ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਦਸੰਬਰ 2021 ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਦਾ ਦੌਰਾ ਕਰਨਗੇ। ਉਹ ਦੁਪਹਿਰ 12 ਵਜੇ ਦੇ ਕਰੀਬ 11,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਪਣਬਿਜਲੀ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਸਮਾਗਮ ਤੋਂ ਪਹਿਲਾਂ, ਉਹ ਸਵੇਰੇ ਤਕਰੀਬਨ 11:30 ਵਜੇ ਹਿਮਾਚਲ ਪ੍ਰਦੇਸ਼ ਗਲੋਬਲ ਇਨਵੈਸਟਰਸ ਮੀਟ ਦੇ ਦੂਸਰੇ ਗਰਾਊਂਡ ਬ੍ਰੇਕਿੰਗ ਸਮਾਰੋਹ ਦੀ ਪ੍ਰਧਾਨਗੀ ਕਰਨਗੇ।
ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਉਪਲਬਧ ਸੰਸਾਧਨਾਂ ਦੀ ਅਣਵਰਤੀ ਸਮਰੱਥਾ ਦਾ ਪੂਰੀ ਤਰ੍ਹਾਂ ਉਪਯੋਗ ਕਰਨ 'ਤੇ ਲਗਾਤਾਰ ਧਿਆਨ ਕੇਂਦ੍ਰਿਤ ਕੀਤਾ ਹੈ। ਇਸ ਸਬੰਧ ਵਿੱਚ ਇੱਕ ਕਦਮ ਹਿਮਾਲਿਆਈ ਖੇਤਰ ਵਿੱਚ ਪਣਬਿਜਲੀ ਸਮਰੱਥਾ ਦਾ ਅਧਿਕਤਮ ਉਪਯੋਗ ਕਰਨਾ ਹੈ। ਦੌਰੇ ਦੌਰਾਨ ਪ੍ਰਧਾਨ ਮੰਤਰੀ ਦੁਆਰਾ ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ ਅਤੇ ਨੀਂਹ ਪੱਥਰ ਰੱਖਿਆ ਜਾਵੇਗਾ, ਉਹ ਇਸ ਦਿਸ਼ਾ ਵਿੱਚ ਉਨ੍ਹਾਂ ਦੇ ਇੱਕ ਮਹੱਤਵਪੂਰਨ ਕਦਮ ਨੂੰ ਦਰਸਾਉਂਦੇ ਹਨ।
ਪ੍ਰਧਾਨ ਮੰਤਰੀ ਰੇਣੁਕਾਜੀ ਡੈਮ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਤਕਰੀਬਨ ਤਿੰਨ ਦਹਾਕਿਆਂ ਤੋਂ ਲੰਬਿਤ ਪਿਆ ਇਹ ਪ੍ਰੋਜੈਕਟ ਪ੍ਰਧਾਨ ਮੰਤਰੀ ਦੇ ਸਹਿਕਾਰੀ ਸੰਘਵਾਦ ਦੇ ਵਿਜ਼ਨ ਨਾਲ ਸੰਭਵ ਹੋਇਆ, ਜਦੋਂ ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ, ਉੱਤਰਾਖੰਡ ਅਤੇ ਦਿੱਲੀ ਸਮੇਤ ਛੇ ਰਾਜਾਂ ਨੂੰ ਕੇਂਦਰ ਨੇ ਇਸ ਪ੍ਰੋਜੈਕਟ ਨੂੰ ਸੰਭਵ ਬਣਾਉਣ ਲਈ ਇਕੱਠੇ ਕੀਤਾ। 40 ਮੈਗਾਵਾਟ ਦਾ ਇਹ ਪ੍ਰੋਜੈਕਟ ਕਰੀਬ 7000 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਹ ਦਿੱਲੀ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ।ਇਸ ਦੇ ਜ਼ਰੀਏ ਦਿੱਲੀ ਨੂੰ ਹਰ ਵਰ੍ਹੇ ਲਗਭਗ 500 ਮਿਲੀਅਨ ਕਿਊਬਿਕ ਮੀਟਰ ਪਾਣੀ ਦੀ ਸਪਲਾਈ ਹੋ ਸਕੇਗੀ।
ਪ੍ਰਧਾਨ ਮੰਤਰੀ ਲੂਹਰੀ ਪੜਾਅ 1 ਪਣਬਿਜਲੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। 210 ਮੈਗਾਵਾਟ ਦਾ ਇਹ ਪ੍ਰੋਜੈਕਟ 1800 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਸ ਨਾਲ ਹਰ ਵਰ੍ਹੇ 750 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਹੋਵੇਗਾ। ਇਹ ਆਧੁਨਿਕ ਅਤੇ ਭਰੋਸੇਮੰਦ ਗ੍ਰਿੱਡ ਸਮਰਥਨ, ਖੇਤਰ ਦੇ ਆਸਪਾਸ ਦੇ ਰਾਜਾਂ ਲਈ ਵੀ ਲਾਭਦਾਇਕ ਸਾਬਤ ਹੋਵੇਗਾ।
ਪ੍ਰਧਾਨ ਮੰਤਰੀ ਧੌਲਾਸਿੱਧ ਪਣਬਿਜਲੀ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਣਗੇ। ਹਮੀਰਪੁਰ ਜ਼ਿਲ੍ਹੇ ਦਾ ਇਹ ਪਹਿਲਾ ਪਣ-ਬਿਜਲੀ ਪ੍ਰੋਜੈਕਟ ਹੋਵੇਗਾ। 66 ਮੈਗਾਵਾਟ ਦਾ ਇਹ ਪ੍ਰੋਜੈਕਟ 680 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਸ ਨਾਲ ਹਰ ਵਰ੍ਹੇ 300 ਮਿਲੀਅਨ ਯੂਨਿਟ ਤੋਂ ਵੱਧ ਬਿਜਲੀ ਦਾ ਉਤਪਾਦਨ ਹੋਵੇਗਾ।
ਪ੍ਰਧਾਨ ਮੰਤਰੀ ਸਾਵੜਾ-ਕੁੱਡੂ ਪਣਬਿਜਲੀ ਪ੍ਰੋਜੈਕਟ ਦਾ ਉਦਘਾਟਨ ਕਰਨਗੇ। 111 ਮੈਗਾਵਾਟ ਦਾ ਇਹ ਪ੍ਰੋਜੈਕਟ ਤਕਰੀਬਨ 2080 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਨਾਲ ਪ੍ਰਤੀ ਸਾਲ 380 ਮਿਲੀਅਨ ਯੂਨਿਟ ਤੋਂ ਵੱਧ ਬਿਜਲੀ ਦਾ ਉਤਪਾਦਨ ਹੋਵੇਗਾ, ਅਤੇ ਰਾਜ ਨੂੰ ਸਲਾਨਾ 120 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਕਮਾਉਣ ਵਿੱਚ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਹਿਮਾਚਲ ਪ੍ਰਦੇਸ਼ ਗਲੋਬਲ ਇਨਵੈਸਟਰਸ ਮੀਟ ਦੇ ਦੂਸਰੇ ਗ੍ਰਾਊਂਡ ਬ੍ਰੇਕਿੰਗ ਸਮਾਗਮ ਦੀ ਪ੍ਰਧਾਨਗੀ ਵੀ ਕਰਨਗੇ। ਇਸ ਬੈਠਕ ਤੋਂ ਤਕਰੀਬਨ 28,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਦੇ ਨਾਲ ਖੇਤਰ ਵਿੱਚ ਨਿਵੇਸ਼ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ।