ਪ੍ਰਧਾਨ ਮੰਤਰੀ 24 ਅਤੇ 25 ਫਰਵਰੀ, 2024 ਨੂੰ ਗੁਜਰਾਤ ਦਾ ਦੌਰਾ ਕਰਨਗੇ। 25 ਫਰਵਰੀ ਨੂੰ ਸਵੇਰੇ 7:45 ਵਜੇ ਪ੍ਰਧਾਨ ਮੰਤਰੀ ਬੇਟ ਦਵਾਰਕਾ ਮੰਦਿਰ ਵਿੱਚ ਪੂਜਾ-ਅਰਚਨਾ ਅਤੇ ਦਰਸ਼ਨ ਕਰਨਗੇ। ਇਸ ਤੋਂ ਬਾਅਦ ਸਵੇਰੇ 8:25 ਵਜੇ ਸੁਦਰਸ਼ਨ ਸੇਤੂ ਦਾ ਦੌਰਾ ਕਰਨਗੇ। ਬਾਅਦ ਵਿੱਚ ਉਹ ਸਵੇਰੇ 9:30 ਵਜੇ ਦਵਾਰਕਾਧੀਸ਼ ਮੰਦਿਰ ਦੇ ਦਰਸ਼ਨ ਕਰਨਗੇ।
ਦੁਪਹਿਰ 1 ਵਜੇ ਦੇ ਕਰੀਬ, ਪ੍ਰਧਾਨ ਮੰਤਰੀ ਦਵਾਰਕਾ ਵਿੱਚ 4150 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।
ਇਸ ਤੋਂ ਬਾਅਦ ਦੁਪਹਿਰ ਕਰੀਬ 3:30 ਵਜੇ ਪ੍ਰਧਾਨ ਮੰਤਰੀ ਏਮਸ ਰਾਜਕੋਟ ਦਾ ਦੌਰਾ ਕਰਨਗੇ। ਸ਼ਾਮ ਕਰੀਬ 4:30 ਵਜੇ, ਪ੍ਰਧਾਨ ਮੰਤਰੀ ਰੇਸ ਕੋਰਸ ਮੈਦਾਨ, ਰਾਜਕੋਟ ਵਿਖੇ 48,100 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।
ਪ੍ਰਧਾਨ ਮੰਤਰੀ ਦਵਾਰਕਾ ਵਿੱਚ
ਦਵਾਰਕਾ ਵਿੱਚ ਇੱਕ ਜਨਤਕ ਸਮਾਗਮ ਵਿੱਚ, ਪ੍ਰਧਾਨ ਮੰਤਰੀ ਲਗਭਗ 980 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਓਖਾ ਮੇਨਲੈਂਡ ਅਤੇ ਬੇਟ ਦਵਾਰਕਾ ਟਾਪੂ ਨੂੰ ਜੋੜਨ ਵਾਲਾ ਸੁਦਰਸ਼ਨ ਸੇਤੂ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਲਗਭਗ 2.32 ਕਿਲੋਮੀਟਰ ਦਾ ਦੇਸ਼ ਦਾ ਸਭ ਤੋਂ ਲੰਬਾ ਕੇਬਲ-ਅਧਾਰਿਤ ਪੁਲ਼ ਹੈ।
ਸੁਦਰਸ਼ਨ ਸੇਤੂ ਇੱਕ ਵਿਲੱਖਣ ਡਿਜ਼ਾਈਨ 'ਤੇ ਅਧਾਰਿਤ ਹੈ, ਜਿਸ ਵਿੱਚ ਸ਼੍ਰੀਮਦ ਭਗਵਦ ਗੀਤਾ ਦੇ ਸ਼ਲੋਕ ਅਤੇ ਦੋਵੇਂ ਪਾਸੇ ਭਗਵਾਨ ਕ੍ਰਿਸ਼ਨ ਦੀਆਂ ਤਸਵੀਰਾਂ ਨਾਲ ਸ਼ਿੰਗਾਰਿਆ ਫੁੱਟਪਾਥ ਹੈ। ਇਸ ਵਿੱਚ ਫੁੱਟਪਾਥ ਦੇ ਉਪਰਲੇ ਹਿੱਸਿਆਂ 'ਤੇ ਸੋਲਰ ਪੈਨਲ ਵੀ ਲਗਾਏ ਗਏ ਹਨ, ਜੋ ਇੱਕ ਮੈਗਾਵਾਟ ਬਿਜਲੀ ਪੈਦਾ ਕਰਦੇ ਹਨ। ਇਹ ਪੁਲ਼ ਆਵਾਜਾਈ ਨੂੰ ਅਸਾਨ ਬਣਾਵੇਗਾ ਅਤੇ ਦਵਾਰਕਾ ਅਤੇ ਬੇਟ-ਦਵਾਰਕਾ ਦਰਮਿਆਨ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੇ ਯਾਤਰਾ ਸਮੇਂ ਨੂੰ ਕਾਫ਼ੀ ਘਟਾਏਗਾ। ਪੁਲ਼ ਦੇ ਨਿਰਮਾਣ ਤੋਂ ਪਹਿਲਾਂ, ਸ਼ਰਧਾਲੂਆਂ ਨੂੰ ਬੇਟ ਦਵਾਰਕਾ ਤੱਕ ਪਹੁੰਚਣ ਲਈ ਕਿਸ਼ਤੀ ਰਾਹੀਂ ਆਉਣ-ਜਾਣ 'ਤੇ ਨਿਰਭਰ ਕਰਨਾ ਪੈਂਦਾ ਸੀ। ਇਹ ਪ੍ਰਤੀਕ ਪੁਲ਼ ਦੇਵਭੂਮੀ ਦਵਾਰਕਾ ਦੇ ਇੱਕ ਪ੍ਰਮੁੱਖ ਸੈਲਾਨੀ ਆਕਰਸ਼ਣ ਵਜੋਂ ਵੀ ਕੰਮ ਕਰੇਗਾ।
ਪ੍ਰਧਾਨ ਮੰਤਰੀ ਵਾਡੀਨਾਰ ਵਿਖੇ ਪਾਇਪਲਾਈਨ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਸ ਵਿੱਚ ਮੌਜੂਦਾ ਆਫਸ਼ੋਰ ਲਾਈਨਾਂ ਨੂੰ ਬਦਲਣਾ, ਮੌਜੂਦਾ ਪਾਇਪਲਾਈਨ ਐਂਡ ਮੈਨੀਫੋਲਡ (ਪੀਐੱਲਈਐੱਮ) ਨੂੰ ਤਿਆਗਣਾ ਅਤੇ ਸਮੁੱਚੀ ਪ੍ਰਣਾਲੀ (ਪਾਇਪਲਾਈਨਾਂ, ਪੀਐੱਲਈਐੱਮ ਅਤੇ ਇੰਟਰਕਨੈਕਟਿੰਗ ਲੂਪ ਲਾਈਨ) ਨੂੰ ਨੇੜਲੇ ਨਵੇਂ ਸਥਾਨ 'ਤੇ ਤਬਦੀਲ ਕਰਨਾ ਸ਼ਾਮਲ ਹਨ। ਪ੍ਰਧਾਨ ਮੰਤਰੀ ਰਾਜਕੋਟ-ਓਖਾ, ਰਾਜਕੋਟ-ਜੇਤਲਸਰ-ਸੋਮਨਾਥ ਅਤੇ ਜੇਤਲਸਰ-ਵੰਸਜਾਲੀਆ ਰੇਲ ਇਲੈਕਟ੍ਰੀਫਿਕੇਸ਼ਨ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਪ੍ਰਧਾਨ ਮੰਤਰੀ ਐੱਨਐੱਚ-927ਡੀ ਦੇ ਧੋਰਾਜੀ-ਜਮਕੰਦੋਰਨਾ-ਕਲਾਵੜ ਸੈਕਸ਼ਨ ਨੂੰ ਚੌੜਾ ਕਰਨ; ਜਾਮਨਗਰ ਵਿਖੇ ਖੇਤਰੀ ਵਿਗਿਆਨ ਕੇਂਦਰ; ਸਿੱਕਾ ਥਰਮਲ ਪਾਵਰ ਸਟੇਸ਼ਨ, ਜਾਮਨਗਰ ਵਿਖੇ ਫਲੂ ਗੈਸ ਡੀਸਲਫਰਾਈਜ਼ੇਸ਼ਨ (ਐੱਫਜੀਡੀ) ਸਿਸਟਮ ਦੀ ਸਥਾਪਨਾ ਸਮੇਤ ਹੋਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।
ਪ੍ਰਧਾਨ ਮੰਤਰੀ ਰਾਜਕੋਟ ਵਿੱਚ
ਰਾਜਕੋਟ ਵਿੱਚ ਜਨਤਕ ਸਮਾਗਮ ਵਿੱਚ, ਪ੍ਰਧਾਨ ਮੰਤਰੀ ਸਿਹਤ, ਸੜਕ, ਰੇਲ, ਊਰਜਾ, ਪੈਟਰੋਲੀਅਮ ਅਤੇ ਕੁਦਰਤੀ ਗੈਸ, ਸੈਰ-ਸਪਾਟਾ ਜਿਹੇ ਮਹੱਤਵਪੂਰਨ ਖੇਤਰਾਂ ਨੂੰ ਸ਼ਾਮਲ ਕਰਨ ਵਾਲੇ 48,100 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।
ਦੇਸ਼ ਵਿੱਚ ਤੀਸਰੇ ਦਰਜੇ ਦੀ ਸਿਹਤ ਸੰਭਾਲ਼ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦੇ ਤਹਿਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਰਾਜਕੋਟ (ਗੁਜਰਾਤ), ਬਠਿੰਡਾ (ਪੰਜਾਬ), ਰਾਏਬਰੇਲੀ (ਉੱਤਰ ਪ੍ਰਦੇਸ਼), ਕਲਿਆਣੀ (ਪੱਛਮ ਬੰਗਾਲ) ਅਤੇ ਮੰਗਲਾਗਿਰੀ (ਆਂਧਰ ਪ੍ਰਦੇਸ਼) ਵਿੱਚ ਪੰਜ ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਸ) ਰਾਸ਼ਟਰ ਨੂੰ ਸਮਰਪਿਤ ਕਰਨਗੇ।
ਪ੍ਰਧਾਨ ਮੰਤਰੀ 23 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 11,500 ਕਰੋੜ ਰੁਪਏ ਤੋਂ ਵੱਧ ਦੇ 200 ਤੋਂ ਅਧਿਕ ਹੈਲਥ ਕੇਅਰ ਇਨਫ੍ਰਾਸਟ੍ਰਕਚਰ ਪ੍ਰੋਜੈਕਟਸ ਦਾ ਨੀਂਹ ਪੱਥਰ ਵੀ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਪ੍ਰਧਾਨ ਮੰਤਰੀ ਕਰਾਈਕਲ, ਪੁਦੂਚੇਰੀ ਵਿਖੇ ਜੇਆਈਪੀਐੱਮਈਆਰ ਦੇ ਮੈਡੀਕਲ ਕਾਲਜ ਅਤੇ ਸੰਗਰੂਰ, ਪੰਜਾਬ ਵਿੱਚ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ਼ ਮੈਡੀਕਲ ਐਂਡ ਐਜੂਕੇਸ਼ਨਲ ਰਿਸਰਚ (ਪੀਜੀਆਈਐੱਮਈਆਰ) ਦਾ 300 ਬੈੱਡਾਂ ਵਾਲਾ ਸੈਟੇਲਾਈਟ ਸੈਂਟਰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਯਨਮ, ਪੁਦੂਚੇਰੀ ਵਿਖੇ ਜੇਆਈਪੀਐੱਮਈਆਰ ਦੀ 90 ਬਿਸਤਰਿਆਂ ਵਾਲੀ ਮਲਟੀ ਸਪੈਸ਼ਲਿਟੀ ਕੰਸਲਟਿੰਗ ਯੂਨਿਟ; ਚੇਨਈ ਵਿੱਚ ਨੈਸ਼ਨਲ ਸੈਂਟਰ ਫਾਰ ਏਜਿੰਗ; ਪੂਰਨੀਆ, ਬਿਹਾਰ ਵਿੱਚ ਨਵਾਂ ਸਰਕਾਰੀ ਮੈਡੀਕਲ ਕਾਲਜ; ਆਈਸੀਐੱਮਆਰ ਦੀਆਂ 2 ਫੀਲਡ ਯੂਨਿਟਾਂ ਭਾਵ ਨੈਸ਼ਨਲ ਇੰਸਟੀਟਿਊਟ ਆਫ਼ ਵਾਇਰੋਲੋਜੀ ਕੇਰਲਾ ਯੂਨਿਟ, ਅਲਾਪੁਝਾ (Alappuzha), ਕੇਰਲਾ ਅਤੇ ਨੈਸ਼ਨਲ ਇੰਸਟੀਟਿਊਟ ਆਫ਼ ਰਿਸਰਚ ਇਨ ਟੀਬੀ (ਐੱਨਆਈਆਰਟੀ): ਨਵੀਂ ਕੰਪੋਜ਼ਿਟ ਟੀਬੀ ਖੋਜ ਸਹੂਲਤ, ਤਿਰੂਵੱਲੁਰ, ਤਮਿਲ ਨਾਡੂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਪੰਜਾਬ ਦੇ ਫਿਰੋਜ਼ਪੁਰ ਵਿਖੇ ਪੀਜੀਆਈਐੱਮਈਆਰ ਦੇ 100 ਬੈੱਡਾਂ ਵਾਲੇ ਸੈਟੇਲਾਈਟ ਸੈਂਟਰ ਸਮੇਤ ਵੱਖ-ਵੱਖ ਹੈਲਥ ਪ੍ਰੋਜੈਕਟਾਂ; ਆਰਐੱਮਐੱਲ ਹਸਪਤਾਲ, ਦਿੱਲੀ ਵਿੱਚ ਮੈਡੀਕਲ ਕਾਲਜ ਦੀ ਨਵੀਂ ਇਮਾਰਤ; ਆਰਆਈਐੱਮਐੱਸ, ਇਮਫਾਲ ਵਿੱਚ ਕ੍ਰਿਟਿਕਲ ਕੇਅਰ ਬਲਾਕ; ਝਾਰਖੰਡ ਵਿੱਚ ਕੋਡਰਮਾ ਅਤੇ ਦੁਮਕਾ ਵਿੱਚ ਨਰਸਿੰਗ ਕਾਲਜ ਦਾ ਨੀਂਹ ਪੱਥਰ ਰੱਖਣਗੇ।
ਇਨ੍ਹਾਂ ਤੋਂ ਇਲਾਵਾ, ਰਾਸ਼ਟਰੀ ਸਿਹਤ ਮਿਸ਼ਨ ਅਤੇ ਪ੍ਰਧਾਨ ਮੰਤਰੀ-ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ (ਪੀਐੱਮ-ਏਬੀਐੱਚਆਈਐੱਮ) ਦੇ ਤਹਿਤ, ਪ੍ਰਧਾਨ ਮੰਤਰੀ 115 ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਵੀ ਰੱਖਣਗੇ। ਇਨ੍ਹਾਂ ਵਿੱਚ ਪੀਐੱਮ-ਏਬੀਐੱਚਆਈਐੱਮ ਦੇ ਅਧੀਨ 78 ਪ੍ਰੋਜੈਕਟ (50 ਯੂਨਿਟ ਕ੍ਰਿਟੀਕਲ ਕੇਅਰ ਬਲਾਕ, 15 ਯੂਨਿਟ ਏਕੀਕ੍ਰਿਤ ਪਬਲਿਕ ਹੈਲਥ ਲੈਬਸ, 13 ਬਲਾਕ ਪਬਲਿਕ ਹੈਲਥ ਯੂਨਿਟ); ਨੈਸ਼ਨਲ ਹੈਲਥ ਮਿਸ਼ਨ ਅਧੀਨ ਵੱਖ-ਵੱਖ ਪ੍ਰੋਜੈਕਟਾਂ ਜਿਵੇਂ ਕਿ ਕਮਿਊਨਿਟੀ ਹੈਲਥ ਸੈਂਟਰ, ਪ੍ਰਾਇਮਰੀ ਹੈਲਥ ਕੇਅਰ ਸੈਂਟਰ, ਮਾਡਲ ਹਸਪਤਾਲ, ਟਰਾਂਜ਼ਿਟ ਹੋਸਟਲ ਆਦਿ ਦੀਆਂ 30 ਯੂਨਿਟਾਂ ਸ਼ਾਮਲ ਹਨ।
