ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 26-27 ਸਤੰਬਰ, 2023 ਨੂੰ ਗੁਜਰਾਤ ਦਾ ਦੌਰਾ ਕਰਨਗੇ। 27 ਸਤੰਬਰ ਨੂੰ ਸਵੇਰੇ 10 ਵਜੇ, ਪ੍ਰਧਾਨ ਮੰਤਰੀ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੇ 20 ਸਾਲ ਪੂਰੇ ਹੋਣ ਦੇ ਜਸ਼ਨ ਮਨਾਉਣ ਸਬੰਧੀ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਸ ਤੋਂ ਬਾਅਦ ਦੁਪਹਿਰ ਕਰੀਬ 12:45 'ਤੇ ਪ੍ਰਧਾਨ ਮੰਤਰੀ ਬੋਦਲੀ, ਛੋਟਾਉਦੇਪੁਰ ਪਹੁੰਚਣਗੇ, ਜਿੱਥੇ ਉਹ 5200 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।
ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੇ 20 ਸਾਲ
ਪ੍ਰਧਾਨ ਮੰਤਰੀ ਸਾਇੰਸ ਸਿਟੀ, ਅਹਿਮਦਾਬਾਦ ਵਿਖੇ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੇ 20 ਸਾਲ ਪੂਰੇ ਹੋਣ ਦੇ ਜਸ਼ਨ ਮਨਾਉਣ ਸਬੰਧੀ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਸ ਵਿੱਚ ਉਦਯੋਗ ਸੰਘਾਂ, ਵਪਾਰ ਅਤੇ ਵਣਜ ਦੇ ਖੇਤਰ ਦੀਆਂ ਪ੍ਰਮੁੱਖ ਸ਼ਖਸੀਅਤਾਂ, ਨੌਜਵਾਨ ਉੱਦਮੀਆਂ, ਉੱਚ ਅਤੇ ਤਕਨੀਕੀ ਸਿੱਖਿਆ ਕਾਲਜਾਂ ਦੇ ਵਿਦਿਆਰਥੀਆਂ ਸਮੇਤ ਹੋਰਨਾਂ ਦੀ ਸ਼ਮੂਲੀਅਤ ਦੇਖਣ ਨੂੰ ਮਿਲੇਗੀ।
ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੀ ਸ਼ੁਰੂਆਤ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਵਿੱਚ ਕੀਤੀ ਗਈ ਸੀ। 20 ਸਾਲ ਪਹਿਲਾਂ 28 ਸਤੰਬਰ 2003 ਨੂੰ ਵਾਈਬ੍ਰੈਂਟ ਗੁਜਰਾਤ ਗਲੋਬਲ ਸੰਮੇਲਨ ਦੀ ਯਾਤਰਾ ਸ਼ੁਰੂ ਹੋਈ। ਸਮੇਂ ਦੇ ਨਾਲ, ਇਹ ਭਾਰਤ ਵਿੱਚ ਸਭ ਤੋਂ ਪ੍ਰਮੁੱਖ ਵਪਾਰਕ ਸੰਮੇਲਨਾਂ ਵਿੱਚੋਂ ਇੱਕ ਹੋਣ ਦਾ ਦਰਜਾ ਪ੍ਰਾਪਤ ਕਰਦੇ ਹੋਏ, ਇੱਕ ਸੱਚਮੁੱਚ ਗਲੋਬਲ ਈਵੈਂਟ ਬਣ ਗਿਆ। 2003 ਵਿੱਚ ਲਗਭਗ 300 ਅੰਤਰਰਾਸ਼ਟਰੀ ਭਾਗੀਦਾਰਾਂ ਦੇ ਨਾਲ, ਸੰਮੇਲਨ ਵਿੱਚ 2019 ਵਿੱਚ 135 ਤੋਂ ਵੱਧ ਦੇਸ਼ਾਂ ਦੇ ਹਜ਼ਾਰਾਂ ਪ੍ਰਤੀਨਿਧੀਆਂ ਦੀ ਭਾਰੀ ਭਾਗੀਦਾਰੀ ਦੇਖੀ ਗਈ।
ਪਿਛਲੇ 20 ਸਾਲਾਂ ਵਿੱਚ, ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ "ਗੁਜਰਾਤ ਨੂੰ ਤਰਜੀਹੀ ਨਿਵੇਸ਼ ਸਥਾਨ ਬਣਾਉਣ" ਤੋਂ "ਨਵੇਂ ਭਾਰਤ ਨੂੰ ਆਕਾਰ ਦੇਣ" ਤੱਕ ਵਿਕਸਤ ਹੋਇਆ ਹੈ। ਵਾਈਬ੍ਰੈਂਟ ਗੁਜਰਾਤ ਦੀ ਬੇਮਿਸਾਲ ਸਫਲਤਾ ਪੂਰੇ ਦੇਸ਼ ਲਈ ਇੱਕ ਰੋਲ ਮਾਡਲ ਬਣ ਗਈ ਹੈ ਅਤੇ ਹੋਰ ਭਾਰਤੀ ਰਾਜਾਂ ਨੂੰ ਵੀ ਅਜਿਹੇ ਨਿਵੇਸ਼ ਸੰਮੇਲਨਾਂ ਦੇ ਸੰਗਠਨ ਨੂੰ ਦੁਹਰਾਉਣ ਲਈ ਪ੍ਰੇਰਿਤ ਕੀਤਾ ਹੈ।
ਪ੍ਰਧਾਨ ਮੰਤਰੀ ਬੋਦਲੀ, ਛੋਟਾਉਦੇਪੁਰ ਵਿਖੇ
'ਮਿਸ਼ਨ ਸਕੂਲ ਆਫ ਐਕਸੀਲੈਂਸ' ਪ੍ਰੋਗਰਾਮ ਤਹਿਤ ਪ੍ਰਧਾਨ ਮੰਤਰੀ ਵਲੋਂ 4500 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਅਤੇ ਰਾਸ਼ਟਰ ਨੂੰ ਸਮਰਪਿਤ ਕਰਨ ਨਾਲ ਸਮੁੱਚੇ ਗੁਜਰਾਤ ਵਿੱਚ ਸਕੂਲੀ ਢਾਂਚੇ ਨੂੰ ਵੱਡਾ ਹੁਲਾਰਾ ਮਿਲੇਗਾ। ਗੁਜਰਾਤ ਦੇ ਸਕੂਲਾਂ ਵਿੱਚ ਹਜ਼ਾਰਾਂ ਨਵੇਂ ਕਲਾਸਰੂਮ, ਸਮਾਰਟ ਕਲਾਸਰੂਮ, ਕੰਪਿਊਟਰ ਲੈਬ, ਐੱਸਟੀਈਐੱਮ (ਸਾਇੰਸ, ਟੈਕਨੋਲੌਜੀ ਇੰਜਨੀਅਰਿੰਗ ਅਤੇ ਗਣਿਤ) ਲੈਬਸ ਅਤੇ ਹੋਰ ਬੁਨਿਆਦੀ ਢਾਂਚਾ ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਵੇਗਾ। ਉਹ ਮਿਸ਼ਨ ਤਹਿਤ ਪੂਰੇ ਗੁਜਰਾਤ ਦੇ ਸਕੂਲਾਂ ਵਿੱਚ ਹਜ਼ਾਰਾਂ ਕਲਾਸਰੂਮਾਂ ਨੂੰ ਸੁਧਾਰਨ ਅਤੇ ਅਪਗ੍ਰੇਡ ਕਰਨ ਲਈ ਨੀਂਹ ਪੱਥਰ ਵੀ ਰੱਖਣਗੇ।
ਪ੍ਰਧਾਨ ਮੰਤਰੀ 'ਵਿਦਿਆ ਸਮਿਕਸ਼ਾ ਕੇਂਦਰ 2.0' ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਣਗੇ। ਇਹ ਪ੍ਰੋਜੈਕਟ ‘ਵਿਦਿਆ ਸਮੀਕਸ਼ਾ ਕੇਂਦਰ’ ਦੀ ਸਫਲਤਾ ‘ਤੇ ਬਣਾਇਆ ਜਾਵੇਗਾ, ਜਿਸ ਨੇ ਸਕੂਲਾਂ ਦੀ ਨਿਰੰਤਰ ਨਿਗਰਾਨੀ ਅਤੇ ਗੁਜਰਾਤ ਵਿੱਚ ਵਿਦਿਆਰਥੀਆਂ ਦੇ ਸਿੱਖਣ ਦੇ ਨਤੀਜਿਆਂ ਵਿੱਚ ਸੁਧਾਰ ਨੂੰ ਯਕੀਨੀ ਬਣਾਇਆ ਹੈ। ‘ਵਿਦਿਆ ਸਮੀਕਸ਼ਾ ਕੇਂਦਰ 2.0’ ਗੁਜਰਾਤ ਦੇ ਸਾਰੇ ਜ਼ਿਲ੍ਹਿਆਂ ਅਤੇ ਬਲਾਕਾਂ ਵਿੱਚ ਵਿਦਿਆ ਸਮੀਕਸ਼ਾ ਕੇਂਦਰਾਂ ਦੀ ਸਥਾਪਨਾ ਵੱਲ ਅਗਵਾਈ ਕਰੇਗਾ।
ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਵਡੋਦਰਾ ਜ਼ਿਲੇ ਦੇ ਤਾਲੁਕਾ ਸਿਨੋਰ ਵਿੱਚ 'ਓਦਾਰਾ ਡਭੋਈ-ਸਿਨੋਰ-ਮਲਸਰ-ਆਸਾ ਸੜਕ' 'ਤੇ ਨਰਮਦਾ ਨਦੀ 'ਤੇ ਬਣੇ ਨਵੇਂ ਪੁਲ ਸਮੇਤ ਕਈ ਵਿਕਾਸ ਪ੍ਰੋਜੈਕਟ; ਚਬ ਤਲਵ ਪੁਨਰ-ਵਿਕਾਸ ਪ੍ਰੋਜੈਕਟ, ਦਾਹੋਦ ਵਿੱਚ ਜਲ ਸਪਲਾਈ ਪ੍ਰੋਜੈਕਟ, ਵਡੋਦਰਾ ਵਿਖੇ ਆਰਥਿਕ ਕਮਜ਼ੋਰ ਵਰਗ ਲਈ ਲਗਭਗ 400 ਨਵੇਂ ਬਣੇ ਮਕਾਨ, ਪੂਰੇ ਗੁਜਰਾਤ ਦੇ 7500 ਪਿੰਡਾਂ ਵਿੱਚ ਗ੍ਰਾਮ ਵਾਈ-ਫਾਈ ਪ੍ਰੋਜੈਕਟ; ਅਤੇ ਦਾਹੋਦ ਵਿਖੇ ਨਵੇਂ ਬਣੇ ਜਵਾਹਰ ਨਵੋਦਿਆ ਵਿਦਿਆਲਿਆ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਪ੍ਰਧਾਨ ਮੰਤਰੀ ਛੋਟਾਉਦੇਪੁਰ ਵਿੱਚ ਜਲ ਸਪਲਾਈ ਪ੍ਰਾਜੈਕਟ; ਗੋਧਰਾ, ਪੰਚਮਹਲ ਵਿੱਚ ਇੱਕ ਫਲਾਈਓਵਰ ਬ੍ਰਿਜ; ਅਤੇ ਦਾਹੋਦ ਵਿਖੇ ਐੱਫਐੱਮ ਰੇਡੀਓ ਸਟੂਡੀਓ ਦਾ ਨੀਂਹ ਪੱਥਰ ਰੱਖਣਗੇ। ਇਹ ਕੇਂਦਰ ਸਰਕਾਰ ਦੀ ‘ਬ੍ਰੌਡਕਾਸਟਿੰਗ ਇਨਫਰਾਸਟਰੱਕਚਰ ਐਂਡ ਨੈੱਟਵਰਕ ਡਿਵੈਲਪਮੈਂਟ (ਬੀਆਈਐੱਨਡੀ)’ ਸਕੀਮ ਅਧੀਨ ਬਣਾਇਆ ਜਾਵੇਗਾ।