Terrorists had shaken Mumbai and the entire country. But it is India's strength that we recovered from that attack and are now crushing terrorism with full courage: PM Modi
26th November is very important. On this day in 1949, the Constituent Assembly adopted the Constitution of India: PM Modi
When there is 'Sabka Saath' in nation building, only then 'Sabka Vikas': PM Modi
In India today, it's evident that the 140 crore people are driving numerous changes: PM Modi
The success of 'Vocal For Local' is opening the doors to a developed India: PM Modi
This is the second consecutive year when the trend of buying goods by paying cash on Diwali is decreasing. People are making more and more digital payments: PM Modi
In contrast to a decade ago, our patents are now receiving approvals at a rate that is tenfold higher: PM Modi
One of the biggest challenges of the 21st century is – ‘Water Security’. Conserving water is no less than saving life: PM Modi

ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ, ‘ਮਨ ਕੀ ਬਾਤ’ ਵਿੱਚ ਤੁਹਾਡਾ ਸੁਆਗਤ ਹੈ, ਲੇਕਿਨ ਅੱਜ 26 ਨਵੰਬਰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ ਹਾਂ। ਅੱਜ ਦੇ ਹੀ ਦਿਨ ਦੇਸ਼ ’ਤੇ ਸਭ ਤੋਂ ਭਿਆਨਕ ਆਤੰਕਵਾਦੀ ਹਮਲਾ ਹੋਇਆ ਸੀ। ਆਤੰਕਵਾਦੀਆਂ ਨੇ ਮੁੰਬਈ ਨੂੰ, ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਲੇਕਿਨ ਇਹ ਭਾਰਤ ਦੀ ਸਮਰੱਥਾ ਹੈ ਕਿ ਅਸੀਂ ਉਸ ਹਮਲੇ ਤੋਂ ਉੱਭਰੇ ਅਤੇ ਹੁਣ ਪੂਰੇ ਹੌਂਸਲੇ ਦੇ ਨਾਲ ਆਤੰਕ ਨੂੰ ਕੁਚਲ ਭੀ ਰਹੇ ਹਾਂ। ਮੁੰਬਈ ਹਮਲੇ ਵਿੱਚ ਆਪਣਾ ਜੀਵਨ ਗਵਾਉਣ ਵਾਲੇ ਸਾਰੇ ਲੋਕਾਂ ਨੂੰ, ਮੈਂ ਸ਼ਰਧਾਂਜਲੀ ਦਿੰਦਾ ਹਾਂ। ਇਸ ਹਮਲੇ ਵਿੱਚ ਸਾਡੇ ਜੋ ਜਾਂਬਾਜ਼ ਵੀਰਗਤੀ ਨੂੰ ਪ੍ਰਾਪਤ ਹੋਏ, ਦੇਸ਼ ਅੱਜ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ।

ਮੇਰੇ ਪਰਿਵਾਰਜਨੋਂ, 26 ਨਵੰਬਰ ਦਾ ਅੱਜ ਦਾ ਇਹ ਦਿਨ ਇੱਕ ਹੋਰ ਵਜ੍ਹਾ ਨਾਲ ਭੀ ਅਤਿਅੰਤ ਮਹੱਤਵਪੂਰਨ ਹੈ। 1949 ਵਿੱਚ ਅੱਜ ਹੀ ਦੇ ਦਿਨ ਸੰਵਿਧਾਨ ਸਭਾ ਨੇ ਭਾਰਤ ਦੇ ਸੰਵਿਧਾਨ ਨੂੰ ਸਵੀਕਾਰ ਕੀਤਾ ਸੀ। ਮੈਨੂੰ ਯਾਦ ਹੈ, ਜਦੋਂ ਸਾਲ 2015 ਵਿੱਚ ਅਸੀਂ ਬਾਬਾ ਸਾਹੇਬ ਅੰਬੇਡਕਰ ਦੀ 125ਵੀਂ ਜਨਮ ਜਯੰਤੀ ਮਨਾ ਰਹੇ ਸੀ, ਉਸੇ ਸਮੇਂ ਇਹ ਵਿਚਾਰ ਆਇਆ ਸੀ ਕਿ 26 ਨਵੰਬਰ ਨੂੰ ‘ਸੰਵਿਧਾਨ ਦਿਵਸ’ ਦੇ ਤੌਰ ’ਤੇ ਮਨਾਇਆ ਜਾਵੇ ਅਤੇ ਉਦੋਂ ਤੋਂ ਹਰ ਸਾਲ ਅੱਜ ਦੇ ਇਸ ਦਿਨ ਨੂੰ ਅਸੀਂ ਸੰਵਿਧਾਨ ਦਿਵਸ ਦੇ ਰੂਪ ਵਿੱਚ ਮਨਾਉਂਦੇ ਆ ਰਹੇ ਹਾਂ। ਮੈਂ ਸਾਰੇ ਦੇਸ਼ਵਾਸੀਆਂ ਨੂੰ ਸੰਵਿਧਾਨ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਅਸੀਂ ਸਾਰੇ ਮਿਲ ਕੇ ਨਾਗਰਿਕਾਂ ਦੇ ਕਰਤੱਵਾਂ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਵਿਕਸਿਤ ਭਾਰਤ ਦੇ ਸੰਕਲਪ ਨੂੰ ਜ਼ਰੂਰ ਪੂਰਾ ਕਰਾਂਗੇ।

ਸਾਥੀਓ, ਅਸੀਂ ਸਾਰੇ ਜਾਣਦੇ ਹਾਂ ਕਿ ਸੰਵਿਧਾਨ ਦੇ ਨਿਰਮਾਣ ਵਿੱਚ 2 ਸਾਲ 11 ਮਹੀਨੇ 18 ਦਿਨ ਦਾ ਸਮਾਂ ਲਗਿਆ ਸੀ। ਸ਼੍ਰੀ ਸਚੀਦਾਨੰਦ ਸਿਨਹਾ ਜੀ ਸੰਵਿਧਾਨ ਸਭਾ ਦੇ ਸਭ ਤੋਂ ਬੁਜ਼ੁਰਗ ਮੈਂਬਰ ਸਨ। 60 ਤੋਂ ਜ਼ਿਆਦਾ ਦੇਸ਼ਾਂ ਦੇ ਸੰਵਿਧਾਨ ਦਾ ਅਧਿਐਨ ਅਤੇ ਲੰਬੀ ਚਰਚਾ ਤੋਂ ਬਾਅਦ ਸਾਡੇ ਸੰਵਿਧਾਨ ਦਾ Draft ਤਿਆਰ ਹੋਇਆ ਸੀ। Draft ਤਿਆਰ ਹੋਣ ਤੋਂ ਬਾਅਦ ਉਸ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਉਸ ਵਿੱਚ ਦੋ ਹਜ਼ਾਰ ਤੋਂ ਅਧਿਕ ਸੰਸ਼ੋਧਨ ਫਿਰ ਕੀਤੇ ਗਏ ਸਨ। 1950 ਵਿੱਚ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਵੀ ਹੁਣ ਤੱਕ ਕੁਲ 106 ਵਾਰ ਸੰਸ਼ੋਧਨ ਕੀਤੇ ਜਾ ਚੁੱਕੇ ਹਨ। ਸਮੇਂ, ਪ੍ਰਸਥਿਤੀ, ਦੇਸ਼ ਦੀ ਜ਼ਰੂਰਤ ਨੂੰ ਦੇਖਦੇ ਹੋਏ ਅਲੱਗ-ਅਲੱਗ ਸਰਕਾਰਾਂ ਨੇ ਅਲੱਗ-ਅਲੱਗ ਸਮੇਂ ’ਤੇ ਸੰਸ਼ੋਧਨ ਕੀਤੇ, ਲੇਕਿਨ ਇਹ ਭੀ ਦੁਰਭਾਗਯ ਰਿਹਾ ਕਿ ਸੰਵਿਧਾਨ ਦਾ ਪਹਿਲਾਂ ਸੰਸ਼ੋਧਨ, Freedom of Speech ਅਤੇ Freedom of Expression ਦੇ ਅਧਿਕਾਰਾਂ ਵਿੱਚ ਕਟੌਤੀ ਕਰਨ ਦੇ ਲਈ ਹੋਇਆ ਸੀ। ਉੱਥੇ ਹੀ ਸੰਵਿਧਾਨ ਦੀ 44ਵੇਂ ਸੰਸ਼ੋਧਨ ਦੇ ਮਾਧਿਅਮ ਨਾਲ Emergency ਦੌਰਾਨ ਕੀਤੀਆਂ ਗਈਆਂ ਗਲਤੀਆਂ ਨੂੰ ਸੁਧਾਰਿਆ ਗਿਆ ਸੀ।

ਸਾਥੀਓ, ਇਹ ਭੀ ਬਹੁਤ ਪ੍ਰੇਰਕ ਹੈ ਕਿ ਸੰਵਿਧਾਨ ਸਭਾ ਦੇ ਕੁਝ ਮੈਂਬਰ ਨਾਮਜ਼ਦ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 15 ਮਹਿਲਾਵਾਂ ਸਨ। ਅਜਿਹੀ ਹੀ ਇੱਕ ਮੈਂਬਰ ਹੰਸਾ ਮਹਿਤਾ ਜੀ ਨੇ ਮਹਿਲਾਵਾਂ ਦੇ ਅਧਿਕਾਰ ਅਤੇ ਨਿਆਂ ਦੀ ਆਵਾਜ਼ ਬੁਲੰਦ ਕੀਤੀ ਸੀ। ਉਸ ਦੌਰ ਵਿੱਚ ਭਾਰਤ ਉਨ੍ਹਾਂ ਕੁਝ ਦੇਸ਼ਾਂ ਵਿੱਚ ਸੀ, ਜਿੱਥੇ ਮਹਿਲਾਵਾਂ ਨੂੰ ਸੰਵਿਧਾਨ ਰਾਹੀਂ Voting ਦਾ ਅਧਿਕਾਰ ਦਿੱਤਾ। ਰਾਸ਼ਟਰ ਨਿਰਮਾਣ ਵਿੱਚ ਜਦੋਂ ਸਬਕਾ ਸਾਥ ਹੁੰਦਾ ਹੈ ਤਦ ਸਬਕਾ ਵਿਕਾਸ ਭੀ ਹੋ ਪਾਉਂਦਾ ਹੈ। ਮੈਨੂੰ ਸੰਤੋਸ਼ ਹੈ ਕਿ ਸੰਵਿਧਾਨ ਨਿਰਮਾਤਾਵਾਂ ਦੀ ਉਸੇ ਦੂਰ-ਦ੍ਰਿਸ਼ਟੀ ਦਾ ਪਾਲਣ ਕਰਦੇ ਹੋਏ, ਹੁਣ ਭਾਰਤ ਦੀ ਸੰਸਦ ਨੇ ‘ਨਾਰੀ ਸ਼ਕਤੀ ਵੰਦਨ ਅਧਿਨਿਯਮ’ ਨੂੰ ਪਾਸ ਕੀਤਾ ਹੈ। ‘ਨਾਰੀ ਸ਼ਕਤੀ ਵੰਦਨ ਅਧਿਨਿਯਮ’ ਸਾਡੇ ਲੋਕਤੰਤਰ ਦੀ ਸੰਕਲਪ ਸ਼ਕਤੀ ਦਾ ਉਦਾਹਰਣ ਹੈ। ਇਹ ਵਿਕਸਿਤ ਭਾਰਤ ਦੇ ਸਾਡੇ ਸੰਕਲਪ ਨੂੰ ਗਤੀ ਦੇਣ ਦੇ ਲਈ ਵੀ ਉਤਨਾ ਹੀ ਸਹਾਇਕ ਹੋਵੇਗਾ।

ਮੇਰੇ ਪਰਿਵਾਰਜਨੋਂ, ਰਾਸ਼ਟਰ ਨਿਰਮਾਣ ਦੀ ਕਮਾਨ ਜਦੋਂ ਜਨਤਾ-ਜਨਾਰਦਨ ਸੰਭਾਲ਼ ਲੈਂਦੀ ਹੈ ਤਾਂ ਦੁਨੀਆ ਦੀ ਕੋਈ ਵੀ ਤਾਕਤ ਉਸ ਦੇਸ਼ ਨੂੰ ਅੱਗੇ ਵਧਣ ਤੋਂ ਨਹੀਂ ਰੋਕ ਪਾਉਂਦੀ। ਅੱਜ ਭਾਰਤ ਵਿੱਚ ਭੀ ਸਪਸ਼ਟ ਦਿਖਾਈ ਦੇ ਰਿਹਾ ਹੈ ਕਿ ਕਈ ਪਰਿਵਰਤਨਾਂ ਦੀ ਅਗਵਾਈ ਦੇਸ਼ ਦੀ 140 ਕਰੋੜ ਜਨਤਾ ਹੀ ਕਰ ਰਹੀ ਹੈ। ਇਸ ਦਾ ਇੱਕ ਪ੍ਰਤੱਖ ਉਦਾਹਰਣ ਅਸੀਂ ਤਿਉਹਾਰਾਂ ਦੇ ਸਮੇਂ ਵਿੱਚ ਦੇਖਿਆ ਹੈ। ਪਿਛਲੇ ਮਹੀਨੇ ‘ਮਨ ਕੀ ਬਾਤ’ ਵਿੱਚ ਮੈਂ ‘Vocal For Local’ ਯਾਨੀ ਸਥਾਨਕ ਉਤਪਾਦਾਂ ਨੂੰ ਖਰੀਦਣ ’ਤੇ ਜ਼ੋਰ ਦਿੱਤਾ ਸੀ। ਬੀਤੇ ਕੁਝ ਦਿਨਾਮ ਦੇ ਅੰਦਰ ਹੀ ਦੀਵਾਲੀ, ਭਾਈ ਦੂਜ ਅਤੇ ਛੱਠ ’ਤੇ ਦੇਸ਼ ਵਿੱਚ 4 ਲੱਖ ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਹੋਇਆ ਹੈ ਅਤੇ ਇਸ ਦੌਰਾਨ ਭਾਰਤ ਵਿੱਚ ਬਣੇ ਉਤਪਾਦਾਂ ਨੂੰ ਖਰੀਦਣ ਦਾ ਜ਼ਬਰਦਸਤ ਉਤਸ਼ਾਹ ਲੋਕਾਂ ਵਿੱਚ ਦੇਖਿਆ ਗਿਆ। ਹੁਣ ਤਾਂ ਘਰ ਦੇ ਬੱਚੇ ਭੀ ਦੁਕਾਨ ’ਤੇ ਕੁਝ ਖਰੀਦਣ ਸਮੇਂ ਇਹ ਦੇਖਣ ਲੱਗੇ ਹਨ ਕਿ ਉਨ੍ਹਾਂ ’ਤੇ ‘Made In India’ ਲਿਖਿਆ ਹੈ ਕਿ ਜਾਂ ਨਹੀਂ ਲਿਖਿਆ ਹੈ। ਇਤਨਾ ਹੀ ਨਹੀਂ Online ਸਮਾਨ ਖਰੀਦਦੇ ਸਮੇਂ ਹੁਣ ਲੋਕ ‘Country of Origin’ ਇਸ ਨੂੰ ਵੀ ਦੇਖਣਾ ਨਹੀਂ ਭੁੱਲਦੇ ਹਨ।

ਸਾਥੀਓ, ਜਿਵੇਂ ਸਵੱਛ ਭਾਰਤ ਅਭਿਯਾਨ ਦੀ ਸਫ਼ਲਤਾ ਹੀ ਉਸ ਦੀ ਪ੍ਰੇਰਣਾ ਬਣ ਰਹੀ ਹੈ, ਵੈਸੇ ਹੀ ‘Vocal For Local’ ਦੀ ਸਫ਼ਲਤਾ, ਵਿਕਸਿਤ ਭਾਰਤ - ਸਮ੍ਰਿੱਧ ਭਾਰਤ ਦੇ ਦਰਵਾਜ਼ੇ ਖੋਲ੍ਹ ਰਹੀ ਹੈ। ‘Vocal For Local’ ਦਾ ਇਹ ਅਭਿਯਾਨ ਪੂਰੇ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤੀ ਦਿੰਦੀ ਹੈ। ‘Vocal For Local’ ਅਭਿਯਾਨ ਰੋਜ਼ਗਾਰ ਦੀ ਗਰੰਟੀ ਹੈ। ਇਹ ਵਿਕਾਸ ਦੀ ਗਰੰਟੀ ਹੈ, ਇਹ ਦੇਸ਼ ਦੇ ਸੰਤੁਲਿਤ ਵਿਕਾਸ ਦੀ ਗਰੰਟੀ ਹੈ। ਇਸ ਨਾਲ ਸ਼ਹਿਰੀ ਅਤੇ ਗ੍ਰਾਮੀਣ, ਦੋਹਾਂ ਨੂੰ ਸਮਾਨ ਅਵਸਰ ਮਿਲਦੇ ਹਨ। ਇਸ ਨਾਲ ਸਥਾਨਕ ਉਤਪਾਦਾਂ ਵਿੱਚ Value Edition ਦਾ ਭੀ ਮਾਰਗ ਬਣਦਾ ਹੈ, ਅਤੇ ਜੇਕਰ ਕਦੇ, ਆਲਮੀ ਅਰਥਵਿਵਸਥਾ ਵਿੱਚ ਉਤਰਾਅ-ਚੜ੍ਹਾਅ ਆਉਂਦਾ ਹੈ ਤਾਂ ‘Vocal For Local’ ਦਾ ਮੰਤਰ ਸਾਡੀ ਅਰਥਵਿਵਸਥਾ ਦੀ ਸੰਭਾਲ਼ ਭੀ ਕਰਦਾ ਹੈ।

ਸਾਥੀਓ, ਭਾਰਤੀ ਉਤਪਾਦਾਂ ਦੇ ਪ੍ਰਤੀ ਇਹ ਭਾਵਨਾ ਸਿਰਫ਼ ਤਿਉਹਾਰਾਂ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ ਹੈ। ਹੁਣ ਵਿਆਹਾਂ ਦਾ ਮੌਸਮ ਭੀ ਸ਼ੁਰੂ ਹੋ ਚੁੱਕਿਆ ਹੈ। ਕੁਝ ਵਪਾਰ ਸੰਗਠਨਾਮ ਦਾ ਅਨੁਮਾਨ ਹੈ ਕਿ ਸ਼ਾਦੀਆਂ ਦੇ ਇਸ season ਵਿੱਚ ਕਰੀਬ 5 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋ ਸਕਦਾ ਹੈ। ਵਿਆਹਾਂ ਨਾਲ ਜੁੜੀ ਖਰੀਦਦਾਰੀ ਵਿੱਚ ਭੀ ਤੁਸੀਂ ਸਾਰੇ ਭਾਰਤ ਵਿੱਚ ਬਣੇ ਉਤਪਾਦਾਂ ਨੂੰ ਹੀ ਮਹੱਤਵ ਦਿਓ । ਅਤੇ ਹਾਂ, ਜਦੋਂ ਵਿਆਹ ਦੀ ਗੱਲ ਨਿਕਲੀ ਹੈ ਤਾਂ ਇੱਕ ਗੱਲ ਮੈਨੂੰ ਲੰਮੇ ਅਰਸੇ ਤੋਂ ਕਦੇ-ਕਦੇ ਬਹੁਤ ਪੀੜਾ ਦਿੰਦੀ ਹੈ ਅਤੇ ਮੇਰੇ ਮਨ ਦੀ ਪੀੜਾ ਮੈਂ, ਮੇਰੇ ਪਰਿਵਾਰਜਨਾਮ ਨੂੰ ਨਹੀਂ ਕਹਾਂਗਾ ਤਾਂ ਕਿਸ ਨੂੰ ਕਹਾਂਗਾ? ਤੁਸੀਂ ਸੋਚੋ, ਇਨ੍ਹੀਂ ਦਿਨੀਂ ਇਹ ਜੋ ਕੁਝ ਪਰਿਵਾਰਾਂ ਵਿੱਚ ਵਿਦੇਸ਼ਾਂ ਵਿੱਚ ਜਾ ਕੇ ਵਿਆਹ ਕਰਨ ਦਾ ਜੋ ਇੱਕ ਨਵਾਂ ਹੀ ਵਾਤਾਵਰਣ ਬਣਦਾ ਜਾ ਰਿਹਾ ਹੈ, ਕੀ ਇਹ ਜ਼ਰੂਰੀ ਹੈ? ਭਾਰਤ ਦੀ ਮਿੱਟੀ ਵਿੱਚ, ਭਾਰਤ ਦੇ ਲੋਕਾਂ ਵਿੱਚ, ਜੇਕਰ ਅਸੀਂ ਵਿਆਹ-ਸ਼ਾਦੀ ਕਰਾਂਗੇ ਤਾਂ ਦੇਸ਼ ਦਾ ਪੈਸਾ ਦੇਸ਼ ਵਿੱਚ ਹੀ ਰਹੇਗਾ। ਦੇਸ਼ ਦੇ ਲੋਕਾਂ ਨੂੰ ਤੁਹਾਡੇ ਵਿਆਹ ਵਿੱਚ ਕੁਝ ਨਾ ਕੁਝ ਸੇਵਾ ਕਰਨ ਦਾ ਅਵਸਰ ਮਿਲੇਗਾ, ਛੋਟੇ-ਛੋਟੇ ਗ਼ਰੀਬ ਲੋਕ ਭੀ ਆਪਣੇ ਬੱਚਿਆਂ ਨੂੰ ਤੁਹਾਡੇ ਵਿਆਹ ਦੀਆਂ ਗੱਲਾਂ ਦੱਸਣਗੇ। ਕੀ ਤੁਸੀਂ ‘vocal for local’ ਦੀ ਇਸ mission ਨੂੰ ਵਿਸਤਾਰ ਦੇ ਸਕਦੇ ਹੋ? ਕਿਉਂ ਨਾ ਅਸੀਂ ਵਿਆਹ-ਸ਼ਾਦੀ ਅਜਿਹੇ ਸਮਾਰੋਹ ਆਪਣੇ ਹੀ ਦੇਸ਼ ਵਿੱਚ ਕਰੀਏ? ਹੋ ਸਕਦਾ ਹੈ, ਤੁਹਾਨੂੰ ਜਿਹੋ ਜਿਹੀ ਵਿਵਸਥਾ ਚਾਹੀਦੀ ਹੈ, ਅੱਜ ਵੈਸੀ ਵਿਵਸਥਾ ਨਹੀਂ ਹੋਵੇਗੀ, ਲੇਕਿਨ ਜੇਕਰ ਅਸੀਂ ਇਸ ਤਰ੍ਹਾਂ ਦੇ ਆਯੋਜਨ ਕਰਾਂਗੇ ਤਾਂ ਵਿਵਸਥਾਵਾਂ ਭੀ ਵਿਕਸਿਤ ਹੋਣਗੀਆਂ। ਇਹ ਬਹੁਤ ਵੱਡੇ ਪਰਿਵਾਰਾਂ ਨਾਲ ਜੁੜਿਆ ਹੋਇਆ ਵਿਸ਼ਾ ਹੈ। ਮੈਂ ਆਸ਼ਾ ਕਰਦਾ ਹਾਂ ਕਿ ਮੇਰੀ ਇਹ ਪੀੜਾ ਉਨ੍ਹਾਂ ਵੱਡੇ-ਵੱਡੇ ਪਰਿਵਾਰਾਂ ਤੱਕ ਜ਼ਰੂਰ ਪਹੁੰਚੇ।