ਪ੍ਰਧਾਨ ਮੰਤਰੀ ਪੁਣੇ ਵਿਖੇ ‘ਨਿਸਰਗ ਗ੍ਰਾਮ’ ਨਾਮਕ ਨੈਸ਼ਨਲ ਇੰਸਟੀਟਿਊਟ ਆਫ਼ ਨੈਚਰੋਪੈਥੀ ਦਾ ਉਦਘਾਟਨ ਵੀ ਕਰਨਗੇ। ਇਸ ਵਿੱਚ ਨੈਚਰੋਪੈਥੀ ਮੈਡੀਕਲ ਕਾਲਜ ਦੇ ਨਾਲ-ਨਾਲ ਬਹੁ-ਅਨੁਸ਼ਾਸਨੀ ਖੋਜ ਅਤੇ ਵਿਸਥਾਰ ਕੇਂਦਰ ਦੇ ਨਾਲ 250 ਬੈੱਡਾਂ ਵਾਲਾ ਹਸਪਤਾਲ ਸ਼ਾਮਲ ਹੈ। ਇਸ ਤੋਂ ਇਲਾਵਾ, ਉਹ ਹਰਿਆਣਾ ਦੇ ਝੱਜਰ ਵਿਖੇ ਯੋਗ ਅਤੇ ਕੁਦਰਤੀ ਇਲਾਜ ਦੇ ਖੇਤਰੀ ਖੋਜ ਸੰਸਥਾਨ ਦਾ ਵੀ ਉਦਘਾਟਨ ਕਰਨਗੇ। ਇਸ ਵਿੱਚ ਉੱਚ ਪੱਧਰੀ ਯੋਗ ਅਤੇ ਨੈਚਰੋਪੈਥੀ ਖੋਜ ਦੀਆਂ ਸਹੂਲਤਾਂ ਸ਼ਾਮਲ ਹੋਣਗੀਆਂ।
ਇਸ ਸਮਾਗਮ ਦੌਰਾਨ, ਪ੍ਰਧਾਨ ਮੰਤਰੀ ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਦੇ ਲਗਭਗ 2280 ਕਰੋੜ ਰੁਪਏ ਦੇ 21 ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਰਾਸ਼ਟਰ ਨੂੰ ਸਮਰਪਿਤ ਕੀਤੇ ਜਾ ਰਹੇ ਪ੍ਰੋਜੈਕਟਾਂ ਵਿੱਚ ਪਟਨਾ (ਬਿਹਾਰ) ਅਤੇ ਅਲਵਰ (ਰਾਜਸਥਾਨ) ਵਿੱਚ 2 ਮੈਡੀਕਲ ਕਾਲਜ ਅਤੇ ਹਸਪਤਾਲ; ਕੋਰਬਾ (ਛੱਤੀਸਗੜ੍ਹ), ਉਦੈਪੁਰ (ਰਾਜਸਥਾਨ), ਆਦਿਤਿਆਪੁਰ (ਝਾਰਖੰਡ), ਫੁਲਵਾੜੀ ਸ਼ਰੀਫ਼ (ਬਿਹਾਰ), ਤਿਰੁਪੁਰ (ਤਮਿਲ ਨਾਡੂ), ਕਾਕੀਨਾਡਾ (ਆਂਧਰ ਪ੍ਰਦੇਸ਼) ਅਤੇ ਛੱਤੀਸਗੜ੍ਹ ਵਿੱਚ ਰਾਏਗੜ੍ਹ ਅਤੇ ਭਿਲਾਈ ਵਿੱਚ 8 ਹਸਪਤਾਲ; ਅਤੇ ਰਾਜਸਥਾਨ ਵਿੱਚ ਨੀਮਰਾਨਾ, ਆਬੂ ਰੋਡ ਅਤੇ ਭੀਲਵਾੜਾ ਵਿਖੇ 3 ਡਿਸਪੈਂਸਰੀਆਂ ਸ਼ਾਮਲ ਹਨ। ਰਾਜਸਥਾਨ ਦੇ ਅਲਵਰ, ਬਹਿਰੋਰ ਅਤੇ ਸੀਤਾਪੁਰਾ, ਸੇਲਾਕੁਈ (Selaqui -ਉੱਤਰਾਖੰਡ), ਗੋਰਖਪੁਰ (ਉੱਤਰ ਪ੍ਰਦੇਸ਼), ਕੇਰਲਾ ਵਿੱਚ ਕੋਰਾਟੀ ਅਤੇ ਨਵਾਇਕੁਲਮ ਅਤੇ ਪੀਡੀਭੀਮਾਵਰਮ (Pydibhimavaram -ਆਂਧਰ ਪ੍ਰਦੇਸ਼) ਵਿੱਚ 8 ਸਥਾਨਾਂ 'ਤੇ ਈਐੱਸਆਈ ਡਿਸਪੈਂਸਰੀਆਂ ਦਾ ਵੀ ਉਦਘਾਟਨ ਕੀਤਾ ਜਾਵੇਗਾ।
