ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗਾਂਧੀਨਗਰ ਵਿੱਚ ਸਕੂਲਾਂ ਲਈ ਇੱਕ ਕਮਾਂਡ ਅਤੇ ਕੰਟਰੋਲ ਕੇਂਦਰ - ਵਿਦਯਾ ਸਮੀਕਸ਼ਾ ਕੇਂਦਰ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਨੂੰ ਨਿਗਰਾਨੀ ਦੀਆਂ ਗਤੀਵਿਧੀਆਂ, ਵੀਡੀਓ ਵਾਲਸ ਅਤੇ ਕੇਂਦਰ ਦੇ ਵਿਭਿੰਨ ਪਹਿਲੂਆਂ ਦਾ ਲਾਈਵ ਪ੍ਰਦਰਸ਼ਨ ਦਿਖਾਇਆ ਗਿਆ। ਪ੍ਰਧਾਨ ਮੰਤਰੀ ਨੂੰ ਇੱਕ ਆਡੀਓ ਵਿਜ਼ੂਅਲ ਪੇਸ਼ਕਾਰੀ ਦੁਆਰਾ ਵੀ ਜਾਣਕਾਰੀ ਦਿੱਤੀ ਗਈ। ਹੋਰਨਾਂ ਤੋਂ ਇਲਾਵਾ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ ਵੀ ਇਸ ਮੌਕੇ ਮੌਜੂਦ ਸਨ।
ਪ੍ਰਧਾਨ ਮੰਤਰੀ ਨੇ ਹਿੱਤਧਾਰਕਾਂ ਨਾਲ ਗੱਲਬਾਤ ਕੀਤੀ। ਅੰਬਾਜੀ ਤੋਂ ਮੁੱਖ ਅਧਿਆਪਕਾ ਸੁਸ਼੍ਰੀ ਰਾਜਸ਼੍ਰੀ ਪਟੇਲ ਗੱਲਬਾਤ ਕਰਨ ਵਾਲੀ ਪਹਿਲੀ ਵਿਅਕਤੀ ਸੀ। ਪ੍ਰਧਾਨ ਮੰਤਰੀ ਨੇ ਨਵੀਆਂ ਟੈਕਨੋਲੋਜੀਆਂ ਵਿੱਚ ਅਧਿਆਪਕਾਂ ਦੀ ਰੁਚੀ ਬਾਰੇ ਪੁੱਛਿਆ। ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਤੋਂ ਦੀਕਸ਼ਾ ਪੋਰਟਲ ਦੀ ਵਰਤੋਂ ਬਾਰੇ ਵੀ ਪੁੱਛਿਆ। ਪ੍ਰਧਾਨ ਮੰਤਰੀ ਨੇ ਅਨੁਪਾਲਨ ਲੋਡ ਦੇ ਪੱਧਰ ਬਾਰੇ ਪੁੱਛਿਆ ਕਿ ਕੀ ਇਹ ਵਧਿਆ ਹੈ ਜਾਂ ਇਸ ਨੇ ਸਥਿਤੀ ਨੂੰ ਅਸਾਨ ਬਣਾ ਦਿੱਤਾ ਹੈ। ਉਨ੍ਹਾਂ ਹਲਕੇ-ਫੁਲਕੇ ਅੰਦਾਜ਼ ਵਿੱਚ ਇਹ ਵੀ ਕਿਹਾ ਕਿ ਠੱਗੀ ਮਾਰਨੀ ਕਠਿਨ ਹੁੰਦੀ ਜਾ ਰਹੀ ਹੈ। ਉਨ੍ਹਾਂ 7ਵੀਂ ਜਮਾਤ ਦੇ ਵਿਦਿਆਰਥੀ ਨਾਲ ਵੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਵਿਦਿਆਰਥੀ ਨੂੰ ਚੰਗੀ ਤਰ੍ਹਾਂ ਖੇਡਾਂ ਖੇਡਣ ਅਤੇ ਖੁਰਾਕ ਖਾਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਸਮੂਹ ਨਾਲ ਸੁਭਾਵਕ ਅਤੇ ਗ਼ੈਰ ਰਸਮੀ ਗੱਲਬਾਤ ਕੀਤੀ। ਇਸੇ ਜ਼ਿਲ੍ਹੇ ਦੇ ਸੀਆਰਸੀ ਕੋਆਰਡੀਨੇਟਰ ਨੇ ਵੀ ਨਵੀਂ ਟੈਕਨੋਲੋਜੀ ਨਾਲ ਆਏ ਬਦਲਾਅ ਬਾਰੇ ਦੱਸਿਆ। ਉਸ ਨੇ ਇੱਕ ਕੋਆਰਡੀਨੇਟਰ ਦੁਆਰਾ ਕੀਤੀ ਜਾਣ ਵਾਲੀ ਨਿਗਰਾਨੀ ਅਤੇ ਤਸਦੀਕ ਦੀ ਪ੍ਰਕਿਰਿਆ ਬਾਰੇ ਪ੍ਰਧਾਨ ਮੰਤਰੀ ਨੂੰ ਦੱਸਿਆ। ਪ੍ਰਧਾਨ ਮੰਤਰੀ ਨੇ ਪੋਸ਼ਣ ਦੀ ਨਿਗਰਾਨੀ ਲਈ ਸਿਸਟਮ ਦੀ ਵਰਤੋਂ ਕਰਨ ਬਾਰੇ ਪੁੱਛ ਕੇ ਨਵੀਂ ਪ੍ਰਣਾਲੀ ਦੀਆਂ ਸੰਭਾਵਨਾਵਾਂ ਬਾਰੇ ਵੀ ਗਹਿਰਾਈ ਵਿੱਚ ਚਰਚਾ ਕੀਤੀ, ਕਿ ਕੀ ਇਹ ਅਧਿਆਪਕਾਂ ਲਈ ਵਿਵਹਾਰਕ ਹੈ ਅਤੇ ਸੰਤੁਲਿਤ ਖੁਰਾਕ ਬਾਰੇ ਵਿਦਿਆਰਥੀਆਂ ਅਤੇ ਹਿਤਧਾਰਕਾਂ ਨੂੰ ਸੰਵੇਦਨਸ਼ੀਲ ਬਣਾਉਣ ਲਈ ਹੋਰ ਕੀ ਕੀਤਾ ਜਾ ਸਕਦਾ ਹੈ।
ਸ਼੍ਰੀ ਮੋਦੀ ਨੇ ਕਈ ਵਰ੍ਹੇ ਪਹਿਲਾਂ ਆਪਣੀ ਕੈਨੇਡਾ ਫੇਰੀ ਦਾ ਇੱਕ ਨਿਜੀ ਤਜਰਬਾ ਦੱਸਿਆ ਜਿੱਥੇ ਉਨ੍ਹਾਂ ਨੇ ਇੱਕ ਸਾਇੰਸ ਅਜਾਇਬ ਘਰ ਦਾ ਦੌਰਾ ਕੀਤਾ ਅਤੇ ਕਿਓਸਕ 'ਤੇ ਆਪਣੀ ਖੁਰਾਕ ਲਈ ਇੱਕ ਚਾਰਟ ਭਰਿਆ। ਉਨ੍ਹਾਂ ਦੀ ਸ਼ਾਕਾਹਾਰੀ ਖੁਰਾਕ ਪ੍ਰਤੀ ਮਸ਼ੀਨ ਨੇ ਕਿਹਾ ‘ਕੀ ਤੁਸੀਂ ਇੱਕ ਪੰਛੀ ਹੋ’!!
ਪ੍ਰਧਾਨ ਮੰਤਰੀ ਨੇ ਆਪਣੀ ਗੱਲ ਨੂੰ ਜਾਰੀ ਰੱਖਦਿਆਂ ਕਿਹਾ ਕਿ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਹਾਲਾਂਕਿ ਟੈਕਨੋਲੋਜੀ ਪਹੁੰਚਯੋਗ ਹੈ ਅਤੇ ਹੁਣ ਤੱਕ ਅਣਜਾਣ ਰਹੇ ਨਵੇਂ ਵਿਚਾਰਾਂ ਦੇ ਦ੍ਰਿਸ਼ਾਂ ਨੂੰ ਖੋਲ੍ਹ ਸਕਦੀ ਹੈ, ਪਰੰਤੂ, ਪ੍ਰਧਾਨ ਮੰਤਰੀ ਨੇ ਸਾਵਧਾਨ ਕੀਤਾ, ਕਿ ਰੀਅਲ (ਅਸਲ) ਸੰਸਾਰ ਨੂੰ ਵਰਚੁਅਲ ਸੰਸਾਰ ਲਈ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।
ਕੱਛ ਤੋਂ, ਪ੍ਰਾਇਮਰੀ ਸਕੂਲ ਦੀ ਐੱਸਐੱਮਸੀ ਕਮੇਟੀ ਦੀ ਰਾਠੌਰ ਕਲਪਨਾ ਤੋਂ, ਪ੍ਰਧਾਨ ਮੰਤਰੀ ਨੇ ਪ੍ਰਾਇਮਰੀ ਅਧਿਆਪਕਾਂ ਲਈ ਲਾਭਾਂ ਬਾਰੇ ਪੁੱਛਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਨਵੀਂ ਪ੍ਰਣਾਲੀ ਅਨੁਪਾਲਨ ਵਿੱਚ ਸੁਧਾਰ ਕਰ ਰਹੀ ਹੈ। 8ਵੀਂ ਜਮਾਤ ਦੀ ਵਿਦਿਆਰਥਣ ਪੂਜਾ ਨਾਲ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਇੱਕ ਪੁਰਾਣਾ ਮੁੱਦਾ ਯਾਦ ਕੀਤਾ ਕਿ ਮੇਹਸਾਣਾ ਦੇ ਅਧਿਆਪਕ ਸਥਾਨਕ ਕੱਛ ਬੋਲੀ ਵਿੱਚ ਨਹੀਂ ਪੜ੍ਹਾ ਸਕਦੇ ਸਨ। ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਕਿ ਸਥਿਤੀ ਵਿੱਚ ਸੁਧਾਰ ਹੋਇਆ ਹੈ। ਹਲਕੇ-ਫੁਲਕੇ ਅੰਦਾਜ਼ ਵਿੱਚ ਪ੍ਰਧਾਨ ਮੰਤਰੀ ਨੇ ਕਮਜ਼ੋਰ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਸਹਾਇਤਾ ਬਾਰੇ ਪੁੱਛਿਆ। ਸਕੂਲ ਦੇ ਮੁੱਖ ਅਧਿਆਪਕ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਅਧਿਆਪਕਾਂ ਨੇ ਕੋਰੋਨਾ ਦੇ ਸਮੇਂ ਦੌਰਾਨ ਜੀ ਸ਼ਾਲਾ (G Shala), ਦੀਕਸ਼ਾ (Diksha) ਐਪ ਆਦਿ ਦੀ ਵਰਤੋਂ ਕੀਤੀ ਅਤੇ ਕਿਵੇਂ ਖਾਨਾਬਦੋਸ਼ ਭਾਈਚਾਰਿਆਂ ਨੂੰ ਸਿੱਖਿਆ ਪ੍ਰਦਾਨ ਕੀਤੀ ਗਈ। ਪ੍ਰਧਾਨ ਮੰਤਰੀ ਨੂੰ ਇਹ ਵੀ ਦੱਸਿਆ ਗਿਆ ਕਿ ਬਹੁਤ ਸਾਰੇ ਵਿਦਿਆਰਥੀਆਂ ਪਾਸ ਨਵੀਂ ਪ੍ਰਣਾਲੀ ਲਈ ਜ਼ਰੂਰੀ ਯੰਤਰ ਸਨ। ਪ੍ਰਧਾਨ ਮੰਤਰੀ ਨੇ ਸਰੀਰਕ ਗਤੀਵਿਧੀਆਂ 'ਤੇ ਘੱਟ ਜ਼ੋਰ ਦਿੱਤੇ ਜਾਣ ਲਈ ਆਪਣੀ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਦੱਸਿਆ ਕਿ ਖੇਡਾਂ ਹੁਣ ਪਾਠਕ੍ਰਮ ਤੋਂ ਬਾਹਰ ਨਹੀਂ ਬਲਕਿ ਪਾਠਕ੍ਰਮ ਦਾ ਹੀ ਹਿੱਸਾ ਹਨ।
ਤਾਪੀ ਜ਼ਿਲ੍ਹੇ ਦੀ ਦਰਸ਼ਨਾ ਬੇਨ ਨੇ ਆਪਣੇ ਤਜ਼ਰਬੇ ਬਾਰੇ ਵਿਸਤਾਰ ਨਾਲ ਦੱਸਿਆ ਅਤੇ ਦੱਸਿਆ ਕਿ ਕਿਵੇਂ ਨਵੀਂ ਪ੍ਰਣਾਲੀ ਦੇ ਕਾਰਨ ਵਿਭਿੰਨ ਪੈਰਾਮੀਟਰਾਂ ਵਿੱਚ ਸੁਧਾਰ ਹੋਇਆ ਹੈ। ਉਸ ਨੇ ਇਹ ਵੀ ਕਿਹਾ ਕਿ ਕੰਮ ਦਾ ਬੋਝ ਘਟਿਆ ਹੈ। ਉਸ ਨੇ ਇਹ ਵੀ ਦੱਸਿਆ ਕਿ ਜ਼ਿਆਦਾਤਰ ਵਿਦਿਆਰਥੀ ਦੀਕਸ਼ਾ ਪੋਰਟਲ 'ਤੇ ਰਜਿਸਟਰਡ ਹਨ। 10ਵੀਂ ਜਮਾਤ ਦੀ ਵਿਦਿਆਰਥਣ ਤਾਨਵੀ ਨੇ ਦੱਸਿਆ ਕਿ ਉਹ ਡਾਕਟਰ ਬਣਨਾ ਚਾਹੁੰਦੀ ਹੈ। ਪ੍ਰਧਾਨ ਮੰਤਰੀ ਨੇ ਉਸ ਨੂੰ ਦੱਸਿਆ ਕਿ ਪਹਿਲਾਂ ਵਿਗਿਆਨ ਦੇ ਵਿਸ਼ੇ ਦੂਰ-ਦਰਾਜ ਦੇ ਖੇਤਰਾਂ ਵਿੱਚ ਉਪਲਬਧ ਨਹੀਂ ਸਨ ਪਰ ਤੀਬਰ ਮੁਹਿੰਮ ਤੋਂ ਬਾਅਦ ਸਥਿਤੀ ਬਦਲ ਗਈ ਹੈ ਅਤੇ ਹੁਣ ਲਾਭ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਹਮੇਸ਼ਾ ਨਵੇਂ ਤਰੀਕੇ ਅਪਣਾਉਂਦਾ ਹੈ ਅਤੇ ਬਾਅਦ ਵਿੱਚ ਪੂਰਾ ਦੇਸ਼ ਉਨ੍ਹਾਂ ਨੂੰ ਅਪਣਾ ਲੈਂਦਾ ਹੈ। ਉਨ੍ਹਾਂ ਨੂੰ ਦੂਸਰੇ ਰਾਜਾਂ ਵੱਲੋਂ ਦਿਖਾਈ ਗਈ ਦਿਲਚਸਪੀ ਬਾਰੇ ਜਾਣੂ ਕਰਵਾਇਆ ਗਿਆ। ਪ੍ਰਧਾਨ ਮੰਤਰੀ ਨੇ ਇਹ ਵੀ ਚਿੰਤਾ ਜ਼ਾਹਿਰ ਕੀਤੀ ਕਿ ਬਹੁਤ ਜ਼ਿਆਦਾ ਡਿਸਕਨੈਕਟ ਨਹੀਂ ਹੋਣਾ ਚਾਹੀਦਾ। ਉਨ੍ਹਾਂ ਚਾਹਿਆ ਕਿ ਪ੍ਰੋਜੈਕਟ ਦੇ ਕੋਆਰਡੀਨੇਟਰ ਮਾਨਵੀ ਤੱਤ ਨੂੰ ਜ਼ਿੰਦਾ ਰੱਖਣ। ਉਨ੍ਹਾਂ ਨੂੰ 'ਰੀਡ ਅਲੌਂਗ' ਫੀਚਰ ਅਤੇ ਵਟਸਐਪ ਅਧਾਰਿਤ ਉਪਾਵਾਂ ਬਾਰੇ ਦੱਸਿਆ ਗਿਆ। ਪ੍ਰਧਾਨ ਮੰਤਰੀ ਨੇ ਨਵੀਂ ਪ੍ਰਣਾਲੀ ਦੇ ਅਧਾਰ 'ਤੇ ਸੁਅਸਥ ਮੁਕਾਬਲੇ ਦਾ ਮਾਹੌਲ ਬਣਾਈ ਰੱਖਣ ਲਈ ਵੀ ਕਿਹਾ।
ਇਹ ਕੇਂਦਰ ਸਲਾਨਾ 500 ਕਰੋੜ ਤੋਂ ਵੱਧ ਡਾਟਾ ਸੈੱਟ ਇਕੱਤਰ ਕਰਦਾ ਹੈ ਅਤੇ ਵਿਦਿਆਰਥੀਆਂ ਲਈ ਸਮੁੱਚੇ ਸਿੱਖਣ ਦੇ ਨਤੀਜਿਆਂ ਵਿੱਚ ਵਾਧਾ ਕਰਨ ਲਈ, ਬਿੱਗ ਡੇਟਾ ਵਿਸ਼ਲੇਸ਼ਣ, ਆਰਟੀਫੀਸ਼ਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਵਰਤੋਂ ਕਰਕੇ ਉਨ੍ਹਾਂ ਦਾ ਅਰਥਪੂਰਨ ਵਿਸ਼ਲੇਸ਼ਣ ਕਰਦਾ ਹੈ। ਇਹ ਕੇਂਦਰ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਰੋਜ਼ਾਨਾ ਔਨਲਾਈਨ ਹਾਜ਼ਰੀ ਨੂੰ ਟ੍ਰੈਕ ਕਰਨ, ਵਿਦਿਆਰਥੀਆਂ ਦੇ ਲਰਨਿੰਗ ਦੇ ਨਤੀਜਿਆਂ ਦੇ ਕੇਂਦਰੀਕਰਣ ਅਤੇ ਸਮੇਂ-ਸਮੇਂ 'ਤੇ ਮੁੱਲਾਂਕਣ ਕਰਨ ਆਦਿ ਵਿੱਚ ਮਦਦ ਕਰਦਾ ਹੈ। ਵਿਦਯਾ ਸਮੀਕਸ਼ਾ ਕੇਂਦਰ ਨੂੰ ਵਿਸ਼ਵ ਬੈਂਕ ਦੁਆਰਾ ਇੱਕ ਆਲਮੀ ਬਿਹਤਰੀਨ ਪ੍ਰੈਕਟਿਸ ਵਜੋਂ ਮਾਨਤਾ ਦਿੱਤੀ ਗਈ ਹੈ, ਜਿਸ ਨੇ ਹੋਰ ਦੇਸ਼ਾਂ ਨੂੰ ਇਸ ਬਾਰੇ ਜਾਣਨ ਅਤੇ ਸਿੱਖਣ ਲਈ ਸੱਦਾ ਦਿੱਤਾ ਹੈ।