ਮੇਰੇ ਪਰਿਵਾਰਜਨੋਂ, ਤਿਉਹਾਰਾਂ ਦੇ ਇਸ ਮੌਸਮ ਵਿੱਚ ਇੱਕ ਹੋਰ ਬੜਾ trend ਦੇਖਣ ਨੂੰ ਮਿਲਿਆ ਹੈ। ਇਹ ਲਗਾਤਾਰ ਦੂਸਰਾ ਸਾਲ ਹੈ, ਜਦੋਂ ਦੀਵਾਲੀ ਦੇ ਅਵਸਰ ’ਤੇ cash ਦੇ ਕੇ ਕੁਝ ਸਾਮਾਨ ਖਰੀਦਣ ਦਾ ਪ੍ਰਚਲਨ ਹੌਲ਼ੀ-ਹੌਲ਼ੀ ਘੱਟ ਹੁੰਦਾ ਜਾ ਰਿਹਾ ਹੈ। ਯਾਨੀ ਹੁਣ ਲੋਕ ਜ਼ਿਆਦਾ ਤੋਂ ਜ਼ਿਆਦਾ Digital Payment ਕਰ ਰਹੇ ਹਨ। ਇਹ ਭੀ ਬਹੁਤ ਉਤਸ਼ਾਹ ਵਧਾਉਣ ਵਾਲਾ ਹੈ। ਤੁਸੀਂ ਇੱਕ ਹੋਰ ਕੰਮ ਕਰ ਸਕਦੇ ਹੋ। ਤੁਸੀਂ ਤੈਅ ਕਰੋ ਕਿ ਇੱਕ ਮਹੀਨੇ ਤੱਕ ਤੁਸੀਂ UPI ਨਾਲ ਜਾਂ ਕਿਸੇ Digital ਮਾਧਿਅਮ ਨਾਲ ਹੀ Payment ਕਰੋਗੇ, Cash Payment ਨਹੀਂ ਕਰੋਗੇ। ਭਾਰਤ ਵਿੱਚ Digital ਕ੍ਰਾਂਤੀ ਦੀ ਸਫ਼ਲਤਾ ਨੇ ਇਸ ਨੂੰ ਬਿਲਕੁਲ ਸੰਭਵ ਬਣਾ ਦਿੱਤਾ ਹੈ ਅਤੇ ਜਦੋਂ ਇੱਕ ਮਹੀਨਾ ਹੋ ਜਾਵੇ ਤਾਂ ਤੁਸੀਂ ਮੈਨੂੰ ਆਪਣੇ ਅਨੁਭਵ, ਆਪਣੀ ਫੋਟੋ ਜ਼ਰੂਰ Share ਕਰੋ। ਮੈਂ ਹੁਣ ਤੋਂ ਤੁਹਾਨੂੰ advance ਵਿੱਚ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਮੇਰੇ ਪਰਿਵਾਰਜਨੋਂ, ਸਾਡੇ ਨੌਜਵਾਨ ਸਾਥੀਆਂ ਨੇ ਦੇਸ਼ ਨੂੰ ਇੱਕ ਹੋਰ ਵੱਡੀ ਖੁਸ਼ਖਬਰੀ ਦਿੱਤੀ ਹੈ ਜੋ ਸਾਨੂੰ ਸਾਰਿਆਂ ਨੂੰ ਮਾਣ ਨਾਲ ਭਰ ਦੇਣ ਵਾਲੀ ਹੈ। Intelligence, Idea ਅਤੇ Innovation- - ਅੱਜ ਭਾਰਤੀ ਨੌਜਵਾਨਾਂ ਦੀ ਪਹਿਚਾਣ ਹੈ। ਇਸ ਵਿੱਚ Technology ਦੇ Combination ਨਾਲ ਉਨ੍ਹਾਂ ਦੀ Intellectual Properties ਵਿੱਚ ਨਿਰੰਤਰ ਵਾਧਾ ਹੋਵੇ, ਇਹ ਆਪਣੇ ਆਪ ਵਿੱਚ ਦੇਸ਼ ਦੀ ਸਮਰੱਥਾ ਨੂੰ ਵਧਾਉਣ ਵਾਲੀ ਮਹੱਤਵਪੂਰਨ ਪ੍ਰਗਤੀ ਹੈ। ਤੁਹਾਨੂੰ ਇਹ ਜਾਣ ਕੇ ਚੰਗਾ ਲਗੇਗਾ ਕਿ 2022 ਵਿੱਚ ਭਾਰਤੀਆਂ ਦੇ Patent ਫਾਈਲ ਕਰਨ ਵਿੱਚ 31 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। World Intellectual Property Organisation ਨੇ ਇੱਕ ਬੜੀ ਹੀ ਦਿਲਚਸਪ Report ਜਾਰੀ ਕੀਤੀ ਹੈ, ਇਹ Report ਦੱਸਦੀ ਹੈ ਕਿ Patent File ਕਰਨ ਵਿੱਚ ਸਭ ਤੋਂ ਅੱਗੇ ਰਹਿਣ ਵਾਲੇ Top-10 ਦੇਸ਼ਾਂ ਵਿੱਚ ਭੀ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਇਸ ਸ਼ਾਨਦਾਰ ਪ੍ਰਾਪਤੀ ਲਈ ਮੈਂ ਆਪਣੇ ਨੌਜਵਾਨ ਸਾਥੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੈਂ ਆਪਣੇ ਨੌਜਵਾਨ ਦੋਸਤਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਦੇਸ਼ ਹਰ ਕਦਮ ’ਤੇ ਤੁਹਾਡੇ ਨਾਲ ਹੈ। ਸਰਕਾਰ ਨੇ ਜੋ ਪ੍ਰਸ਼ਾਸਨਿਕ ਅਤੇ ਕਾਨੂੰਨੀ ਸੁਧਾਰ ਕੀਤੇ ਹਨ, ਉਸ ਤੋਂ ਬਾਅਦ ਅੱਜ ਸਾਡੇ ਨੌਜਵਾਨ ਇੱਕ ਨਵੀਂ ਊਰਜਾ ਦੇ ਨਾਲ ਵੱਡੇ ਪੈਮਾਨੇ ’ਤੇ Innovation ਦੇ ਕੰਮ ਵਿੱਚ ਜੁਟੇ ਹੋਏ ਹਨ। 10 ਸਾਲ ਪਹਿਲਾਂ ਦੇ ਅੰਕੜਿਆਂ ਨਾਲ ਤੁਲਨਾ ਕਰੀਏ ਤਾਂ ਅੱਜ, ਸਾਡੇ patent ਨੂੰ 10 ਗੁਣਾਂ ਜ਼ਿਆਦਾ ਮਨਜ਼ੂਰੀ ਮਿਲ ਰਹੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ patent ਨਾਲ ਨਾ ਸਿਰਫ਼ ਦੇਸ਼ ਦੀ Intellectual Property ਵੱਧਦੀ ਹੈ, ਬਲਕਿ ਇਸ ਨਾਲ ਨਵੇਂ-ਨਵੇਂ ਅਵਸਰਾਂ ਦੇ ਦੁਆਰ ਭੀ ਖੁੱਲ੍ਹਦੇ ਹਨ। ਇਤਨਾ ਹੀ ਨਹੀਂ, ਇਹ ਸਾਡੇ start-ups ਦੀ ਤਾਕਤ ਅਤੇ ਸਮਰੱਥਾ ਨੂੰ ਭੀ ਵਧਾਉਂਦੇ ਹਨ। ਅੱਜ ਸਾਡੇ ਸਕੂਲੀ ਬੱਚਿਆਂ ਵਿੱਚ ਭੀ Innovation ਦੀ ਭਾਵਨਾ ਨੂੰ ਬੜ੍ਹਾਵਾ ਮਿਲ ਰਿਹਾ ਹੈ। Atal tinkering lab, Atal innovation mission, ਕਾਲਜਾਂ ਵਿੱਚ Incubation Centers,, start-up India ਅਭਿਯਾਨ, ਅਜਿਹੇ ਨਿਰਤੰਰ ਯਤਨਾਮ ਦੇ ਨਤੀਜੇ ਦੇਸ਼ਵਾਸੀਆਂ ਦੇ ਸਾਹਮਣੇ ਹਨ। ਇਹ ਭੀ ਭਾਰਤ ਦੀ ਨੌਜਵਾਨ ਸ਼ਕਤੀ, ਭਾਰਤ ਦੀ innovative power ਦਾ ਪ੍ਰਤੱਖ ਉਦਾਹਰਣ ਹੈ। ਇਸੇ ਜੋਸ਼ ਦੇ ਨਾਲ ਅੱਗੇ ਚੱਲਦੇ ਹੋਏ ਹੀ, ਅਸੀਂ ਵਿਕਸਿਤ ਭਾਰਤ ਦੇ ਸੰਕਲਪ ਨੂੰ ਭੀ ਪ੍ਰਾਪਤ ਕਰਕੇ ਦਿਖਾਵਾਂਗੇ। ਇਸ ਲਈ ਮੈਂ ਵਾਰ-ਵਾਰ ਕਹਿੰਦਾ ਹਾਂ ਕਿ ‘ਜੈ ਜਵਾਨ’, ‘ਜੈ ਕਿਸਾਨ’, ‘ਜੈ ਵਿਗਿਆਨ’, ‘ਜੈ ਅਨੁਸੰਧਾਨ’।

ਮੇਰੇ ਪਿਆਰੇ ਦੇਸ਼ਵਾਸੀਓ, ਤੁਹਾਨੂੰ ਯਾਦ ਹੋਵੇਗਾ ਕਿ ਕੁਝ ਸਮਾਂ ਪਹਿਲਾਂ ‘ਮਨ ਕੀ ਬਾਤ’ ਵਿੱਚ ਮੈਂ ਭਾਰਤ ਵਿੱਚ ਵੱਡੀ ਸੰਖਿਆ ’ਚ ਲਗਣ ਵਾਲੇ ਮੇਲਿਆਂ ਦੀ ਚਰਚਾ ਕੀਤੀ ਸੀ, ਤਦ ਇੱਕ ਅਜਿਹੀ ਪ੍ਰਤੀਯੋਗਿਤਾ ਦਾ ਭੀ ਵਿਚਾਰ ਆਇਆ ਸੀ, ਜਿਸ ਵਿੱਚ ਲੋਕ ਮੇਲਿਆਂ ਨਾਲ ਜੁੜੀਆਂ ਫੋਟੋ ਸਾਂਝੀਆਂ ਕਰਨ। ਸੰਸਕ੍ਰਿਤੀ ਮੰਤਰਾਲੇ ਨੇ ਇਸੇ ਨੂੰ ਲੈ ਕੇ Mela Moments Contest ਦਾ ਆਯੋਜਨ ਕੀਤਾ ਸੀ। ਤੁਹਾਨੂੰ ਇਹ ਜਾਣ ਕੇ ਚੰਗਾ ਲੱਗੇਗਾ ਕਿ ਇਸ ਵਿੱਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ ਅਤੇ ਬਹੁਤ ਲੋਕਾਂ ਨੇ ਪੁਰਸਕਾਰ ਵੀ ਜਿੱਤੇ। ਕੋਲਕਾਤਾ ਦੇ ਰਹਿਣ ਵਾਲੇ ਰਾਜੇਸ਼ ਧਰ ਜੀ ਨੇ ‘ਚਰਕ ਮੇਲੇ’ ਵਿੱਚ ਗੁਬਾਰੇ ਅਤੇ ਖਿਡੌਣੇ ਵੇਚਣ ਵਾਲਿਆਂ ਦੀ ਅਨੋਖੀ ਫੋਟੋ ਦੇ ਲਈ ਪੁਰਸਕਾਰ ਜਿੱਤਿਆ। ਇਹ ਮੇਲਾ ਗ੍ਰਾਮੀਣ ਬੰਗਾਲ ਵਿੱਚ ਕਾਫੀ ਲੋਕਪ੍ਰਿਯ ਹੈ। ਵਾਰਾਣਸੀ ਦੀ ਹੋਲੀ ਨੂੰ showcase ਕਰਨ ਦੇ ਲਈ ਅਨੁਪਮ ਸਿੰਘ ਜੀ ਨੂੰ Mela portraits ਦਾ ਪੁਰਸਕਾਰ ਮਿਲਿਆ। ਅਰੁਣ ਕੁਮਾਰ ਨਲੀ ਮੇਲਾ ਜੀ ਨੂੰ ‘ਕੁਲਸਾਈ ਦਸਹਿਰੇ’ ਨਾਲ ਜੁੜਿਆ ਇੱਕ ਆਕਰਸ਼ਕ ਪਹਿਲੂ ਦਿਖਾਉਣ ਦੇ ਲਈ ਪੁਰਸਕਾਰ ਦਿੱਤਾ ਗਿਆ। ਇੰਝ ਹੀ, ਪੰਢਰਪੁਰ ਦੀ ਭਗਤੀ ਨੂੰ ਦਿਖਾਉਣ ਵਾਲੀ Photo ਸਭ ਤੋਂ ਜ਼ਿਆਦਾ ਪਸੰਦ ਕੀਤੀ ਗਈ Photo ਵਿੱਚ ਸ਼ਾਮਲ ਰਹੀ, ਜਿਸ ਨੂੰ ਮਹਾਰਾਸ਼ਟਰ ਦੇ ਹੀ ਸੱਜਣ ਸ਼੍ਰੀਮਾਨ ਰਾਹੁਲ ਜੀ ਨੇ ਭੇਜਿਆ ਸੀ। ਇਸ ਪ੍ਰਤੀਯੋਗਿਤਾ ਵਿੱਚ ਬਹੁਤ ਸਾਰੀਆਂ ਤਸਵੀਰਾਂ, ਮੇਲਿਆਂ ਦੇ ਦੌਰਾਨ ਮਿਲਣ ਵਾਲੇ ਸਥਾਨਕ ਪਕਵਾਨਾਮ ਦੀਆਂ ਭੀ ਸਨ, ਇਸ ਵਿੱਚ ਪੁਰਲਿਆ ਦੇ ਰਹਿਣ ਵਾਲੇ ਅਲੋਕ ਅਵਿਨਾਸ਼ ਜੀ ਦੀ ਤਸਵੀਰ ਨੇ ਪੁਰਸਕਾਰ ਜਿੱਤਿਆ। ਉਨ੍ਹਾਂ ਨੇ ਇੱਕ ਮੇਲੇ ਦੌਰਾਨ ਬੰਗਾਲ ਦੇ ਗ੍ਰਾਮੀਣ ਖੇਤਰ ਦੇ ਖਾਨ-ਪਾਨ ਨੂੰ ਦਿਖਾਇਆ ਸੀ। ਪ੍ਰਣਬ ਬਸਾਖ ਜੀ ਦੀ ਉਹ ਤਸਵੀਰ ਭੀ ਪੁਰਸਕ੍ਰਿਤ ਹੋਈ, ਜਿਸ ਵਿੱਚ ਭਗੌਰੀਆ ਮਹੋਤਸਵ ਦੇ ਦੌਰਾਨ ਮਹਿਲਾਵਾਂ ਕੁਲਫੀ ਦਾ ਆਨੰਦ ਲੈ ਰਹੀਆਂ ਹਨ। ਰੁਮੇਲਾ ਜੀ ਨੇ ਛੱਤੀਸਗੜ੍ਹ ਦੇ ਜਗਦਲਪੁਰ ਵਿੱਚ ਇੱਕ ਪਿੰਡ ਦੇ ਮੇਲੇ ’ਚ ਭਜੀਆ ਦਾ ਸਵਾਦ ਲੈਂਦੀਆਂ ਹੋਈਆਂ ਮਹਿਲਾਵਾਂ ਦੀ photo ਭੇਜੀ ਸੀ - ਇਸ ਨੂੰ ਵੀ ਪੁਰਸਕ੍ਰਿਤ ਕੀਤਾ ਗਿਆ।

ਸਾਥੀਓ, ‘ਮਨ ਕੀ ਬਾਤ’ ਦੇ ਮਾਧਿਅਮ ਨਾਲ ਅੱਜ ਹਰ ਪਿੰਡ, ਹਰ ਸਕੂਲ, ਹਰ ਪੰਚਾਇਤ ਨੂੰ ਇਹ ਬੇਨਤੀ ਹੈ ਕਿ ਨਿਰੰਤਰ ਇਸ ਤਰ੍ਹਾਂ ਦੀਆਂ ਪ੍ਰਤੀਯੋਗਿਤਾਵਾਂ ਦਾ ਆਯੋਜਨ ਕਰਨ। ਅੱਜ-ਕੱਲ੍ਹ ਤਾਂ social media ਦੀ ਇਤਨੀ ਤਾਕਤ ਹੈ, Technology ਅਤੇ Mobile ਘਰ-ਘਰ ਪਹੁੰਚੇ ਹੋਏ ਹਨ। ਤੁਹਾਡੇ ਲੋਕਲ ਪਰਵ ਹੋਣ ਜਾਂ product, ਉਨ੍ਹਾਂ ਨੂੰ ਤੁਸੀਂ ਅਜਿਹਾ ਕਰਕੇ ਭੀ global ਬਣਾ ਸਕਦੇ ਹੋ।

ਸਾਥੀਓ, ਪਿੰਡ-ਪਿੰਡ ਵਿੱਚ ਲਗਣ ਵਾਲੇ ਮੇਲਿਆਂ ਦੇ ਵਾਂਗ ਹੀ ਸਾਡੇ ਇੱਥੇ ਵਿਭਿੰਨ ਨਾਚਾਂ ਦੀ ਭੀ ਆਪਣੀ ਹੀ ਵਿਰਾਸਤ ਹੈ। ਝਾਰਖੰਡ, ਓੜੀਸ਼ਾ ਅਤੇ ਬੰਗਾਲ ਦੇ ਜਨਜਾਤੀ ਇਲਾਕਿਆਂ ਵਿੱਚ ਇੱਕ ਬਹੁਤ ਪ੍ਰਸਿੱਧ ਨਾਚ ਹੈ, ਜਿਸ ਨੂੰ ‘ਛਊ’ ਨਾਮ ਨਾਲ ਬੁਲਾਉਂਦੇ ਹਨ। 15 ਤੋਂ 17 ਨਵੰਬਰ ਤੱਕ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨਾਲ ਸ਼੍ਰੀਨਗਰ ਵਿੱਚ ‘ਛਊ’ ਉਤਸਵ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸਭ ਨੇ ‘ਛਊ’ ਨਾਚ ਦਾ ਆਨੰਦ ਉਠਾਇਆ। ਸ਼੍ਰੀਨਗਰ ਦੇ ਨੌਜਵਾਨਾਮ ਨੂੰ ‘ਛਊ’ ਨਾਚ ਦੀ training ਦੇਣ ਦੇ ਲਈ ਇੱਕ workshop ਦਾ ਭੀ ਆਯੋਜਨ ਹੋਇਆ। ਇਸੇ ਤਰ੍ਹਾਂ ਕੁਝ ਹਫ਼ਤੇ ਪਹਿਲਾਂ ਹੀ ਕਠੂਆ ਜ਼ਿਲ੍ਹੇ ਵਿੱਚ ‘ਬਸੋਹਲੀ ਉਤਸਵ’ ਦਾ ਆਯੋਜਿਤ ਕੀਤਾ ਗਿਆ। ਇਹ ਜਗ੍ਹਾ ਜੰਮੂ ਤੋਂ 150 ਕਿਲੋਮੀਟਰ ਦੂਰ ਹੈ। ਇਸ ਉਤਸਵ ਵਿੱਚ ਸਥਾਨਕ ਕਲਾ, ਲੋਕਨਾਚ ਅਤੇ ਪਰੰਪਰਾਗਤ ਰਾਮਲੀਲਾ ਦਾ ਆਯੋਜਨ ਹੋਇਆ।

ਸਾਥੀਓ, ਭਾਰਤੀ ਸੰਸਕ੍ਰਿਤੀ ਦੀ ਸੁੰਦਰਤਾ ਨੂੰ ਸਾਊਦੀ ਅਰਬ ਵਿੱਚ ਭੀ ਮਹਿਸੂਸ ਕੀਤਾ ਗਿਆ। ਇਸੇ ਮਹੀਨੇ ਸਾਊਦੀ ਅਰਬ ਵਿੱਚ ‘ਸੰਸਕ੍ਰਿਤ ਉਤਸਵ’ ਨਾਮ ਦਾ ਇੱਕ ਆਯੋਜਨ ਹੋਇਆ, ਇਹ ਆਪਣੇ ਆਪ ਵਿੱਚ ਬਹੁਤ ਅਨੋਖਾ ਸੀ, ਕਿਉਂਕਿ ਇਹ ਪੂਰਾ ਪ੍ਰੋਗਰਾਮ ਹੀ ਸੰਸਕ੍ਰਿਤ ਵਿੱਚ ਸੀ। ਸੰਵਾਦ, ਸੰਗੀਤ, ਨਾਚ ਸਭ ਕੁਝ ਸੰਸਕ੍ਰਿਤੀ ਵਿੱਚ, ਇਸ ਵਿੱਚ ਉੱਥੋਂ ਦੇ ਸਥਾਨਕ ਲੋਕਾਂ ਦੀ ਭਾਗੀਦਾਰੀ ਭੀ ਦੇਖੀ ਗਈ।

ਮੇਰੇ ਪਰਿਵਾਰਜਨੋਂ, ਸਵੱਛ ਭਾਰਤ ਹੁਣ ਤਾਂ ਪੂਰੇ ਦੇਸ਼ ਦਾ ਪਿਆਰਾ ਵਿਸ਼ਾ ਬਣ ਗਿਆ ਹੈ। ਮੇਰਾ ਤਾਂ ਪਿਆਰਾ ਵਿਸ਼ਾ ਹੈ ਹੀ ਅਤੇ ਜਿਉਂ ਹੀ ਮੈਨੂੰ ਇਸ ਨਾਲ ਜੁੜੀ ਕੋਈ ਖ਼ਬਰ ਮਿਲਦੀ ਹੈ, ਮੇਰਾ ਮਨ ਉਸ ਪਾਸੇ ਚਲਾ ਹੀ ਜਾਂਦਾ ਹੈ ਅਤੇ ਸੁਭਾਵਿਕ ਹੈ ਕਿ ਫਿਰ ਤਾਂ ਉਸ ਨੂੰ ‘ਮਨ ਕੀ ਬਾਤ’ ਵਿੱਚ ਜਗ੍ਹਾ ਮਿਲ ਹੀ ਜਾਂਦੀ ਹੈ। ਸਵੱਛ ਭਾਰਤ ਅਭਿਯਾਨ ਨੇ ਸਾਫ-ਸਫਾਈ ਅਤੇ ਜਨਤਕ ਸਵੱਛਤਾ ਨੂੰ ਲੈ ਕੇ ਲੋਕਾਂ ਦੀ ਸੋਚ ਬਦਲ ਦਿੱਤੀ ਹੈ। ਇਹ ਪਹਿਲ ਅੱਜ ਰਾਸ਼ਟਰੀ ਭਾਵਨਾ ਦਾ ਪ੍ਰਤੀਕ ਬਣ ਚੁੱਕੀ ਹੈ, ਜਿਸ ਨੇ ਕਰੋੜਾਂ ਦੇਸ਼ਵਾਸੀਆਂ ਦੇ ਜੀਵਨ ਨੂੰ ਬਿਹਤਰ ਬਣਾਇਆ ਹੈ। ਇਸ ਅਭਿਯਾਨ ਨੇ ਅਲੱਗ-ਅਲੱਗ ਖੇਤਰ ਦੇ ਲੋਕਾਂ, ਖਾਸ ਕਰਕੇ ਨੌਜਵਾਨਾਮ ਨੂੰ ਸਮੂਹਿਕ ਭਾਗੀਦਾਰੀ ਦੇ ਲਈ ਭੀ ਪ੍ਰੇਰਿਤ ਕੀਤਾ ਹੈ, ਅਜਿਹਾ ਹੀ ਇੱਕ ਸ਼ਲਾਘਾਯੋਗ ਪ੍ਰਯਾਸ ਸੂਰਤ ਵਿੱਚ ਦੇਖਣ ਨੂੰ ਮਿਲਿਆ। ਨੌਜਵਾਨਾਮ ਦੀ ਇੱਕ ਟੀਮ ਨੇ ਇੱਥੇ ‘Project Surat’ ਇਸ ਦੀ ਸ਼ੁਰੂਆਤ ਕੀਤੀ ਹੈ। ਇਸ ਦਾ ਲਕਸ਼ ਸੂਰਤ ਨੂੰ ਇੱਕ ਅਜਿਹਾ model ਸ਼ਹਿਰ ਬਣਾਉਣਾ ਹੈ ਜੋ ਸਫਾਈ ਅਤੇ sustainable development ਦੀ ਬਿਹਤਰੀਨ ਮਿਸਾਲ ਬਣੇ। ‘Safai Sunday’ ਦੇ ਨਾਮ ਨਾਲ ਸ਼ੁਰੂ ਹੋਏ ਇਸ ਪ੍ਰਯਾਸ ਦੇ ਤਹਿਤ ਸੂਰਤ ਦੇ ਨੌਜਵਾਨ ਪਹਿਲਾਂ ਜਨਤਕ ਥਾਵਾਂ ਅਤੇ Dumas Beach ਦੀ ਸਫਾਈ ਕਰਦੇ ਸਨ। ਬਾਅਦ ਵਿੱਚ ਇਹ ਲੋਕ ਤਾਪੀ ਨਦੀ ਦੇ ਕਿਨਾਰਿਆਂ ਦੀ ਸਫਾਈ ਵਿੱਚ ਭੀ ਜੀਅ-ਜਾਨ ਨਾਲ ਜੁਟ ਗਏ ਅਤੇ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਦੇਖਦੇ ਹੀ ਦੇਖਦੇ ਇਸ ਨਾਲ ਜੁੜੇ ਲੋਕਾਂ ਦੀ ਸੰਖਿਆ 50 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਲੋਕਾਂ ਤੋਂ ਮਿਲੇ ਸਮਰਥਨ ਨਾਲ ਟੀਮ ਦਾ ਆਤਮ-ਵਿਸ਼ਵਾਸ ਵਧਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਕਚਰਾ ਇਕੱਠਾ ਕਰਨ ਦਾ ਕੰਮ ਭੀ ਸ਼ੁਰੂ ਕੀਤਾ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਟੀਮ ਨੇ ਲੱਖਾਂ ਕਿਲੋ ਕਚਰਾ ਹਟਾਇਆ ਹੈ। ਜ਼ਮੀਨੀ ਪੱਧਰ ’ਤੇ ਕੀਤੇ ਗਏ ਅਜਿਹੇ ਪ੍ਰਯਾਸ ਬਹੁਤ ਵੱਡੇ ਬਦਲਾਅ ਲਿਆਉਣ ਵਾਲੇ ਹੁੰਦੇ ਹਨ।

ਸਾਥੀਓ, ਗੁਜਰਾਤ ਤੋਂ ਹੀ ਇੱਕ ਹੋਰ ਜਾਣਕਾਰੀ ਆਈ ਹੈ, ਕੁਝ ਹਫ਼ਤੇ ਪਹਿਲਾਂ, ਉੱਥੇ ਅੰਬਾ ਜੀ ਵਿੱਚ ‘ਭਾਦਰਵੀ ਪੂਨਮ ਮੇਲੇ’ ਦਾ ਆਯੋਜਨ ਕੀਤਾ ਗਿਆ ਸੀ। ਇਸ ਮੇਲੇ ਵਿੱਚ 50 ਲੱਖ ਤੋਂ ਜ਼ਿਆਦਾ ਲੋਕ ਆਏ। ਇਹ ਮੇਲਾ ਹਰ ਸਾਲ ਹੁੰਦਾ ਹੈ। ਇਸ ਦੀ ਸਭ ਤੋਂ ਖਾਸ ਗੱਲ ਇਹ ਰਹੀ ਕਿ ਮੇਲੇ ਵਿੱਚ ਆਏ ਲੋਕਾਂ ਨੇ ਗੱਬਰ ਹਿਲ ਦੇ ਵੱਡੇ ਹਿੱਸੇ ਵਿੱਚ ਸਫਾਈ ਅਭਿਯਾਨ ਚਲਾਇਆ। ਮੰਦਿਰਾਂ ਦੇ ਆਲੇ-ਦੁਆਲੇ ਦੇ ਪੂਰੇ ਖੇਤਰ ਨੂੰ ਸਵੱਛ ਰੱਖਣ ਦੀ ਇਹ ਅਭਿਯਾਨ ਬਹੁਤ ਪ੍ਰੇਰਣਾਦਾਇਕ ਹੈ।

