਿੰਗ ਨੂੰ ਸੰਬੋਧਨ ਕੀਤਾ।
ਇਕੱਠ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਇਹ ਭਾਰਤ ਦੀ ਜੀ20 ਦੀ ਪ੍ਰਧਾਨਗੀ ਦੇ ਤਹਿਤ ਪਹਿਲੀ ਮੰਤਰੀ-ਪੱਧਰੀ ਵਾਰਤਾ ਹੈ। ਉਨ੍ਹਾਂ ਨੇ ਇੱਕ ਸਾਰਥਕ ਮੀਟਿੰਗ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਵਰਤਮਾਨ ਸਮੇਂ ਵਿੱਚ ਦੁਨੀਆ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਵੱਲ ਧਿਆਨ ਦਿਵਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੀ ਇਸ ਮੀਟਿੰਗ ਦੇ ਪ੍ਰਤਿਭਾਗੀ ਇੱਕ ਅਜਿਹੇ ਸਮੇਂ ਵਿੱਚ ਆਲਮੀ ਵਿੱਤ ਅਤੇ ਅਰਥਵਿਵਸਥਾ ਦੀ ਅਗਵਾਈ ਦਾ ਪ੍ਰਤੀਨਿਧੀਤਵ ਕਰ ਰਹੇ ਹਨ ਜਦੋਂ ਦੁਨੀਆ ਗੰਭੀਰ ਆਰਥਿਕ ਕਠਿਨਾਈਆਂ ਦਾ ਸਾਹਮਣਾ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਕੋਵਿਡ ਮਹਾਮਾਰੀ ਅਤੇ ਆਲਮੀ ਅਰਥਵਿਵਸਥਾ ’ਤੇ ਇਸ ਦੇ ਪ੍ਰਭਾਵਾਂ, ਵਧਦੇ ਭੂ-ਰਾਜਨਿਤਕ ਤਣਾਵਾਂ, ਗੋਲਬਲ ਸਪਲਾਈ ਚੇਨਜ਼ ਵਿੱਚ ਆਉਣ ਵਾਲੇ ਰੁਕਾਵਟਾਂ,, ਵਧਦੀਆਂ ਕੀਮਤਾਂ, ਖੁਰਾਕ ਅਤੇ ਊਰਜਾ ਸੁਰੱਖਿਆ, ਕਈ ਦੇਸ਼ਾਂ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਨ ਵਾਲੇ ਅਸਥਿਰ ਕਰਜ਼ ਪੱਧਰ ਅਤੇ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਦੀ ਤੇਜ਼ੀ ਨਾਲ ਸੁਧਾਰ ਲਿਆਉਣ ਵਿੱਚ ਅਸਮਰੱਥਾ ਦੇ ਕਾਰਨ ਉਨ੍ਹਾਂ ਦੇ ਪ੍ਰਤੀ ਵਿਸ਼ਵਾਸ ਘਟਣ ਦੀ ਉਦਹਾਰਣ ਦਿੱਤੀ। ਸ਼੍ਰੀ ਮੋਦੀ ਨੇ ਕਿਹਾ ਕਿ ਹੁਣ ਇਹ ਦੁਨੀਆ ਦੀਆਂ ਪ੍ਰਮੁਖ ਅਰਥਵਿਵਸਥਾਵਾਂ ਅਤੇ ਮੁਦਰਾ ਪ੍ਰਣਾਲੀਆਂ ਦੇ ਰੱਖਿਅਕਾਂ ਦੇ ਉਪਰ ਹੈ ਕਿ ਉਹ ਆਲਮੀ ਅਰਥਵਿਵਸਥਾਵਾਂ ਵਿੱਚ ਸਥਿਰਤਾ, ਵਿਸ਼ਵਾਸ ਅਤੇ ਵਿਕਾਸ ਨੂੰ ਵਾਪਸ ਲਿਆਉਣ।
ਭਾਰਤੀ ਅਰਥਵਿਵਸਥਾ ਦੀ ਜੀਵੰਤਤਾ ’ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਦੀ ਅਰਥਵਿਵਸਥਾ ਦੇ ਭਵਿੱਖ ਦੇ ਪ੍ਰਤੀ ਭਾਰਤੀ ਉਪਭੋਗਤਾਵਾਂ ਅਤੇ ਉਤਪਾਦਕਾਂ ਦੇ ਆਸ਼ਾਵਾਦ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਆਸ਼ਾ ਵਿਅਕਤ ਕੀਤੀ ਕਿ ਪ੍ਰਤਿਭਾਗੀ ਮੈਂਬਰ ਉਸੇ ਸਕਾਰਾਤਮਕ ਭਾਵਨਾ ਨੂੰ ਆਲਮੀ ਪੱਧਰ ’ਤੇ ਪ੍ਰਸਾਰਿਤ ਕਰਦੇ ਹੋਏ ਪ੍ਰੇਰਣਾ ਗ੍ਰਹਿਣ ਕਰਨਗੇ। ਪ੍ਰਧਾਨ ਮੰਤਰੀ ਨੇ ਮੈਂਬਰਾਂ ਨੂੰ ਆਪਣੀ ਚਰਚਾ ਨੂੰ ਦੁਨੀਆ ਦੇ ਸਭ ਤੋਂ ਕਮਜ਼ੋਰ ਨਾਗਰਿਕਾਂ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਤਾਕੀਦ ਕੀਤੀ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਆਲਮੀ ਆਰਥਿਕ ਅਗਵਾਈ ਇੱਕ ਸਮਾਵੇਸ਼ੀ ਏਜੰਡਾ ਬਣਾ ਕੇ ਹੀ ਦੁਨੀਆ ਦਾ ਵਿਸ਼ਵਾਸ ਵਾਪਸ ਜਿੱਤ ਸਕਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸਾਡੀ ਜੀ20 ਦੀ ਪ੍ਰਧਾਨਗੀ ਦਾ ਵਿਸ਼ਾ-ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ –ਇਸੇ ਸਮਾਵੇਸ਼ੀ ਦ੍ਰਿਸ਼ਟੀਕੋਣ ਨੂੰ ਹੁਲਾਰਾ ਦਿੰਦਾ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਟਿਕਾਊ ਵਿਕਾਸ ਲਕਸ਼ਾਂ ਦੀ ਦਿਸ਼ਾ ਵਿੱਚ ਪ੍ਰਗਤੀ ਧੀਮੀ ਹੁੰਦੀ ਮਾਹਿਸੂਸ ਪੈ ਰਹੀ ਹੈ, ਜਦੋਂ ਕਿ ਦੁਨੀਆ ਦੀ ਆਬਾਦੀ ਅੱਠ ਬਿਲੀਅਨ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਉਨ੍ਹਾਂ ਨੇ ਜਲਵਾਯੂ ਪਰਿਵਰਤਨ ਅਤੇ ਉੱਚ ਕਰਜ਼ ਪੱਧਰਾਂ ਜਿਹੀਆਂ ਆਲਮੀ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਬਹੁਪੱਖੀ ਵਿਕਾਸ ਬੈਂਕਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ’ਤੇ ਬਲ ਦਿੱਤਾ।
ਵਿੱਤੀ ਦੁਨੀਆ ਵਿੱਚ ਟੈਕਨੋਲੋਜੀ ਦੇ ਵਧਦੇ ਪ੍ਰਭੁਤਵ ’ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਇਹ ਯਾਦ ਦਿਵਾਇਆ ਹੈ ਕਿਵੇਂ ਮਹਾਮਾਰੀ ਦੇ ਦੌਰਾਨ ਡਿਜੀਟਲ ਭੁਗਤਾਨ ਨੇ ਸੰਪਰਕ ਰਹਿਤ ਅਤੇ ਨਿਰਵਿਘਨ ਲੈਣ-ਦੇਣ ਨੂੰ ਸਮਰੱਥ ਬਣਾਇਆ। ਉਨ੍ਹਾਂ ਨੇ ਪ੍ਰਤਿਭਾਗੀ ਮੈਂਬਰਾਂ ਨੂੰ ਡਿਜੀਟਲੀ ਮਾਨਕ ਵਿਕਸਿਤ ਕਰਦੇ ਹੋਏ ਟੈਕਨੋਲੋਜੀ ਦੀ ਸ਼ਕਤੀ ਦਾ ਪਤਾ ਲਗਾਉਣ ਅਤੇ ਉਸ ਦਾ ਉਪਯੋਗ ਕਰਨ ਦੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਪਿਛਲੇ ਕਝ ਵਰ੍ਹਿਆਂ ਵਿੱਚ ਆਪਣੇ ਡਿਜੀਟਲ ਭੁਗਤਾਨ ਈਕੋਸਿਸਟਮ ਵਿੱਚ ਅਤਿਅਧਿਕ ਸੁਰੱਖਿਅਤ, ਅਤਿਅਧਿਕ ਵਿਸ਼ਵਾਸਯੋਗ ਅਤੇ ਅਤਿਅਧਿਕ ਕੁਸ਼ਲ ਜਨਤਕ ਡਿਜੀਟਲ ਬੁਨਿਆਦੀ ਢਾਂਚਾ ਤਿਆਰ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਸਾਡੀ ਡਿਜੀਟਲ ਭੁਗਤਾਨ ਈਕੋਸਿਸਟਮ ਨੂੰ ਇੱਕ ਮੁਫ਼ਤ ਜਨਤਕ ਭਲਾਈ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਹੈ।” ਉਨ੍ਹਾਂ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਇਸ ਕਦਮ ਨੇ ਦੇਸ਼ ਵਿੱਚ ਸ਼ਾਸਨ, ਵਿੱਤੀ ਸਮਾਵੇਸ਼ਨ ਅਤੇ ਜੀਵਨ-ਜੀਉਣ ਵਿੱਚ ਅਸਾਨੀ ਦੀ ਦਿਸ਼ਾ ਵਿੱਚ ਵਿਆਪਕ ਬਦਲਾਅ ਸੁਨਿਸ਼ਚਿਤ ਕੀਤਾ ਹੈ। ਇਸ ਮੀਟਿੰਗ ਦੇ ਭਾਰਤ ਦੀ ਟੈਕਨੋਲੋਜੀ ਰਾਜਧਾਨੀ ਬੰਗਲੁਰੂ ਵਿੱਚ ਵੱਲ ਧਿਆਨ ਦਿਵਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਭ ਪ੍ਰਤਿਭਾਗੀ ਪ੍ਰਤੱਖ ਰੂਪ ਨਾਲ ਇਸ ਗੱਲ ਦਾ ਅਨੁਭਵ ਕਰ ਸਕਦੇ ਹਨ ਕਿ ਭਾਰਤੀ ਉਪਭੋਗਤਾਵਾਂ ਨੇ ਕਿਵੇਂ ਡਿਜੀਟਲੀ ਭੁਗਤਾਨ ਨੂੰ ਅਪਣਾਇਆ ਹੈ।
ਉਨ੍ਹਾਂ ਨੇ ਭਾਰਤ ਦੀ ਜੀ20 ਦੀ ਪ੍ਰਧਾਨਗੀ ਦੇ ਦੌਰਾਨ ਬਣਾਈ ਗਈ ਨਵੀਂ ਪ੍ਰਣਾਲੀ ਬਾਰੇ ਵੀ ਦੱਸਿਆ, ਜੋ ਜੀ20 ਮਹਿਮਾਨਾਂ ਨੂੰ ਭਾਰਤ ਦੇ ਪਥ-ਪ੍ਰਦਰਸ਼ਕ ਡਿਜੀਟਲੀ ਭੁਗਤਾਨ ਪਲੈਟਫਾਰਮ, ਯੂਪੀਆਈ ਦਾ ਉਪਯੋਗ ਕਰਨ ਦੀ ਅਨੁਮਤੀ ਦਿੰਦੀ ਹੈ। ਆਪਣੇ ਸੰਬੋਧਨ ਦੇ ਸਮਾਪਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਯੂਪੀਆਈ ਜਿਹੇ ਉਦਾਹਰਣ ਕਈ ਹੋਰ ਦੇਸ਼ਾਂ ਦੇ ਲਈ ਵੀ ਆਦਰਸ਼ ਸਾਬਿਤ ਹੋ ਸਕਦੇ ਹਨ। ਸਾਨੂੰ ਆਪਣੇ ਅਨੁਭਵ ਨੂੰ ਦੁਨੀਆ ਦੇ ਨਾਲ ਸਾਂਝਾ ਕਰਨ ਵਿੱਚ ਖੁਸ਼ੀ ਹੋਵੇਗੀ ਅਤੇ ਜੀ20 ਇਸ ਦਾ ਮਾਧਿਅਮ ਹੋ ਸਕਦਾ ਹੈ।