ਖੇਤਰ ਵਿੱਚ ਅਖੁੱਟ ਊਰਜਾ ਦੇ ਉਤਪਾਦਨ ਨੂੰ ਹੁਲਾਰਾ ਦੇਣ ਲਈ ਇੱਕ ਕਦਮ ਤਹਿਤ ਪ੍ਰਧਾਨ ਮੰਤਰੀ 300 ਮੈਗਾਵਾਟ ਦੇ ਭੁਜ-2 ਸੋਲਰ ਪਾਵਰ ਪ੍ਰੋਜੈਕਟਾਂ ਸਮੇਤ ਵੱਖ-ਵੱਖ ਅਖੁੱਟ ਊਰਜਾ ਪ੍ਰੋਜੈਕਟਾਂ; ਗਰਿੱਡ ਨਾਲ ਜੁੜਿਆ 600 ਮੈਗਾਵਾਟ ਸੋਲਰ ਪੀਵੀ ਪਾਵਰ ਪ੍ਰੋਜੈਕਟ; ਖਾਵੜਾ ਸੋਲਰ ਪਾਵਰ ਪ੍ਰੋਜੈਕਟ; 200 ਮੈਗਾਵਾਟ ਦਇਆਪੁਰ-2 ਵਿੰਡ ਐਨਰਜੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।
ਪ੍ਰਧਾਨ ਮੰਤਰੀ 9000 ਕਰੋੜ ਦੀ ਲਾਗਤ ਵਾਲੇ ਨਵੀਂ ਮੁੰਦਰਾ-ਪਾਨੀਪਤ ਪਾਇਪਲਾਈਨ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਣਗੇ। 8.4 ਐੱਮਐੱਮਟੀਪੀਏ ਦੀ ਸਥਾਪਿਤ ਸਮਰੱਥਾ ਵਾਲੀ 1194 ਕਿਲੋਮੀਟਰ ਲੰਬੀ ਮੁੰਦਰਾ-ਪਾਨੀਪਤ ਪਾਇਪਲਾਈਨ ਨੂੰ ਗੁਜਰਾਤ ਤਟ 'ਤੇ ਮੁੰਦਰਾ ਤੋਂ ਹਰਿਆਣਾ ਦੇ ਪਾਨੀਪਤ ਵਿਖੇ ਇੰਡੀਅਨ ਆਇਲ ਦੀ ਰਿਫਾਇਨਰੀ ਤੱਕ ਕੱਚੇ ਤੇਲ ਦੀ ਆਵਾਜਾਈ ਲਈ ਚਾਲੂ ਕੀਤਾ ਗਿਆ ਸੀ।
ਖੇਤਰ ਵਿੱਚ ਸੜਕ ਅਤੇ ਰੇਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਦੇ ਹੋਏ, ਪ੍ਰਧਾਨ ਮੰਤਰੀ ਸੁਰੇਂਦਰਨਗਰ-ਰਾਜਕੋਟ ਰੇਲ ਲਾਈਨ ਨੂੰ ਡਬਲ ਕਰਨ; ਪੁਰਾਣੇ ਐੱਨਐੱਚ-8ਈ ਦੇ ਭਾਵਨਗਰ-ਤਲਾਜਾ (ਪੈਕੇਜ-1) ਦੀ ਚਾਰ ਮਾਰਗੀ; ਐੱਨਐੱਚ-751 ਦਾ ਪਿੱਪਲੀ-ਭਾਵਨਗਰ (ਪੈਕੇਜ-1) ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਐੱਨਐੱਚ -27 ਦੇ ਸਮਖਿਆਲੀ ਤੋਂ ਸੰਤਾਲਪੁਰ ਸੈਕਸ਼ਨ ਤੱਕ ਪੱਕੇ ਕਿਨਾਰੇ ਨਾਲ ਛੇ ਮਾਰਗੀ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਣਗੇ।