ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 18 ਦਸੰਬਰ ਨੂੰ ਮੇਘਾਲਿਆ ਤੇ ਤ੍ਰਿਪੁਰਾ ਦਾ ਦੌਰਾ ਕਰਨਗੇ। ਸ਼ਿਲੌਂਗ ’ਚ ਪ੍ਰਧਾਨ ਮੰਤਰੀ ਉੱਤਰ–ਪੂਰਬੀ ਪਰਿਸ਼ਦ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਹਿੱਸਾ ਲੈਣਗੇ। ਸਵੇਰੇ ਲਗਪਗ 10:30 ਵਜੇ, ਪ੍ਰਧਾਨ ਮੰਤਰੀ ਸਟੇਟ ਕਨਵੈਨਸ਼ਨ ਸੈਂਟਰ, ਸ਼ਿਲੌਂਗ ਵਿੱਚ ਉੱਤਰ–ਪੂਰਬੀ ਪਰਿਸ਼ਦ ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਇਸ ਤੋਂ ਬਾਅਦ, ਸਵੇਰੇ 11:30 ਵਜੇ, ਉਹ ਸ਼ਿਲੌਂਗ ਵਿੱਚ ਇੱਕ ਜਨਤਕ ਸਮਾਗਮ ਵਿੱਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਉਨ੍ਹਾਂ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਤੋਂ ਬਾਅਦ ਉਹ ਅਗਰਤਲਾ ਦੀ ਯਾਤਰਾ ਕਰਨਗੇ ਅਤੇ ਦੁਪਹਿਰ 2:45 ਵਜੇ ਦੇ ਕਰੀਬ ਇਕ ਜਨਤਕ ਸਮਾਗਮ ਵਿਚ ਵੱਖ-ਵੱਖ ਅਹਿਮ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।
ਮੇਘਾਲਿਆ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਉੱਤਰ ਪੂਰਬੀ ਪਰਿਸ਼ਦ (ਐੱਨਈਸੀ) ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ ਅਤੇ ਸੰਬੋਧਨ ਕਰਨਗੇ। ਪਰਿਸ਼ਦ ਦਾ ਰਸਮੀ ਉਦਘਾਟਨ 7 ਨਵੰਬਰ, 1972 ਨੂੰ ਕੀਤਾ ਗਿਆ ਸੀ। ਉੱਤਰ ਪੂਰਬੀ ਪਰਿਸ਼ਦ ਨੇ ਉੱਤਰ ਪੂਰਬੀ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਅਤੇ ਇਸ ਖੇਤਰ ਦੇ ਸਾਰੇ ਰਾਜਾਂ ਵਿੱਚ ਵੱਖ-ਵੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਅਤੇ ਹੋਰ ਵਿਕਾਸ ਪਹਿਲਾਂ ਨੂੰ ਸਮਰਥਨ ਦਿੱਤਾ ਹੈ। ਇਸ ਨੇ ਖਾਸ ਤੌਰ 'ਤੇ ਸਿੱਖਿਆ, ਸਿਹਤ, ਖੇਡਾਂ, ਜਲ ਸਰੋਤਾਂ, ਖੇਤੀਬਾੜੀ, ਟੂਰਿਜ਼ਮ, ਉਦਯੋਗ ਸਮੇਤ ਖੇਤਰਾਂ ਦੇ ਨਾਜ਼ੁਕ ਪਾੜੇ ਵਾਲੇ ਖੇਤਰਾਂ ਵਿੱਚ ਕੀਮਤੀ ਪੂੰਜੀ ਅਤੇ ਸਮਾਜਿਕ ਬੁਨਿਆਦੀ ਢਾਂਚਾ ਬਣਾਉਣ ’ਚ ਮਦਦ ਕੀਤੀ ਹੈ।
ਇੱਕ ਜਨਤਕ ਸਮਾਗਮ ਵਿੱਚ, ਪ੍ਰਧਾਨ ਮੰਤਰੀ 2,450 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਉਨ੍ਹਾਂ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।
ਖੇਤਰ ਵਿੱਚ ਦੂਰਸੰਚਾਰ ਕੁਨੈਕਟੀਵਿਟੀ ਨੂੰ ਹੋਰ ਹੁਲਾਰਾ ਦੇਣ ਵਾਲੇ ਇੱਕ ਕਦਮ ਵਿੱਚ, ਪ੍ਰਧਾਨ ਮੰਤਰੀ ਰਾਸ਼ਟਰ ਨੂੰ 4ਜੀ ਮੋਬਾਈਲ ਟਾਵਰ ਸਮਰਪਿਤ ਕਰਨਗੇ, ਜਿਨ੍ਹਾਂ ਵਿੱਚੋਂ 320 ਤੋਂ ਵੱਧ ਮੁਕੰਮਲ ਹੋ ਚੁੱਕੇ ਹਨ ਅਤੇ ਲਗਭਗ 890 ਨਿਰਮਾਣ ਅਧੀਨ ਹਨ। ਉਹ ਉਮਸਾਵਲੀ ਵਿਖੇ ਆਈਆਈਐੱਮ ਸ਼ਿਲੌਂਗ ਦੇ ਨਵੇਂ ਕੈਂਪਸ ਦਾ ਉਦਘਾਟਨ ਕਰਨਗੇ। ਉਹ ਸ਼ਿਲੌਂਗ - ਡਿਏਂਗਪਾਸੋਹ ਰੋਡ ਦਾ ਉਦਘਾਟਨ ਕਰਨਗੇ, ਜੋ ਨਵੀਂ ਸ਼ਿਲੌਂਗ ਸੈਟੇਲਾਈਟ ਟਾਊਨਸ਼ਿਪ ਅਤੇ ਸ਼ਿਲੌਂਗ ਨੂੰ ਭੀੜ-ਭੜੱਕੇ ਤੋਂ ਮੁਕਤ ਕਰਨ ਲਈ ਬਿਹਤਰ ਸੰਪਰਕ ਪ੍ਰਦਾਨ ਕਰੇਗਾ। ਉਹ ਤਿੰਨ ਰਾਜਾਂ ਮੇਘਾਲਿਆ, ਮਣੀਪੁਰ ਅਤੇ ਅਰੁਣਾਚਲ ਪ੍ਰਦੇਸ਼ ’ਚ ਚਾਰ ਹੋਰ ਸੜਕੀ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ।
ਉਹ ਮੇਘਾਲਿਆ ਵਿੱਚ ਖੁੰਬਾਂ ਦੇ ਸਪੌਨ ਉਤਪਾਦਨ ਨੂੰ ਵਧਾਉਣ ਅਤੇ ਕਿਸਾਨਾਂ ਅਤੇ ਉੱਦਮੀਆਂ ਨੂੰ ਹੁਨਰ ਸਿਖਲਾਈ ਪ੍ਰਦਾਨ ਕਰਨ ਲਈ ਮੇਘਾਲਿਆ ਵਿੱਚ ਮਸ਼ਰੂਮ ਵਿਕਾਸ ਕੇਂਦਰ ਵਿੱਚ ਸਪੌਨ ਲੈਬਾਰਟਰੀ ਦਾ ਉਦਘਾਟਨ ਕਰਨਗੇ। ਉਹ ਸਮਰੱਥਾ ਨਿਰਮਾਣ ਅਤੇ ਤਕਨਾਲੋਜੀ ਅੱਪਗ੍ਰੇਡੇਸ਼ਨ ਰਾਹੀਂ ਮਧੂ ਮੱਖੀ ਪਾਲਣ ਵਾਲੇ ਕਿਸਾਨਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਮੇਘਾਲਿਆ ਵਿੱਚ ਏਕੀਕ੍ਰਿਤ ਮਧੂ ਮੱਖੀ ਪਾਲਣ ਵਿਕਾਸ ਕੇਂਦਰ ਦਾ ਵੀ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਉਹ ਮਿਜ਼ੋਰਮ, ਮਣੀਪੁਰ, ਤ੍ਰਿਪੁਰਾ ਅਤੇ ਅਸਾਮ ਵਿੱਚ 21 ਹਿੰਦੀ ਲਾਇਬ੍ਰੇਰੀਆਂ ਦਾ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਅਸਾਮ, ਮੇਘਾਲਿਆ, ਮਣੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਰਾਜਾਂ ਵਿੱਚ ਛੇ–ਸੜਕੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਉਹ ਤੁਰਾ ਅਤੇ ਸ਼ਿਲੌਂਗ ਟੈਕਨੋਲੋਜੀ ਪਾਰਕ ਫੇਜ਼-2 ਵਿਖੇ ਏਕੀਕ੍ਰਿਤ ਹੋਸਪਿਟੈਲਿਟੀ ਅਤੇ ਕਨਵੈਨਸ਼ਨ ਸੈਂਟਰ ਦਾ ਨੀਂਹ ਪੱਥਰ ਵੀ ਰੱਖਣਗੇ। ਟੈਕਨੋਲੋਜੀ ਪਾਰਕ ਫੇਜ਼-2 ਦਾ ਬਿਲਟ-ਅੱਪ ਖੇਤਰ ਲਗਭਗ 1.5 ਲੱਖ ਵਰਗ ਫੁੱਟ ਹੋਵੇਗਾ। ਇਹ ਪੇਸ਼ੇਵਰਾਂ ਲਈ ਨਵੇਂ ਮੌਕੇ ਪ੍ਰਦਾਨ ਕਰੇਗਾ ਅਤੇ 3000 ਤੋਂ ਵੱਧ ਨੌਕਰੀਆਂ ਪੈਦਾ ਕਰਨ ਦੀ ਉਮੀਦ ਹੈ। ਏਕੀਕ੍ਰਿਤ ਹੋਸਪਿਟੈਲਿਟੀ ਅਤੇ ਕਨਵੈਨਸ਼ਨ ਸੈਂਟਰ ਵਿੱਚ ਇੱਕ ਕਨਵੈਨਸ਼ਨ ਹੱਬ, ਗੈਸਟ ਰੂਮ, ਫੂਡ ਕੋਰਟ ਆਦਿ ਹੋਣਗੇ। ਇਹ ਖੇਤਰ ਵਿੱਚ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਅਤੇ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਲਈ ਲੋੜੀਂਦਾ ਬੁਨਿਆਦੀ ਢਾਂਚਾ ਪ੍ਰਦਾਨ ਕਰੇਗਾ।
ਤ੍ਰਿਪੁਰਾ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਕਰੋੜਾਂ ਰੁਪਏ ਤੋਂ ਵੱਧ ਦੀਆਂ ਵੱਖ-ਵੱਖ ਪ੍ਰਮੁੱਖ ਪਹਿਲਕਦਮੀਆਂ ਦਾ ਉਦਘਾਟਨ, ਸਮਰਪਿਤ ਅਤੇ ਨੀਂਹ ਪੱਥਰ ਰੱਖਣਗੇ। 4350 ਕਰੋੜ
ਪ੍ਰਧਾਨ ਮੰਤਰੀ ਦਾ ਇੱਕ ਮਹੱਤਵਪੂਰਨ ਧਿਆਨ ਇਹ ਯਕੀਨੀ ਬਣਾਉਣ ਵੱਲ ਰਿਹਾ ਹੈ ਕਿ ਹਰ ਕਿਸੇ ਕੋਲ ਆਪਣਾ ਘਰ ਹੋਵੇ। ਖੇਤਰ ਵਿੱਚ ਇਸ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਵਜੋਂ, ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਆਵਾਸ ਯੋਜਨਾ - ਸ਼ਹਿਰੀ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ - ਗ੍ਰਾਮੀਣ ਦੇ ਤਹਿਤ ਲਾਭਾਰਥੀਆਂ ਲਈ ਗ੍ਰਹਿ ਪ੍ਰਵੇਸ਼ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। 3400 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਤਿਆਰ ਕੀਤੇ ਗਏ ਇਨ੍ਹਾਂ ਘਰਾਂ ਵਿੱਚ 2 ਲੱਖ ਤੋਂ ਵੱਧ ਲਾਭਾਰਥੀ ਸ਼ਾਮਲ ਹੋਣਗੇ।
ਸੜਕ ਸੰਪਰਕ ਨੂੰ ਬਿਹਤਰ ਬਣਾਉਣ 'ਤੇ ਧਿਆਨ ਕੇਂਦ੍ਰਿਤ ਕਰਦਿਆਂ ਪ੍ਰਧਾਨ ਮੰਤਰੀ ਅਗਰਤਲਾ ਬਾਈਪਾਸ (ਖੈਰਪੁਰ-ਅਮਤਲੀ) NH-08 ਨੂੰ ਚੌੜਾ ਕਰਨ ਲਈ ਪ੍ਰੋਜੈਕਟ ਦਾ ਉਦਘਾਟਨ ਕਰਨਗੇ, ਜੋ ਅਗਰਤਲਾ ਸ਼ਹਿਰ ਵਿੱਚ ਆਵਾਜਾਈ ਦੀ ਭੀੜ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ। ਉਹ ਪੀਐੱਮਜੀਐੱਸਵਾਈ III (ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ) ਦੇ ਤਹਿਤ 230 ਕਿਲੋਮੀਟਰ ਤੋਂ ਵੱਧ ਲੰਬਾਈ ਦੀਆਂ 32 ਸੜਕਾਂ ਅਤੇ 540 ਕਿਲੋਮੀਟਰ ਤੋਂ ਵੱਧ ਦੀ ਦੂਰੀ ਨੂੰ ਕਵਰ ਕਰਨ ਵਾਲੀਆਂ 112 ਸੜਕਾਂ ਦੇ ਸੁਧਾਰ ਲਈ ਨੀਂਹ ਪੱਥਰ ਵੀ ਰੱਖਣਗੇ।
ਪ੍ਰਧਾਨ ਮੰਤਰੀ ਆਨੰਦਨਗਰ ਅਤੇ ਅਗਰਤਲਾ ਸਰਕਾਰੀ ਡੈਂਟਲ ਕਾਲਜ ਵਿਖੇ ਸਟੇਟ ਇੰਸਟੀਟਿਊਟ ਆਵ੍ ਹੋਟਲ ਮੈਨੇਜਮੈਂਟ ਦਾ ਵੀ ਉਦਘਾਟਨ ਕਰਨਗੇ।