ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿੰਗਾਪੁਰ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਥਰਮਨ ਸ਼ਨਮੁਗਰਤਨਮ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਭਾਰਤ-ਸਿੰਗਾਪੁਰ ਸਾਂਝੇਦਾਰੀ ਦੇ ਪ੍ਰਤੀ ਰਾਸ਼ਟਰਪਤੀ ਥਰਮਨ ਦੇ ਮਜ਼ਬੂਤ ਸਮਰਥਨ ਦੀ ਸ਼ਲਾਘਾ ਕੀਤੀ। ਦੋਹਾਂ ਨੇਤਾਵਾਂ ਨੇ ਆਪਸੀ ਹਿਤ ਦੇ ਦੁਵੱਲੇ ਅਤੇ ਆਲਮੀ ਮੁੱਦਿਆਂ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਦੀਰਘਕਾਲੀ ਮਿੱਤਰਤਾ ਅਤੇ ਸਹਿਯੋਗ ਨੂੰ ਰੇਖਾਂਕਿਤ ਕੀਤਾ, ਜੋ ਵਿਸ਼ਵਾਸ, ਪਰਸਪਰ ਸਨਮਾਨ ਅਤੇ ਪੂਰਕਤਾ ‘ਤੇ ਅਧਾਰਿਤ ਹੈ। ਇਸ ਸਬੰਧ ਵਿੱਚ, ਦੋਹਾਂ ਨੇਤਾਵਾਂ ਨੇ ਕਿਹਾ ਕਿ ਸਬੰਧਾਂ ਨੂੰ ਵਿਆਪਕ ਰਣਨੀਤਕ ਸਾਂਝੇਦਾਰੀ ਵਿੱਚ ਉੱਨਤ ਕਰਨ ਨਾਲ ਸੰਯੁਕਤ ਸਹਿਯੋਗ ਦੇ ਲਈ ਇੱਕ ਮਜ਼ਬੂਤ ਰਸਤਾ ਤਿਆਰ ਹੋਵੇਗਾ। ਦੋਹਾਂ ਨੇਤਾਵਾਂ ਨੇ ਭਾਰਤ ਅਤੇ ਸਿੰਗਾਪੁਰ ਦੁਆਰਾ ਉੱਨਤ (ਅਡਵਾਂਸਡ) ਮੈਨੂਫੈਕਚਰਿੰਗ ਅਤੇ ਉੱਭਰਦੀਆਂ ਟੈਕਨੋਲੋਜੀਆਂ ਜਿਹੇ ਨਵੇਂ ਖੇਤਰਾਂ ਵਿੱਚ ਪਰਸਪਰ ਸਹਿਯੋਗ ਦਾ ਵਿਸਤਾਰ ਕਰਨ ਬਾਰੇ ਵਿਚਾਰ ਸਾਂਝੇ ਕੀਤੇ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ ਅਗਲੇ ਵਰ੍ਹੇ ਭਾਰਤ ਵਿੱਚ ਰਾਸ਼ਟਰਪਤੀ ਥਰਮਨ ਦਾ ਸੁਆਗਤ ਕਰਨ ਦੇ ਲਈ ਉਤਸੁਕ ਹਨ।