ਸਾਥੀਓ, ਮੈਂ ਹਮੇਸ਼ਾ ਕਹਿੰਦਾ ਹਾਂ ਕਿ ਸਵੱਛਤਾ ਕੋਈ ਇੱਕ ਦਿਨ ਜਾਂ ਇੱਕ ਹਫ਼ਤੇ ਦੀ ਅਭਿਯਾਨ ਨਹੀਂ ਹੈ, ਬਲਕਿ ਇਹ ਤਾਂ ਜੀਵਨ ਵਿੱਚ ਉਤਾਰਨ ਵਾਲਾ ਕੰਮ ਹੈ। ਅਸੀਂ ਆਪਣੇ ਆਲ਼ੇ-ਦੁਆਲ਼ੇ ਅਜਿਹੇ ਲੋਕ ਦੇਖਦੇ ਭੀ ਹਾਂ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਸਵੱਛਤਾ ਨਾਲ ਜੁੜੇ ਵਿਸ਼ਿਆਂ ’ਤੇ ਹੀ ਲਗਾ ਦਿੱਤਾ। ਤਮਿਲ ਨਾਡੂ ਦੇ ਕੋਇੰਬਟੂਰ ਵਿੱਚ ਰਹਿਣ ਵਾਲੇ ਲੋਗਾਨਾਥਨ ਜੀ ਭੀ ਬੇਮਿਸਾਲ ਹਨ। ਬਚਪਨ ਵਿੱਚ ਗ਼ਰੀਬ ਬੱਚਿਆਂ ਦੇ ਪਾਟੇ ਕੱਪੜਿਆਂ ਨੂੰ ਦੇਖ ਕੇ ਉਹ ਅਕਸਰ ਪ੍ਰੇਸ਼ਾਨ ਹੋ ਜਾਂਦੇ ਸਨ, ਇਸ ਤੋਂ ਬਾਅਦ ਉਨ੍ਹਾਂ ਨੇ ਅਜਿਹੇ ਬੱਚਿਆਂ ਦੀ ਮਦਦ ਦਾ ਪ੍ਰਣ ਲਿਆ ਅਤੇ ਆਪਣੀ ਕਮਾਈ ਦਾ ਇੱਕ ਹਿੱਸਾ ਇਨ੍ਹਾਂ ਨੂੰ ਦਾਨ ਦੇਣਾ ਸ਼ੁਰੂ ਕਰ ਦਿੱਤਾ। ਜਦੋਂ ਪੈਸਿਆਂ ਦੀ ਕਮੀ ਆਈ ਤਾਂ ਲੋਗਾਨਾਥਨ ਜੀ ਨੇ Toilets ਤੱਕ ਸਾਫ ਕੀਤੇ ਤਾਂ ਕਿ ਜ਼ਰੂਰਤਮੰਦ ਬੱਚਿਆਂ ਨੂੰ ਮਦਦ ਮਿਲ ਸਕੇ। ਇਹ ਪਿਛਲੇ 25 ਸਾਲਾਂ ਤੋਂ ਪੂਰੀ ਤਰ੍ਹਾਂ ਸਮਰਪਿਤ ਭਾਵਨਾ ਨਾਲ ਆਪਣੇ ਇਸ ਕੰਮ ਵਿੱਚ ਜੁਟੇ ਹਨ ਅਤੇ ਹੁਣ ਤੱਕ 1500 ਤੋਂ ਜ਼ਿਆਦਾ ਬੱਚਿਆਂ ਦੀ ਮਦਦ ਕਰ ਚੁੱਕੇ ਹਨ। ਮੈਂ ਇੱਕ ਵਾਰ ਫਿਰ ਅਜਿਹੇ ਪ੍ਰਯਾਸਾਂ ਦੀ ਸ਼ਲਾਘਾ ਕਰਦਾ ਹਾਂ। ਦੇਸ਼ ਭਰ ਵਿੱਚ ਹੋ ਰਹੇ ਇਸ ਤਰ੍ਹਾਂ ਦੇ ਅਨੇਕਾਂ ਪ੍ਰਯਾਸ ਨਾ ਸਿਰਫ਼ ਸਾਨੂੰ ਪ੍ਰੇਰਣਾ ਦਿੰਦੇ ਹਨ, ਬਲਕਿ ਕੁਝ ਨਵਾਂ ਕਰ-ਗੁਜ਼ਰਨ ਦੀ ਇੱਛਾ ਸ਼ਕਤੀ ਭੀ ਜਗਾਉਂਦੇ ਹਨ।

ਮੇਰੇ ਪਰਿਵਾਰਜਨੋਂ, 21ਵੀਂ ਸਦੀ ਦੀਆਂ ਬਹੁਤ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ - ਜਲ ਸੁਰੱਖਿਆ। ਜਲ ਦੀ ਸੰਭਾਲ਼ ਕਰਨਾ, ਜੀਵਨ ਨੂੰ ਬਚਾਉਣ ਤੋਂ ਘੱਟ ਨਹੀਂ ਹਵ। ਜਦੋਂ ਅਸੀਂ ਸਮੂਹਿਕਤਾ ਦੀ ਇਸ ਭਾਵਨਾ ਨਾਲ ਕੋਈ ਕੰਮ ਕਰਦੇ ਹਾਂ ਤਾਂ ਸਫ਼ਲਤਾ ਭੀ ਮਿਲਦੀ ਹੈ। ਇਸ ਦਾ ਇੱਕ ਉਦਾਹਰਣ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਬਣ ਰਹੇ ‘ਅੰਮ੍ਰਿਤ ਸਰੋਵਰ’ ਭੀ ਹਨ। ‘ਅੰਮ੍ਰਿਤ ਮਹੋਤਸਵ’ ਦੇ ਦੌਰਾਨ ਭਾਰਤ ਨੇ ਜੋ 65000 ਤੋਂ ਜ਼ਿਆਦਾ ਅੰਮ੍ਰਿਤ ਸਰੋਵਰ ਬਣਾਏ ਹਨ, ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਲਾਭ ਦੇਣਗੇ। ਹੁਣ ਸਾਡੀ ਇਹ ਭੀ ਜ਼ਿੰਮੇਵਾਰੀ ਹੈ ਕਿ ਜਿੱਥੇ-ਜਿੱਥੇ ਅੰਮ੍ਰਿਤ ਸਰੋਵਰ ਬਣੇ ਹਨ, ਉਨ੍ਹਾਂ ਦੀ ਨਿਰੰਤਰ ਦੇਖਭਾਲ ਹੋਵੇ, ਉਹ ਜਲ ਸੰਭਾਲ਼ ਦੇ ਮੁੱਖ ਸਰੋਤ ਬਣੇ ਰਹਿਣ।

ਸਾਥੀਓ, ਜਲ ਸੰਭਾਲ਼ ਦੀਆਂ ਅਜਿਹੀਆਂ ਹੀ ਚਰਚਾਵਾਂ ਦੇ ਵਿਚਕਾਰ ਮੈਨੂੰ ਗੁਜਰਾਤ ਦੇ ਅਮਰੇਲੀ ਵਿੱਚ ਹੋਏ ‘ਜਲ ਉਤਸਵ’ ਦਾ ਭੀ ਪਤਾ ਲਗਿਆ। ਗੁਜਰਾਤ ਵਿੱਚ 12 ਮਹੀਨੇ ਵਹਿਣ ਵਾਲੀਆਂ ਨਦੀਆਂ ਦੀ ਭੀ ਕਮੀ ਹੈ, ਇਸ ਲਈ ਲੋਕਾਂ ਨੂੰ ਜ਼ਿਆਦਾਤਰ ਬਾਰਿਸ਼ ਦੇ ਪਾਣੀ ’ਤੇ ਹੀ ਨਿਰਭਰ ਰਹਿਣਾ ਪੈਂਦਾ ਹੈ। ਪਿਛਲੇ 20-25 ਸਾਲਾਂ ਵਿੱਚ ਸਰਕਾਰ ਅਤੇ ਸਮਾਜਿਕ ਸੰਗਠਨਾਮ ਦੇ ਪ੍ਰਯਾਸਾਂ ਤੋਂ ਬਾਅਦ ਉੱਥੋਂ ਦੀ ਸਥਿਤੀ ਵਿੱਚ ਬਦਲਾਅ ਜ਼ਰੂਰ ਆਇਆ ਹੈ, ਇਸ ਲਈ ਉੱਥੇ ‘ਜਲ ਉਤਸਵ’ ਦੀ ਵੱਡੀ ਭੂਮਿਕਾ ਹੈ। ਅਮਰੇਲੀ ਵਿੱਚ ਹੋਏ ‘ਜਲ ਉਤਸਵ’ ਦੇ ਦੌਰਾਨ ‘ਜਲ ਸੰਭਾਲ’ ਅਤੇ ਝੀਲਾਂ ਦੀ ਸੰਭਾਲ ਨੂੰ ਲੈ ਕੇ ਲੋਕਾਂ ਵਿੱਚ ਜਾਗਰੂਕਤਾ ਵਧਾਈ ਗਈ। ਇਸ ਨਾਲ ‘Water Sports ਨੂੰ ਵੀ ਬੜ੍ਹਾਵਾ ਦਿੱਤਾ ਗਿਆ, Water Security ਦੇ ਜਾਣਕਾਰਾਂ ਦੇ ਨਾਲ ਮੰਥਨ ਭੀ ਕੀਤਾ ਗਿਆ। ਪ੍ਰੋਗਰਾਮ ਵਿੱਚ ਸ਼ਾਮਲ ਲੋਕਾਂ ਨੂੰ ਤਿਰੰਗੇ ਵਾਲਾ Water fountain ਬਹੁਤ ਪਸੰਦ ਆਇਆ। ਇਸ ‘ਜਲ ਉਤਸਵ’ ਦਾ ਆਯੋਜਨ ਸੂਰਤ ਦੇ Diamond Business ਵਿੱਚ ਨਾਮ ਕਮਾਉਣ ਵਾਲੇ ਸਾਬਜੀ ਭਾਈ ਡੋਕਲੀਆ ਦੀ foundation ਨੇ ਕੀਤਾ। ਮੈਂ ਇਸ ਵਿੱਚ ਸ਼ਾਮਲ ਹਰ ਇੱਕ ਵਿਅਕਤੀ ਨੂੰ ਵਧਾਈ ਦਿੰਦਾ ਹਾਂ। ‘ਜਲ ਸੰਭਾਲ’ ਦੇ ਲਈ ਅਜਿਹੇ ਕੰਮ ਕਰਨ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਮੇਰੇ ਪਰਿਵਾਰਜਨੋਂ, ਅੱਜ ਦੁਨੀਆ ਭਰ ਵਿੱਚ skill development ਦੇ ਮਹੱਤਵ ਨੂੰ ਸਮਰਥਨ ਮਿਲ ਰਿਹਾ ਹੈ। ਜਦੋਂ ਅਸੀਂ ਕਿਸੇ ਨੂੰ ਕੋਈ Skill ਸਿਖਾਉਂਦੇ ਹਾਂ ਤਾਂ ਉਸ ਨੂੰ ਸਿਰਫ਼ ਹੁਨਰ ਹੀ ਨਹੀਂ ਦਿੰਦੇ, ਬਲਕਿ ਉਸ ਨੂੰ ਆਮਦਨੀ ਦਾ ਇੱਕ ਜ਼ਰੀਆ ਭੀ ਦਿੰਦੇ ਹਾਂ, ਜਦੋਂ ਮੈਨੂੰ ਪਤਾ ਲੱਗਾ ਕਿ ਇੱਕ ਸੰਸਥਾ ਪਿਛਲੇ ਚਾਰ ਦਹਾਕਿਆਂ ਤੋਂ Skill Development ਦੇ ਕੰਮ ਵਿੱਚ ਜੁਟੀ ਹੈ ਤਾਂ ਮੈਨੂੰ ਹੋਰ ਭੀ ਚੰਗਾ ਲਗਿਆ। ਇਹ ਸੰਸਥਾ ਆਂਧਰਾ ਪ੍ਰਦੇਸ਼ ਦੇ ਸ਼੍ਰੀਕਾਕੁਲਮ ਵਿੱਚ ਹੈ ਅਤੇ ਇਸ ਦਾ ਨਾਮ ਬੇਲਜੀਪੁਰਮ Youth club ਹੈ। Skill development ’ਤੇ focus ਕਰਕੇ ‘ਬੇਲਜੀਪੁਰਮ youth club’ ਨੇ ਲਗਭਗ 7 ਹਜ਼ਾਰ ਮਹਿਲਾਵਾਂ ਨੂੰ ਸਮਰੱਥ ਬਣਾਇਆ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਮਹਿਲਾਵਾਂ ਅੱਜ ਆਪਣੇ ਦਮ ’ਤੇ ਆਪਣਾ ਕੁਝ ਕੰਮ ਕਰ ਰਹੀਆਂ ਹਨ। ਇਸੇ ਸੰਸਥਾ ਨੇ ਬਾਲ ਮਜ਼ਦੂਰੀ ਕਰਨ ਵਾਲੇ ਬੱਚਿਆਂ ਨੂੰ ਵੀ ਕੋਈ ਨਾ ਕੋਈ ਹੁਨਰ ਸਿਖਾ ਕੇ ਉਨ੍ਹਾਂ ਨੂੰ ਮਾੜੀ ਹਾਲਤ ’ਚੋਂ ਬਾਹਰ ਕੱਢਣ ’ਚ ਮਦਦ ਕੀਤੀ ਹੈ। ‘ਬੇਲਜੀਪੁਰਮ youth club’ ਦੀ ਟੀਮ ਨੇ ‘ਕਿਸਾਨ ਉਤਪਾਦ ਸੰਗ’ ਯਾਨੀ FPOs ਨਾਲ ਜੁੜੇ ਕਿਸਾਨਾਂ ਨੂੰ ਭੀ ਨਵੀਂ Skill ਸਿਖਾਈ, ਜਿਸ ਨਾਲ ਬੜੀ ਸੰਖਿਆ ਵਿੱਚ ਕਿਸਾਨ ਸਮਰੱਥ ਹੋਏ ਹਨ। ਸਵੱਛਤਾ ਨੂੰ ਲੈ ਕੇ ਭੀ ਇਹ Youth club ਪਿੰਡ-ਪਿੰਡ ’ਚ ਜਾਗਰੂਕਤਾ ਫੈਲਾਅ ਰਿਹਾ ਹੈ। ਇਨ੍ਹਾਂ ਨੇ ਅਨੇਕਾਂ ਸ਼ੌਚਾਲਿਆਂ ਦਾ ਨਿਰਮਾਣ ਕਰਨ ਵਿੱਚ ਭੀ ਮਦਦ ਕੀਤੀ ਹੈ। ਮੈਂ Skill development ਦੇ ਲਈ ਇਸ ਸੰਸਥਾ ਨਾਲ ਜੁੜੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਦੀ ਸ਼ਲਾਘਾ ਕਰਦਾ ਹਾਂ। ਅੱਜ ਦੇਸ਼ ਦੇ ਪਿੰਡ-ਪਿੰਡ ਵਿੱਚ Skill development ਦੇ ਲਈ ਅਜਿਹੇ ਹੀ ਸਮੂਹਿਕ ਪ੍ਰਯਾਸਾਂ ਦੀ ਜ਼ਰੂਰਤ ਹੈ।

ਸਾਥੀਓ, ਜਦੋਂ ਕਿਸੇ ਇੱਕ ਲਕਸ਼ ਦੇ ਲਈ ਸਮੂਹਿਕ ਪ੍ਰਯਾਸ ਹੁੰਦਾ ਹੈ ਤਾਂ ਸਫ਼ਲਤਾ ਦੀ ਉਚਾਈ ਵੀ ਹੋਰ ਜ਼ਿਆਦਾ ਹੋ ਜਾਂਦੀ ਹੈ। ਮੈਂ ਤੁਹਾਡੇ ਸਾਰਿਆਂ ਨਾਲ ਲੱਦਾਖ ਦਾ ਇੱਕ ਪ੍ਰੇਰਕ ਉਦਾਹਰਣ ਸਾਂਝਾ ਕਰਨਾ ਚਾਹੁੰਦਾ ਹਾਂ। ਤੁਸੀਂ ਪਸ਼ਮੀਨਾ ਛਾਲ ਦੇ ਬਾਰੇ ਤਾਂ ਜ਼ਰੂਰ ਸੁਣਿਆ ਹੋਵੇਗਾ। ਪਿਛਲੇ ਕੁਝ ਸਮੇਂ ਤੋਂ ਲੱਦਾਖੀ ਪਸ਼ਮੀਨੇ ਦੀ ਭੀ ਬਹੁਤ ਚਰਚਾ ਹੋ ਰਹੀ ਹੈ। ਲੱਦਾਖੀ ਪਸ਼ਮੀਨਾ ‘Looms of Laddakh ’ ਦੇ ਨਾਮ ਨਾਲ ਦੁਨੀਆ ਭਰ ਦੇ ਬਜ਼ਾਰਾਂ ਵਿੱਚ ਪਹੁੰਚ ਰਿਹਾ ਹੈ। ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਇਸ ਨੂੰ ਤਿਆਰ ਕਰਨ ਵਿੱਚ 15 ਪਿੰਡਾਂ ਦੀਆਂ 450 ਤੋਂ ਜ਼ਿਆਦਾ ਮਹਿਲਾਵਾਂ ਸ਼ਾਮਲ ਹਨ। ਪਹਿਲਾਂ ਉਹ ਆਪਣੇ ਉਤਪਾਦ ਉੱਥੇ ਆਉਣ ਵਾਲੇ ਟੂਰਿਸਟਾਂ ਨੂੰ ਹੀ ਵੇਚਦੀਆਂ ਸਨ, ਲੇਕਿਨ ਹੁਣ Digital ਭਾਰਤ ਦੇ ਇਸ ਦੌਰ ਵਿੱਚ ਉਨ੍ਹਾਂ ਦੀਆਂ ਬਣਾਈਆਂ ਚੀਜ਼ਾਂ ਦੇਸ਼-ਦੁਨੀਆ ਦੇ ਅਲੱਗ-ਅਲੱਗ ਬਜ਼ਾਰਾਂ ਵਿੱਚ ਪਹੁੰਚਣ ਲਗੀਆਂ ਹਨ। ਯਾਨੀ ਸਾਡਾ local ਹੁਣ global ਹੋ ਰਿਹਾ ਹੈ ਅਤੇ ਇਸ ਨਾਲ ਇਨ੍ਹਾਂ ਮਹਿਲਾਵਾਂ ਦੀ ਕਮਾਈ ਭੀ ਵਧੀ ਹੈ।

ਸਾਥੀਓ, ਨਾਰੀ ਸ਼ਕਤੀ ਦੀਆਂ ਅਜਿਹੀਆਂ ਸਫ਼ਲਤਾਵਾਂ ਦੇਸ਼ ਦੇ ਕੋਨੇ-ਕੋਨੇ ਵਿੱਚ ਮੌਜੂਦ ਹਨ। ਜ਼ਰੂਰਤ ਅਜਿਹੀਆਂ ਗੱਲਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਾਹਮਣੇ ਲਿਆਉਣ ਦੀ ਹੈ। ਇਹ ਦੱਸਣ ਦੇ ਲਈ ‘ਮਨ ਕੀ ਬਾਤ’ ਤੋਂ ਬਿਹਤਰ ਹੋਰ ਕੀ ਹੋਵੇਗਾ। ਤੁਸੀਂ ਭੀ ਅਜਿਹੇ ਉਦਾਹਰਣਾਂ ਨੂੰ ਮੇਰੇ ਨਾਲ ਜ਼ਿਆਦਾ ਤੋਂ ਜ਼ਿਆਦਾ share ਕਰੋ। ਮੈਂ ਭੀ ਪੂਰਾ ਪ੍ਰਯਾਸ ਕਰਾਂਗਾ ਕਿ ਉਨ੍ਹਾਂ ਨੂੰ ਤੁਹਾਡੇ ਵਿਚਕਾਰ ਲਿਆ ਸਕਾਂ।

ਮੇਰੇ ਪਰਿਵਾਰਜਨੋਂ, ‘ਮਨ ਕੀ ਬਾਤ’ ਵਿੱਚ ਅਸੀਂ ਅਜਿਹੇ ਸਮੂਹਿਕ ਪ੍ਰਯਾਸਾਂ ਦੀ ਚਰਚਾ ਕਰਦੇ ਰਹੇ ਹਾਂ, ਜਿਨ੍ਹਾਂ ਨਾਲ ਸਮਾਜ ਵਿੱਚ ਵੱਡੇ-ਵੱਡੇ ਬਦਲਾਅ ਆਏ ਹਨ, ‘ਮਨ ਕੀ ਬਾਤ’ ਦੀ ਇੱਕ ਹੋਰ ਉਪਲਬਧੀ ਇਹ ਭੀ ਹੈ ਕਿ ਇਸ ਨੇ ਘਰ-ਘਰ ਵਿੱਚ ਰੇਡੀਓ ਨੂੰ ਹੋਰ ਜ਼ਿਆਦਾ ਲੋਕਪ੍ਰਿਯ ਬਣਾ ਦਿੱਤਾ ਹੈ। MyGOV ’ਤੇ ਮੈਨੂੰ ਉੱਤਰ ਪ੍ਰਦੇਸ਼ ਵਿੱਚ ਅਮਰੋਹਾ ਦੇ ਰਾਮ ਸਿੰਘ ਬੋਧ ਜੀ ਦਾ ਇੱਕ ਪੱਤਰ ਮਿਲਿਆ ਹੈ। ਰਾਮ ਸਿੰਘ ਜੀ ਪਿਛਲੇ ਕਈ ਦਹਾਕਿਆਂ ਤੋਂ ਰੇਡੀਓ ਇਕੱਠੇ ਕਰਨ ਦੇ ਕੰਮ ਵਿੱਚ ਜੁਟੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ‘ਮਨ ਕੀ ਬਾਤ’ ਦੇ ਬਾਅਦ ਤੋਂ ਉਨ੍ਹਾਂ ਦੇ Radio Museum ਦੇ ਪ੍ਰਤੀ ਲੋਕਾਂ ਦੀ ਉਤਸੁਕਤਾ ਹੋਰ ਵਧ ਗਈ ਹੈ। ਇੰਝ ਹੀ ‘ਮਨ ਕੀ ਬਾਤ’ ਤੋਂ ਪ੍ਰੇਰਿਤ ਹੋ ਕੇ ਅਹਿਮਦਾਬਾਦ ਦੇ ਕੋਲ ਤੀਰਥ ਧਾਮ ਪ੍ਰੇਰਣਾ ਤੀਰਥ ਨੇ ਇੱਕ ਦਿਲਚਸਪ ਪ੍ਰਦਰਸ਼ਨੀ ਲਗਾਈ ਹੈ। ਇਸ ਵਿੱਚ ਦੇਸ਼-ਵਿਦੇਸ਼ ਦੇ 100 ਤੋਂ ਜ਼ਿਆਦਾ Antiqueradio ਰੱਖੇ ਗਏ ਹਨ। ਇੱਥੇ ‘ਮਨ ਕੀ ਬਾਤ’ ਦੇ ਹੁਣ ਤੱਕ ਦੇ ਸਾਰੇ Episodes ਨੂੰ ਸੁਣਿਆ ਜਾ ਸਕਦਾ ਹੈ। ਕਈ ਹੋਰ ਉਦਾਹਰਣ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਲੋਕਾਂ ਨੇ ‘ਮਨ ਕੀ ਬਾਤ’ ਤੋਂ ਪ੍ਰੇਰਿਤ ਹੋ ਕੇ ਆਪਣਾ ਖੁਦ ਦਾ ਕੰਮ ਸ਼ੁਰੂ ਕੀਤਾ। ਅਜਿਹਾ ਹੀ ਇੱਕ ਉਦਾਹਰਣ ਕਰਨਾਟਕ ਦੇ ਚਾਮਰਾਜ ਨਗਰ ਦੀ ਵਰਸ਼ਾ ਜੀ ਦਾ ਹੈ, ਜਿਨ੍ਹਾਂ ਨੂੰ ‘ਮਨ ਕੀ ਬਾਤ’ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਲਈ ਪ੍ਰੇਰਿਤ ਕੀਤਾ। ਇਸ ਪ੍ਰੋਗਰਾਮ ਦੇ ਇੱਕ Episodes ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਕੇਲੇ ਤੋਂ ਜੈਵਿਕ ਖਾਦ ਬਣਾਉਣ ਦਾ ਕੰਮ ਸ਼ੁਰੂ ਕੀਤਾ। ਕੁਦਰਤ ਨਾਲ ਬਹੁਤ ਲਗਾਓ ਰੱਖਣ ਵਾਲੀ ਵਰਸ਼ਾ ਜੀ ਦੀ ਇਹ ਪਹਿਲ ਦੂਸਰੇ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਲੈ ਕੇ ਆਈ ਹੈ।

ਮੇਰੇ ਪਰਿਵਾਰਜਨੋਂ, ਕੱਲ੍ਹ 27 ਨਵੰਬਰ ਨੂੰ ਕਾਰਤਿਕ ਪੁਰਨਿਮਾ ਦਾ ਪਰਵ ਹੈ। ਇਸੇ ਦਿਨ ‘ਦੇਵ ਦੀਪਾਵਲੀ’ ਭੀ ਮਨਾਈ ਜਾਂਦੀ ਹੈ ਅਤੇ ਮੇਰਾ ਤਾਂ ਮਨ ਕਰਦਾ ਹੈ ਕਿ ਮੈਂ ਕਾਸ਼ੀ ਦੀ ‘ਦੇਵ ਦੀਪਾਵਲੀ’ ਜ਼ਰੂਰ ਦੇਖਾਂ। ਇਸ ਵਾਰ ਮੈਂ ਕਾਸ਼ੀ ਤਾਂ ਨਹੀਂ ਜਾ ਸਕਿਆ, ਲੇਕਿਨ ‘ਮਨ ਕੀ ਬਾਤ’ ਦੇ ਮਾਧਿਅਮ ਨਾਲ ਬਨਾਰਸ ਦੇ ਲੋਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਜ਼ਰੂਰ ਭੇਜ ਰਿਹਾ ਹਾਂ। ਇਸ ਵਾਰ ਭੀ ਕਾਸ਼ੀ ਦੇ ਘਾਟਾਂ ’ਤੇ ਲੱਖਾਂ ਦੀਵੇ ਜਗਾਏ ਜਾਣਗੇ। ਸ਼ਾਨਦਾਰ ਆਰਤੀ ਹੋਵੇਗੀ। Laser Show ਹੋਵੇਗਾ। ਲੱਖਾਂ ਦੀ ਸੰਖਿਆ ਵਿੱਚ ਦੇਸ਼-ਵਿਦੇਸ਼ ਤੋਂ ਆਏ ਲੋਕ ‘ਦੇਵ ਦੀਪਾਵਲੀ’ ਦਾ ਆਨੰਦ ਲੈਣਗੇ।

ਸਾਥੀਓ, ਕੱਲ੍ਹ ਪੁੰਨਿਆ ਦੇ ਦਿਨ ਹੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਰਵ ਹੈ। ਗੁਰੂ ਨਾਨਕ ਦੇਵ ਜੀ ਦੇ ਅਨਮੋਲ ਸੰਦੇਸ਼ ਭਾਰਤ ਹੀ ਨਹੀਂ ਦੁਨੀਆ ਭਰ ਦੇ ਲਈ ਅੱਜ ਭੀ ਪ੍ਰੇਰਕ ਅਤੇ ਪ੍ਰਸੰਗਕ ਹਨ। ਇਹ ਸਾਨੂੰ ਸਾਦਗੀ, ਸਦਭਾਵ ਅਤੇ ਦੂਸਰਿਆਂ ਦੇ ਪ੍ਰਤੀ ਸਮਰਪਿਤ ਹੋਣ ਲਈ ਪ੍ਰੇਰਿਤ ਕਰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਸੇਵਾ ਭਾਵਨਾ, ਸੇਵਾ ਕਾਰਜਾਂ ਦੀ ਜੋ ਸਿੱਖਿਆ ਦਿੱਤੀ, ਉਨ੍ਹਾਂ ਦਾ ਪਾਲਣ ਸਾਡੇ ਸਿੱਖ ਭੈਣ-ਭਰਾ ਪੂਰੇ ਵਿਸ਼ਵ ਵਿੱਚ ਕਰਦੇ ਨਜ਼ਰ ਆਉਂਦੇ ਹਨ। ਮੈਂ ‘ਮਨ ਕੀ ਬਾਤ’ ਦੇ ਸਾਰੇ ਸਰੋਤਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਵ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਮੇਰੇ ਪਰਿਵਾਰਜਨੋਂ, ‘ਮਨ ਕੀ ਬਾਤ’ ਵਿੱਚ ਇਸ ਵਾਰ ਮੇਰੇ ਨਾਲ ਇਤਨਾ ਹੀ। ਦੇਖਦੇ ਹੀ ਦੇਖਦੇ 2023 ਸਮਾਪਤੀ ਦੇ ਵੱਲ ਵਧ ਰਿਹਾ ਹੈ ਅਤੇ ਹਰ ਵਾਰ ਦੀ ਤਰ੍ਹਾਂ ਅਸੀਂ-ਤੁਸੀਂ ਇਹ ਭੀ ਸੋਚ ਰਹੇ ਹਾਂ ਕਿ ਅਰੇ...! ਇਤਨੀ ਜਲਦੀ ਇਹ ਸਾਲ ਬੀਤ ਗਿਆ। ਲੇਕਿਨ ਇਹ ਭੀ ਸੱਚ ਹੈ ਕਿ ਇਹ ਸਾਲ ਭਾਰਤ ਦੇ ਲਈ ਅਸੀਮ ਉਪਲਬਧੀਆਂ ਵਾਲਾ ਸਾਲ ਰਿਹਾ ਹੈ ਅਤੇ ਭਾਰਤ ਦੀਆਂ ਉਪਲਬਧੀਆਂ, ਹਰ ਭਾਰਤੀ ਦੀ ਉਪਲਬਧੀ ਹੈ। ਮੈਨੂੰ ਖੁਸ਼ੀ ਹੈ ਕਿ ‘ਮਨ ਕੀ ਬਾਤ’ ਭਾਰਤੀਆਂ ਦੀਆਂ ਅਜਿਹੀਆਂ ਉਪਲਬਧੀਆਂ ਨੂੰ ਸਾਹਮਣੇ ਲਿਆਉਣ ਦਾ ਇੱਕ ਸਸ਼ਕਤ ਮਾਧਿਅਮ ਬਣਿਆ ਹੈ। ਅਗਲੀ ਵਾਰ ਦੇਸ਼ਵਾਸੀਆਂ ਦੀਆਂ ਢੇਰ ਸਾਰੀਆਂ ਸਫ਼ਲਤਾਵਾਂ ਬਾਰੇ ਫਿਰ ਤੁਹਾਡੇ ਨਾਲ ਗੱਲ ਹੋਵੇਗੀ। ਤਦ ਤੱਕ ਦੇ ਲਈ ਮੈਨੂੰ ਵਿਦਾ ਦਿਓ।

 ਬਹੁਤ-ਬਹੁਤ ਧੰਨਵਾਦ।

 ਨਮਸਕਾਰ।

 

 

 

 

 

 

 

 

 

 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Indian economy ends 2024 with strong growth as PMI hits 60.7 in December

Media Coverage

Indian economy ends 2024 with strong growth as PMI hits 60.7 in December
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 17 ਦਸੰਬਰ 2024
December 17, 2024

Unstoppable Progress: India Continues to Grow Across Diverse Sectors with the Modi Government