ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਨਵੰਬਰ, 2021 ਨੂੰ ਉੱਤਰ ਪ੍ਰਦੇਸ਼ ਦੀ ਯਾਤਰਾ ’ਤੇ ਜਾਣਗੇ ਅਤੇ ਦੁਪਹਿਰ ਲਗਭਗ 1:30 ਵਜੇ ਸੁਲਤਾਨਪੁਰ ਜ਼ਿਲ੍ਹੇ ਦੇ ਕਰਵਲ ਖੀਰੀ ’ਚ ਪੂਰਵਾਂਚਲ ਐਕਸਪ੍ਰੈੱਸਵੇਅ ਦਾ ਉਦਘਾਟਨ ਕਰਨਗੇ।
ਉਦਘਾਟਨ ਤੋਂ ਬਾਅਦ, ਪ੍ਰਧਾਨ ਮੰਤਰੀ ਸੁਲਤਾਨਪੁਰ ਜ਼ਿਲ੍ਹੇ ਵਿੱਚ ਐਕਸਪ੍ਰੈੱਸਵੇਅ 'ਤੇ ਬਣੀ 3.2 ਕਿਲੋਮੀਟਰ ਲੰਬੀ ਹਵਾਈ ਪੱਟੀ 'ਤੇ ਭਾਰਤੀ ਹਵਾਈ ਸੈਨਾ ਦੇ ਏਅਰਸ਼ੋਅ ਨੂੰ ਵੀ ਦੇਖਣਗੇ। ਇਹ ਹਵਾਈ ਪੱਟੀ ਐਮਰਜੈਂਸੀ ਦੀ ਸਥਿਤੀ ਵਿੱਚ ਭਾਰਤੀ ਹਵਾਈ ਸੈਨਾ ਦੇ ਜੰਗੀ ਜਹਾਜ਼ਾਂ ਦੇ ਲੈਂਡਿੰਗ/ਉਡਾਣ ਲਈ ਬਣਾਈ ਗਈ ਹੈ। .
ਪੂਰਵਾਂਚਲ ਐਕਸਪ੍ਰੈੱਸਵੇਅ ਦੀ ਲੰਬਾਈ 341 ਕਿਲੋਮੀਟਰ ਹੈ। ਇਹ ਲਖਨਊ-ਸੁਲਤਾਨਪੁਰ ਰੋਡ (NH-731) 'ਤੇ ਸਥਿਤ ਪਿੰਡ ਚੌਦਸਰਾਏ, ਜ਼ਿਲ੍ਹਾ ਲਖਨਊ ਤੋਂ ਸ਼ੁਰੂ ਹੁੰਦਾ ਹੈ ਅਤੇ ਯੂਪੀ-ਬਿਹਾਰ ਸਰਹੱਦ ਤੋਂ 18 ਕਿਲੋਮੀਟਰ ਪੂਰਬ 'ਚ ਰਾਸ਼ਟਰੀ ਰਾਜਮਾਰਗ ਨੰਬਰ 31 'ਤੇ ਸਥਿਤ ਪਿੰਡ ਹੈਦਰੀਆ 'ਤੇ ਖ਼ਤਮ ਹੁੰਦਾ ਹੈ। ਐਕਸਪ੍ਰੈੱਸਵੇਅ 6 ਲੇਨ ਚੌੜਾ ਹੈ, ਜਿਸ ਨੂੰ ਭਵਿੱਖ ਵਿੱਚ 8-ਲੇਨ ਤੱਕ ਵਧਾਇਆ ਜਾ ਸਕਦਾ ਹੈ। ਲਗਭਗ 22,500 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਬਣਾਇਆ ਗਿਆ, ਪੂਰਵਾਂਚਲ ਐਕਸਪ੍ਰੈੱਸਵੇਅ ਉੱਤਰ ਪ੍ਰਦੇਸ਼ ਦੇ ਪੂਰਬੀ ਹਿੱਸੇ, ਖਾਸ ਕਰਕੇ ਲਖਨਊ, ਬਾਰਾਬੰਕੀ, ਅਮੇਠੀ, ਅਯੁੱਧਿਆ, ਸੁਲਤਾਨਪੁਰ, ਅੰਬੇਡਕਰ ਨਗਰ, ਆਜ਼ਮਗੜ੍ਹ, ਮਊ ਅਤੇ ਗਾਜ਼ੀਪੁਰ ਜ਼ਿਲ੍ਹਿਆਂ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗਾ।