पुन्हा एकदा, (ਪੁਨਹਾ ਏਕਦਾ),
आपल्या सर्वांना तीन सौ पचास व्या, शिवराज्याभिषेक, सोहोळ्यानिमित्त खूप खूप शुभेच्छा !
(ਆਪਲਯਾ ਸਰਵਾਨਾਂ ਤੀਨ ਸੌ ਪਚਾਸ ਵਯਾ, ਸ਼ਿਵਰਾਜਯਾਭਿਸ਼ੇਕ, ਸੋਹੋਲਯਾਨਿਮਿਤ ਖੂਪ ਖੂਪ ਸ਼ੁਭੇਚਛਾ !)
छत्रपती शिवाजी महाराजांची, पवित्र भूमी असलेल्या, महाराष्ट्राला आणि महाराष्ट्रातील माझ्या,
(ਛਤਰਪਤੀ ਸ਼ਿਵਾਜੀ ਮਹਾਰਾਜਾਂਚੀ ਪਵਿਤ੍ਰ ਭੂਮੀ ਅਸਲੇਲਯਾ, ਮਹਾਰਾਸ਼ਟਰਾਲਾ ਆਣਿ ਮਹਾਰਾਸ਼ਟਰਾਤੀਲ ਮਾਝਯਾ,)
बंधू- भगिनींना, माझे कोटी कोटी वंदन!
(ਬੰਧੂ-ਭਗਿਨੀਂਨਾ, ਮਾਝੇ ਕੋਟੀ-ਕੋਟੀ ਵੰਦਨ !)
ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਰਾਜਯਾਭਿਸ਼ੇਕ ਦਿਵਸ (ਤਾਜਪੋਸ਼ੀ ਦਿਵਸ),ਸਾਡੇ ਸਾਰਿਆਂ ਲਈ ਨਵੀਂ ਚੇਤਨਾ, ਊਰਜਾ ਲੈ ਕੇ ਆਇਆ ਹੈ। ਮੈਂ ਆਪ ਸਭ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਛਤਰਪਤੀ ਸ਼ਿਵਾਜੀ ਮਹਾਰਾਜ ਦਾ ਰਾਜਯਾਭਿਸ਼ੇਕ ਸਾਢੇ ਤਿੰਨ ਸੌ ਸਾਲ ਪਹਿਲਾਂ ਦੇ ਉਸ ਕਾਲਖੰਡ ਦਾ ਇੱਕ ਅਦਭੁਤ ਅਤੇ ਵਿਸ਼ਿਸ਼ਟ ਅਧਿਆਇ ਹੈ।
ਇਤਿਹਾਸ ਦੇ ਉਸ ਅਧਿਆਇ ਤੋਂ ਨਿਕਲੀਆਂ ਸਵਰਾਜ, ਸੁਸ਼ਾਸਨ ਅਤੇ ਸਮ੍ਰਿੱਧੀ ਦੀਆਂ ਮਹਾਨ ਕਹਾਣੀਆਂ ਸਾਨੂੰ ਅੱਜ ਵੀ ਪ੍ਰੇਰਿਤ ਕਰਦੀਆਂ ਹਨ। ਰਾਸ਼ਟਰ ਕਲਿਆਣ ਅਤੇ ਲੋਕ ਕਲਿਆਣ ਉਨ੍ਹਾਂ ਦੀ ਸ਼ਾਸਨ ਵਿਵਸਥਾ ਦੇ ਮੂਲ ਤੱਤ ਰਹੇ ਹਨ। ਮੈਂ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਚਰਨਾਂ ਵਿੱਚ ਕੋਟਿ-ਕੋਟਿ ਨਮਨ ਕਰਦਾ ਹਾਂ। ਅੱਜ ਸਵਰਾਜ ਦੀ ਪਹਿਲੀ ਰਾਜਧਾਨੀ ਰਾਏਗੜ੍ਹ ਕਿਲੇ ਦੇ ਪ੍ਰਾਂਗਣ ਵਿੱਚ ਸ਼ਾਨਦਾਰ ਆਯੋਜਨ ਕੀਤਾ ਗਿਆ ਹੈ। ਪੂਰੇ ਮਹਾਰਾਸ਼ਟਰ ਵਿੱਚ ਅੱਜ ਦਾ ਦਿਨ ਮਹੋਤਸਵ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਪੂਰੇ ਸਾਲ ਭਰ ਇਸ ਤਰ੍ਹਾਂ ਦੇ ਆਯੋਜਨ ਮਹਾਰਾਸ਼ਟਰ ਵਿੱਚ ਹੋਣਗੇ। ਇਸ ਦੇ ਲਈ ਮੈਂ ਮਹਾਰਾਸ਼ਟਰ ਸਰਕਾਰ ਨੂੰ ਵੀ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਅੱਜ ਤੋਂ ਸਾਢੇ ਤਿੰਨ ਸੌ ਸਾਲ ਪਹਿਲਾਂ ਜਦੋਂ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਰਾਜਯਾਭਿਸ਼ੇਕ ਹੋਇਆ ਸੀ, ਤਾਂ ਉਸ ਵਿੱਚ ਸਵਰਾਜ ਦੀ ਲਲਕਾਰ ਅਤੇ ਰਾਸ਼ਟਰਵਾਦ ਦੀ ਜੈ-ਜੈਕਾਰ ਸਮਾਹਿਤ ਸੀ। ਉਨ੍ਹਾਂ ਨੇ ਹਮੇਸ਼ਾ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਸਭ ਤੋਂ ਉੱਪਰ ਰੱਖਿਆ ਸੀ। ਅੱਜ ਏਕ ਭਾਰਤ, ਸ੍ਰੇਸ਼ਠ ਭਾਰਤ ਦੇ ਵਿਜ਼ਨ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਵਿਚਾਰਾਂ ਦਾ ਹੀ ਪ੍ਰਤੀਬਿੰਬ ਦੇਖਿਆ ਜਾ ਸਕਦਾ ਹੈ।
ਸਾਥੀਓ,
ਇਤਿਹਾਸ ਦੇ ਨਾਇਕਾਂ ਤੋਂ ਲੈ ਕੇ ਅੱਜ ਦੇ ਦੌਰ ਵਿੱਚ ਲੀਡਰਸ਼ਿਪ ’ਤੇ ਰਿਸਰਚ ਕਰਨ ਵਾਲੇ ਮੈਨੇਜਮੈਂਟ ਗੁਰੂਆਂ ਤੱਕ, ਹਰ ਯੁਗ ਵਿੱਚ ਕਿਸੇ ਵੀ ਲੀਡਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੇ ਦੇਸ਼ਵਾਸੀਆਂ ਨੂੰ motivated ਅਤੇ confident ਰੱਖੇ। ਤੁਸੀਂ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਸਮੇਂ ਦੇਸ਼ ਦੀਆਂ ਪਰਿਸਥਿਤੀਆਂ ਦੀ ਕਲਪਨਾ ਕਰ ਸਕਦੇ ਹੋ। ਸੈਂਕੜਾਂ ਵਰ੍ਹਿਆਂ ਦੀ ਗ਼ੁਲਾਮੀ ਅਤੇ ਹਮਲਿਆਂ ਨੇ ਦੇਸ਼ਵਾਸੀਆਂ ਤੋਂ ਉਨ੍ਹਾਂ ਦਾ ਆਤਮ-ਵਿਸ਼ਵਾਸ ਖੋਹ ਲਿਆ ਸੀ। ਹਮਲਾਵਰਾਂ ਦੇ ਸ਼ੋਸ਼ਣ ਅਤੇ ਗ਼ਰੀਬੀ ਨੇ ਸਮਾਜ ਨੂੰ ਕਮਜ਼ੋਰ ਬਣਾ ਦਿੱਤਾ ਸੀ।
ਸਾਡੇ ਸੱਭਿਆਚਾਰਕ ਕੇਂਦਰਾਂ ’ਤੇ ਹਮਲਾ ਕਰਕੇ ਲੋਕਾਂ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਅਜਿਹੇ ਸਮੇਂ ਵਿੱਚ, ਲੋਕਾਂ ਵਿੱਚ ਆਤਮ-ਵਿਸ਼ਵਾਸ ਜਗਾਉਣਾ ਇੱਕ ਕਠਿਨ ਕਾਰਜ ਸੀ। ਲੇਕਿਨ ਛਤਰਪਤੀ ਸ਼ਿਵਾਜੀ ਮਹਾਰਾਜ ਨੇ ਨਾ ਸਿਰਫ਼ ਹਮਲਾਵਰਾਂ ਦਾ ਮੁਕਾਬਲਾ ਕੀਤਾ ਬਲਕਿ ਲੋਕਾਂ ਵਿੱਚ ਇਹ ਵਿਸ਼ਵਾਸ ਵੀ ਪੈਦਾ ਕੀਤਾ ਕਿ ਖ਼ੁਦ ਦਾ ਰਾਜ ਸੰਭਵ ਹੈ। ਉਨ੍ਹਾਂ ਨੇ ਗ਼ੁਲਾਮੀ ਦੀ ਮਾਨਸਿਕਤਾ ਨੂੰ ਖ਼ਤਮ ਕਰ ਕੇ ਲੋਕਾਂ ਨੂੰ ਰਾਸ਼ਟਰ ਨਿਰਮਾਣ ਲਈ ਪ੍ਰੇਰਿਤ ਕੀਤਾ।
ਸਾਥੀਓ,
ਅਸੀਂ ਇਹ ਵੀ ਦੇਖਿਆ ਹੈ ਕਿ ਇਤਿਹਾਸ ਵਿੱਚ ਕਈ ਅਜਿਹੇ ਸ਼ਾਸਕ ਹੋਏ ਜੋ ਆਪਣੀ ਫ਼ੌਜੀ ਤਾਕਤ ਲਈ ਜਾਣੇ ਜਾਂਦੇ ਹਨ, ਲੇਕਿਨ ਉਨ੍ਹਾਂ ਦੀ ਪ੍ਰਸ਼ਾਸਨਿਕ ਸਮਰੱਥਾ ਕਮਜ਼ੋਰ ਸੀ। ਇਸੇ ਤਰ੍ਹਾਂ, ਅਜਿਹੇ ਵੀ ਕਈ ਸ਼ਾਸਕ ਹੋਏ ਜੋ ਆਪਣੀ ਬਿਹਤਰੀਨ ਸ਼ਾਸਨ ਵਿਵਸਥਾ ਦੇ ਲਈ ਜਾਣੇ ਗਏ, ਲੇਕਿਨ ਉਨ੍ਹਾਂ ਦੀ ਫ਼ੌਜੀ ਲੀਡਰਸ਼ਿਪ ਕਮਜ਼ੋਰ ਸੀ। ਲੇਕਿਨ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਸ਼ਖ਼ਸੀਅਤ ਅਦਭੁਤ ਸੀ। ਉਨ੍ਹਾਂ ਨੇ ਸਵਰਾਜ ਦੀ ਵੀ ਸਥਾਪਨਾ ਕੀਤੀ ਅਤੇ ਸੁਰਾਜ ਨੂੰ ਵੀ ਸਾਕਾਰ ਕੀਤਾ। ਉਹ ਆਪਣੇ ਸ਼ੌਰਯ ਲਈ ਵੀ ਜਾਣੇ ਜਾਂਦੇ ਹਨ ਅਤੇ ਸੁਸ਼ਾਸਨ ਲਈ ਵੀ। ਬਹੁਤ ਛੋਟੀ ਉਮਰ ਵਿੱਚ ਉਨ੍ਹਾਂ ਨੇ ਕਿਲਿਆਂ ਨੂੰ ਜਿੱਤ ਕੇ ਅਤੇ ਦੁਸ਼ਮਣਾਂ ਨੂੰ ਹਰਾ ਕੇ ਆਪਣੀ ਫ਼ੌਜੀ ਅਗਵਾਈ ਦਾ ਪਰੀਚੈ ਦੇ ਦਿੱਤਾ। ਦੂਸਰੇ ਪਾਸੇ, ਇੱਕ ਰਾਜਾ ਦੇ ਤੌਰ ’ਤੇ, ਲੋਕ ਪ੍ਰਸ਼ਾਸਨ ਵਿੱਚ ਸੁਧਾਰਾਂ ਨੂੰ ਲਾਗੂ ਕਰ ਕੇ ਉਨ੍ਹਾਂ ਨੇ ਸੁਸ਼ਾਸਨ ਦਾ ਤਰੀਕਾ ਵੀ ਦੱਸਿਆ।
ਇੱਕ ਤਰਫ਼, ਉਨ੍ਹਾਂ ਨੇ ਹਮਲਾਵਰਾਂ ਤੋਂ ਆਪਣੇ ਰਾਜ ਅਤੇ ਸੰਸਕ੍ਰਿਤੀ ਦੀ ਰੱਖਿਆ ਕੀਤੀ, ਤਾਂ ਦੂਸਰੀ ਤਰਫ਼, ਉਨ੍ਹਾਂ ਨੇ ਰਾਸ਼ਟਰ ਨਿਰਮਾਣ ਦਾ ਵਿਆਪਕ ਵਿਜ਼ਨ ਵੀ ਸਾਹਮਣੇ ਰੱਖਿਆ। ਆਪਣੇ ਵਿਜ਼ਨ ਦੀ ਵਜ੍ਹਾ ਨਾਲ ਹੀ ਓਹ ਇਤਿਹਾਸ ਦੇ ਦੂਸਰੇ ਨਾਇਕਾਂ ਤੋਂ ਇੱਕਦਮ ਅਲਗ ਹਨ। ਉਨ੍ਹਾਂ ਨੇ ਸ਼ਾਸਨ ਦੇ ਲੋਕ ਭਲਾਈ ਚਰਿੱਤਰ ਲੋਕਾਂ ਦੇ ਸਾਹਮਣੇ ਰੱਖੇ ਅਤੇ ਉਨ੍ਹਾਂ ਨੂੰ ਆਤਮ-ਸਨਮਾਨ ਦੇ ਨਾਲ ਜੀਣ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਛਤਰਪਤੀ ਸ਼ਿਵਾਜੀ ਮਹਾਰਾਜ ਨੇ ਸਵਰਾਜ, ਧਰਮ, ਸੰਸਕ੍ਰਿਤੀ ਅਤੇ ਵਿਰਸੇ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਵੀ ਸੰਕੇਤ ਦਿੱਤਾ। ਇਸ ਨਾਲ ਜਨ-ਜਨ ਵਿੱਚ ਦ੍ਰਿੜ੍ਹ ਵਿਸ਼ਵਾਸ ਪੈਦਾ ਹੋਇਆ, ਆਤਮ-ਨਿਰਭਰਤਾ ਦੀ ਭਾਵਨਾ ਦਾ ਸੰਚਾਰ ਹੋਇਆ ਅਤੇ ਰਾਸ਼ਟਰ ਦਾ ਸਨਮਾਨ ਵਧਿਆ। ਕਿਸਾਨ ਭਲਾਈ ਹੋਵੇ, ਮਹਿਲਾ ਸਸ਼ਕਤੀਕਰਣ ਹੋਵੇ, ਸ਼ਾਸਨ-ਪ੍ਰਸ਼ਾਸਨ ਤੱਕ ਆਮ ਆਦਮੀ ਦੀ ਪਹੁੰਚ ਅਸਾਨ ਬਣਾਉਣਾ ਹੋਵੇ, ਉਨ੍ਹਾਂ ਦੇ ਕੰਮ, ਉਨ੍ਹਾਂ ਦੀ ਸ਼ਾਸਨ ਪ੍ਰਣਾਲੀ ਅਤੇ ਉਨ੍ਹਾਂ ਦੀਆਂ ਨੀਤੀਆਂ ਅੱਜ ਵੀ ਉਤਨੀ ਹੀ ਪ੍ਰਾਸੰਗਿਕ ਹਨ।
ਸਾਥੀਓ,
