




ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 24 ਅਪ੍ਰੈਲ, 2022 ਨੂੰ ਸਵੇਰੇ ਲਗਭਗ 11:30 ਵਜੇ ਪੰਚਾਇਤੀ ਰਾਜ ਦਿਵਸ ਸਮਾਰੋਹ ਵਿੱਚ ਹਿੱਸਾ ਲੈਣ ਦੇ ਲਈ ਜੰਮੂ ਤੇ ਕਸ਼ਮੀਰ ਦਾ ਦੌਰਾ ਕਰਨਗੇ ਅਤੇ ਦੇਸ਼ ਭਰ ਦੀਆਂ ਸਾਰੀਆਂ ਗ੍ਰਾਮ ਸਭਾਵਾਂ ਨੂੰ ਸੰਬੋਧਨ ਕਰਨਗੇ। ਉਹ ਸਾਂਬਾ ਜ਼ਿਲ੍ਹੇ ਦੀ ਪੱਲੀ ਪੰਚਾਇਤ ਦਾ ਦੌਰਾ ਕਰਨਗੇ। ਇਸ ਯਾਤਰਾ ਦੇ ਦੌਰਾਨ ਪ੍ਰਧਾਨ ਮੰਤਰੀ ਲਗਭਗ 20,000 ਕਰੋੜ ਰੁਪਏ ਦੀ ਲਾਗਤ ਵਾਲੀਆਂ ਵਿਕਾਸ ਦੀਆਂ ਵਿਭਿੰਨ ਪਹਿਲਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਅੰਮ੍ਰਿਤ ਸਰੋਵਰ ਪਹਿਲ ਦੀ ਵੀ ਸ਼ੁਰੂਆਤ ਕਰਨਗੇ। ਇਸ ਦੇ ਬਾਅਦ, ਲਗਭਗ ਸ਼ਾਮ 5 ਵਜੇ, ਪ੍ਰਧਾਨ ਮੰਤਰੀ ਮੁੰਬਈ ਵਿੱਚ ਮਾਸਟਰ ਦੀਨਾਨਾਥ ਮੰਗੇਸ਼ਕਰ ਪੁਰਸਕਾਰ ਸਮਾਰੋਹ ਵਿੱਚ ਹਿੱਸਾ ਲੈਣਗੇ, ਜਿੱਥੇ ਉਨ੍ਹਾਂ ਨੂੰ ਪਹਿਲੇ ਲਤਾ ਦੀਨਾਨਾਥ ਮੰਗੇਸ਼ਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਜੰਮੂ ਤੇ ਕਸ਼ਮੀਰ ਵਿੱਚ
ਅਗਸਤ 2019 ਵਿੱਚ ਜੰਮੂ ਤੇ ਕਸ਼ਮੀਰ ਦੇ ਸਬੰਧ ਵਿੱਚ ਸੰਵਿਧਾਨਿਕ ਸੁਧਾਰਾਂ ਦੀ ਸ਼ੁਰੂਆਤ ਤੋਂ ਬਾਅਦ, ਸਰਕਾਰ ਨੇ ਬੇਮਿਸਾਲ ਗਤੀ ਨਾਲ ਪ੍ਰਸ਼ਾਸਨ ਨੂੰ ਬਿਹਤਰ ਕਰਨ ਅਤੇ ਇਸ ਖੇਤਰ ਦੇ ਲੋਕਾਂ ਦੇ ਜੀਵਨ ਨੂੰ ਹੋਰ ਜ਼ਿਆਦਾ ਅਸਾਨ ਬਣਾਉਣ ਦੇ ਲਈ ਵਿਆਪਕ ਸੁਧਾਰ ਲਿਆਉਣ ਵੱਲ ਧਿਆਨ ਕੇਂਦਰਿਤ ਕੀਤਾ ਹੈ। ਇਸ ਯਾਤਰਾ ਦੇ ਦੌਰਾਨ ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਅਤੇ ਜਿਨ੍ਹਾਂ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ, ਉਹ ਬੁਨਿਆਦੀ ਸੁਵਿਧਾਵਾਂ ਨੂੰ ਅਸਾਨ ਬਣਾਉਣ, ਆਵਾਜਾਈ ਵਿੱਚ ਅਸਾਨੀ ਅਤੇ ਇਸ ਖੇਤਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਸੁਨਿਸ਼ਚਿਤ ਕਰਨ ਦੀ ਰਾਹ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਪ੍ਰਧਾਨ ਮੰਤਰੀ 3100 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ ਬਣੀ ਬਨਿਹਾਲ ਕਾਜ਼ੀਗੁੰਡ ਸੜਕ ਸੁਰੰਗ ਦਾ ਉਦਘਾਟਨ ਕਰਨਗੇ। ਕੁੱਲ 8.45 ਕਿਲੋਮੀਟਰ ਲੰਬੀ ਇਹ ਸੁਰੰਗ ਸੜਕ ਮਾਰਗ ਤੋਂ ਬਨਿਹਾਲ ਅਤੇ ਕਾਜ਼ੀਗੁੰਡ ਦੇ ਵਿੱਚ ਦੀ ਦੂਰੀ ਨੂੰ 16 ਕਿਲੋਮੀਟਰ ਘੱਟ ਕਰ ਦੇਵੇਗੀ ਅਤੇ ਯਾਤਰਾ ਵਿੱਚ ਲੱਗਣ ਵਾਲੇ ਸਮੇਂ ਵਿੱਚ ਲਗਭਗ ਡੇਢ ਘੰਟੇ ਦੀ ਕਮੀ ਕਰੇਗੀ। ਇਹ ਇੱਕ ਦੋਹਰਿਆਂ ਟਿਊਬਾਂ ਵਾਲੀ ਸੁਰੰਗ ਹੈ - ਯਾਤਰਾ ਦੀ ਹਰੇਕ ਦਿਸ਼ਾ ਦੇ ਲਈ ਇੱਕ ਟਿਊਬ। ਇਸ ਸੁਰੰਗ ਵਿੱਚ ਰੱਖ-ਰਖਾਵ ਅਤੇ ਅਪਾਤਕਾਲੀਨ ਨਿਕਾਸੀ ਦੇ ਉਦੇਸ਼ ਨਾਲ ਦੋਹਰਿਆਂ ਟਿਊਬਾਂ ਨੂੰ ਹਰ 500 ਮੀਟਰ ਦੀ ਦੂਰੀ ’ਤੇ ਇੱਕ ਕਰਾਸ ਮਾਰਗ ਦੇ ਜ਼ਰੀਏ ਆਪਸ ਵਿੱਚ ਜੋੜਿਆ ਜਾ ਰਿਹਾ ਹੈ। ਇਹ ਸੁਰੰਗ ਜੰਮੂ ਤੇ ਕਸ਼ਮੀਰ ਦੇ ਵਿੱਚ ਹਰ ਮੌਸਮ ਵਿੱਚ ਸੰਪਰਕ ਸਥਾਪਿਤ ਕਰਨ ਅਤੇ ਦੋਵੇਂ ਖੇਤਰਾਂ ਨੂੰ ਨੇੜੇ ਲਿਆਉਣ ਵਿੱਚ ਮਦਦ ਕਰੇਗੀ।
ਪ੍ਰਧਾਨ ਮੰਤਰੀ 7500 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ ਬਣਨ ਵਾਲੇ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸ-ਵੇਅ ਦੇ ਤਿੰਨ ਰੋਡ ਪੈਕੇਜਾਂ ਦਾ ਨੀਂਹ ਪੱਥਰ ਰੱਖਣਗੇ। ਇਹ ਰੋਡ ਪੈਕੇਜ ਰਾਸ਼ਟਰੀ ਰਾਜਮਾਰਗ-44 ’ਤੇ ਬਲਸੂਆ ਤੋਂ ਗੁਰਹਾ ਬੈਲਦਾਰਨ, ਹੀਰਾਨਗਰ ਤੱਕ; ਗੁਰਹਾ ਬੈਲਦਾਰਨ, ਹੀਰਾਨਗਰ ਤੋਂ ਜਾਖ, ਵਿਜੈਪੁਰ ਤੱਕ; ਅਤੇ ਜਾਖ, ਵਿਜੈਪੁਰ ਤੋਂ ਕੁੰਜਵਾਨੀ, ਜੰਮੂ ਤੱਕ ਜੰਮੂ ਹਵਾਈ ਅੱਡੇ ਤੋਂ ਸਪਰ ਕਨੈਕਟੀਵਿਟੀ ਦੇ ਨਾਲ ਦਿੱਲੀ-ਕੱਟੜਾ-ਅੰਮ੍ਰਿਤਸਰ ਐਕਸਪ੍ਰੈੱਸ-ਵੇਅ ’ਤੇ ਨਿਯੰਤ੍ਰਿਤ ਪਹੁੰਚ ਪ੍ਰਦਾਨ ਕਰਨ ਦੇ ਉਦੇਸ਼ ਨਾਲ 4/6 ਲੇਨ ਵਾਲੀਆਂ ਸੜਕਾਂ ਦੇ ਨਿਰਮਾਣ ਨਾਲ ਸਬੰਧਿਤ ਹਨ।
ਪ੍ਰਧਾਨ ਮੰਤਰੀ ਰਤਲੇ ਅਤੇ ਕਵਾਰ ਪਣਬਿਜਲੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਕਿਸ਼ਤਵਾੜ ਜ਼ਿਲ੍ਹੇ ਵਿੱਚ ਚਨਾਬ ਨਦੀ ’ਤੇ ਲਗਭਗ 5300 ਕਰੋੜ ਰੁਪਏ ਦੀ ਲਾਗਤ ਨਾਲ 850 ਮੈਗਾਵਾਟ ਦੀ ਰਤਲੇ ਪਣਬਿਜਲੀ ਪ੍ਰੋਜੈਕਟ ਦਾ ਨਿਰਮਾਣ ਕੀਤਾ ਜਾਵੇਗਾ। 540 ਮੈਗਾਵਾਟ ਦੇ ਕਵਾਰ ਪਣਬਿਜਲੀ ਪ੍ਰੋਜੈਕਟ ਦਾ ਨਿਰਮਾਣ ਵੀ ਕਿਸ਼ਤਵਾੜ ਜ਼ਿਲ੍ਹੇ ਵਿੱਚ ਚਨਾਬ ਨਦੀ ’ਤੇ 4500 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ ਕੀਤਾ ਜਾਵੇਗਾ। ਇਨ੍ਹਾਂ ਦੋਵੇਂ ਪਣਬਿਜਲੀ ਪ੍ਰੋਜੈਕਟਾਂ ਨਾਲ ਇਸ ਖੇਤਰ ਦੀ ਬਿਜਲੀ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ।
ਜੰਮੂ ਤੇ ਕਸ਼ਮੀਰ ਵਿੱਚ ਜਨ ਔਸ਼ਧੀ ਕੇਂਦਰਾਂ ਦੇ ਨੈੱਟਵਰਕ ਦਾ ਹੋਰ ਅੱਗੇ ਵਿਸਤਾਰ ਕਰਨ ਅਤੇ ਸਸਤੀਆਂ ਕੀਮਤਾਂ ’ਤੇ ਚੰਗੀ ਗੁਣਵੱਤਾ ਵਾਲੀ ਜੇਨੇਰਿਕ ਦਵਾਈਆਂ ਉਪਲਬਧ ਕਰਵਾਉਣ ਦੇ ਉਦੇਸ਼ ਨਾਲ 100 ਕੇਂਦਰਾਂ ਨੂੰ ਕੰਮਕਾਜ ਦੇ ਲਈ ਤਿਆਰ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੁਆਰਾ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਵੇਗਾ। ਇਹ ਜਨ ਔਸ਼ਧੀ ਕੇਂਦਰ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਸਥਿਤ ਹਨ। ਪ੍ਰਧਾਨ ਮੰਤਰੀ ਪੱਲੀ ਵਿੱਚ 500 ਕਿਲੋਵਾਟ ਦੇ ਇੱਕ ਸੌਰ ਊਰਜਾ ਪਲਾਂਟ ਦਾ ਵੀ ਉਦਘਾਟਨ ਕਰਨਗੇ। ਇਹ ਸੌਰ ਪਲਾਂਟ ਪੱਲੀ ਨੂੰ ਦੇਸ਼ ਦੀ ਪਹਿਲੀ ਕਾਰਬਨ ਨਿਊਟਰਲ ਪੰਚਾਇਤ ਬਣਾ ਦੇਵੇਗਾ।
ਪ੍ਰਧਾਨ ਮੰਤਰੀ ਸਵਾਮਿਤਵ ਯੋਜਨਾ ਦੇ ਲਾਭਾਰਥੀਆਂ ਨੂੰ ਪ੍ਰਧਾਨ ਮੰਤਰੀ ਸਵਾਮਿਤਵ ਕਾਰਡ ਸੌਂਪਣਗੇ। ਪ੍ਰਧਾਨ ਮੰਤਰੀ ਰਾਸ਼ਟਰੀ ਪੰਚਾਇਤੀ ਰਾਜ ਦਿਵਸ ’ਤੇ ਵਿਭਿੰਨ ਸ਼੍ਰੇਣੀਆਂ ਵਿੱਚ ਸਰਬਉੱਚ ਉਪਲਬਧੀਆਂ ਦੇ ਲਈ ਪੁਰਸਕਾਰ ਪਾਉਣ ਵਾਲੀਆਂ ਪੰਚਾਇਤਾਂ ਨੂੰ ਪੁਰਸਕਾਰ ਰਕਮ ਵੀ ਟ੍ਰਾਂਸਫਰ ਕਰਨਗੇ। ਪ੍ਰਧਾਨ ਮੰਤਰੀ ਇਨਤਾਚ ਫੋਟੋ ਗੈਲਰੀ, ਜਿਸ ਵਿੱਚ ਇਸ ਇਲਾਕੇ ਦੀ ਗ੍ਰਾਮੀਣ ਵਿਰਾਸਤ ਨੂੰ ਦਰਸਾਇਆ ਗਿਆ ਹੈ ਅਤੇ ਨੋਕੀਆ ਸਮਾਰਟਪੁਰ, ਜੋ ਕਿ ਭਾਰਤ ਵਿੱਚ ਆਦਰਸ਼ ਸਮਾਰਟ ਪਿੰਡ ਦੇ ਨਿਰਮਾਣ ਦੇ ਲਈ ਡਿਜ਼ਾਈਨ ਕੀਤਾ ਗਿਆ ਇੱਕ ਗ੍ਰਾਮੀਣ ਉੱਦਮਤਾ-ਆਧਾਰਤ ਮਾਡਲ ਹੈ, ਦਾ ਵੀ ਦੌਰਾ ਕਰਨਗੇ।
ਅੰਮ੍ਰਿਤ ਸਰੋਵਰ
ਜੰਮੂ ਤੇ ਕਸ਼ਮੀਰ ਦੀ ਯਾਤਰਾ ਦੇ ਦੌਰਾਨ, ਪ੍ਰਧਾਨ ਮੰਤਰੀ ਜਲ ਸੰਸਥਾਵਾਂ ਦਾ ਕਾਇਆਕਲਪ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਅੰਮ੍ਰਿਤ ਸਰੋਵਰ ਨਾਮਕ ਇੱਕ ਨਵੀਂ ਪਹਿਲ ਦੀ ਸ਼ੁਰੂਆਤ ਵੀ ਕਰਨਗੇ। ਇਸ ਪਹਿਲ ਦਾ ਉਦੇਸ਼ ਦੇਸ਼ ਦੇ ਹਰੇਕ ਜ਼ਿਲ੍ਹੇ ਵਿੱਚ 75 ਜਲ ਸੰਸਥਾਵਾਂ ਦਾ ਵਿਕਾਸ ਅਤੇ ਕਾਇਆਕਲਪ ਕਰਨਾ ਹੈ। ਇਹ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਪ੍ਰਤੀ ਸਰਕਾਰ ਦਾ ਇੱਕ ਹੋਰ ਸਨਮਾਨ ਹੈ।
ਪ੍ਰਧਾਨ ਮੰਤਰੀ ਮੁੰਬਈ ਵਿੱਚ
ਪ੍ਰਧਾਨ ਮੰਤਰੀ ਸ਼ਾਮ ਕਰੀਬ ਪੰਜ ਵਜੇ ਮੁੰਬਈ ਵਿੱਚ ਮਾਸਟਰ ਦੀਨਾਨਾਥ ਮੰਗੇਸ਼ਕਰ ਪੁਰਸਕਾਰ ਸਮਾਰੋਹ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ’ਤੇ ਪ੍ਰਧਾਨ ਮੰਤਰੀ ਨੂੰ ਪਹਿਲੇ ਲਤਾ ਦੀਨਾਨਾਥ ਮੰਗੇਸ਼ਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਭਾਰਤ ਰਤਨ ਲਤਾ ਮੰਗੇਸ਼ਕਰ ਦੀ ਯਾਦ ਵਿੱਚ ਸਥਾਪਿਤ ਕੀਤਾ ਗਿਆ ਇਹ ਪੁਰਸਕਾਰ ਹਰੇਕ ਸਾਲ ਸਿਰਫ਼ ਇੱਕ ਵਿਅਕਤੀ ਨੂੰ ਰਾਸ਼ਟਰ ਨਿਰਮਾਣ ਵਿੱਚ ਬੇਮਿਸਾਲ ਯੋਗਦਾਨ ਦੇ ਲਈ ਦਿੱਤਾ ਜਾਵੇਗਾ।