ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 25 ਅਕਤੂਬਰ, 2021 ਨੂੰ ਉੱਤਰ ਪ੍ਰਦੇਸ਼ ਦੇ ਦੌਰੇ ‘ਤੇ ਜਾਣਗੇ। ਸਵੇਰੇ ਲਗਭਗ 10:30 ਵਜੇ ਸਿਧਾਰਥਨਗਰ ‘ਚ ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ‘ਚ ਨੌਂ ਮੈਡੀਕਲ ਕਾਲਜਾਂ ਦਾ ਉਦਘਾਟਨ ਕਰਨਗੇ। ਉਸ ਤੋਂ ਬਾਅਦ ਦੁਪਹਿਰ 1:15 ਵਜੇ ਵਾਰਾਣਸੀ ‘ਚ ਪ੍ਰਧਾਨ ਮੰਤਰੀ ‘ਪੀਐੱਮ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ’ ਦੀ ਸ਼ੁਰੂਆਤ ਕਰਨਗੇ। ਉਹ ਵਾਰਾਣਸੀ ਲਈ 5,200 ਕਰੋੜ ਰੁਪਏ ਤੋਂ ਵੱਧ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ।
ਪੀਐੱਮ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ ਸਮੁੱਚੇ ਦੇਸ਼ ਦੇ ਸਿਹਤ–ਸੰਭਾਲ਼ ਬੁਨਿਆਦੀ ਢਾਂਚੇ ਦੀ ਮਜ਼ਬੂਤ ਲਈ ਪੂਰੇ ਭਾਰਤ ਦੀਆਂ ਵਿਸ਼ਾਲਤਮ ਯੋਜਨਾਵਾਂ ਵਿੱਚੋਂ ਇੱਕ ਹੋਵੇਗਾ। ਇਹ ‘ਨੈਸ਼ਨਲ ਹੈਲਥ ਮਿਸ਼ਨ’ ਤੋਂ ਇਲਾਵਾ ਹੋਵੇਗਾ।
ਪੀਐੱਮ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ ਦਾ ਉਦੇਸ਼ ਸ਼ਹਿਰੀ ਤੇ ਗ੍ਰਾਮੀਣ ਦੋਵੇਂ ਖੇਤਰਾਂ ਵਿੱਚ ਖ਼ਾਸ ਤੌਰ ਉੱਤੇ ਨਾਜ਼ੁਕ ਹਾਲਤ ਵਾਲੇ ਮਰੀਜ਼ਾਂ ਦੀ ਦੇਖਭਾਲ਼ ਕਰਨ ਵਾਲੀਆਂ ਸੁਵਿਧਾਵਾਂ ਤੇ ਪ੍ਰਾਇਮਰੀ ਕੇਅਰ ਸਮੇਤ ਜਨ–ਸਿਹਤ ਬੁਨਿਆਦੀ ਢਾਂਚੇ ਵਿੱਚ ਵੱਡੇ ਪਾੜਿਆਂ ਨੂੰ ਪੂਰਨਾ ਹੈ। ਇਹ ਯੋਜਨਾ 10 ਵਧੇਰੇ ਫ਼ੋਕਸ ਵਾਲੇ ਰਾਜਾਂ ਵਿੱਚ 17,788 ਗ੍ਰਾਮੀਣ ਹੈਲਥ ਐਂਡ ਵੈੱਲਨੈੱਸ ਸੈਂਟਰਸ ਨੂੰ ਮਦਦ ਮੁਹੱਈਆ ਕਰਵਾਏਗਾ। ਇਸ ਦੇ ਨਾਲ ਸਾਰੇ ਰਾਜਾਂ ‘ਚ 11,024 ਸ਼ਹਿਰੀ ਹੈਲਥ ਐਂਡ ਵੈੱਲਨੈੱਸ ਸੈਂਟਰ ਸਥਾਪਿਤ ਕੀਤੇ ਜਾਣਗੇ।