ਛਤਰਪਤੀ ਸ਼ਿਵਾਜੀ ਮਹਾਰਾਜ ਦੀ ਸ਼ਖਸੀਅਤ ਦੇ ਇਤਨੇ ਪਹਿਲੂ ਹਨ ਕਿ ਕਿਸੇ ਨਾ ਕਿਸੇ ਰੂਪ ਵਿੱਚ ਉਨ੍ਹਾਂ ਦਾ ਜੀਵਨ ਸਾਨੂੰ ਜ਼ਰੂਰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਨੇ ਭਾਰਤ ਦੀ ਸਮੁੰਦਰੀ ਸਮਰੱਥਾ ਨੂੰ ਪਹਿਚਾਣ ਕੇ ਜਿਸ ਤਰ੍ਹਾਂ ਜਲ ਸੈਨਾ ਦਾ ਵਿਸਤਾਰ ਕੀਤਾ, ਆਪਣਾ ਪ੍ਰਬੰਧਨ ਕੌਸ਼ਲ ਦਿਖਾਇਆ, ਉਹ ਅੱਜ ਵੀ ਸਭ ਨੂੰ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਦੇ ਬਣਾਏ ਜਲਦੁਰਗ ਸਮੁੰਦਰ ਦੇ ਵਿਚਕਾਰ, ਤੇਜ਼ ਲਹਿਰਾਂ ਅਤੇ ਜਵਾਰ-ਭਾਟਾ ਦੇ ਥਪੇੜੇ ਸਹਿਣ ਦੇ ਬਾਵਜੂਦ ਅੱਜ ਵੀ ਸ਼ਾਨ ਨਾਲ ਖੜ੍ਹੇ ਹਨ। ਉਨ੍ਹਾਂ ਨੇ ਸਮੁੰਦਰ ਦੇ ਕਿਨਾਰਿਆਂ ਤੋਂ ਲੈ ਕੇ ਪਹਾੜਾਂ ਤੱਕ ਕਿਲੇ ਬਣਵਾਏ ਅਤੇ ਆਪਣੇ ਰਾਜ ਦਾ ਵਿਸਤਾਰ ਕੀਤਾ।
ਉਸ ਕਾਲ ਵਿੱਚ ਉਨ੍ਹਾਂ ਨੇ ਜਲ ਪ੍ਰਬੰਧਨ-ਵਾਟਰ ਮੈਨੇਜਮੈਂਟ ਨਾਲ ਜੁੜੀਆਂ ਜੋ ਵਿਵਸਥਾਵਾਂ ਖੜ੍ਹੀਆਂ ਸਨ, ਉਹ ਮਾਹਿਰਾਂ ਨੂੰ ਹੈਰਤ ਵਿੱਚ ਪਾ ਦਿੰਦੀਆਂ ਹਨ। ਇਹ ਸਾਡੀ ਸਰਕਾਰ ਦਾ ਸੁਭਾਗ ਹੈ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਤੋਂ ਪ੍ਰੇਰਣਾ ਲੈ ਕੇ ਪਿਛਲੇ ਸਾਲ ਭਾਰਤ ਨੇ ਗ਼ੁਲਾਮੀ ਦੇ ਇੱਕ ਨਿਸ਼ਾਨ ਤੋਂ ਜਲ ਸੈਨਾ ਨੂੰ ਮੁਕਤੀ ਦੇ ਦਿੱਤੀ। ਭਾਰਤੀ ਜਲ ਸੈਨਾ ਦੇ ਝੰਡੇ ’ਤੇ ਅੰਗ੍ਰੇਜ਼ੀ ਸ਼ਾਸਨ ਦੀ ਪਹਿਚਾਣ ਨੂੰ ਹਟਾ ਕੇ ਸ਼ਿਵਾ ਜੀ ਮਹਾਰਾਜ ਤੋਂ ਪ੍ਰੇਰਿਤ ਉਨ੍ਹਾਂ ਦੀ ਰਾਜਮੁਦਰਾ ਨੂੰ ਜਗ੍ਹਾ ਦਿੱਤੀ ਗਈ ਹੈ। ਹੁਣ ਇਹੀ ਝੰਡਾ ਨਵੇਂ ਭਾਰਤ ਦੀ ਆਨ-ਬਾਨ-ਸ਼ਾਨ ਬਣ ਕੇ ਸਮੁੰਦਰ ਅਤੇ ਅਸਮਾਨ ਵਿੱਚ ਲਹਿਰਾ ਰਿਹਾ ਹੈ।
ਸਾਥੀਓ,
