ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਮੇਂ-ਸਮੇਂ ’ਤੇ ਸੰਵਾਦ ਸਥਾਪਿਤ ਕਰਕੇ ਦੇਸ਼ ਦੀ ਯੁਵਾ ਪੀੜ੍ਹੀ, ਖਾਸ ਕਰਕੇ ਵਿਦਿਆਰਥੀਆਂ ਦਾ ਮਨੋਬਲ ਵਧਾਉਂਦੇ ਰਹਿੰਦੇ ਹਨ। ‘ਮਨ ਕੀ ਬਾਤ’ ਹੋਵੇ, ‘ਪਰੀਕਸ਼ਾ ਪੇ ਚਰਚਾ’ ਹੋਵੇ ਜਾਂ ਨਿਜੀ ਸੰਵਾਦ ਹੋਵੇ, ਪ੍ਰਧਾਨ ਮੰਤਰੀ ਮੋਦੀ ਨੇ ਹਮੇਸ਼ਾ ਵਿਭਿੰਨ ਮਾਧਿਅਮਾਂ ਜ਼ਰੀਏ ਨੌਜਵਾਨਾਂ ਦੀਆਂ ਚਿੰਤਾਵਾਂ ਅਤੇ ਜਗਿਆਸਾ ਨੂੰ ਸਮਝ ਕੇ ਉਨ੍ਹਾਂ ਦਾ ਉਤਸਾਹਵਰਧਨ ਕੀਤਾ ਹੈ। ਇਸੇ ਕ੍ਰਮ ਵਿੱਚ ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਦੇਹਰਾਦੂਨ ਦੇ 11ਵੀਂ ਕਲਾਸ ਦੇ ਵਿਦਿਆਰਥੀ ਅਨੁਰਾਗ ਰਮੋਲਾ ਦੇ ਪੱਤਰ ਦਾ ਜਵਾਬ ਦੇ ਕੇ ਉਨ੍ਹਾਂ ਦੀ ਕਲਾ ਅਤੇ ਉਨ੍ਹਾਂ ਦੇ ਵਿਚਾਰਾਂ ਦੀ ਸਰਾਹਨਾ ਕੀਤੀ ਹੈ।
ਅਨੁਰਾਗ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ, ਪ੍ਰਧਾਨ ਮੰਤਰੀ ਨੇ ਪੱਤਰ ਵਿੱਚ ਲਿਖਿਆ ਹੈ, ‘ਤੁਹਾਡੀ ਵਿਚਾਰਧਾਰਕ ਪਰਿਪੱਕਤਾ, ਪੱਤਰ ਵਿੱਚ ਲਿਖੇ ਤੁਹਾਡੇ ਸ਼ਬਦਾਂ ਅਤੇ ਪੇਂਟਿੰਗ ਦੇ ਲਈ ਚੁਣੇ ਗਏ ਵਿਸ਼ੇ ‘ਭਾਰਤ ਕੀ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ’ ਤੋਂ ਝਲਕਦੀ ਹੈ। ਮੈਨੂੰ ਖੁਸ਼ੀ ਹੈ ਕਿ ਕਿਸ਼ੋਰ ਅਵਸਥਾ ਤੋਂ ਹੀ ਤੁਹਾਡੇ ਵਿੱਚ ਰਾਸ਼ਟਰ ਹਿਤ ਨਾਲ ਜੁੜੇ ਮੁੱਦਿਆਂ ਦੀ ਸਮਝ ਵਿਕਸਿਤ ਹੋਈ ਹੈ ਅਤੇ ਤੁਸੀਂ ਇੱਕ ਜ਼ਿੰਮੇਦਾਰ ਨਾਗਰਿਕ ਦੇ ਰੂਪ ਵਿੱਚ ਦੇਸ਼ ਦੇ ਵਿਕਾਸ ਵਿੱਚ ਆਪਣੀ ਭੂਮਿਕਾ ਨੂੰ ਚੰਗੀ ਤਰ੍ਹਾਂ ਸਮਝਦੇ ਹੋ।
ਆਤਮਨਿਰਭਰ ਭਾਰਤ ਦੇ ਨਿਰਮਾਣ ਵਿੱਚ ਸਭ ਦੇਸ਼ਵਾਸੀਆਂ ਦੇ ਯੋਗਦਾਨ ਦੀ ਸਰਾਹਨਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਅੱਗੇ ਲਿਖਿਆ ਹੈ: “ਆਜ਼ਾਦੀ ਦੇ ਇਸ ਅੰਮ੍ਰਿਤ ਕਾਲ ਵਿੱਚ, ਸਮੂਹਿਕ ਸ਼ਕਤੀ ਦੀ ਊਰਜਾ ਅਤੇ ‘ਸਬਕਾ ਪ੍ਰਯਾਸ’ ਦੇ ਮੰਤਰ ਦੇ ਨਾਲ ਦੇਸ਼ ਅੱਗੇ ਵਧ ਰਿਹਾ ਹੈ। ਆਉਣ ਵਾਲੇ ਵਰ੍ਹਿਆਂ ਵਿੱਚ ਇੱਕ ਮਜ਼ਬੂਤ ਅਤੇ ਸਮ੍ਰਿੱਧ ਭਾਰਤ ਦੇ ਨਿਰਮਾਣ ਵਿੱਚ ਸਾਡੀ ਯੁਵਾ ਪੀੜ੍ਹੀ ਦਾ ਯੋਗਦਾਨ ਮਹੱਤਵਪੂਰਨ ਹੋਵੇਗਾ।”
ਅਨੁਰਾਗ ਨੂੰ ਸਫ਼ਲ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਉਹ ਜੀਵਨ ਵਿੱਚ ਰਚਨਾਤਮਕਤਾ ਤੇ ਯੋਗਤਾ-ਅਨੁਰੂਪ ਸਫ਼ਲਤਾ ਦੇ ਨਾਲ ਅੱਗੇ ਵਧਦੇ ਰਹਿਣਗੇ।
ਅਨੁਰਾਗ ਨੂੰ ਪ੍ਰੇਰਿਤ ਕਰਨ ਦੇ ਲਈ ਇਸ ਪੇਂਟਿੰਗ ਨੂੰ ਨਰੇਂਦਰ ਮੋਦੀ ਐਪ ਅਤੇ narendramodi.in ਦੀ ਵੈੱਬਸਾਈਟ ’ਤੇ ਵੀ ਅੱਪਲੋਡ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਨੁਰਾਗ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਰਾਸ਼ਟਰ ਹਿਤ ਨਾਲ ਜੁੜੇ ਵਿਸ਼ਿਆਂ ’ਤੇ ਆਪਣੇ ਵਿਚਾਰਾਂ ਤੋਂ ਜਾਣੂ ਕਰਵਾਇਆ ਸੀ। ਅਨੁਰਾਗ ਨੇ ਆਪਣੇ ਪੱਤਰ ਵਿੱਚ ਲਿਖਿਆ ਸੀ ਕਿ ਵਿਪਰੀਤ ਪਰਿਸਥਿਤੀਆਂ ਵਿੱਚ ਵੀ ਧੀਰਜ ਨਾ ਗੁਆਉਣਾ, ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਆਪਣੇ ਲਕਸ਼ ਵੱਲ ਅੱਗੇ ਵਧਣਾ ਅਤੇ ਸਭ ਨੂੰ ਨਾਲ ਲੈ ਕੇ ਚਲਣ ਦੀ ਪ੍ਰੇਰਣਾ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਤੋਂ ਮਿਲਦੀ ਹੈ।
ਨੋਟ-ਅਨੁਰਾਗ ਰਮੋਲਾ ਨੂੰ ਕਲਾ ਅਤੇ ਸੱਭਿਆਚਾਰ ਦੇ ਲਈ 2021 ਦੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।