ਦੇਸ਼ ਦੇ 5 ਲੱਖ ਤੋਂ ਵੱਧ ਦੀ ਆਬਾਦੀ ਵਾਲੇ ਸਾਰੇ ਜ਼ਿਲ੍ਹਿਆਂ ‘ਚ ‘ਐਕਸਕਲੂਸਿਵ ਕੇਅਰ ਕ੍ਰਿਟੀਕਲ ਕੇਅਰ ਹਾਸਪਿਟਲ ਬਲੌਕਸ’ ਰਾਹੀਂ ਨਾਜ਼ੁਕ ਮਰੀਜ਼ਾਂ ਦੀ ਦੇਖਭਾਲ਼ ਲਈ ਸੇਵਾਵਾਂ ਉਪਲਬਧ ਹੋਣਗੀਆਂ, ਬਾਕੀ ਦੇ ਜ਼ਿਲ੍ਹੇ ਰੈਫ਼ਰਲ ਸੇਵਾਵਾਂ ਰਾਹੀਂ ਕਵਰ ਕੀਤੇ ਜਾਣਗੇ।
ਲੋਕਾਂ ਦੀ ਪੂਰੇ ਦੇਸ਼ ਵਿੱਚ ਲੈਬੋਰੇਟਰੀਆਂ ਦੇ ਨੈੱਟਵਰਕ ਰਾਹੀਂ ਜਨ–ਸਿਹਤ ਸੰਭਾਲ਼ ਪ੍ਰਣਾਲੀ ਵਿੱਚ ਅਨੇਕ ਡਾਇਓਗਨੌਸਟਿਕ ਸੇਵਾਵਾਂ ਤੱਕ ਪਹੁੰਚ ਹੋਵੇਗੀ। ਸਾਰੇ ਜ਼ਿਲ੍ਹਿਆਂ ‘ਚ ਇੰਟੀਗ੍ਰੇਟਿਡ ਪਬਲਿਕ ਹੈਲਥ ਲੈਬਜ਼ ਸਥਾਪਿਤ ਕੀਤੀਆਂ ਜਾਣਗੀਆਂ।
ਪੀਐੱਮ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ ਦੇ ਤਹਿਤ ‘ਵੰਨ ਹੈਲਥ’ ਲਈ ਇੱਕ ਰਾਸ਼ਟਰੀ ਸੰਸਥਾਨ, ਵਾਇਰੌਲੋਜੀ ਲਈ 4 ਨਵੇਂ ਰਾਸ਼ਟਰੀ ਸੰਸਥਾਨ, ਵਿਸ਼ਵ ਸਿਹਤ ਸੰਗਠਨ (WHO) ਦੱਖਣ–ਪੂਰਬੀ ਏਸ਼ੀਆ ਖੇਤਰ ਲਈ ਇੱਕ ਖੇਤਰੀ ਖੋਜ ਮੰਚ, 9 ਬਾਇਓਸੇਫ਼ਟੀ ਲੈਵਲ III ਲੈਬੋਰੇਟਰੀਜ਼, 5 ਨਵੇਂ ‘ਰੀਜਨਲ ਨੈਸ਼ਨਲ ਸੈਂਟਰ ਫ਼ਾਰ ਡਿਜ਼ੀਸ ਕੰਟਰੋਲ’ ਸਥਾਪਿਤ ਕੀਤੇ ਜਾਣਗੇ।
ਪੀਐੱਮ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ ਦਾ ਟੀਚਾ ਮੈਟਰੋਪਾਲਿਟਨ ਖੇਤਰਾਂ ‘ਚ ਬਲੌਕ, ਜ਼ਿਲ੍ਹਾ, ਖੇਤਰੀ ਤੇ ਰਾਸ਼ਟਰੀ ਪੱਧਰਾਂ ਉੱਤੇ ਸਰਵੇਲਾਂਸ ਲੈਬੋਰੇਟਰੀਜ਼ ਦਾ ਇੱਕ ਨੈੱਟਵਰਕ ਵਿਕਸਿਤ ਕਰਕੇ ਇੱਕ ਆਈਟੀ ਯੋਗ ਡਿਜ਼ੀਸ ਸਰਵੇਲਾਂਸ ਸਿਸਟਮ ਦੀ ਉਸਾਰੀ ਕਰਨਾ ਹੈ। ਇੰਟੀਗ੍ਰੇਟਿਡ ਹੈਲਥ ਇਨਫ਼ਾਰਮੇਸ਼ਨ ਪੋਰਟਲ ਦਾ ਪਸਾਰ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਾਰੀਆਂ ਜਨ–ਸਿਹਤ ਲੈਬਸ ਨਾਲ ਜੋੜਨ ਲਈ ਕੀਤਾ ਜਾਵੇਗਾ।
ਪੀਐੱਮ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ ਦਾ ਉਦੇਸ਼ ਪਬਲਿਕ ਹੈਲਥ ਐਮਰਜੈਂਸੀਜ਼ ਅਤੇ ਰੋਗਾਂ ਦੇ ਵੱਡੇ ਪੱਧਰ ਉੱਤੇ ਫੈਲਣ ਦੀ ਪ੍ਰਭਾਵਸ਼ਾਲੀ ਤਰੀਕੇ ਨਾਲ ਸ਼ਨਾਖ਼ਤ, ਜਾਂਚ, ਰੋਕਥਾਮ ਤੇ ਉਨ੍ਹਾਂ ਨਾਲ ਲੜਨ ਲਈ 17 ਨਵੀਆਂ ਜਨ ਸਿਹਤ ਇਕਾਈਆਂ ਦਾ ਸੰਚਾਲਨ ਤੇ ਦਾਖ਼ਲਾ ਨੁਕਤਿਆਂ ਉੱਤੇ 33 ਮੌਜੂਦਾ ਜਨ–ਸਿਹਤ ਇਕਾਈਆਂ ਨੂੰ ਮਜ਼ਬੂਤ ਕਰਨਾ ਹੈ। ਇਹ ਕਿਸੇ ਜਨ–ਸਿਹਤ ਐਮਰਜੈਂਸੀ ਲਈ ਹੁੰਗਾਰਾ ਦੇਣ ਵਾਸਤੇ ਸਿੱਖਿਅਤ ਫ਼੍ਰੰਟਲਾਈਨ ਸਿਹਤ ਕਾਰਜ ਬਲ ਤਿਆਰ ਕਰਨ ਲਈ ਵੀ ਕੰਮ ਕਰੇਗੀ।
ਜਿਹੜੇ ਨੌਂ ਮੈਡੀਕਲ ਕਾਲਜਾਂ ਦਾ ਉਦਘਾਟਨ ਕੀਤਾ ਜਾਣਾ ਹੈ, ਉਹ ਸਿਧਾਰਥਨਗਰ, ਏਟਾਹ, ਹਰਦੋਈ, ਪ੍ਰਤਾਪਗੜ੍ਹ, ਫ਼ਤਿਹਪੁਰ, ਦਿਓਰੀਆ, ਗ਼ਾਜ਼ੀਪੁਰ, ਮਿਰਜ਼ਾਪੁਰ ਤੇ ਜੌਨਪੁਰ ‘ਚ ਸਥਿਤ ਹਨ। ‘ਜ਼ਿਲ੍ਹਾ / ਰੈਫ਼ਰਲ ਹਸਪਤਾਲਾਂ ਨਾਲ ਜੁੜੇ ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ’ ਲਈ ਕੇਂਦਰ ਦੁਆਰਾ ਪ੍ਰਾਯੋਜਿਤ ਯੋਜਨਾ ਦੇ ਤਹਿਤ ਪ੍ਰਵਾਨਿਤ ਅੱਠ ਮੈਡੀਕਲ ਕਾਲਜ ਪ੍ਰਵਾਨ ਕੀਤੇ ਗਏ ਹਨ ਅਤੇ ਜੌਨਪੁਰ ‘ਚ ਇੱਕ ਮੈਡੀਕਲ ਕਾਲਜ ਰਾਜ ਸਰਕਾਰ ਵੱਲੋਂ ਆਪਣੇ ਖ਼ੁਦ ਦੇ ਵਸੀਲਿਆਂ ਰਾਹੀਂ ਸ਼ੁਰੂ ਕੀਤਾ ਗਿਆ ਹੈ।
ਕੇਂਦਰ ਦੁਆਰਾ ਪ੍ਰਾਯੋਜਿਤ ਯੋਜਨਾ ਦੇ ਤਹਿਤ ਪ੍ਰਾਥਮਿਕਤਾ ਹੁਣ ਤੱਕ ਵਾਂਝੇ ਰਹੇ, ਪਿਛੜੇ ਤੇ ਖ਼ਾਹਿਸ਼ੀ ਜ਼ਿਲ੍ਹਿਆਂ ਨੂੰ ਦਿੱਤੀ ਜਾਂਦੀ ਹੈ। ਇਸ ਯੋਜਨਾ ਦਾ ਉਦੇਸ਼ ਹੈਲਥ ਪ੍ਰੋਫੈਸ਼ਨਲਸ ਦੀ ਉਪਲਬਧਤਾ ਵਿੱਚ ਵਾਧਾ ਕਰਨਾ, ਮੈਡੀਕਲ ਕਾਲਜਾਂ ਦੇ ਵੰਡ ਵਿੱਚ ਮੌਜੂਦਾ ਭੂਗੋਲਕ ਅਸੰਤੁਲਨ ਨੂੰ ਦਰੁਸਤ ਕਰਨਾ ਤੇ ਜ਼ਿਲ੍ਹਾ ਹਸਪਤਾਲਾਂ ‘ਚ ਮੌਜੂਦਾ ਬੁਨਿਆਦੀ ਢਾਂਚੇ ਨੂੰ ਪ੍ਰਭਾਵਸ਼ਾਲੀ ਤਰੀਕੇ ਉਪਯੋਗ ਵਿੰਚ ਲਿਆਉਣਾ ਹੈ। ਇਸ ਯੋਜਨਾ ਦੇ ਤਿੰਨ ਪੜਾਵਾਂ ਦੇ ਤਹਿਤ ਸਮੁੱਚੇ ਰਾਸ਼ਟਰ ਵਿੱਚ 157 ਨਵੇਂ ਮੈਡੀਕਲ ਕਾਲਜ ਪ੍ਰਵਾਨ ਕੀਤੇ ਗੲ ਹਨ, ਜਿਨ੍ਹਾਂ ਵਿੱਚੋਂ 63 ਮੈਡੀਕਲ ਕਾਲਜ ਪਹਿਲਾਂ ਤੋਂ ਹੀ ਚਲ ਰਹੇ ਹਨ।
ਇਸ ਸਮਾਰੋਹ ਦੌਰਾਨ ਉੱਤਰ ਪ੍ਰਦੇਸ਼ ਦੇ ਰਾਜਪਾਲ ਅਤੇ ਮੁੱਖ ਮੰਤਰੀ ਤੇ ਕੇਂਦਰੀ ਸਿਹਤ ਮੰਤਰੀ ਵੀ ਮੌਜੂਦ ਰਹਿਣਗੇ।