ਛਤਰਪਤੀ ਸ਼ਿਵਾਜੀ ਮਹਾਰਾਜ ਦੀ ਬਹਾਦਰੀ, ਵਿਚਾਰਧਾਰਾ ਅਤੇ ਨਿਆਂਪ੍ਰਿਅਤਾ ਨੇ ਕਈ-ਕਈ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਹੈ। ਉਨ੍ਹਾਂ ਦੀ ਸਾਹਸੀ ਕਾਰਜਸ਼ੈਲੀ, ਸਾਮਰਿਕ (ਰਣਨੀਤਕ) ਕੌਸ਼ਲ ਅਤੇ ਸ਼ਾਂਤੀਪੂਰਨ ਰਾਜਨੀਤਕ ਪ੍ਰਣਾਲੀ ਅੱਜ ਵੀ ਸਾਡੇ ਲਈ ਪ੍ਰੇਰਣਾਸਰੋਤ ਹਨ। ਸਾਨੂੰ ਇਸ ਬਾਤ ਦਾ ਮਾਣ ਹੈ ਕਿ ਦੁਨੀਆ ਦੇ ਕਈ ਦੇਸ਼ਾਂ ਵਿੱਚ ਅੱਜ ਵੀ ਛਤਰਪਤੀ ਸ਼ਿਵਾਜੀ ਮਹਾਰਾਜ ਦੀਆਂ ਨੀਤੀਆਂ ਦੀ ਚਰਚਾ ਹੁੰਦੀ ਹੈ ਅਤੇ ਉਸ ’ਤੇ ਰਿਸਰਚ ਹੁੰਦੀ ਹੈ। ਇੱਕ ਮਹੀਨੇ ਪਹਿਲਾਂ ਹੀ ਮਾਰੀਸ਼ਸ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਪ੍ਰਤਿਮਾ ਸਥਾਪਿਤ ਕੀਤੀ ਗਈ। ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਰਾਜਯਾਭਿਸ਼ੇਕ ਦੇ 350 ਸਾਲ ਪੂਰੇ ਹੋਣਾ ਇੱਕ ਪ੍ਰੇਰਣਾਦਾਇਕ ਅਵਸਰ ਹੈ। ਇਤਨੇ ਸਾਲ ਬਾਅਦ ਵੀ ਉਨ੍ਹਾਂ ਦੇ ਦੁਆਰਾ ਸਥਾਪਿਤ ਕੀਤੀਆਂ ਗਈਆਂ ਕਦਰਾਂ-ਕੀਮਤਾਂ ਸਾਨੂੰ ਅੱਗੇ ਵਧਣ ਦਾ ਮਾਰਗ ਦਿਖਾ ਰਹੀਆਂ ਹਨ। ਇਨ੍ਹਾਂ ਕਦਰਾਂ-ਕੀਮਤਾਂ ਦੇ ਅਧਾਰ ’ਤੇ ਸਾਨੂੰ ਅੰਮ੍ਰਿਤਕਾਲ ਦੀ 25 ਸਾਲਾਂ ਦੀ ਯਾਤਰਾ ਪੂਰੀ ਕਰਨੀ ਹੈ।
ਇਹ ਯਾਤਰਾ ਹੋਵੇਗੀ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਸੁਪਨਿਆਂ ਦਾ ਭਾਰਤ ਬਣਾਉਣ ਦੀ, ਇਹ ਯਾਤਰਾ ਹੋਵੇਗੀ ਸਵਰਾਜ, ਸੁਸ਼ਾਸਨ ਅਤੇ ਆਤਮ-ਨਿਰਭਰਤਾ ਦੀ, ਇਹ ਯਾਤਰਾ ਹੋਵੇਗੀ ਵਿਕਸਿਤ ਭਾਰਤ ਦੀ।
पुन्हा एकदा, आपल्या सर्वांना तीन सौ पचास व्या, शिवराज्याभिषेक, सोहोळ्यानिमित्त खूप खूप शुभेच्छा!
(ਪੁਨਹਾ ਏਕਦਾ, ਆਪਲਯਾ ਸਰਵਾਨਾਂ ਤੀਨ ਸੌ ਪਚਾਸ ਵਯਾ, ਸ਼ਿਵਰਾਜਯਾਭਿਸ਼ੇਕ, ਸੋਹੋਲਯਾਨਿਮਿਤ ਖੂਪ ਖੂਪ ਸ਼ੁਭੇਚਛਾ !)
ਜੈ ਹਿੰਦ, ਭਾਰਤ ਮਾਤਾ ਕੀ ਜੈ !